Sunday, July 12, 2026

Established 2005 • ISSN Registration : 1930-0107

Punjab to Khalistan

Panthic Archives Article (Category: Inspirational)

Originally published on: October 17, 2007
Author/Source: Sukhdeep Singh Barnala

ਮੈਂ ਪੰਜਾਬ

ਪੁੱਤਰ ਸ੍ਰੀ ਪੰਜ-ਆਬ
ਪੋਤਰਾ ਸ੍ਰੀ ਮਹਾਂ-ਪੰਜਾਬ
ਸ਼ੇਰੇ ਪੰਜਾਬ ਦੀਆਂ ਦਿਲੀ ਤਾਘਾਂ ਨੂੰ ਮੱਦੇਨਜ਼ਰ ਰੱਖਦਿਆਂ
ਨਲੂਏ ਜਰਨੈਲ ਦੀ ਧਾਂਕ ਨੂੰ ਪਹਿਚਾਣਦੇ ਹੋਏ
ਅਟਾਰੀ ਵਾਲੇ ਸਰਦਾਰ ਦੀ ਆਖ਼ਰੀ ਇੱਛਾ ਨੂੰ ਯਾਦ ਕਰਦਿਆਂ
ਜੋ ਮੇਰੀਆਂ ਹੱਦਾਂ ਇੱਕ ਨਿੱਕੇ ਜਿਹੇ ਪਿੰਡ ਤੋਂ ਲੈ ਕੇ
ਚੀਨ ਤੇ ਕਾਬਲ ਦੀਆਂ ਬਰੂਹਾਂ ਤੱਕ ਸਨ
ਉਹਨਾਂ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਿਆਂ ਹੋਇਆਂ
ਇੰਗਲੈਂਡ ਵਾਲੀ ਰਾਣੀ ਦੇ ਲਾਕਰ ਵਿੱਚ ਪਏ
‘ਕੋਹਿਨੂਰ’ ਦੇ ਭਵਿੱਖ ਤੋਂ ਚਿੰਤਤ
ਜੋ ਕਦੇ ਮੇਰੇ ਸ਼ੇਰ ਦੇ ਤਾਜ਼ ਦਾ ਸ਼ਿੰਗਾਰ ਸੀ
ਆਪਣੇ ਲੱਖਾਂ ਪੁੱਤਰਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ
ਆਪਣੀ ਹਿੱਕ ਤੇ 1984 ਵਿੱਚ ਡਿੱਗੇ
ਬੰਬਾਂ ਦੀ ਗੜਗੜਾਹਟ ਨੂੰ ਸੁਣਦਿਆਂ
ਉਹ ਦਿੱਲੀ ਜਿਸਦੀ ਫ਼ਿਜ਼ਾ ਵਿੱਚ ਮੇਰੇ ਸ਼ੇਰ ਦੀ ਆਗਿਆ ਤੋਂ ਬਿਨਾਂ
ਪਰਿੰਦਾ ਵੀ ਪਰ ਨਹੀਂ ਸੀ ਮਾਰਦਾ
ਉਸੇ ਦਿੱਲੀ ਵਿੱਚ
ਆਪਣੇ ਪੁੱਤਰਾਂ ਦੇ ਗਲਾਂ ਵਿੱਚ ਪਾਏ
ਮੱਚਦੇ ਹੋਏ ਟਾਇਰਾਂ ਨੂੰ ਲੱਗੀ ਅੱਗ ਦੇ
ਸੇਕ ਨੂੰ ਮਹਿਸੂਸ ਕਰਦਿਆਂ
ਆਪਣੇ ਹਜ਼ਾਰਾਂ ਹਥਿਆਰਬੰਦ ਪੁੱਤਰਾਂ ਦੀ
ਰਾਜਸੀ ਇੱਛਾ ਬਾਰੇ ਸੋਚਦਿਆਂ
ਨਹਿਰਾਂ, ਬੇਲਿਆਂ, ਰੋਹੀਆਂ, ਚਰੀਆਂ, ਕਮਾਦਾਂ ਦਾ
ਸ਼ਿੰਗਾਰ ਬਣੀਆਂ ਲਾਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ
ਇਨਸਾਫ਼ ਦੀ ਆਸ ਵਿੱਚ ਸੁੱਕ ਚੁੱਕੀਆਂ ਹਜ਼ਾਰਾਂ ਅੱਖਾਂ
ਤੇ ਉਹਨਾਂ ਦੀ ਉਜੜੇ ਘਰਾਂ ਵਿੱਚ ਵਾਪਸੀ ਦੇ ਮੱਦੇਨਜ਼ਰ
ਅੱਜ ਤੋਂ ਦੋ ਕੁ ਸੌ ਸਾਲ ਪਹਿਲਾਂ
ਸ੍ਰੀ ਕੰਧਾਰ
ਪੁੱਤਰ ਸੀ ਕਾਬਲ
ਪੋਤਰਾ ਸ੍ਰੀ ਅਫ਼ਗਾਨਿਸਤਾਨ ਨਾਲ
ਦਰ੍ਹਾ-ਖੈਬਰ ਦੀਆਂ ਪਹਾੜੀਆਂ ਵਿੱਚ ਲਗਾਈ ਹੋਈ
ਉਸ ਸ਼ਰਤ ਕਿ ਮੇਰੇ ਪੁੱਤਰਾਂ ਨੂੰ
ਦੁਨੀਆਂ ਦੀ ਕੋਈ ਤਾਕਤ ਜ਼ਲੀਲ ਨਹੀਂ ਕਰ ਸਕਦੀ
ਜੇ ਅਜਿਹਾ ਹੋਇਆ ਤਾਂ ਮੇਰਾ ਨਾਂ ਵਟਾ ਦਿਉ
ਇਸ ਲਈ
ਲੋਕਾਂ ਨਾਲ ਭਰੇ ਜਹਾਨ ਵਿੱਚ,
ਸੱਚੋ ਸੱਚ ਅਮਾਨ ਵਿੱਚ
ਅੱਜ ਮੈਂ ਹਲਫ਼ ਨਾਲ
ਆਪਣੀ ਨਾਂ ਬਦਲੀ ਦਾ ਨੋਟਿਸ ਜਾਰੀ ਕਰਦਾ ਹਾਂ
ਅੱਜ ਤੋਂ ਮੈਂ ਆਪਣਾ ਨਾਂ
“ਖਾਲਿਸਤਾਨ” ਰੱਖ ਲਿਆ ਹੈ
ਹਰਿਆਣਾ ਤੇ ਦਿੱਲੀ ਨੋਟ ਕਰਨ

(From the book 'Dharamyudh')