A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

Author/Source: Dr. Gunjanjot Kaur, Guru Granth Sahib Studies, PU Patiala

Sri Guru Arjan Dev Sahib Ji`s Noble Philosophy

ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਹੋਏ ਹਨ। ਆਪ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਵਿਸ਼ਵ ਅੰਦਰ ਧਾਰਮਿਕ ਮੱਤਾਂ ਦੇ ਇਤਿਹਾਸ ਵਿਚ ਸ਼ਬਦ ਰੂਪੀ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਆਪ ਜੀ ਦੀ ਅਨਮੋਲ ਤੇ ਬੇਮਿਸਾਲ ਦੇਣ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ-ਨਾਲ ਹੋਰ ਸੰਤਾਂ-ਭਗਤਾਂ ਦੀ ਬਾਣੀ ਨੂੰ ਸ਼ਾਮਲ ਕਰਨਾ ਇਤਿਹਾਸ ਵਿਚ ਧਰਮ ਨਿਰਪੱਖਤਾ ਦੀ ਇਕ ਲਾਸਾਨੀ ਮਿਸਾਲ ਹੈ। ਜਿੱਥੇ ਇਹ ਬਾਣੀ ਆਪ ਜੀ ਦੇ ਸਰਬਪੱਖੀ ਅਨੁਭਵ ਨੂੰ ਪ੍ਰਗਟ ਕਰਦੀ ਹੈ ਉਥੇ ਨਾਲ ਹੀ ਮਨੁੱਖਤਾ ਲਈ ਚੇਤਨਾ ਦੀ ਵਿਸ਼ਾਲਤਾ ਦੀ ਜ਼ਰੂਰਤ ਵੱਲ ਵੀ ਇਸ਼ਾਰਾ ਕਰਦੀ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਬੁਨਿਆਦੀ ਤੌਰ ’ਤੇ ਅਧਿਆਤਮਕ ਰਚਨਾ ਹੈ। ਇਸ ਵਿਚ ਪਰਮਾਤਮਾ, ਪ੍ਰਕਿਰਤੀ, ਮਨੁੱਖ ਦੇ ਪ੍ਰਸ਼ਨਾਂ ਅਤੇ ਇਨ੍ਹਾਂ ਦੇ ਆਪਸੀ ਸੰਬੰਧਾਂ ਦੀ ਅਧਿਆਤਮਕ ਦ੍ਰਿਸ਼ਟੀ ਤੋਂ ਵਿਆਖਿਆ ਕੀਤੀ ਗਈ ਹੈ। ਪਰੰਤੂ ਉਨ੍ਹਾਂ ਦੀ ਬਾਣੀ ਦਾ ਸਮੁੱਚਾ ਅਧਿਐਨ ਇਸ ਤੱਥ ਨੂੰ ਸਥਾਪਿਤ ਕਰਦਾ ਹੈ ਕਿ ਉਨ੍ਹਾਂ ਦੀ ਬਾਣੀ ਪਰਮਾਤਮਾ ਤੇ ਉਸ ਦੀ ਰਚਨਾ, ਜੀਵਨ ਤੇ ਮੌਤ, ਪੁਨਰ-ਜਨਮ ਤੇ ਮੋਕਸ਼... ਤੇ ਮਨਮੁਖ ਆਦਿ ਦੀਆਂ ਸਮੱਸਿਆਵਾਂ ਨੂੰ ਬਹੁਤ ਹੀ ਸੰਜਮਮਈ, ਸਪੱਸ਼ਟ, ਅਤੇ ਸੁਚੱਜੀ ਕਾਵਿਕ ਸ਼ੈਲੀ ਦੁਆਰਾ ਸੁਲਝਾਉਂਦੀ ਹੋਈ ਅਜਿਹੇ ਨਿੱਗਰ ਮੁੱਲਾਂ ਦਾ ਸੰਚਾਰ ਕਰਦੀ ਹੈ ਜਿਹੜੇ ਮਨੁੱਖ ਅਤੇ ਸਮਾਜ ਵਿਚ ਇਕਸੁਰਤਾ ਅਤੇ ਸੁਖਾਵਾਂਪਣ ਲਿਆਉਣ ਲਈ ਬਹੁਤ ਹੀ ਸਾਰਥਕ ਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਣ ਦੇ ਯੋਗ ਹਨ।੧

ਉਨ੍ਹਾਂ ਦੀ ਸਮੁੱਚੀ ਬਾਣੀ ਅਤੇ ਜੀਵਨ ਬਾਰੇ ਵਿਚਾਰ ਕਰਨ ਉਪਰੰਤ ਆਪ ਇਕ ਵੱਡੇ ਨੈਤਿਕ ਵਿਚਾਰਵਾਨ ਦੇ ਰੂਪ ਵਿਚ ਵੀ ਸਾਹਮਣੇ ਆਉਂਦੇ ਹਨ। ਪੰਜਾਬੀ ਵਿਚ ਨੈਤਿਕਤਾ ਲਈ ਸਦਾਚਾਰ ਸ਼ਬਦ ਵੀ ਵਰਤਿਆ ਜਾਂਦਾ ਹੈ ਜੋ ਕਿ ਮਨੁੱਖੀ ਚਰਿੱਤਰ ਦੀ ਪਰਖ ਦਾ ਧੁਰਾ ਹੈ। ਸਦਾਚਾਰ ਦੀ ਨਿਰਖ-ਪਰਖ ਲਈ ਅਕਾਦਮਿਕਤਾ ਦੇ ਖੇਤਰ ਵਿਚ ਆਚਾਰ ਸ਼ਾਸਤਰ (ethics) ਹੋਂਦ ਵਿਚ ਆਇਆ। ਮਨੁੱਖ ਦਾ ਸੁਭਾਵਿਕ ਆਚਰਣ, ਉਸ ਦੀਆਂ ਨਿਤਾਪ੍ਰਤੀ ਦੀਆਂ ਆਦਤਾਂ ਅਤੇ ਚੰਗੇ ਮਾੜੇ ਨੂੰ ਵਿਚਾਰਨ ਦਾ ਪ੍ਰਸੰਗ ਵਿਧਾਨ ਹੀ ਨੈਤਿਕਤਾ ਹੈ। ਲਿੱਲੀ ਵਿਲੀਅਮ ਅਨੁਸਾਰ ‘ਆਚਾਰ ਸ਼ਾਸਤਰ ਸਮਾਜ ਵਿਚ ਰਹਿੰਦੇ ਮਨੁੱਖਾਂ ਦੇ ਚੱਜ ਆਚਾਰ ਦਾ ਅਧਿਐਨ ਕਰਦਾ ਹੈ।’

‘ਆਚਾਰ ਸ਼ਾਸਤਰ ਸਮਾਜ ਵਿਚ ਰਹਿੰਦੇ ਮਨੁੱਖਾਂ ਦੇ ਚੱਜ ਆਚਾਰ ਦਾ ਅਧਿਐਨ ਕਰਦਾ ਹੈ।’

ਨੈਤਿਕਤਾ ਤੋਂ ਬਿਨਾਂ ਧਰਮ ਦੀ ਕਰਮ ਭੂਮੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਨਾਲ ਭਗਤੀ ਲਹਿਰ ਵਿਚ ਨੈਤਿਕ ਦ੍ਰਿਸ਼ਟੀ ਤੋਂ ਨਵੀਆਂ ਰੇਖਾਵਾਂ ਉਭਰ ਕੇ ਸਾਹਮਣੇ ਆਈਆਂ। ਭਗਤੀ ਲਹਿਰ ਨੇ ਬੁੱਤ ਪੂਜਾ, ਜਾਤ-ਪਾਤ, ਊਚ-ਨੀਚ ਅਤੇ ਕਈ ਪ੍ਰਕਾਰ ਦੇ ਕਰਮ-ਕਾਂਡਾਂ ਦਾ ਖੰਡਨ ਕਰ ਕੇ ਇਸ ਨੂੰ ਇਕਾਂਤਕ ਘੇਰੇ ਵਿੱਚੋਂ ਕੱਢ ਕੇ ਸਮਾਜਿਕਤਾ ਪ੍ਰਦਾਨ ਕੀਤੀ। ਇਸ ਨੂੰ ਮਾਨਵ-ਕਲਿਆਣ ਅਤੇ ਮਨੁੱਖ-ਮਾਤਰ ਦੀਆਂ ਲੋੜਾਂ ਅਨੁਸਾਰ ਢਾਲਣ ਦਾ ਸਫਲ ਯਤਨ ਵੀ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਵਾਲੀ ਜੋਤ ਦਾ ਪ੍ਰਕਾਸ਼ਨ ਹੀ ਹਨ ਅਤੇ ਦੁਨੀਆਂ ਦੇ ਉਨ੍ਹਾਂ ਚਿੰਤਕਾਂ ਵਿੱਚੋਂ ਹਨ ਜਿਨ੍ਹਾਂ ਨੇ ਚਿੰਤਨ ਅਤੇ ਦਰਸ਼ਨ ਨੂੰ ਕੇਵਲ ਚਿੰਤਨ, ਦਰਸ਼ਨ ਅਤੇ ਗਿਆਨ ਦੇ ਪੱਧਰ ’ਤੇ ਹੀ ਨਹੀਂ ਸਗੋਂ ਅੰਤਰ-ਬੋਧ ਦੇ ਪੱਧਰ ’ਤੇ ਪਰਮਸੱਤ ਨਾਲ ਸਮਰੂਪਤਾ ਪ੍ਰਦਾਨ ਕੀਤੀ ਸੀ। ਗੁਰੂ ਪਾਤਸ਼ਾਹ ਨੇ ਭਾਰਤੀ ਸਦਾਚਾਰਕ ਕਦਰਾਂ-ਕੀਮਤਾਂ ਅਤੇ ਸਿੱਖ ਸਦਾਚਾਰਕ ਕਦਰਾਂ¬ਕੀਮਤਾਂ ਵਿਚ ਸੂਖ਼ਮ ਰੇਖਾਵਾਂ ਖਿੱਚਣ ਦੀ ਸਫਲ ਕੋਸ਼ਿਸ਼ ਕੀਤੀ ਹੈ ਜਿਸ ਨਾਲ ਸਿੱਖ ਨੈਤਿਕਤਾ ਦੇ ਰੂਪ ਵਿਚ ਭਾਰਤੀ ਸਦਾਚਾਰ ਦਾ ਹੀ ਨਹੀਂ ਸਗੋਂ ਮਨੁੱਖੀ ਸਦਾਚਾਰ ਦਾ ਸਭ ਤੋਂ ਬਲਵਾਨ ਪ੍ਰਗਟਾ ਸਾਹਮਣੇ ਆਇਆ ਹੈ।

ਗੁਰੂ ਸਾਹਿਬਾਨ ਦੁਆਰਾ ਜਿਸ ਨੈਤਿਕਤਾ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਗਿਆ ਉਹ ਕਿਸੇ ਕਰਾਮਾਤ ਦੇ ਸਹਾਰੇ ਨਹੀਂ ਕੀਤਾ ਗਿਆ ਸਗੋਂ ਨੈਤਿਕਵਾਦੀ ਸਥਾਪਨਾ ਲਈ ਕਿਸੇ ਬਾਹਰੀ ਸਹਾਰੇ ਦੀ ਲੋੜ ਦੀ ਥਾਂ ਇਸ ਨੂੰ ਸਿੱਧਾ ‘ਮਨੁੱਖ’ ਦੇ ਅੰਦਰੋਂ ਪ੍ਰਸਤੁਤ ਕੀਤਾ ਹੈ। ਇਸੇ ਕਰਕੇ ਗੁਰਮਤਿ ਨੈਤਿਕਤਾ ਜਗਿਆਸੂ ਮਨੁੱਖ ਵੱਲੋਂ ਮਨ, ਬਚਨ ਅਤੇ ਕਰਮ ਦੇ ਪੱਧਰ ’ਤੇ ਪ੍ਰਵਾਨਿਤ ਨੈਤਿਕਤਾ ਹੈ। ਇਸ ਨੈਤਿਕ ਵਿਧਾਨ ਦੀ ਜੁਗਤ ਸਿਧਾਂਤਕ ਰੂਪ ਵਿਚ ਨਾਮ-ਸਿਮਰਨ, ਹੁਕਮ, ਭਾਣਾ ਮੰਨਣ ਅਤੇ ਕਿਰਪਾ ’ਤੇ ਆਧਾਰਿਤ ਹੈ ਅਤੇ ਅਸਲ ਵਿਚ ਇਸ ਦਾ ਗੁਰਮਤਿ ਵਿਚ ਪ੍ਰਗਟਾਵਾ ਤ੍ਰੈ-ਪੱਖੀ ਗੁਰਮਤਿ ਅਸੂਲ ‘ਨਾਮ ਜਪਣਾ, ਵੰਡ ਛਕਣਾ ਅਤੇ ਕਿਰਤ ਕਰਨਾ’ ਵਿਚ ਹੋਇਆ ਹੈ। ਅੰਤਰੀਵੀ ਸਵੱਛਤਾ ਭਾਵ ਮਿੱਠਾ ਬੋਲਣਾ, ਸੱਚਾਈ ਉੱਪਰ ਚੱਲਣਾ, ਨਿਮਰਤਾ, ਸੁਖ-ਦੁੱਖ ਵਿਚ ਸਹਾਈ ਹੋਣਾ, ਨਿਰਵੈਰਤਾ ਰੱਖਣੀ ਆਦਿ ਦੇ ਸੰਕਲਪ ਵੀ ਇਸੇ ਜੁਗਤ ਨੂੰ ਦ੍ਰਿੜ੍ਹ ਕਰਾਉਂਦੇ ਹਨ।

ਗੁਰਮਤਿ ਵਿਚ ਨਾਮ-ਸਿਮਰਨ ਮਨੁੱਖ ਦੇ ਆਦਰਸ਼ ਗੁਣਾਂ ਵਿਚ ਅਹਿਮ ਸਥਾਨ ਰੱਖਦਾ ਹੈ। ਨਾਮ ਹੀ ਇੱਕੋ-ਇੱਕ ਅਜਿਹਾ ਸੰਕਲਪ ਹੈ ਜਿਸ ਦੇ ਦੁਆਲੇ ਸਿਮਰਨ ਦੀ ਲਕਸ਼-ਸਿੱਧੀ ਘੁੰਮਦੀ ਹੈ। ਨਾਮ-ਸਿਮਰਨ ਹੀ ਪਰਮਾਤਮਾ ਦੀ ਤੀਬਰ ਚੇਤਨਾ ਜਗਾਉਣ ਦੀ ਧਿਆਨ ਵਿਧੀ ਹੈ। ਭਾਸ਼ਾ ਦੇ ਮਾਧਿਅਮ ਰਾਹੀਂ ਪ੍ਰਾਪਤ ‘ਨਾਮ’ ਇਕ ਅਜਿਹਾ ਸੰਕਲਪ ਹੈ ਜੋ ਮਨੁੱਖ ਨੂੰ ਪਰਮ ਸਦੀਵੀ ਸੱਚ ਦੇ ਮਾਰਗ ਦਾ ਪਾਂਧੀ ਬਣਾਉਂਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਬਾਣੀ ਵਿਚ ਨਾਮ¬ਮਹਿਮਾ ਦਾ ਸਥਾਨ ਸਰਵਉੱਚ ਤੇ ਸ੍ਰੇਸ਼ਠਤਮ ਹੈ। ਪ੍ਰਭੂ-ਨਾਮ ਅੰਮ੍ਰਿਤ ਦੇ ਸਮਾਨ ਹੈ ਜਿਸ ਨੂੰ ਪ੍ਰਾਪਤ ਕਰਨ ਨਾਲ ਮਨੁੱਖ ਜਨਮ-ਮਰਨ ਤੋਂ ਰਹਿਤ ਹੋ ਜਾਂਦਾ ਹੈ। ਮਾਇਆ ਰੂਪੀ ਚੰਡਾਲਣ ਵੀ ਉਸ ਦਾ ਕੁਝ ਨਹੀਂ ਵਿਗਾੜ ਸਕਦੀ:

ਅੰਮ੍ਰਿਤ ਨਾਮੁ ਨਿਧਾਨੁ ਦਾਸਾ ਘਰਿ ਘਣਾ॥
(ਅੰਗ ੫੧੮)


ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਭੂ-ਮਿਲਾਪ ਲਈ ਨਾਮ-ਸਿਮਰਨ ਦੀ ਸਮਰੱਥਾ ਸਾਹਮਣੇ ਪੁੰਨ-ਦਾਨ, ਜਪ-ਤਪ ਦੇ ਖੋਖਲੇ ਗਿਆਨ ਨੂੰ ਨਾਂ-ਮਾਤਰ ਦੱਸਦਿਆਂ ਸੱਚੇ ਨਾਮ ਦਾ ਆਦੇਸ਼ ਦਿੱਤਾ ਹੈ ਜਿਸ ਤੋਂ ਬਿਨਾਂ ਕਰਮ ਨਿਰਾਰਥਕ ਅਤੇ ਅਪੂਰਨ ਹਨ। ਸੱਚੇ ਨਾਮ ਦੀ ਵਡਿਆਈ ਬਾਰੇ ਗੁਰੂ ਸਾਹਿਬ ਦਾ ਫ਼ੁਰਮਾਨ ਹੈ:

ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ॥
(ਅੰਗ ੫੧੮)

ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ॥
ਹਰਿ ਹਰਿ ਰਸਨਾ ਜੋ ਜਪੈ ਤਿਸੁ ਪੂਰਨ ਕਾਮੁ॥
(ਅੰਗ ੪੦੧)


ਸਮੁੱਚੇ ਰੂਪ ਵਿਚ ਗੁਰੂ ਸਾਹਿਬ ਦੀ ਬਾਣੀ ਵਿਚ ਨਾਮ ਅਥਵਾ ਸ਼ਬਦ ਦੀ ਅਪਾਰ ਮਹੱਤਤਾ ਦਰਸਾਈ ਗਈ ਹੈ। ਗੁਰਬਾਣੀ ਵੀ ਨਾਮ-ਸਿਮਰਨ ਦੀ ਮਹੱਤਤਾ ਨੂੰ ਦਰਸਾਉਂਦੀ ਹੋਈ ਮਨੁੱਖ ਨੂੰ ਹਉਮੈ ਦਾ ਤਿਆਗ ਅਤੇ ਸਰੀਰ ਨੂੰ ਸਵੱਛ ਬਣਾ ਕੇ ਉਸ ਵਿਚ ਸੱਚੇ ਪ੍ਰਭੂ ਦਾ ਸੱਚਾ ਨਾਮ ਸਮਾਉਣ ਦੀ ਜਾਚ ਦੱਸਦੀ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵੀ ਇਸੇ ਸਿਧਾਂਤ ਦੀ ਧਾਰਨੀ ਹੈ।

ਸੱਚ ਜਾਂ ਸਤਿ ਗੁਰਬਾਣੀ ਦਾ ਮੂਲ ਮੰਤਰ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਸੱਚ ਦੇ ਹੀ ਪ੍ਰਚਾਰਕ ਸਨ। ਇਨ੍ਹਾਂ ਨੇ ਸੱਚ ਨੂੰ ਹੀ ਸੁਣਨ, ਮੰਨਣ ਤੇ ਪ੍ਰਚਾਰਨ ਉੱਤੇ ਬਲ ਦਿੱਤਾ। ਇਸ ਭਾਵਨਾ ਦੇ ਅਧੀਨ ਉਨ੍ਹਾਂ ਨੇ ਅਜਿਹੀ ਰੱਬੀ ਹਸਤੀ ਦੀ ਸਥਾਪਨਾ ਕੀਤੀ ਜੋ ਸਤਿ ਸਰੂਪ ਹੈ, ਸਤਿ ਹੈ, ਸਤਿ ਪੁਰਖ ਹੈ, ਸਤਿ ਨਾਮੁ ਹੈ। ਗੁਰੂ ਜੀ ਨੇ ਸਤਿ ਤੇ ਬ੍ਰਹਮ ਵਿਚ ਇਕ ਅਭੇਦਤਾ ਸਥਾਪਿਤ ਕੀਤੀ ਹੈ। ਇਸੇ ਸਵਰ ਵਿਚ ਉਨ੍ਹਾਂ ਨੇ ਸੱਚੇ ਗੁਰੂ, ਸੱਚੇ ਬਚਨ, ਸੱਚੀ ਬਾਣੀ, ਸੱਚੀ ਸਿੱਖਿਆ, ਸਚੁ ਖੰਡ ਅਤੇ ਸੱਚੇ ਆਚਾਰ ਉੱਤੇ ਜ਼ੋਰ ਦਿੱਤਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੱਚ ਨੂੰ ਸ਼੍ਰੋਮਣੀ ਦੱਸਿਆ ਹੈ:

ਪਾਰਬ੍ਰਹਮੁ ਜਿਨਿ ਸਚੁ ਕਰਿ ਜਾਤਾ॥ ਨਾਨਕ ਸੋ ਜਨੁ ਸਚਿ ਸਮਾਤਾ॥
(ਅੰਗ ੨੮੩)

ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਾਨਵ-ਸੰਸਕ੍ਰਿਤੀ ਵਿਚ ਨਿਮਰਤਾ ਦਾ ਅਹਿਮ ਸਥਾਨ ਹੈ। ਗੁਰੂ ਸਾਹਿਬ ਨੇ ਨੈਤਿਕਤਾ ਪੱਖੋਂ ਬੜੇ ਤਰਕ ਨਾਲ ਨਿਮਰਤਾ ਦਾ ਗੌਰਵ ਸਥਾਪਿਤ ਕਰਨ ਦਾ ਯਤਨ ਕੀਤਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਗ਼ਰੀਬੀ ਭਾਵ ਨਿਮਰਤਾ ਤੇ ਹਲੀਮੀ ਨੂੰ ਅਪਣਾਉਂਦੇ ਹਨ:

ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ॥
ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ॥
(ਅੰਗ ੨੭੮)

ਆਪਸ ਕਉ ਜੋ ਜਾਣੈ ਨੀਚਾ॥ ਸੋਊ ਗਨੀਐ ਸਭ ਤੇ ਊਚਾ॥
(ਅੰਗ ੨੬੬)


ਸ੍ਰੀ ਗੁਰੂ ਅਰਜਨ ਦੇਵ ਜੀ ਨਿਮਰਤਾ ਦੇ ਗੁਣ ਵਜੋਂ ਖ਼ਿਮਾ ਭਾਵ ਕਿਸੇ ਨੂੰ ਮੁਆਫ਼ ਕਰ ਦੇਣ ਦੀ ਸਿੱਖਿਆ ਦਿੰਦੇ ਹਨ। ਜਿੱਥੇ ਖ਼ਿਮਾ ਦਾ ਗੁਣ ਮੌਜੂਦ ਹੈ ਉਥੇ ਪ੍ਰਭੂ ਆਪ ਨਿਵਾਸ ਕਰਦਾ ਹੈ। ਗੁਰੂ ਸਾਹਿਬ ਇਸ ਨੂੰ ਕਦੇ ਨਾ ਘਟਣ ਵਾਲਾ ਖ਼ਜ਼ਾਨਾ ਕਹਿੰਦੇ ਹਨ। ਨਿਮਰਤਾ ਦੇ ਨਾਲ ਹੀ ਮਿੱਠਾ ਬੋਲਣਾ ਵੀ ਮਨੁੱਖ ਦੇ ਆਚਾਰ ਧਰਮ ਵਿਚ ਚੰਗਾ ਗੁਣ ਮੰਨਿਆ ਜਾਂਦਾ ਹੈ। ਇਹ ਇਕ ਅਜਿਹਾ ਗੁਣ ਹੈ ਜੋ ਵਿਅਕਤੀ ਨੂੰ ਆਦਰ ਅਤੇ ਸਤਿਕਾਰ ਦਾ ਪਾਤਰ ਬਣਾ ਦਿੰਦਾ ਹੈ। ਮਿੱਠੇ ਬੋਲ ਹੀ ਵਿਸ਼ਵਾਸ ਉਤਪੰਨ ਕਰਦੇ ਹਨ ਅਤੇ ਭੈ ਤੇ ਹੰਕਾਰ ਨੂੰ ਦੂਰ ਕਰਦੇ ਹਨ।
ਗੁਰਮਤਿ ਅਨੁਸਾਰ ਮਨੁੱਖ ਅੰਦਰ ਬਿਨਾਂ ਕਿਸੇ ਜ਼ਾਤੀ ਭੇਦ-ਭਾਵ, ਨਿਰਵੈਰਤਾ ਦਾ ਗੁਣ ਹੋਣਾ ਉਸ ਨੂੰ ਸਮਾਜਿਕ ਤੇ ਆਤਮਿਕ ਮੁਕਤੀ ਪ੍ਰਦਾਨ ਕਰਦਾ ਹੈ। ਜਦ ਮਨੁੱਖ ਨੂੰ ਆਪਣੇ ਆਪ ਦੀ ਸੋਝੀ ਹੋ ਜਾਂਦੀ ਹੈ ਤਾਂ ਉਸ ਅੰਦਰੋਂ ਵੈਰ, ਵਿਰੋਧ ਅਤੇ ਭਲੇ-ਬੁਰੇ ਦਾ ਭੇਦ ਮਿਟ ਜਾਂਦਾ ਹੈ। ਸਦਾਚਾਰਕ ਪੱਖ ਤੋਂ ਭਾਈਚਾਰਕ ਅਤੇ ਸਭਿਆਚਾਰਕ ਪੱਧਰ ’ਤੇ ਮਨੁੱਖ ਨੂੰ ਨਿਰਵੈਰ ਹੋਣਾ ਚਾਹੀਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ ਨਿਮਰਤਾ, ਹਲੀਮੀ, ਮਿੱਠਾ ਬੋਲਣਾ ਆਦਿ ਜਿੰਨੇ ਵੀ ਉਸਾਰੂ ਗੁਣ ਹਨ ਇਨ੍ਹਾਂ ਸਭ ਪਿੱਛੇ ਨਿਰਵੈਰਤਾ ਦੀ ਭਾਵਨਾ ਮੌਜੂਦ ਰਹਿੰਦੀ ਹੈ। ਨਿਰਵੈਰਤਾ ਸੰਬੰਧੀ ਗੁਰੂ ਸਾਹਿਬ ਦਾ ਫ਼ੁਰਮਾਨ ਹੈ:

ਵਵਾ ਵੈਰੁ ਨ ਕਰੀਐ ਕਾਹੂ॥ ਘਟ ਘਟ ਅੰਤਰਿ ਬ੍ਰਹਮ ਸਮਾਹੂ॥
(ਅੰਗ ੨੫੯)


ਹਰ ਮਨੁੱਖ ਅੰਦਰ ਪ੍ਰਭੂ ਦਾ ਨਿਵਾਸ ਦੱਸ ਕੇ ਗੁਰੂ ਸਾਹਿਬ ਨੇ ਮਨੁੱਖ ਨੂੰ ਨਿਰਵੈਰ ਰਹਿਣ ਦੀ ਦਲੀਲ ਨੂੰ ਤਰਕਪੂਰਨ ਬੌਧਿਕ ਆਧਾਰ ਬਖ਼ਸ਼ਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਅਹੰਕਾਰ ਨੂੰ ਇਕ ਔਗੁਣ ਸਵੀਕਾਰਦੇ ਹਨ ਜਿਹੜਾ ਮਨੁੱਖ ਦੀ ਸ਼ਖ਼ਸੀਅਤ ਨੂੰ ਮੁਕੰਮਲ ਨਹੀਂ ਹੋਣ ਦਿੰਦਾ। ਗੁਰੂ ਸਾਹਿਬ ਆਪਣੀ ਬਾਣੀ ਵਿਚ ਅਹੰਕਾਰ ਨੂੰ ਵਿਕਾਰ ਦੇ ਰੂਪ ਵਿਚ ਚਿਤਰਦੇ ਹੋਏ ਇਕ ਦੀਰਘ ਰੋਗ ਦੱਸਦੇ ਹਨ:

ਅਹੰਬੁਧਿ ਬਹੁ ਸਘਨ ਮਾਇਆ ਮਹਾ ਦੀਰਘ ਰੋਗੁ
(ਅੰਗ ੫੦੨)

ਇਸੇ ਤਰ੍ਹਾਂ ਗੁਰਮਤਿ ਵਿਚ ਹੁਕਮ ਅਤੇ ਭਾਣੇ ਨੂੰ ਪ੍ਰਮੁੱਖ ਸਥਾਨ ਪ੍ਰਾਪਤ ਹੈ। ਗੁਰੂ ਦੇ ਹੁਕਮ ਵਿਚ ਚੱਲਣਾ ਹੀ ਪ੍ਰਭੂ-ਭਾਣੇ ਨੂੰ ਸਵੀਕਾਰਨਾ ਹੈ। ਜਦੋਂ ਜੀਵ ਪ੍ਰਭੂ ਦੇ ਭਾਣੇ ਵਿਚ ਚੱਲਦਾ ਹੈ ਤਾਂ ਉਸ ਨੂੰ ਇਹ ਪਰਵਾਹ ਨਹੀਂ ਹੁੰਦੀ ਕਿ ਪ੍ਰਭੂ ਉਸ ਨੂੰ ਕਿਸ ਰਸਤੇ ਉੱਪਰ ਲਿਜਾ ਰਿਹਾ ਹੈ। ਉਹ ਗੁਰੂ ਦੇ ਹੁਕਮ ਵਿਚ ਰਹਿੰਦਿਆਂ ਪ੍ਰਭੂ-ਭਾਣੇ ਨੂੰ ਸਿਰ-ਮੱਥੇ ਮੰਨਦਿਆਂ, ਉਸ ਦੇ ਗੁਣਾਂ ਦਾ ਗਾਇਨ ਕਰਦਿਆਂ ਉਸ ਦੀ ਰਜ਼ਾ ਵਿਚ ਚੱਲਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਕਥਨ ਹੈ:

ਭਾਣੈ ਉਝੜ ਭਾਣੈ ਰਾਹਾ॥ ਭਾਣੈ ਹਰਿ ਗੁਣ ਗੁਰਮੁਖਿ ਗਾਵਾਹਾ॥
ਭਾਣੈ ਭਰਮਿ ਭਵੈ ਬਹੁ ਜੂਨੀ ਸਭ ਕਿਛੁ ਤਿਸੈ ਰਜਾਈ ਜੀਉ॥
(ਅੰਗ ੯੮)


ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਇਹ ਵੀ ਅੰਕਿਤ ਕੀਤਾ ਹੈ ਕਿ ਜਿਹੜਾ ਹੁਕਮ ਨੂੰ ਮਿੱਠਾ ਕਰ ਕੇ ਸਵੀਕਾਰਦਾ ਹੈ ਉਹ ਸਿਆਣਾ ਅਤੇ ਇੱਜ਼ਤਦਾਰ ਹੋ ਕੇ ਸਾਹਮਣੇ ਆਉਂਦਾ ਹੈ। ਇਸ ਇੱਜ਼ਤਦਾਰੀ, ਨੈਤਿਕਤਾ ਦੇ ਸੰਕੇਤ ਗੁਰੂ ਪਾਤਸ਼ਾਹ ਦੇ ਇਸ ਹੁਕਮ ਤੋਂ ਮਿਲ ਜਾਂਦੇ ਹਨ:

ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ॥
(ਅੰਗ ੧੦੮)


ਇਸ ਤਰ੍ਹਾਂ ਗੁਰਬਾਣੀ ਵਿਚਲੇ ਨੈਤਿਕ ਗੁਣਾਂ ਦੇ ਅੰਤਰਗਤ ਸ੍ਰੀ ਗੁਰੂ ਅਰਜਨ ਦੇਵ ਜੀ ਆਦਰਸ਼ ਮਨੁੱਖ ਅੰਦਰ ਅਜਿਹੇ ਸਦੀਵੀ ਗੁਣਾਂ ਦਾ ਜ਼ਿਕਰ ਕਰਦੇ ਹਨ ਜਿਸ ਨਾਲ ਮਨੁੱਖ ਧਾਰਮਿਕ ਅਤੇ ਸਮਾਜਿਕ ਪੱਧਰ ’ਤੇ ਸਦਾਚਾਰਕ ਬਣਦਾ ਹੈ। ਗੁਰੂ ਸਾਹਿਬ ਦੀ ਪਾਵਨ ਬਾਣੀ ਵਿਚ ਵਿਅਕਤੀਗਤ ਪੱਧਰ ’ਤੇ ਹਰੇਕ ਮਨੁੱਖ ਨੂੰ ਕੁਝ ਅਜਿਹੇ ਇਖ਼ਲਾਕੀ ਅਸੂਲ ਪਾਲਣ ਲਈ ਕਿਹਾ ਗਿਆ ਹੈ ਜਿਹੜੇ ਉਸ ਦੇ ਤਨ ਮਨ ਨੂੰ ਨਿਰਮਲ ਤੇ ਸਵੱਛ ਕਰਦੇ ਹਨ ਅਤੇ ਪ੍ਰਭੂ-ਪ੍ਰਾਪਤੀ ਦੇ ਮਾਰਗ ’ਤੇ ਚੱਲਣ ਲਈ ਸਹੀ ਮਾਰਗ ਉਲੀਕਦੇ ਹਨ। ਸੋ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਹ ਨੈਤਿਕ ਫ਼ਲਸਫ਼ਾ ਮਨੁੱਖਤਾ ਨੂੰ ਸਦਾ ਹੀ ਰਾਹ ਦਿਖਾਉਂਦਾ ਰਹੇਗਾ।

੧. ਪ੍ਰੋ. ਦਰਸ਼ਨ ਕੌਰ, ਅੰਗ ੬੨.
੨. Lilly William, An Introduction to Ethics, p. 12.


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਭਾਰਤ 'ਚ ਫੈਲੇ ਨਸ਼ਿਆਂ ਦੇ ਅੱਤਵਾਦ ਦੀ ਅਸਲੀਅਤ

 

ਭਾਰਤ ਦੇ ਹਾਕਮਾਂ ਵਲੋਂ ਪੰਜਾਬ ਦੀ ਜਵਾਨੀ ਨੂੰ ਸਦਾ ਲਈ ਨਿੱਸਲ ਕਰਨਾ ਅਤੇ ਸਾਹਸੱਤਹੀਣ ਕਰਨ ਲਈ ਇੱਥੇ ਨਸ਼ਿਆਂ ਦਾ ਐਸਾ ਹੜ੍ਹ ਵਗਾਇਆ ਹੈ ਕਿ ਅੱਜ ਪੰਜਾਬ ਨੂੰ ਨਸ਼ੇੜੀ ਪੰਜਾਬ ਕਹਿ ਕੇ ਪੁਕਾਰਿਆ ਜਾ ਰਿਹਾ ਹੈ। ਅੱਜ ਇਹ ਖਬਰਾਂ ਮੀਡੀਆ ਦਾ ਸ਼ਿੰਗਾਰ ਬਣ ਰਹੀਆਂ ਹਨ ਕਿ ਜੇਹੜੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ ਜਾ ਰਹੇ ਹਨ ਉਹੀ ਬਚ ਸਕਣਗੇ ਬਾਕੀ ਸਭ ਨਸ਼ਿਆਂ ਦੀ ਭੇਂਟ ਚੜ੍ਹ ਕੇ ਖ਼ਤਮ ਹੋ ਜਾਣਗੇ।...

Read Full Article

ਜਿਨ੍ਹਾਂ ਸਿਦਕ ਨਹੀਂ ਹਾਰਿਆ...

 

ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਅੰਮ੍ਰਿਤਪਾਨ ਕਰਵਾ ਕੇ ਸਿੰਘ ਸਜਾਇਆ ਤਾਂ ਨਾਨਕ ਪੰਥ' ਦੀ ਦਿਸ਼ਾ ਅਤੇ ਦਸ਼ਾ ਵਿੱਚ ਅਮੋੜ ਪਰਿਵਰਤਨ ਹੋਇਆ। ਉਂਝ ਬਦਲਾਅ ਦੀ ਰੀਤ ਗੁਰੂ ਹਰਿਗੋਬਿੰਦ ਜੀ ਦੇ ਵੇਲੇ ਹੀ ਸ਼ੁਰੂ ਹੋ ਗਈ ਸੀ ਜਦੋਂ ਉਨ੍ਹਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਸਨ। ਦਸਮ ਪਾਤਸ਼ਾਹ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਜਲੋਅ ਨੂੰ ਮੁੜ ਸਥਾਪਤ ਕਰਨ ਦਾ ਉਪਰਾਲਾ ਕੀਤਾ। ਉਨਾਂ ਦੀ ਸ਼ਹੀਦੀ ਮਗਰੋਂ ਸਿੱਖਾਂ ਉਪਰ ਜ਼ੁਲਮ ਵਧਦੇ ਹੀ ਗਏ। ਮੀਰ ਮੰਨੂੰ ਸਿੱਖਾਂ ਉੱਪਰ ਜ਼ੁਲਮ ਕਮਾਉਣ ਵਿੱਚ ਮੋਹਰੀ ਬਣ ਕੇ ਉੱਭਰਿਆ। ਉਹ ੧੭੪੮ ਤੋਂ ੧੭੫੩ ਤੱਕ ਲਾਹੌਰ ਅਤੇ ਮੁਲਤਾਨ ਦਾ ਗਵਰਨਰ ਰਿਹਾ।...

Read Full Article

ਹਿੰਦੀ , ਹਿੰਦੂ, ਹਿੰਦੁਸਤਾਨ ਬਨਾਮ ਬ੍ਰਹਿਮੰਡੀ ਗੁਰਮਤਿ ਵਿਚਾਰਧਾਰਾ

 

ਆਰੀਆ ਸਮਾਜੀ ਅਤੇ ਸਨਾਤਨ ਧਰਮੀਆਂ ਦੇ ਹਿੰਦੂ ਸ਼ਬਦ ਬਾਰੇ ਵੱਖੋ ਵੱਖਰੇ ਵਿਚਾਰ ਹਨ। ਆਰੀਆ ਸਮਾਜੀ ਇਸ ਸਬੰਧੀ ਗਿਆਸਨਾਮੀ ਕੋਸ਼ ਅਤੇ ਕਸੱਫਨਾਮੀ ਕੋਸ਼ ਦੇ ਹਵਾਲੇ ਦੇਕੇ ਆਪਣੇ ਆਪ ਨੂੰ ਹਿੰਦੂ ਅਖਵਾਉਣ ਦੀ ਬਜਾਏ ਆਰੀਆ ਸਮਾਜੀ ਅਖਵਾਉਣਾ ਪਸੰਦ ਕਰਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਗਿਆਸਨਾਮੀ ਕੋਸ਼ ਵਿੱਚ ਲਿਖਿਆ ਹੈ ਕਿ "ਹਿੰਦੁ ਬਕਸਰ ਗੁਲਾਮ ਵ ਬੰਦਹ ਕਾਫ਼ਿਰ ਵ ਤੇਰਾ" ਭਾਵ ਹਿੰਦੂ ਦਾ ਅਰਥ ਗੁਲਾਮ, ਕੈਦੀ, ਕਾਫ਼ਿਰ ਅਤੇ ਤਲਵਾਰ ਹੈ। ਅਤੇ ਕਸੱਫਨਾਮੀ ਕੋਸ਼ ਅਨੁਸਾਰ "ਚੇ ਹਿੰਦੁ ਇ ਕਾਫ਼ਿਰ ਚੇ ਕਾਫ਼ਿਰ ਕਾਫ਼ਿਰ ਰਹਜਨ" ਭਾਵ ਹਿੰਦੁ ਕੀ ਹੈ? ਹਿੰਦੁ ਕਾਫ਼ਿਰ ਹੈ। ਕਾਫ਼ਿਰ ਕੀ ਹੈ? ਕਾਫ਼ਿਰ ਰਹਜਨ ਹੈ। ਰਹਜਨ ਕੀ ਹੈ? ਰਹਜਨ ਇਮਾਨ 'ਤੇ ਡਾਕਾ ਮਾਰਨ ਵਾਲਾ ਹੈ। ...

Read Full Article

ਭਾਈ ਤਾਰੂ ਸਿੰਘ

 

ਭਾਈ ਤਾਰੂ ਸਿੰਘ ਦਾ ਨਾਮ ਸਿੱਖ ਸ਼ਹੀਦਾਂ ਵਿੱਚ ਸਤਿਕਾਰ ਨਾਲ ਲਿਆ ਜਾਂਦਾ ਹੈ। ਸਿੱਖ ਗੁਰੂਆਂ, ਚਾਰ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ ਦੇ ਨਾਲ ਨਾਲ, ਬੰਦ-ਬੰਦ ਕਟਵਾਇਆ (ਭਾਈ ਮਨੀ ਸਿੰਘ), ਖੋਪੜੀਆਂ ਲੁਹਾਈਆਂ (ਭਾਈ ਤਾਰੂ ਸਿੰਘ), ਚਰੱਖੜੀਆਂ ਤੇ ਚੜੇ (ਸਰਦਾਰ ਸੁਬੇਗ ਸਿੰਘ ਅਤੇ ਸ਼ਾਬਾਜ਼ ਸਿੰਘ) ਸਿੱਖ ਅਰਦਾਸ ਦਾ ਅਟੁੱਟਵਾਂ ਅੰਗ ਹੈ।...

Read Full Article

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

 

ਬਾਬਾ ਦੀਪ ਸਿੰਘ ਦੀ ਸ਼ਹਾਦਤ ਤੋਂ ਜਲਦ ਬਾਅਦ ਵਿਦਵਾਨ, ਯੋਧਾ ਅਤੇ ਅੰਮ੍ਰਿਤਸਰ ਦੀ ਮਰਿਆਦਾ ਬੰਨ੍ਹਣ ਵਾਲੇ ਸਿੰਘ ਭਾਈ ਮਨੀ ਸਿੰਘ (੧੬੧੪-੧੭੩੭) ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਚਿਤੇਰੇ ਕਿਰਪਾਲ ਸਿੰਘ ਨੇ ਬੰਦ ਬੰਦ ਕੱੱਟੇ ਜਾਣ ਦੇ ਸਮੇਂ ਨੂੰ ਚਿਤਵਦਿਆਂ ਇੱਕ ਚਿੱਤਰ ਤਿਆਰ ਕੀਤਾ ਜੋ ੧੯੫੭ ਦਾ ਬਣਿਆ ਹੋਇਆ ਹੈ। ਇਹ ਤੇਤੀ ਗੁਣਾਂ ਤਰਤਾਲੀ ਇੰਚ ਦਾ ਹੈ। ਭਾਈ ਮਨੀ ਸਿੰਘ ਦੀ ਸ਼ਹੀਦੀ ਦਰਸਾਉਣ ਵਾਲਾ ਸੰਭਵ ਤੌਰ 'ਤੇ ਇਹ ਪਹਿਲਾ ਚਿੱਤਰ ਹੈ। ਇਸ ਦਾ ਮਹੱਤਵ ਇਹ ਵੀ ਹੈ ਕਿ ਕਿਸੇ ਦੂਜੇ ਫ਼ਨਕਾਰ ਨੇ ਇਸ ਤ੍ਰਾਸਦੀ ਨੂੰ ਵਿਸ਼ਾ ਬਣਾ ਕੇ ਆਪਣੇ ਫ਼ਨ ਦਾ ਮੁਜ਼ਾਹਰਾ ਨਹੀਂ ਕੀਤਾ। ਭਾਈ ਮਨੀ ਸਿੰਘ ਦੇ ਬਚਪਨ ਦਾ ਨਾਂ ਮਨੀ ਰਾਮ (ਮਨੀਆ ਵੀ ਕਹਿ ਲੈਂਦੇ ਸਨ) ਸੀ। ਪਿਤਾ ਰਾਓ ਮਾਈ ਦਾਸ ਅਤੇ ਮਾਤਾ ਮਦਰੀ ਬਾਈ (ਲੱਖੀ ਸ਼ਾਹ ਵਣਜਾਰਾ ਦੀ ਧੀ) ਸੀ। ਮਨੀ ਰਾਮ ਆਪਣੇ ਬਾਰਾਂ ਭਰਾਵਾਂ ਵਿੱਚੋਂ ਇੱਕ ਸੀ।...

Read Full Article

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

 

ਸੇਵਾ ਨੂੰ ਸਿੱਖ ਧਰਮ ਵਿੱਚ ਖ਼ਾਸ ਮਹੱਤਵ ਪ੍ਰਾਪਤ ਹੈ। ਇਸ ਦੀ ਸ਼ੂਰਆਤ ਗੁਰੂ ਨਾਨਕ ਦੇਵ ਤੋਂ ਹੀ ਹੋ ਗਈ ਸੀ, ਜਦੋਂ ਪਿਤਾ ਮਹਿਤਾ ਕਲਿਆਣ ਦਾਸ ਨੇ ਉਨ੍ਹਾਂ ਨੂੰ ਵਪਾਰ ਸ਼ੁਰੂ ਕਰਨ ਲਈ ਵੀਹ ਰੁਪਏ ਦਿੱਤੇ ਸਨ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਹੋਰ ਸਾਰੇ ਗੁਰੂ ਸਾਹਿਬਾਨ ਨੇ ਇਸ ਰੀਤ ਨੂੰ ਹੋਰ ਦ੍ਰਿੜ੍ਹ ਕੀਤਾ। ਗੁਰੂ ਗੋਬਿੰਦ ਸਿੰਘ ਜੀ ਤਕ ਪਹੁੰਚਦਿਆਂ-ਪਹੁੰਚਦਿਆਂ ਇਸ ਦਾ ਦਾਇਰਾ ਹੋਰ ਵਸੀਹ ਹੋ ਗਿਆ। ...

Read Full Article

ਪੁਸਤਕ ਸਮੀਖਿਆ ਗੁਜਰਾਤ ਫਾਈਲਾਂ :- ਪਰਦਾਪੋਸ਼ੀ ਦੀ ਚੀਰਫਾੜ

 

ਗੁਜਰਾਤ ਫਾਈਲਾਂ ਨਾਮ ਦੀ ਕਿਤਾਬ ਪੱਤਰਕਾਰ ਰਾਣਾ ਅਯੂਬ ਵਲੋਂ ਗੁਜਰਾਤ ਦੇ ਮੁਸਲਿਮ ਕਤਲੇਆਮ , ਝੂਠੇ ਪੁਲਸ ਮੁਕਾਬਲੇ ਅਤੇ ਗੁਜਰਾਤ ਦੇ ਗ੍ਰਹਿ ਮੰਤਰੀ ਹਿਰੇਨ ਪਾਂਡਿਯਾ ਦੇ ਕਤਲ ਦੀ ਛਾਨਬੀਣ ਦਾ ਵੇਰਵਾ ਹੈ । ਇਹ ਛਾਨਬੀਣ ਲੇਖਿਕਾ ਰਾਣਾ ਅਯੂਬ ਨੇ ਅਮਰੀਕਨ ਫਿਲਮਸਾਜ਼ ਮੈਥਿਲੀ ਤਿਆਗੀ ਨਾਮ ਦੀ ਲੜਕੀ ਬਣ ਕੇ 2001 ਤੋਂ 2010 ਤੱਕ ਗੁਜਰਾਤ 'ਚ ਰਹੇ ਉਚ ਪੁਲਸ ਅਫ਼ਸਰਾਂ , ਨੌਂਕਰਸ਼ਾਹਾਂ ਤੇ ਰਾਜਨੀਤਿਕਾਂ ਨਾਲ ਮੁਲਾਕਾਤਾਂ ਕਰਕੇ ਸਟਿੰਗ ਆਪ੍ਰੇਸ਼ਨ ਰਾਂਹੀ ਕੀਤੀ ਹੈ । ...

Read Full Article

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

 

ਸਿੱਖ ਧਰਮ ਵਿੱਚ ਸ਼ਹੀਦਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਬਾਬਾ ਦੀਪ ਸਿੰਘ ਦੀ ਕੁਰਬਾਨੀ ਦੀ ਦੋ ਕਾਰਨਾਂ ਕਰਕੇ ਵੱਖਰੀ ਮਹੱਤਤਾ ਹੈ। ਇੱਕ, ਉਨ੍ਹਾਂ ਅੰਮ੍ਰਿਤਸਰ ਦੀ ਪਵਿੱਤਰਤਾ ਦੀ ਮੁੜ ਬਹਾਲੀ ਵਾਸਤੇ ਲੜਦਿਆਂ ਆਪਣੇ ਪ੍ਰਾਣ ਤਿਆਗੇ। ਦੂਜਾ, ਇਹ ਬੀੜਾ ਉਨ੍ਹਾਂ ਉਸ ਸਮੇਂ ਚੁੱਕਿਆ ਜਦੋਂ ਉਹ ਪੰਝਤਰ ਸਾਲਾਂ ਦੇ ਸਨ। ਉਹ ਗੁਰੂ ਗੋਬਿੰਦ ਸਿੰਘ ਦੇ ਸੰਪਰਕ ਵਿੱਚ ਲੰਬੇ ਸਮੇਂ ਤਕ ਰਹੇ। ਉਨ੍ਹਾਂ ਆਪਣਾ ਸਮੁੱਚਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਇਸ ਦੀ ਰੱਖਿਆ ਲੇਖੇ ਲਾ ਦਿੱਤਾ। ...

Read Full Article

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

 

ਸਿੱਖ ਕੌਮ ਦਾ ਇਤਿਹਾਸ ਸੂਰਬੀਰਾਂ ਦੇ ਵਿਲੱਖਣ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਭਾਈ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਵੱਲੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਉਣਾ ਅਜਿਹਾ ਹੀ ਸਾਹਸੀ ਕਾਰਜ ਸੀ। ਚਿੱਤਰਕਾਰ ਕਿਰਪਾਲ ਸਿੰਘ ਨੇ ਇਸ ਦ੍ਰਿਸ਼ ਨੂੰ ਬਾਖ਼ੂਬੀ ਚਿਤਰਿਆ ਹੈ। ਇਤਿਹਾਸਕ ਤੱਥਾਂ ਨੂੰ ਮੁੱਖ ਰੱਖ ਕੇ ਬਣਾਏ ਗਏ ਇਸ ਚਿੱਤਰ ਬਾਰੇ ਤਫ਼ਸੀਲ ਸਹਿਤ ਜਾਣਕਾਰੀ ਦਿੰਦੀ ਹੈ ਇਹ ਰਚਨਾ। ...

Read Full Article