Monday, July 13, 2026

Established 2005 • ISSN Registration : 1930-0107

Seminar Praises Guru Sahib's Bani in Dasam Granth

Panthic Archives Article (Category: PUNJAB)

December 13, 2006
Author/Source: Courtesy : Sant-Sipahi

ਸ਼ਬਦ-ਮੂਰਤਿ ਸ੍ਰੀ ਦਸਮ ਗ੍ਰੰਥ ਬਾਬਤ ਅਦੁੱਤੀ ਵਿਚਾਰ-ਗੋਸ਼ਟੀ

(ਲੁਧਿਆਣਾ)-ਗੁਰਦੁਆਰਾ ਗੁਰ ਗਿਆਨ ਪ੍ਰਕਾਸ਼, ਜਵੱਦੀ ਟਕਸਾਲ, ਲੁਧਿਆਣਾ ਵਿਖੇ ਫ਼ਤਹਿ ਦਿਵਸ ਕਮੇਟੀ ਵੱਲੋਂ ਸ਼ਬਦ ਮੂਰਤ ਸ੍ਰੀ ਦਸਮ ਗ੍ਰੰਥ ਦੇ ਇਤਿਹਾਸ, ਵਿਸ਼ਾ-ਵਸਤੂ ਤੇ ਉਦੇਸ਼ ਸਬੰਧੀ ਹੋਈ ਵਿਚਾਰ ਗੋਸ਼ਟੀ ਦੇ ਪ੍ਰਮੁੱਖ ਵਕਤਾ ਵਜੋਂ ਵਿਚਾਰ ਦਿੰਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦੀ ਰਚਨਹਾਰ ਜੋਤਿ ਇਕ ਹੈ, ਇਹਨਾਂ ਦਾ ਸਿਧਾਂਤ ਇਕ ਹੈ ਅਤੇ ਅਕਾਲ ਜੋਤਿ ਤੱਕ ਪੁੱਜਣ ਦੀ ਇਹ ਪਾਵਨ ਜੁਗਤਿ ਹੈ।

ਇਸ ਤੋਂ ਪਹਿਲਾਂ ਸਿੰਘ ਸਾਹਿਬ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਵਿਚਾਰ ਗੋਸ਼ਟੀ ਦੀ ਸਫ਼ਲਤਾ ਲਈ ਪ੍ਰਾਰੰਭਤਾ ਦੀ ਅਰਦਾਸ ਕੀਤੀ। ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਸੁਖਵੰਤ ਸਿੰਘ, ਡਾਇਰੈਕਟਰ, ਗੁਰਸ਼ਬਦ ਸੰਗੀਤ ਅਕੈਡਮੀ ਦੀ ਅਗਵਾਈ ਵਿੱਚ ਦਸਮ ਗ੍ਰੰਥ ਦੀ ਦੂਰ-ਦਰਾਜ਼ ਦੀਆਂ ਸੰਸਥਾਵਾਂ ਤੋਂ ਆਏ ਵਿਦਵਾਨਾਂ ਵਿੱਚੋਂ ਡਾ. ਹਰਭਜਨ ਸਿੰਘ ਦੇਹਰਾਦੂਨ ਨੇ ਬੜੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਗੱਲ ਬਿਲਕੁਲ ਹੀ ਬੇਬੁਨਿਆਦ ਹੈ ਕਿ ਇਹ ਗ੍ਰੰਥ ਆਪਣੇ ਸੰਪਾਦਨ ਸਮੇਂ ਤੋਂ ਹੀ ਵਿਵਾਦ ਗ੍ਰਸਤ ਰਿਹਾ। ਉਹਨਾਂ ਨੇ ਇਤਿਹਾਸਕ ਹਵਾਲੇ ਦੇ ਕੇ ਇਸ ਦੀ ਸੰਪਾਦਨਾ ਅਤੇ ਬਾਣੀ ਪ੍ਰਮਾਣਿਕਤਾ ਦੇ ਅਧਾਰ ਉੱਤੇ ਇਹ ਸਿੱਧ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਅਕਤੀ ਨੂੰ ‘ਸੰਤ’ ਬਣਾਉਂਦਾ ਹੈ ਅਤੇ ਦਸਮ ਗ੍ਰੰਥ ‘ਸਿਪਾਹੀ’।

ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮੁਖੀ ਡਾ. ਗੁਰਨੇਕ ਸਿੰਘ ਨੇ ਦਸਮ ਗ੍ਰੰਥ ਦਾ ਵਿਸ਼ਾ ਵਸਤੂ: ਦ੍ਰਿਸ਼ਟੀਕੋਣ ਸਬੰਧੀ ਪਰਚਾ ਪੜ੍ਹਦਿਆਂ ਦੱਸਿਆ ਕਿ 1893 ਤੋਂ ਪਹਿਲਾਂ ਸਿੱਖ ਪੰਥ ਵਿੱਚ ਦਸਮ ਗ੍ਰੰਥ ਬਾਰੇ ਕੋਈ ਵਿਵਾਦ ਨਹੀਂ ਸੀ। ਅਕਾਦਮਿਕ ਸੋਝੀ ਦੇ ਪੱਖੋਂ ਕੋਰੇ, ਕੁਝ ਲੋਕਾਂ ਨੇ ਇਸ ਬਾਰੇ ਵਿਵਾਦ ਖੜ੍ਹਾ ਕਰਕੇ ਸਿੱਖ ਪੰਥ ਨੂੰ ਢਾਹ ਲਾਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਆਤਮਿਕ ਪੱਖੋਂ ਤੇ ਦਸਮ ਗ੍ਰੰਥ ਸਮਾਜਿਕ ਪੱਖੋਂ ਸੰਸਾਰ ਵਿੱਚ ਵਿਚਰਨ ਦੀ ਜੁਗਤਿ ਸਿਖਾਉਂਦਾ ਹੈ। ਇਹ ਦੋਵੇਂ ਭਗਤੀ ਦਾ ਸੁਮੇਲ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਅਜੋਕੇ ਮਾਨਵ ਦੀਆਂ ਕਲਯੁਗੀ ਬਿਰਤੀਆਂ ਕਾਰਨ ਉਪਜੀਆਂ ਸਮੱਸਿਆਵਾਂ ਦਾ ਹੱਲ ਚਰਿਤ੍ਰੋਪਖਯਾਨ ਪੜ੍ਹੇ ਬਿਨਾਂ ਹੋ ਹੀ ਨਹੀਂ ਸਕਦਾ। ਇਹ ਬਹੁਤ ਹੀ ਮਹੱਤਵਪੂਰਨ ਰਚਨਾ ਹੈ, ਸਾਨੂੰ ਇਸ ਗ੍ਰੰਥ ’ਤੇ ਮਾਣ ਹੋਣਾ ਚਾਹੀਦਾ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਏ ਚਿੰਤਕ ਡਾ. ਜਸਬੀਰ ਸਿੰਘ ਸਾਬਰ ਨੇ ਕਿਹਾ ਕਿ ਕਿਸੇ ਰਚਨਾ ਦਾ ਮੁੱਲ ਪੈਂਦਾ ਹੀ ਉਦੋਂ ਹੈ, ਜਦੋਂ ਉਸ ਨਾਲ ਜੁੜੇ ਸਮਾਜਿਕ ਸਰੋਕਾਰਾਂ ਨੂੰ ਸਾਹਮਣੇ ਰੱਖਿਆ ਜਾਵੇ। ਦਸਮ ਗ੍ਰੰਥ ਦੇ ਮਸਲੇ ਨੂੰ ਧੁੰਦਲਾਉਣ ਵਾਲਿਆਂ ਦੇ ਮਨਸੇ ਵੀ ਧੁੰਦਲੇ ਹਨ। ਅਸਲ ਵਿੱਚ ਇਹ ਗ੍ਰੰਥ ਮਾਨਵ ਸੰਸਕ੍ਰਿਤੀ ਦਾ ਕੋਸ਼ ਹੈ। ਇਸੇ ਯੂਨੀਵਰਸਿਟੀ ਤੋਂ ਆਏ ਡਾ. ਜਤਿੰਦਰਪਾਲ ਸਿੰਘ ਜੌਲੀ ਨੇ ਕਿਹਾ ਕਿ ਇਹ ਸ਼ਕਤੀ ਗ੍ਰੰਥ ਹੈ ਜਿਸ ਦੀ ਸ਼ਕਤੀ ਨੂੰ ਆਤਮਿਕ ਦ੍ਰਿਸ਼ਟੀ ਤੋਂ ਗ੍ਰਹਿਣ ਕਰਕੇ ਹੀ ਮਾਣਿਆ ਜਾ ਸਕਦਾ ਹੈ। ਜਿਵੇਂ ਕੋਨਾਰਕ ਮੰਦਰ ਦੀਆਂ ਦੀਵਾਰਾਂ ਉਪਰ ਉੱਕਰੇ ਚਿਤਰ ਵਿਰੱਕਤ ਪ੍ਰਾਣੀਆਂ ਨੂੰ ਸੰਸਾਰ ਨਾਲ ਜੋੜਨ ਦਾ ਜ਼ਰੀਆ ਬਣੇ ਉਵੇਂ ਹੀ ਚਰਿਤ੍ਰੋਪਖਯਾਨ ਦੀ ਮੂਲ ਸੁਰ ਦੰਭੀ ਜੀਵਨ ਪ੍ਰਤੀ ਸੋਝੀ ਉਭਾਰਨ ਦੀ ਹੈ।

ਪ੍ਰੋਫ਼ੈਸਰ ਸੂਬਾ ਸਿੰਘ ਨੇ ਚੌਬੀਸ ਅਵਤਾਰ ਬਾਰੇ ਆਪਣੇ ਵਿਚਾਰ ਰੱਖੇ। ਦਸਮ ਗ੍ਰੰਥ ਦਾ ਹਿੰਦੀ ਅਤੇ ਅੰਗਰੇਜ਼ੀ ਵਿੱਚ ਤਰਜਮਾ ਕਰਨ ਵਾਲੇ ਵਿਦਵਾਨ ਪ੍ਰੋਫ਼ੈਸਰ ਜੋਧ ਸਿੰਘ ਪਟਿਆਲਾ ਨੇ ਆਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗ੍ਰੰਥ ਵਿੱਚ ਜਿੰਨਾ ਵੱਡਾ ਕੈਨਵਸ ਲਿਆ ਹੈ ਸਾਨੂੰ ਉਸ ਦਾ ਅੰਦਾਜ਼ਾ ਵੀ ਨਹੀਂ ਹੋ ਸਕਦਾ। ਗੁਰੂ ਸਾਹਿਬ ਦੇ ਵੇਲੇ ਲੀਲਾ-ਕਾਵਿ ਤੇ ਚਰਿਤ-ਕਾਵਿ ਪ੍ਰਚੱਲਤ ਸਨ। ਪਹਿਲਾ ਸ਼ੁੱਧ ਆਨੰਦ ਦੀ ਪ੍ਰਾਪਤੀ ਲਈ ਸੀ ਤੇ ਦੂਜਾ ਸਿਖਿਆ ਪ੍ਰਾਪਤੀ ਲਈ। ਗੁਰੂ ਸਾਹਿਬ ਨੇ ਚਰਿਤ੍ਰੋਪਖਯਾਨ ਰਾਹੀਂ ਮਰਯਾਦਾ ਪੁਰਸ਼ੋਤਮ ਹੋ ਕੇ ਜੀਵਨ ਜੀਊਣ ਦੀ ਹਦਾਇਤ ਕੀਤੀ ਹੈ। ਤਖਤ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਵੀ ਸਪੱਸ਼ਟ ਕੀਤਾ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਗੁਰੁ ਪ੍ਰਵਾਨਿਤ ਹੈ ਉਵੇਂ ਦਸਮ ਗ੍ਰੰਥ ਵਿਚਲੀ ਬਾਣੀ ਗੁਰੂ ਪ੍ਰਮਾਣਿਤ ਹੈ।

ਬਿਨਾਂ ਗ੍ਰੰਥ ਤੋਂ ਪੰਥ ਨਹੀਂ ਬਚਦਾ, ਸਾਨੂੰ ਇਸ ਦੀ ਸੰਭਾਲ ਲਈ ਦ੍ਰਿੜ੍ਹਤਾ ਨਾਲ ਪਹਿਰਾ ਦੇਣਾ ਚਾਹੀਦਾ ਹੈ। ਬਾਬਾ ਕੁਲਜੀਤ ਸਿੰਘ ਬੁੱਢਾ ਦਲ, ਗਿਆਨੀ ਗੁਰਮੀਤ ਸਿੰਘ ਤੇ ਗਿਆਨੀ ਹਰਦੀਪ ਸਿੰਘ ਦਮਦਮੀ ਟਕਸਾਲ, ਪ੍ਰੋਫ਼ੈਸਰ ਕੰਵਰ ਅਜੀਤ ਸਿੰਘ ਪਟਿਆਲਾ, ਪ੍ਰੋਫ਼ੈਸਰ ਹਰਪਾਲ ਸਿੰਘ ਪੰਨੂ ਆਦਿ ਵਿਦਵਾਨਾਂ ਨੇ ਸਪੱਸ਼ਟ ਕੀਤਾ ਕਿ ਨਰ ਤੇ ਨਾਰੀ, ਆਤਮਾ ਦਾ ਲਿਬਾਸ ਹੈ। ਗੁਰੂ ਨੇ ਸਾਨੂੰ ਸਮ ਹੋ ਕੇ ਚਲਾਇਮਾਨ ਸੰਸਾਰ ਨੂੰ ਸਮਝਣ ਅਤੇ ਨਿਰਲੇਪ ਹੋ ਕੇ ਵਿਚਰਨ ਦੀ ਜੁਗਤਿ ਸਮਝਾਈ ਹੈ। ਗੁਰੂ ਗੋਬਿੰਦ ਸਿੰਘ ਕਾਲਜ ਮੋਹਾਲੀ ਦੇ ਪਰਿੰਸੀਪਲ ਪ੍ਰੋਫ਼ੈਸਰ ਦਵਿੰਦਰ ਸਿੰਘ ਨੇ ਆਖਿਆ ਕਿ ਜਿਹੜੀ ਚੀਜ਼ ਸਾਡੇ ਅੰਤਹਕਰਣ ਦਾ ਹਿੱਸਾ ਹੈ ਉਸ ਤੋਂ ਕੌਣ ਮੁਨਕਰ ਹੋ ਸਕਦਾ ਹੈ। ਇਸਤਰੀ ਜੀਵ ਆਦਿ ਸ਼ਕਤੀ ਹੈ, ਜਦੋਂ ਉਸ ਬਾਰੇ ਸਾਡਾ ਰਵੱਈਆ ਵਿਰੋਧੀ ਹੋਵੇਗਾ ਤਾਂ ਉਹ ਸ਼ਕਤੀ ਆਪਣਾ ਰੰਗ ਦਿਖਾਏਗੀ। ਗੁਰੂ ਸਾਹਿਬ ਨੇ ਗੁਰਸਿੱਖ ਨੂੰ ਆਪਣੇ ਔਗੁਣ ਕਿਰਪਾ ਦੀ ਆਨ-ਕਿਰਪਾਨ ਨਾਲ ਕੱਟਣ ਦੀ ਜਾਚ ਸਿਖਾਈ ਹੈ। ਕਮਜ਼ੋਰ ਚਰਿੱਤਰ ਵਾਲੇ ਬੇਸਮਝ ਲੋਕ ਹੀ ਇਸ ਗ੍ਰੰਥ ਬਾਰੇ ਵਾਵੇਲਾ ਮਚਾ ਰਹੇ ਹਨ।

ਸੰਤ ਸਿਪਾਹੀ ਦੇ ਸੰਪਾਦਕ ਗੁਰਚਰਨਜੀਤ ਸਿੰਘ ਲਾਂਬਾ ਨੇ ਕਿਹਾ ਕਿ ਇਹ ਸੈਮੀਨਾਰ ਤਾਂ ਸਿਰਫ਼ ਇਹ ਦੱਸਣ ਲਈ ਹਨ ਕਿ ਕੌਮ ਵਿੱਚ ਅਜੇ ਕੰਨਾਂ ਵਾਲੇ ਜੀਊਂਦੇ ਹਨ। ਸਿੱਖ ਰਹਿਤ ਮਰਯਾਦਾ ਵਿੱਚ ਵੀ ਦਸਾਂ ਪਾਤਸ਼ਾਹੀਆਂ ਦੀ ਬਾਣੀ ਨੂੰ ਮੰਨਣ ਦੀ ਹਦਾਇਤ ਹੈ। ਵਿਚਾਰ ਗੋਸ਼ਟੀ ਦੇ ਕੋਆਰਡੀਨੇਟਰ ਪ੍ਰੋਫ਼ੈਸਰ ਅਨੁਰਾਗ ਸਿੰਘ ਨੇ ਗੋਸ਼ਟੀ ਦੇ ਅੰਤ ਤੇ ਨੁਕਤੇ ਵਿੱਚ ਗੱਲ ਸਮੇਟਦਿਆਂ ਸਪੱਸ਼ਟ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਹਰਿਮੰਦਰ ਹੈ ਤੇ ਦਸਮ ਗ੍ਰੰਥ ਸਿੱਖਾਂ ਦਾ ਅਕਾਲ ਤਖਤ। ਇਹਨਾਂ ਦੋਹਾਂ ਰਾਹੀਂ ਮੀਰੀ-ਪੀਰੀ ਦੇ ਸੰਕਲਪ ਦੀ ਉਜਾਗਰੀ ਹੁੰਦੀ ਹੈ ਜਿਸ ਨੂੰ ਪਰਪੱਕ ਕਰਨ ਲਈ ਇਸ ਤੋਂ ਵਡੇਰੇ ਸੈਮੀਨਾਰ ਅਤੇ ਤੁਲਨਾਤਮਕ ਅਧਿਐਨ ਵਾਲੀਆਂ ਗੋਸ਼ਟੀਆਂ ਆਯੋਜਿਤ ਕਰਨ ਦੀ ਲੋੜ ਹੈ। ਇਸ ਗੋਸ਼ਟੀ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਜਸਬੀਰ ਕੌਰ, ਡਾ. ਪਰਮਵੀਰ ਸਿੰਘ, ਸ਼ਮਸ਼ੇਰ ਸਿੰਘ, ਡਾ. ਸਾਧਾ ਸਿੰਘ, ਡਾ. ਪ੍ਰੋਫ਼ੈਸਰ ਹਰਭਜਨ ਸਿੰਘ ਆਦਿ ਵਿਦਵਾਨਾਂ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਤੋਂ ਜਥੇਦਾਰ ਬਾਬਾ ਮਾਨ ਵਿੱਚ ਮੜੀਆਂ ਵਾਲੇ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਗੁਰਦੇਵ ਸਿੰਘ, ਬਾਬਾ ਨਾਗਰ ਸਿੰਘ, ਜਥੇਦਾਰ ਬਾਬਾ ਸਰੂਪ ਸਿੰਘ, ਜਥੇਦਾਰ ਬਾਬਾ ਗੁਰਦੇਵ ਸਿੰਘ, ਜਥੇਦਾਰ ਬਾਬਾ ਨਾਰੰਗ ਸਿੰਘ ਹਰੀਆਂ ਵੇਲਾਂ ਤੋਂ, ਬਾਬਾ ਬਲਬੀਰ ਸਿੰਘ ਬੁੱਢਾ ਦਲ, ਬਾਬਾ ਮੱਖਣ ਸਿੰਘ, ਬਾਬਾ ਵੀਰ ਸਿੰਘ ਮੱਧੋਕੇ, ਬਾਬਾ ਜਰਨੈਲ ਸਿੰਘ ਰਾੜਾ ਸਾਹਿਬ, ਇਤਿਆਦਿ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਨੂੰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਹਰਨਾਮ ਸਿੰਘ , ਜਵੱਦੀ ਟਕਸਾਲ ਦੇ ਮੁਖੀ ਸੰਤ ਗਿਆਨੀ ਅਮੀਰ ਸਿੰਘ ਨੇ ਸਿਰੋਪਾਓ, ਦੁਸ਼ਾਲੇ, ਯਾਦਗਾਰੀ ਚਿੰਨ੍ਹ ਤੇ ਜਵੱਦੀ ਟਕਸਾਲ ਦੀਆਂ ਪ੍ਰਕਾਸ਼ਨਾਵਾਂ ਦੇ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ। ਸਾਰਾ ਦਿਨ ਚੱਲੀ ਇਸ ਵਿਚਾਰ-ਗੋਸ਼ਟੀ ਵਿੱਚ ਦੂਰੋਂ-ਦੂਰੋਂ ਆਏ ਸੈਂਕੜੇ ਸੂਝਵਾਨ ਸ੍ਰੋਤਿਆਂ ਨੇ ਬੜੇ ਹੁਲਾਸ ਅਤੇ ਇਕਾਗਰਤਾ ਨਾਲ ਭਾਗ ਲਿਆ ਤੇ ਫ਼ਤਹਿ ਦਿਵਸ ਸ਼ਤਾਬਦੀ ਕਮੇਟੀ ਵੱਲੋਂ ਕੀਤੇ ਸਫ਼ਲ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਵਿਚਾਰ ਗੋਸ਼ਟੀ ਦਾ ਮੰਚ ਸੰਚਾਲਨ ਪਟਿਆਲਾ ਤੋਂ ਆਏ ਪ੍ਰੋ. ਕਸ਼ਮੀਰ ਸਿੰਘ ਨੇ ਬਾਖੂਬੀ ਕੀਤਾ।

FEATURED ARTICLES
Sant Giani Baba Mohan Singh Ji - Head of Bhinder Kalan Samperdai Passes Away

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3

ਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ Part 2 of 3

ਨਸ਼ਿਆਂ ਦੀਆਂ ਨਵੀਆਂ ਕਿਸਮਾਂ : Part 1 of 3

Two Sikhs Killed by Punjab Police - Scores of Protesters Brutally Attacked and Detained

Sikh Leaders Reject Treacherous 'Pardon' of Sirsa Cultist - Jathedar Bhai Ranjit Singh Warns Gurbachan Singh

Shaheed Bhai Satwant Singh's Father Sardar Tarlok Singh Passes Away

Jathedar Nandgarh Removed, Replaced with a Badal Yes Man

Miscreants Commit Arson, Desecrate Saroops at Jodhpur Gurdwara Sahib

Punjab Police Opens Fire on Sikhs Protesting Noormehl Cult

Six more Sikh Youths Detained under Pretext of Militancy

Tireless Panthic Activist - Bhai Mohkam Singh Passes Away

Mockery of Justice Continues : One Sikh Released on Bail, but Three Others Imprisoned

World Sikh Organization Expresses Concern over Detention of Bhai Gurbaksh Singh

Bhai Gurbaksh Singh continues Hunger Strike to Highlight India's Illegal Incarceration of Sikh Prisoners

Wave of Arrests Across Punjab as Police Target Sikh Youths on Social Media

United Nations asked to probe killings of Sikhs in Punjab

Babbar Khalsa Deputy Chief Bhai Jagtar Singh Hawara Acquitted by Ludhiana Court

Bihari Migrant Who Interrupted Akhand Paatth Sahib and Commited Sacrilege Shot by Sikh Youth