Saturday, July 11, 2026

Established 2005 • ISSN Registration : 1930-0107

The Drama of Apologies

Panthic Archives Article (Category: Guest Columns/Commentary)

June 27, 2007
Author/Source: Gurcharanjit Singh Lamba

ਡਰਾਮਾ ਮਾਫ਼ੀ ਨਾਮਾ ਜਾਰੀ ਹੈ।

ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਦੀ ਸ਼ਤਾਬਦੀ ਦੀ ਪੂਰਬ ਸੰਧਿਆ ਤੇ 17 ਮਈ, 2007 ਅਤੇ 29 ਮਈ, 2007 ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਵਿਚ ਸਪਸ਼ਟ ਆਦੇਸ਼ ਸੀ, “ਗੁਰਮੀਤ ਰਾਮ ਰਹੀਮ ਵਰਗੇ ਦੰਭੀਆਂ, ਪਾਖੰਡੀਆਂ ਦੇ ਪਾਖੰਡਾ ਅਤੇ ਦੰਭਾਂ ਦਾ ਪਰਦਾ ਫ਼ਾਸ਼ ਕਰ ਲਈ” ਅਤੇ “ਸਿਰਸੇ ਵਾਲੇ ਗੁਰਮੀਤ ਰਾਮ ਰਹੀਮ ਦੇ ਖਿਲਾਫ ਵਿੱਢਿਆ ਪੰਥਕ ਸੰਘਰਸ਼ ਇਸ ਦੀਆਂ ਜੜ੍ਹਾਂ ਪੁੱਟੇ ਜਾਣ ਤਕ ਸ਼ਾਂਤਮਈ ਢੰਗ ਨਾਲ ਜਾਰੀ ਰਹੇਗਾ”। ਇਸਦੇ ਨਾਲ ਹੀ ਰਾਜਨੀਤਕ ਦਲਾਲਾਂ ਤੋਂ ਬਚਾਣ ਲਈ ਇਸ ਹੁਕਮਨਾਮੇ ਵਿਚ ਸਿੱਖ ਸੰਗਤਾਂ ਨੂੰ ਆਦੇਸ਼ ਦਿੱਤਾ ਗਿਆ ਸੀ, “ਦੰਭੀ, ਪਾਖੰਡੀ, ਅਤੇ ਪੰਥ ਦੋਖੀ ਰਾਮ ਰਹੀਮ ਗੁਰਮੀਤ ਸਿੰਘ ਅਤੇ ਉਸ ਨਾਲ ਸਬੰਧਤ ਕਿਸੇ ਵੀ ਵਿਅਕਤੀ ਨਾਲ ਕਿਸੇ ਕਿਸਮਦਾ ਧਾਰਮਿਕ, ਸਮਾਜਿਕ, ਭਾਈਚਾਰਕ ਅਤੇ ਰਾਜਸੀ ਸਬੰਧ ਨਾ ਰਖਣ;” ਪਰ ਇਸ ਹੁਕਮਨਾਮੇ ਦੀ ਅਜੇ ਸਿਆਹੀ ਵੀ ਨਹੀਂ ਸੁਕੀ ਸੀ ਕਿ ਅਖੌਤੀ ਗੁਰੂ ਦੇ ਅਖੌਤੀ ਮਾਫ਼ੀ ਨਾਮੇ ਨੂੰ ਸਿਰ ਤੇ ਚੁਕੀ ‘ਵਿਚੋਲੇ’ ਇਸ ਹੁਕਮਨਾਮੇ ਨੂੰ ਨਿਰਸਤ ਕਰਣ ਲਈ ਤਰਲੋ ਮੱਛੀ ਹੋ ਰਹੇ ਹਨ। ਕੀ ਇਸ ਕਿਸਮ ਦੇ ਕਿਸੇ ਮਾਫ਼ੀ ਨਾਮੇ ਤੇ ਵਿਚਾਰ ਤਾਂ ਦੂਰ ਉਸ ਬਾਰੇ ਵਿਚਾਰ ਵੀ ਉਕਤ ਹੁਕਮਨਾਮੇ ਦੀ ਉਲੰਘਣਾ ਨਹੀਂ?

ਸ੍ਰੀ ਅਕਾਲ ਤਖਤ ਸਾਹਿਬ ਕੋਈ ਦੁਨਿਆਵੀ ਅਦਾਲਤ ਨਹੀਂ ਅਤੇ ਨਾ ਹੀ ਅਕਾਲੀ ਦਲ ਵਲ ਵਾਂਗਰ ‘ਧਰਮ ਨਿਰਪੱਖ’ ਅਦਾਰਾ ਹੈ। ਇਹ ਤਾਂ ਸਿੱਖਾਂ ਦਾ ਅਤੇ ਸਿੱਖਾਂ ਲਈ ਥਾਪਿਆ ਅਕਾਲ ਦਾ ਤਖਤ ਹੈ। ਵੈਸੇ ਵੀ ਕਿਸੇ ਗੁਰੂ ਡੰਮੀ ਜਾਂ ਗੁਰੂ ਡੰਮ ਵਿਚ ਗ੍ਰਸਤ ਵਿਅਕਤੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਯਾਦਾ ਨੂੰ ਸਮਰਪਤ ਹੋ ਕੇ ਇਸਦੇ ਸਨਮੁਖ ਪੇਸ਼ ਹੋਇਆ ਜਾਂਦਾ ਹੈ ਤਾਂ ਪੰਥ ਉਸਨੂੰ ਤਨਖਾਹ ਲਾ ਕੇ ਆਪਣੇ ਵਿਚ ਮਿਲਾ ਸਕਦਾ ਹੈ। ਪਰ ਇਸਦੇ ਵਿਪਰੀਤ ਕੂੜ ਅਤੇ ਝੂਠ ਦੀ ਦੁਕਾਨ ਬੰਦ ਕੀਤੇ ਬਿਨਾਂ ਅਖੌਤੀ ਮਾਫ਼ੀ ਦਾ ਡਰਾਮਾ ਉਸਦੇ ਗੁਰੂ ਡੰਮ ਨੂੰ ਵੈਧਤਾ ਅਤੇ ਪੰਥਕ ਪ੍ਰਵਾਨਗੀ ਪ੍ਰਦਾਨ ਕਰਨ ਦਾ ਸਾਧਨ ਹੀ ਬਣੇਗਾ।
ਸਤਿਗੁਰੂ ਤੇ ਇਸਦੇ ਮੁਕਾਬਲੇ ਵਿਚ ਭੇਖੀ ਦੰਭੀ ਗੁਰੂ ਮੁੱਢ ਕਦੀਮ ਤੋਂ ਨਾਲ ਨਾਲ ਹੀ ਤੁਰੇ ਹਨ। ਕਚ ‘ਤੇ ਸਚ, ਅਸਲ ‘ਤੇ ਨਕਲ, ਖੋਟੇ ‘ਤੇ ਖਰੇ, ਸਹੀ ‘ਤੇ ਗ਼ਲਤ ਹਮੇਸ਼ਾਂ ਹਮੇਸ਼ਾਂ ਤੋਂ ਨਾਲ ਨਾਲ ਹੀ ਤੁਰੇ ਹਨ। ਪਰ ਸਚ, ਅਸਲ, ਖਰੇ ‘ਤੇ ਸਹੀ ਦੀ ਪਛਾਣ ਦੀ ਬਿਬੇਕ ਬੁਧ ਵੀ ਵਾਹਿਗੁਰੂ ਨੇ ਬਖਸ਼ੀ ਹੈ। ਇਸ ਦੇ ਨਾਲ ਹੀ ਇਹ ਗੁਰ ਪਰਮੇਸਰ ਬਾਬਾ ਨਾਨਕ ਦਾ ਸਦੀਵੀ ਸਚ ਬਚਨ ਹੈ, ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥2॥

ਭੇਖ, ਪਾਪ, ਪਾਖੰਡ ਦਾ ਪਰਦਾ ਬਹੁਤੀ ਦੇਰ ਕਾਇਮ ਨਹੀ ਰਹਿੰਦਾ। ਦੁਨਿਆਵੀ ਤਾਕਤਾਂ ਅਤੇ ਲੋਭ ਲਹਿਰ ਵਿਚ ਗ੍ਰਸੇ ਰਾਜਨੀਤਕ ਅਤੇ ਧਾਰਮਿਕ ਲਬਾਦਾ ਧਾਰੀਆਂ ਦੀ ਸ਼ਹਿ ਅਤੇ ਸਰਪ੍ਰਸਤੀ ਵੀ ਇਸ ਪਾਜ ਨੂੰ ਬਹੁਤਾ ਚਿਰ ਲੁਕਾ ਨਹੀ ਸਕਦੀ। ਸਚ, ਇਨਸਾਫ਼ ਅਤੇ ਹੱਕ ਦੀ ਆਵਾਜ਼ ਬੁਲੰਦ ਕਰਣ ਲਈ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਪਾਤਿਸ਼ਾਹ ਦਾ ਫ਼ੁਰਮਾਨ ਹੈ, ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ ॥ ਗੁਰੂ ਸਾਹਿਬ ਦੀ ਹਯਾਤੀ ਦੌਰਾਨ ਵੀ ਭੇਖੀ, ਦੰਭੀ ਅਤੇ ਕੱਚੇ ਗੁਰੂ ਸਚਿਖੰਡ ਸ੍ਰੀ ਹਰਿਮੰਦਿਰ ਸਾਹਿਬ ਤੇ ਕਾਬਜ਼ ਹੋ ਚੁਕੇ ਸਨ। ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਵੀ ਕਿਹਨਾਂ ਹਸਰਤ ਭਰੀਆਂ ਨਜ਼ਰਾਂ ਨਾਲ ਸਚਿਖੰਡ ਸ੍ਰੀ ਹਰਿਮੰਦਿਰ ਸਾਹਿਬ ਨੂੰ ਦੂਰੋਂ ਨਮਸਕਾਰ ਕਰ ਕੇ ਵਾਪਸ ਮੁੜੇ ਹੋਣ ਗੇ ਇਸ ਨੂੰ ਨਬੀ, ਪੈਗੰਬਰੀ ਅਤੇ ਰਸੂਲਾਂ ਵਾਲਾ ਹਿਰਦਾ ਹੀ ਮਹਿਸੂਸ ਕਰ ਸਕਦਾ ਹੈ। ਪੰਥ ਨੂੰ ਕਿੰਨੀ ਕਿੰਨੀ ਵਾਰ ਅਤੇ ਕਿਤਨੀ ਕਿਤਨੀ ਦੇਰ ਆਪਣੇ ਮਰਕਜ਼, ਧੁਰੇ ਅਤੇ ਅੰਮ੍ਰਿਤ ਦੇ ਸੋਮੇ ਤੋਂ ਦੂਰ ਰਹਿਣਾ ਪਿਆ।
ਮੀਣੇ, ਮਸੰਦ, ਧੀਰ ਮਲੀਏ, ਰਾਮ ਰਾਈਏ, ਨਿਰੰਜਨੀਏ ਰੂਪ ਬਦਲ ਬਦਲ ਕੇ ਪਾਵਨ ਸਰੋਵਰ ਅਤੇ ਸਿਖਾਂ ਦੇ ਵਿਚਕਾਰ ਦੀਵਾਰ ਬਣਦੇ ਰਹੇ ਹਨ। ਗੁਰੂ ਤੇਗ ਬਹਾਦੁਰ ਸਾਹਿਬ ਨੂੰ ਵੀ ਫ਼ੁਰਮਾਣਾ ਪਿਆ, ਇਹ ਮਸੰਦ ਜੋ ਅੰਮ੍ਰਿਤਸਰੀਏ, ਤ੍ਰਿਸ਼ਨ ਅਗਨ ਕੀ ਅੰਤਰ ਸੜੀਏ॥

ਪਰ ਇਹ ਸਿਲਸਿਲਾ ਇਥੇ ਹੀ ਆ ਕੇ ਰੁਕ ਨਹੀਂ ਜਾਂਦਾ। ਸਮੇਂ ਸਮੇਂ ਸਿਰ ਨਕਲੀ ਗੁਰੂ ਪ੍ਰਗਟ ਹੁੰਦੇ ਰਹੇ ਹਨ। ਲਾਲ ਕੁੜਤੀ, ਨਕਲੀ ਨਿਰੰਕਾਰੀ, ਰਾਧਾ ਸੁਆਮੀ, ਨਾਮਧਾਰੀ, ਆਸ਼ੂਤੋਸ਼, ਭਨਿਆਰੇ ਤੇ ਕੁਝ ਜ਼ਿਆਦਾ ਹੀ ਜੋਸ਼ ਵਿਚ ਆਏ ਸਾਧ ਅਤੇ ਸੰਤ ਵੀ ਗੁਰੂ ਡੰਮ ਦੇ ਮਾਰਗ ਤੇ ਚਲ ਕੇ ਨ੍ਰਿਸਾਕੰ ਸਰੀਕ ਹੈਂ॥ ਗੁਰ ਪਰਮੇਸਰ ਨਾਲ ਸ਼ਿਰਕ ਤੋਂ ਗੁਰੇਜ਼ ਨਹੀਂ ਕਰ ਸਕੇ। ਸ੍ਰੀ ਮੁਖਵਾਕ ਹੈ ਤਿਸਹਿ ਸਰੀਕੁ ਨਾਹੀ ਰੇ ਕੋਈ ॥ ਕਿਸ ਹੀ ਬੁਤੈ ਜਬਾਬੁ ਨ ਹੋਈ ॥(1083)

1960 ਦੇ ਕਰੀਬ ਵੀ ਅੰਮ੍ਰਿਤਸਰ ਵਿਚ ਇਕ ਐਸੇ ਦੰਭੀ ਨੇ ਪ੍ਰਚਾਰ ਕਰ ਦਿੱਤਾ ਕਿ ਗੁਰੂ ਅਰਜਨ ਦੇਵ ਜੀ ਪ੍ਰਗਟ ਹੋਏ ਹਨ। ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥(468) ਕਾਫੀ ਗਿਣਤੀ ਵਿਚ ਲੋਕ ਉਸਦੇ ਦੁਆਲੇ ਇਕੱਠੇ ਹੋਣ ਲਗ ਪਏ। ਅਜ ਦੀ ਤਰ੍ਹਾਂ ਸ਼ਰਧਾਵਾਨ ਸਿਖ ਕਲਪ ਰਹੇ ਸਨ। ਉਸ ਸਮੇਂ ਦੇ ‘ਸੰਤ ਸਿਪਾਹੀ’ ਦੇ ਐਡੀਟਰ ਸਰਦਾਰ ਮਨਜੀਤ ਸਿੰਘ ਉਸਦੇ ਮਜਮੇ ਵਿਚ ਚਲੇ ਗਏ ਅਤੇ ਕਹਿਣ ਲਗੇ, ‘ਮਹਾਰਾਜ ਇਹ ਤਾਂ ਬੜੇ ਚੰਗੇ ਭਾਗ ਹਨ ਕਿ ਗੁਰੂ ਅਰਜਨ ਦੇਵ ਜੀ ਮੁੜ ਪ੍ਰਗਟ ਹੋਏ ਹਨ। ਪਰ ਇਹ ਖੁਸ਼ ਖਬਰੀ ਨਿਰੀ ਅੰਮ੍ਰਿਤਸਰ ਨਹੀਂ ਬਲਕਿ ਸਾਰੇ ਜਗਤ ਵਿਚ ਪ੍ਰਗਟ ਹੋਣੀ ਚਾਹੀਦੀ ਹੈ।’ ਉਹ ਪੰਖਡੀ
ਕਹਿਣ ਲਗਾ, ‘ਹਾਂ ਇਹ ਤੁਸੀਂ ਕਰੋ।’ ਸਰਦਾਰ ਮਨਜੀਤ ਸਿੰਘ ਕਹਿਣ ਲਗੇ ਕਿ ਇਹ ਹੋ ਜਾਏ ਗਾ ਜੇ ਕਰ ਆਪ ਤੱਤੀ ਤਵੀ ਦਾ ਕੌਤਕ ਇਕ ਵਾਰ ਫ਼ਿਰ ਦੁਹਰਾ ਦਿਉ। ਉਸਦੀ ਮਜਲਿਸ ਵਿਚ ਹਲਚਲ ਮਚ ਗਈ। ਬੀਬੀਆਂ ਸਰਦਾਰ ਮਨਜੀਤ ਸਿੰਘ ਨੂੰ ਬੁਰਾ ਭਲਾ ਕਹਿਣ ਲਗ ਪਈਆਂ। ਸ਼ਾਤਰ ਕੁਝ ਕੁ ਘਬਰਾਇਆ ਪਰ ਕਹਿਣ ਲਗਾ, ‘ਜੀ, ਮੈਂ ਤਾਂ ਇਹ ਕਰ ਦਵਾਂ ਗਾ, ਪਰ ਚੰਦੂ ਕੋਣ ਬਣੇਗਾ?’ ਸਰਦਾਰ ਮਨਜੀਤ ਸਿੰਘ ਕਹਿਣ ਲਗੇ ਕਿ ਜੇ ਇਤਨੀ ਕੁਰਬਾਨੀ ਨਾਲ ਗੁਰੂ ਸਾਹਿਬ ਪ੍ਰਗਟ ਹੁੰਦੇ ਹਨ ਤਾਂ ਇਹ ਪਾਪ ਮੈਂ ਕਰ ਲਵਾਂਗਾ। ਬਾਅਦ ਵਿਚ ਆਪ ਜੀ ਪਾਸੋਂ ਭੁਲ ਬਖਸ਼ਵਾ ਲਵਾਂਗਾ। ਫਸੇ ਹੋਏ ਸਾਧ ਨੇ ਕਿਹਾ ਕਿ ਠੀਕ ਹੈ ਤੁਸੀਂ
ਤਿਆਰੀ ਕਰਵਾਉਗੇ। ਸਰਦਾਰ ਸਾਹਿਬ ਨੇ ਸਾਰਾ ਪ੍ਰਬੰਧ ਕਰਵਾ ਦਿਤਾ ਪਰ ਦਿਤੇ ਹੋਏ ਸਮੇਂ ਤੇ ਉਹ ਦੰਭੀ ਗੁਰੂ ਪਿਛਲੇ ਦਰਵਾਜ਼ਿਉਂ ਐਸਾ ਗਾਇਬ ਹੋਇਆ ਕਿ ਮੁੜ ਦਰਸ਼ਨ ਨਾ ਦਿੱਤੇ। ਜਲੰਧਰ ਦੇ ਗੁਰਮੁਖ ਪਿਆਰੇ ਇੰਜੀਨਿਅਰ ਸਰਦਾਰ ਭਗਤ ਸਹੀ ਕਿਹਾ ਕਰਦੇ ਸਨ ਕਿ ਇਹ ਦੰਭੀ ਗੁਰੂ ਤਤੀ ਤਵੀ ਤਾਂ ਇਕ
ਪਾਸੇ ਰਹੀ, ਇਕ ਮੋਮ ਬੱਤੀ ਤੇ ਹੀ ਇਕ ਮਿਨਟ ਆਸਨ ਲਗਾ ਕੇ ਵਿਖਾ ਦੇਣ। ਗੁਰਬਾਣੀ ਦੇ ਮਹਾਨ ਕਥਾਕਾਰ ਗਿਆਨੀ ਮਾਨ ਸਿੰਘ ਝੌਰ ਦੀ ਵਿਆਖਿਆ ਕਿਤਨੀ ਸਪਾਟ ਅਤੇ ਸਟੀਕ ਹੈ ਕਿ ਸਤਿਗੁਰੂ ਤਾਂ ਉਹ ਸੀ ਜਿਸਨੇ 1430 ਸਫ਼ੇ ਦਾ ਗੁਰੂ ਗ੍ਰੰਥ ਸਾਹਿਬ ਅੰਤਰ ਧਿਆਨ ਹੋ ਕੇ ਲਿਖਵਾ ਦਿੱਤਾ। ਇਹ ਭੇਖੀ ਗੁਰੂ ਆਪ ਹੀ ਇਕ ਚਿੱਠੀ ਲਿਖਣ ਅਤੇ ਫ਼ਿਰ ਉਸਨੂੰ ਮੂੰਧੀ ਮਾਰ ਕੇ ਮੁੜ ਲਫ਼ਜ਼ ਬ ਲਫ਼ਜ਼ ਲਿਖਵਾ ਦੇਣ ਤਾਂ ਮੈਂ ਮੰਨ ਜਾਵਾਂ ਗਾ। ਗੁਰੂ ਕਲਗੀਧਰ ਪਿਤਾ ਇਹਨਾਂ ਭੇਖੀ ਗੁਰੂਆਂ ਬਾਰੇ ਫੁਰਮਾਂਦੇ ਹਨ,

ਦੇਵ ਪੀਰ ਬਿਸਾਰ ਕੈ ਪਰਮੇਸ੍ਰ ਆਪ ਕਹਾਂਹਿਗੇ ॥
ਨਰ ਭਾਂਤ ਭਾਂਤਨ ਏਕ ਕੋ ਜੁਰ ਏਕ ਏਕ ਉਡਾਂਹਿਗੇ ॥
ਏਕ ਮਾਸ ਦੁਮਾਸ ਲੇੰ ਅਧ ਮਾਸ ਲੇੰ ਤ ਚਲਾਂਹਿਗੇ ॥
ਅੰਤ ਬੂਬਰ ਪਾਨ ਜਿਉ ਮਤ ਆਪ ਹੀ ਮਿਟ ਜਾਂਹਿਗੇ ॥ 19॥(ਸ੍ਰੀ ਦਸਮ ਗ੍ਰੰਥ)

ਚਰਨ ਨਹੀ ਧਿਆਇ ਹੈ ॥ ਦੁਸ਼ਟ ਗਤਿ ਪਾਇ ਹੈ ॥ 34॥
ਨਰਕ ਕਹੁ ਜਾਹਿਗੇ ॥ ਅੰਤ ਪਛੁਤਾਹਿਗੇ ॥ 35॥ (ਸ੍ਰੀ ਦਸਮ ਗ੍ਰੰਥ)

ਜਬੈ ਬਾਣ ਲਾਗਯੋ ॥ ਤਬੈ ਰੋਸ ਜਾਗਯੋ ॥ ਸ਼ਾਇਰੇ ਮਗਰਬ ਅਲਾਮਾ ਇਕਬਾਲ ਨੇ ਵੀ ਦੁਆ ਕੀਤੀ ਸੀ ਕਿ ਵਾਹਿਗੁਰੂ ਤੇਰੀ
ਜ਼ਿੰਦਗੀ ਅੰਦਰ ਕੋਈ ਤੂਫ਼ਾਨ ਪੈਦਾ ਕਰ ਦਵੇ ਕਿਉਕਿ ਐਸ਼ੋ ਇਸ਼ਰਤ ਨੇ ਤੇਰੀ ਜ਼ਿੰਦਗੀ ਵਿਚ ਖੜੋਤ ਪੈਦਾ ਕਰ ਦਿੱਤੀ ਹੈ।

ਖ਼ੁਦਾ ਤੁਝੇ ਕਿਸੀ ਤੂਫ਼ਾਂ ਸੇ ਆਸ਼ਨਾ ਕਰ ਦੇ,
ਕਿ ਤੇਰੀ ਬਹਾਰ ਕੀ ਮੌਜੋਂ ਮੇਂ ਇਜ਼ਤਿਰਾਬ ਨਹੀਂ।

ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥1॥(858) ਮੁਗਲਾਂ ਨਾਲ ਜੰਗ ਸਮੇਂ ਜਦੋਂ ਮੋਮਨ ਖਾਨ ਹਾਥੀ ਤੇ ਸਵਾਰ ਹੋ ਕੇ
ਆਇਆ ਤਾਂ ਉਸ ਸਮੇਂ ਜ਼ਖਮੀ ਭਾਈ ਤਾਰਾ ਸਿੰਘ ਵਾਂ ਨੇ ਆਪਣੇ ਗੁਰ ਭਾਈ ਲਖਬੀਰ ਸਿੰਘ ਨੂੰ ਹੱਲਾ ਸ਼ੇਰੀ ਦਿੰਦਿਆਂ ਕਿਹਾ ਕਿ
ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਦੋ ਦੋ ਮੱਝਾਂ ਦੇ ਉੱਤੋਂ ਦੀ ਟੱਪ ਜਾਇਆ ਕਰਦੇ ਸੀ ਤੇ ਤੂੰ ਹੁਣ ਮੁਗ਼ਲਾਂ ਦੇ ਇਸ ਕੱਟੇ ਨੂੰ ਨਹੀਂ ਟੱਪ
ਸਕਦਾ?

ਜਦ ਅਸੀਂ ਤੁਸੀਂ ਹੁਤ ਮੰਝੀ ਚਰਾਵਤ। ਤੂੰ ਹੁਤੈ ਮੰਝੀ ਮਇ ਦੁੱਇ ਟੱਪ ਜਾਵਤ।
ਅਬ ਕੱਟਾ ਤੁਰਕਨ ਕਾ ਕਿਤਕ ਕਾ ਕਿਤਕ ਕ ਬਲਾਇ । ਮਾਰ ਤੁਰਕ ਤੂੰ ਉਪਰ ਜਾਇ।

ਕੀ ਦੰਭ ਅਤੇ ਪਖੰਡ ਦੇ ਗੁਰੂ ਡੰਮ ਦਾ ਕੱਟਾ ਹੁਣ ‘ਸਿੰਘਾਂ’ ਅਤੇ ‘ਸਿੰਘ ਸਾਹਿਬਾਨ’ ਨੂੰ ਹਟਕ ਰਿਹਾ ਹੈ?

ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇਆ ਮਾਇਆ ਕੇ ਡਾਂਡੇ ॥
ਸੂਰ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ ॥1॥ ਡਗਮਗ ਛਾਡਿ ਰੇ ਮਨ ਬਉਰਾ ॥
ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥1॥ ਰਹਾਉ ॥338

-ਗੁਰਚਰਨਜੀਤ ਸਿੰਘ ਲਾਂਬਾ


Views and opinion expressed in guest editorials/columns are of the author and do not necessarily reflect the view or opinion of Panthic.org or Khalsa Press.
FEATURED ARTICLES
Canada's Forgotten Sikh Inmates

ਸੰਤ ਜਰਨੈਲ ਸਿੰਘ ਜੀ ਬਾਰੇ ਭੁਲੇਖਿਆਂ ਦੇ ਉੱਤਰ

ਅਕੁਲ ਨਿਰੰਜਨ ਖਾਲਸਾ

Why draconian laws in Punjab?

Harjinder Dilgeer and His Nonsensical Assertions

ਜ਼ਖ਼ਮ ਅਜੇ ਵੀ ਅੱਲੇ ਨੇ.... ਕਦੋਂ ਮਿਲੇਗੀ ਸਜ਼ਾ ਸਿੱਖਾਂ ਦੇ ਕਾਤਲਾਂ ਨੂੰ?

Sikh & Kashmiri Canadians protest in Ottawa against PM Manmohan Singh's visit to that city

Sikh Genocide and 'Sikh Extremism' Roil Canada

Canada Hears Cries of Sikhs

ਐਲਾਨਨਾਮਾ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖਿਲਾਫ਼ ਐਲਾਨ-ਜੰਗ!

Anti-Panthic Lobby's Purported 'World Sikh Convention'

ਪੰਥ ਧ੍ਰੋਹ ਬਰਾਸਤਾ ਅਖੌਤੀ ਵਿਸ਼ਵ ਸੰਮੇਲਨ

Sikhism: A World Religion Anomaly in Constitution needs to be Rectified

ਹੁਕਮ, ਹੁਕਮਨਾਮਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ!

India's 25 years long crimes against humanity Remembering the nearly 10,000 Sikhs

ਧਰਮ ਯੁੱਧ ਮੋਰਚਾ ਸਿੱਖਾਂ ਦੀ ਕੁਰਬਾਨੀ, ਅਕਾਲੀਆਂ ਦਾ ਧ੍ਰੋਹ ਅਤੇ ਸਰਕਾਰ ਦਾ ਜ਼ੁਲਮ

ਡੇਰੇਦਾਰ ਵੱਲੋਂ ਗੁਰੁਬਾਣੀ ਦੀ ਤੋੜ-ਮਰੋੜ ਕਿਵੇਂ?

ਸੌਦਾ ਸਾਧ ਦੀਆਂ ਫੁਕਰੀਆਂ

ਭਾਰਤੀਆਂ ਨੂੰ ਸਮਝ ਨਹੀਂ ਆ ਰਹੀ ਕਿ ਆਸਕਰ ਜਿੱਤਣ ’ਤੇ ਹੱਸਣ ਕਿ ਰੋਣ

ਧੰਨ ਭਾਗ ਕੌਮ ਦੇ…… ਧੰਨਵਾਦ ਤੁਹਾਡਾ

Darshan Singh's Anti-Dasam Granth Phobia