A Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ ॥

Author/Source: Dr. Gurwinder Kaur

The Venerable Guru Har Krishan Sahib : Meditating on whom all sufferings Vanquish.

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਵਾਰ ਸ੍ਰੀ ਭਗਉਤੀ ਜੀ' ਵਿਚ ਆਪਣੇ ਤੋਂ ਪਹਿਲੇ ਨੌਂ ਗੁਰੂ-ਸਰੂਪਾਂ ਦੀ ਉਸਤਤਿ ਕਰਦਿਆਂ, ਚੌਥੀ ਤੁਕ ਵਿਚ, ਅਠਵੇਂ ਪਾਤਸ਼ਾਹ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਬੰਧੀ ਫੁਰਮਾਇਆ ਹੈ:

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ॥

ਹਰ ਗੁਰਸਿੱਖ ਜਦੋਂ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦਾ ਹੈ ਤਾਂ ਉਹ ਇਨ੍ਹਾਂ ਸ਼ਬਦਾਂ ਦਾ ਉਚਾਰਨ ਕਰਦਾ ਹੋਇਆ ਬਹੁਤ ਪਿਆਰ, ਸ਼ਰਧਾ ਤੇ ਸਤਿਕਾਰ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਅਕੀਦਤ ਪੇਸ਼ ਕਰਦਾ ਹੈ। ਅਰਦਾਸ ਦੇ ਇਹ ਬੋਲ ਅਜਿਹੇ ਹਨ, ਜਿਹੜੇ ਪ੍ਰੇਰਨਾ ਦਿੰਦੇ ਹਨ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਜ਼ਰੂਰ ਧਿਆਉਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਦਰਸ਼ਨ ਕੀਤਿਆਂ ਸਮੁੱਚੀ ਮਨੁੱਖਤਾ ਦੇ ਸਭ ਤਰ੍ਹਾਂ ਦੇ ਦੁੱਖਾਂ ਦੀ ਨਵਿਰਤੀ ਹੁੰਦੀ ਹੈ। ਇਸ ਤੁਕ ਤੋਂ ਦਸਮੇਸ਼ ਪਿਤਾ ਰਾਹੀਂ 'ਬਾਲਾ ਪ੍ਰੀਤਮ' ਗੁਰੂ ਦੀ ਮਾਨਤਾ, ਮਹਾਨਤਾ ਤੇ ਗੌਰਵਤਾ ਦਾ ਪਤਾ ਲੱਗਦਾ ਹੈ। ਆਪ ਜੀ ਨੇ ਇਸ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਅਜ਼ਮਤ ਦ੍ਰਿੜ੍ਹ ਕਰਾਈ ਹੈ।

ਇਤਿਹਾਸਕ ਪੱਖ ਤੋਂ ਵੇਖੀਏ ਤਾਂ ਇਕ ਪਾਸੇ ਸ੍ਰੀ ਗੁਰੂ ਹਰਿ ਰਾਇ ਜੀ ਦਾ ਹੁਕਮ ਸੀ ਕਿ ਜੇ ਕੋਈ ਰਾਮ ਰਾਇ ਦੇ ਮੱਥੇ ਲੱਗੇਗਾ ਉਹ ਸਿੱਖ ਨਹੀਂ ਤੇ ਦੂਜੇ ਪਾਸੇ ਜੋ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਦਰਸ਼ਨ ਕਰੇਗਾ, ਉਸ ਦੇ ਦੁੱਖ ਦੂਰ ਹੋ ਜਾਣਗੇ। “ਰਾਮ ਰਾਇ ਖੁਸ਼ਾਮਦ ਕਰ ਨੀਂਵਾਂ ਹੋ ਗਿਆ ਹੈ ਤੇ ਸ੍ਰੀ (ਗੁਰੂ) ਹਰਿਕ੍ਰਿਸ਼ਨ ਜੀ ਗੀਤ ਗੁਣ ਗਾ ਕੇ ਉੱਚੇ ਤੇ ਅਪਹੁੰਚ। ਬਾਕੀ ਗੁਰੂ ਸਾਹਿਬਾਨ ਨਾਲੋਂ ਵੱਖਰੀ ਸਿਫਤ ਦਾ ਕਾਰਨ ਰਾਮਰਾਇ ਦੁਆਰਾ ਦਿੱਲੀ ਜਾ ਕੇ ਔਰੰਗਜ਼ੇਬ ਦੇ ਸਾਹਮਣੇ ਤੁਕ 'ਮਿਟੀ ਮੁਸਲਮਾਨ ਕੀ' ਨੂੰ ਬਦਲ ਕੇ 'ਮਿਟੀ ਬੇਈਮਾਨ ਕੀ' ਕਰਨ ਦਾ ਵੱਡਾ ਅਪਰਾਧ ਕਰਨ ਦਾ ਪਤਾ ਲੱਗਣ ਤੇ ਪਿਤਾ ਗੁਰੂ ਸ੍ਰੀ ਹਰਿ ਰਾਇ ਜੀ ਨੇ ਬਚਨ ਕੀਤਾ ਕਿ ਉਸ ਨੇ ਬਾਣੀ ਦਾ ਸਤਿਕਾਰ ਨਹੀਂ ਕੀਤਾ, ਇਸ ਲਈ ਉਹ ਹੁਣ ਸਾਡੇ ਮੱਥੇ ਨਾ ਲੱਗੇ।” ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਜਦੋਂ ਔਰੰਗਜ਼ੇਬ ਨੇ ਸ੍ਰੀ ਗੁਰੂ ਹਰਿ ਰਾਇ ਜੀ ਨੂੰ ਦਿੱਲ਼ੀ ਸੱਦ ਘੱਲਿਆ, ਤਾਂ ਉਨ੍ਹਾਂ ਨੇ ਆਪਣੀ ਥਾਂ ਵੱਡੇ ਪੁੱਤਰ ਸ੍ਰੀ ਰਾਮ ਰਾਇ ਨੂੰ ਭੇਜਿਆ। ਉਹ ਦੁਨੀਆਂਦਾਰ ਤਬੀਅਤ ਵਾਲਾ, ਨੀਤੀ ਨਿਪੁੰਨ, ਹੁਸ਼ਿਆਰ ਤੇ ਸਿੱਖ ਸੰਗਤਾਂ ਅਤੇ ਮਸੰਦਾਂ ਵਿਚ ਚੰਗੇ ਅਸਰਰਸੂਖ ਵਾਲਾ ਸੀ। ਗੁਰੂ-ਪਿਤਾ ਨੇ ਪੁੱਤਰ ਨੂੰ ਸਮਝਾਇਆ ਕਿ ਦਿੱਲੀ ਜਾ ਕੇ ਔਰੰਗਜ਼ੇਬ ਜੋ ਪੁੱਛੇ ਨਿਡਰ ਹੋ ਕੇ ਸੱਚੀ ਗੱਲ ਕਹਿਣੀ ਤੇ ਕਰਾਮਾਤ ਨਹੀਂ ਵਿਖਾਉਣੀ। 'ਮਹਿਮਾ

ਸੁਨੋ ਪੁੱਤਰ ਮੈਂ ਬਚਨ ਜੋ ਕਹੋਂ। ਤਮਰੇ ਸੰਗ ਸਦਾ ਮੈਂ ਰਹੋਂ।
ਦਿੱਲੀ ਪਤ ਸੋ ਜਾਇ ਤੁਮ ਮਿਲੋ। ਕੁਛ ਸ਼ੰਕ ਭੈ ਨਾਹੀ ਮਨ ਮੈ ਗਿਲੋ।
ਤੁਮਾਰਾ ਬਚਨ ਸਫਲ ਸਭ ਹੋਏ। ਤੁਮ ਸਮਾਨ ਬਲੀ ਨਹੀਂ ਕੋਏ।
ਜੋ ਪੂਛੈ ਸੋ ਸਤ ਕਹਿ ਦੀਜੇ। ਕਛੁ ਕਰਾਮਾਤ ਪ੍ਰਗਟ ਨਹੀਂ ਕੀਜੇ। (ਸਾਖੀ ੧੮)


ਪਰ ਸ੍ਰੀ ਰਾਮ ਰਾਇ ਨੇ ਦਿੱਲੀ ਜਾ ਕੇ, ਪਿਤਾ ਗੁਰੂ ਦੇ ਬਚਨ ਭੁੱਲ ਕੇ, ਔਰੰਗਜ਼ੇਬ ਦੇ ਕਹਿਣ 'ਤੇ ੫੨ ਤੋਂ ਵੱਧ ਕਰਾਮਾਤਾਂ ਵਿਖਾਈਆਂ ਅਤੇ ਬਾਦਸ਼ਾਹ ਦੀ ਖੁਸ਼ਾਮਦ ਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬਾਣੀ ਦੀ ਤੁਕ ਵੀ ਬਦਲ ਦਿੱਤੀ। ਇਸ ਕਾਰਨ ਗੁਰਦੇਵ-ਪਿਤਾ ਨੇ ਉਸ ਨੂੰ ਸਦਾ ਲਈ ਤਿਆਗ ਦਿੱਤਾ। ਸ੍ਰੀ “ਰਾਮ ਰਾਇ ਦੇ ਮੁਕਾਬਲੇ 'ਤੇ ਸ੍ਰੀ ਹਰਿਕ੍ਰਿਸ਼ਨ ਜੀ ਨੇ ਬਚਪਨ ਵਿਚ ਹੀ ਆਪਣੀ 'ਅਕਾਲੀ' ਬੋਲਬਿਰਤੀ ਦਾ ਜੋ ਪ੍ਰਗਟਾਵਾ ਕੀਤਾ, ਆਪਣੇ ਆਪ ਨੂੰ ਹਉਂ ਤੋਂ ਮੁਕਤ, ਨਿਰਭਉ ਤੇ ਨਿਰਵੈਰ ਸਾਬਤ ਕੀਤਾ, ਗੁਰੂ-ਦਰਬਾਰ ਨੂੰ 'ਆਪਾ' ਸਮਰਪਣ ਕਰਕੇ, ਸਮਾਜਿਕ ਤੇ ਰਾਜਸੀ ਸਥਿਤੀ ਵਿਚ ਵੀ ਆਪਣੇ ਆਪ ਨੂੰ 'ਬਲਬੀਰਾ' ਸਿਰਜਣ ਦਾ ਜੋ ਪ੍ਰਭਾਵ ਦਿੱਤਾ, ਉਸ ਦਾ ਹੀ ਵੱਡਾ ਫਲ ਇਹ ਮੂਰਤੀਮਾਨ ਹੋਇਆ ਕਿ ਸ੍ਰੀ ਗੁਰੂ ਹਰਿ ਰਾਇ ਸਾਹਿਬ ਨੇ ਵੱਡੇ ਪੁੱਤਰ ਰਾਮ ਰਾਇ ਨੂੰ ਗੁਰਿਆਈ ਤੋਂ ਵੰਚਿਤ ਕਰ ਦਿੱਤਾ ਤੇ ਛੋਟੇ ਸਪੁੱਤਰ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰਿਆਈ ਯੋਗ ਸਮਝ ਕੇ (ਸਵਾ) ਪੰਜ ਸਾਲ ਦੀ ਉਮਰ ਵਿਚ ਹੀ ਗੁਰੂ ਸਿੰਘਾਸਨ ਉਤੇ ਬਿਠਾ ਦਿੱਤਾ। ਅਜਿਹੇ ਮਹਾਨ ਗੁਰੂ ਜੀ ਦੇ ਜੀਵਨ ਤੇ ਸ਼ਖ਼ਸੀਅਤ ਬਾਰੇ ਵਿਚਾਰਦੇ ਹਾਂ।

ਜੀਵਨ: ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਕਿਸ਼ਨ ਕੌਰ ਜੀ ਦੀ ਪਾਵਨ ਕੁੱਖ ਤੋਂ ੭ ਜੁਲਾਈ, ਸੰਨ ੧੬੫੬ (੮ ਸਾਵਣ ਬਿਕ੍ਰਮੀ ੧੭੧੩) ਨੂੰ ਕੀਰਤਪੁਰ ਸਾਹਿਬ ਦੇ ਪਵਿੱਤਰ ਸਥਾਨ 'ਤੇ ਹੋਇਆ। ਆਪ ਜੀ ਦੇ ਦਾਦਾ ਬਾਬਾ ਗੁਰਦਿੱਤਾ ਜੀ ਤੇ ਪੜਦਾਦਾ ਸ੍ਰੀ ਗੁਰੂ ਹਰਿਗੋਬਿੰਦ ਜੀ ਸਨ। ਸ੍ਰੀ ਰਾਮ ਰਾਇ ਵੱਡਾ ਭਰਾ ਸੀ।

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਧੁਰ-ਦਰਗਾਹੋਂ ਦੈਵੀ ਗੁਣਾਂ ਵਾਲੀ ਆਤਮਿਕ ਉੱਚਤਾ ਪ੍ਰਾਪਤ ਹੋਈ ਸੀ ਅਤੇ ਜਨਮ ਤੋਂ ਹੀ ਗੁਰਮਤਿ ਦੀ ਸਿੱਖਿਆ-ਦੀਖਿਆ ਮਿਲਣ ਲੱਗ ਪਈ ਸੀ। ਆਪ ਨੇ ਛੋਟੀ ਉਮਰ ਵਿਚ ਹੀ ਪਿਤਾ ਜੀ ਦੀ ਸੰਗਤ ਵਿਚ ਰਹਿ ਕੇ ਸਭ ਤਰ੍ਹਾਂ ਦੀ ਉਚੇਰੀ ਵਿੱਦਿਆ, ਗੁਰਬਾਣੀ ਤੇ ਗੁਰਮਤਿ ਸਿਧਾਂਤਾਂ ਦੀ ਸੂਝ ਅਤੇ ਦੂਜੇ ਧਰਮਾਂ ਦਾ ਗਿਆਨ ਗ੍ਰਹਿਣ ਕਰ ਲਿਆ ਸੀ। ਆਪ ਅੰਤਰ-ਬੋਧ ਦੇ ਧਾਰਨੀ ਅਤੇ ਬ੍ਰਹਮ-ਗਿਆਨ ਨਾਲ ਓਤ-ਪੋਤ ਸਨ। ਵੇਖਣ-ਸੁਣਨ ਵਾਲੇ ਮਹਾਨ ਵਿਦਵਾਨ ਵੀ ਬਾਲਕ ਦੀ ਦੈਵੀ ਉੱਚਤਾ ਤੇ ਅਲੌਕਿਕ ਸੂਝ-ਬੂਝ ਤੋਂ ਹੈਰਾਨ ਹੋ ਜਾਂਦੇ ਸਨ। ਬਾਲਕ ਸ੍ਰੀ ਹਰਿਕ੍ਰਿਸ਼ਨ ਜੀ ਦਾ ਹਿਰਦਾ ਬਹੁਤ ਕੋਮਲ ਸੀ, ਉਨ੍ਹਾਂ ਵਿਚ ਪਰਉਪਕਾਰ ਦੀ ਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਸ੍ਰੀ ਗੁਰੂ ਹਰਿ ਰਾਇ ਜੀ ਨੂੰ ਆਪਣੇ ਛੋਟੇ ਪੁੱਤਰ ਵਿਚ ਗੁਰੂ-ਜੋਤਿ ਦੇ ਅੰਸ਼; ਜੋ ਉਨ੍ਹਾਂ ਨੇ ਪਿਤਾ, ਦਾਦਾ ਤੇ ਪੜਦਾਦਾ ਜੀ ਕੋਲੋਂ ਵਿਰਸੇ ਵਿਚ ਪ੍ਰਾਪਤ ਕੀਤੇ ਸਨ; ਦਿਖਾਈ ਦੇ ਰਹੇ ਸਨ।

ਗੁਰਿਆਈ ਦੀ ਪ੍ਰ੍ਰ੍ਰਾਪਤੀ: ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਜੀ ਨੇ ਆਪਣਾ ਜੋਤੀ-ਜੋਤਿ ਸਮਾਉਣ ਦਾ ਸਮਾਂ ਨੇੜੇ ਆਇਆ ਜਾਣ ਕੇ ਆਪਣੇ ਛੋਟੇ ਪੁੱਤਰ ਨੂੰ ਹਰ ਤਰ੍ਹਾਂ ਨਾਲ ਯੋਗ ਸਮਝਿਆ ਅਤੇ ਗੁਰਬਾਣੀ ਦੇ ਮਹਾਂਵਾਕ- 'ਤਖਤਿ ਬਹੈ ਤਖਤੇ ਕੀ ਲਾਇਕ' ਅਨੁਸਾਰ, ੬ ਅਕਤੂਬਰ, ੧੬੬੧ ਈ. (੬ ਕਤਕ ੧੭੧੮ ਬਿਕ੍ਰਮੀ) ਨੂੰ ਸਾਰੀ ਸੰਗਤ ਦੇ ਸਨਮੁਖ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰਿਆਈ ਸੌਂਪ ਦਿੱਤੀ। ਆਪ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤਿ ਤੇ ਜੁਗਤਿ ਦਾ ਗੁਰੂ-ਵਾਰਿਸ ਸਥਾਪਤ ਕਰਦਿਆਂ ਇਹ ਵਰਦਾਨ ਵੀ ਦਿੱਤਾ ਕਿ ਜਿਹੜਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਦਰਸ਼ਨ ਕਰੇਗਾ, ਉਸ ਦੇ ਦੁੱਖ-ਦਲਿੱਦਰ ਤੇ ਰੋਗ-ਸੰਤਾਪ ਸਹਿਜੇ ਹੀ ਮਿਟ ਜਾਣਗੇ; ਸੁਖਸਹਿਜ ਤੇ ਅਨੰਦ ਉਸ ਦਾ ਧਨ ਬਣ ਜਾਵੇਗਾ। ਆਪ ਦਾ ਦਰਸ਼ਨ-ਦੀਦਾਰ ਨਿਸਚੇ ਹੀ 'ਸਭਿ ਦੁਖਿ ਜਾਇ' ਦਾ ਪ੍ਰਤੱਖ ਪ੍ਰਮਾਣ ਹੈ। ਇਸ ਤਰ੍ਹਾਂ ਸਵਾ ਪੰਜ ਸਾਲ ਦੀ ਉਮਰ ਵਿਚ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਮਰੱਥ ਤੇ ਯੋਗ 'ਗੁਰੂ' ਦੇ ਰੂਪ ਵਿਚ ਪ੍ਰਗਟ ਹੋਏ ਅਤੇ ਸਿੱਖਾਂ ਦੇ ਅਠਵੇਂ ਗੁਰੂ-ਜੋਤੀ ਦੇ ਵਾਰਸ ਹੋਏ ਹਨ। ਆਪ ਸਭ ਤੋਂ ਛੋਟੀ ਉਮਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਤਮਿਕ ਰੱਬੀ ਖਜ਼ਾਨੇ ਦੇ ਮਾਲਕ ਬਣੇ।

ਇੱਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਨੰਤ ਜੋਤਿ ਹੀ ਗੁਰੂ ਰੂਪ ਹੋ ਕੇ ਗੁਰੂ ਸਾਹਿਬਾਨ ਵਿਚ ਵਿਚਰਦੀ ਹੋਈ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਵਿਚ ਪ੍ਰਵੇਸ਼ ਕਰ ਗਈ। ਇਸ ਲਈ ਉਨ੍ਹਾਂ ਦੀ ਜੀਵਨ-ਜੋਤਿ ਤੇ ਜੁਗਤਿ ਪੂਰਬਲੇ ਗੁਰੂ ਸਾਹਿਬਾਨ ਵਾਲੀ ਹੀ ਸੀ। “ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਅਨੁਸਾਰ ਜਦੋਂ ਇਹ ਅਨੰਤ ਜੋਤਿ ਇਕ ਗੁਰੂ ਤੋਂ ਦੂਸਰੇ ਵਿਚ ਪ੍ਰਵੇਸ਼ ਕਰਦੀ ਹੈ, ਉਸ ਵਿਚ ਮੁਕੰਮਲ ਰੂਪ ਵਿਚ ਹਲੂਲ ਹੋ ਜਾਂਦੀ ਹੈ ਤਾਂ ਕੇਵਲ ਕਾਇਆਂ ਹੀ ਪਲਟਦੀ ਹੈ। ਇਸ ਦੀ ਜੁਗਤ ਤੇ ਵਰਤਾਰਾ ਉਹ ਹੀ ਰਹਿੰਦਾ ਹੈ, ਜੋ ਅਨੰਤ ਦਾ ਹੋ ਸਕਦਾ ਹੈ- ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੀ (ਯਾਦ ਰਹੇ ਕਿ ਗੁਰਬਾਣੀ ਵਿਚ ਨਾਨਕ ਸ਼ਬਦ, ਗੁਰੂਸਰੂਪ ਲਈ ਨਹੀਂ, ਸਗੋਂ ਸ਼ਬਦ ਜੋਤਿ ਦੇ ਪ੍ਰਤੀਕਾਤਮਿਕ ਰੂਪ ਵਿਚ ਵਰਤਿਆ ਗਿਆ ਹੈ) ਇਸ ਤਰ੍ਹਾਂ ਇਹ ਜੋਤਿ ਨਵੇਂ ਹੋਣ ਵਾਲੇ ਗੁਰੂ, ਜਿਸ ਵਿਚ ਇਹ ਹਲੂਲ ਕਰ ਗਈ ਹੋਵੇ, ਉਸ ਦੀ ਉਮਰ ਦੇ ਲਿਹਾਜ਼ ਤੋਂ ਉਪਰ ਰਹਿੰਦੀ ਹੈ। ਜੋਤਿ ਤਾਂ ਸਦੀਵੀ ਹੈ, ਇਸ ਦੀ ਕੋਈ ਉਮਰ ਨਹੀਂ ਹੁੰਦੀ। ਗੁਰੂ-ਸਰੂਪ ਦੇ ਸਰੀਰ ਦੇ ਬਚਪਨ ਜਾਂ ਬੁਢਾਪੇ ਦਾ ਇਸ ਉਤੇ ਕੋਈ ਅਸਰ ਨਹੀਂ ਹੁੰਦਾ। ਜੇਕਰ ਇਹ ਜੋਤਿ ੭੦-੭੨ ਸਾਲ ਦੀ ਉਮਰ ਦੇ ਵਿਚ ਸ੍ਰੀ ਗੁਰੂ ਅਮਰਦਾਸ ਜੀ ਅੰਦਰ ਪ੍ਰਵੇਸ਼ ਕਰਦੀ ਹੈ ਤਾਂ ਉਹ ਗਿਆਨਵਾਨ, ਸਮਾਜ ਸੁਧਾਰਕ ਤੇ ਅਜਿਹੀਆਂ ਸ਼ਕਤੀਆਂ ਦੇ ਮਾਲਕ ਹੋ ਨਿਬੜਦੇ ਹਨ, ਜਿਨ੍ਹਾਂ ਦਾ ਬਿਆਨ ਕਥਨ ਤੋਂ ਬਾਹਰ ਹੈ (ਗੁਰ ਅਮਰਦਾਸ ਕੀ ਅਕਥ ਕਥਾ ਹੈ, ਪੰਨਾ ੧੪੦੬) ਅਤੇ ਇਸੇ ਤਰ੍ਹਾਂ ਇਹ ਜੋਤਿ ਸਵਾ ਪੰਜ ਸਾਲ ਦੀ ਬਾਲ ਉਮਰ ਵਿਚ ਪ੍ਰਵੇਸ਼ ਕਰ ਜਾਂਦੀ ਹੈ ਤਾਂ ਉਹ ਹੱਦ ਦਰਜੇ ਦਾ ਸੂਝਵਾਨ, ਗਿਆਨ ਦਾ ਦਾਤਾ, ਦੂਖ ਨਿਵਾਰਨ ਤੇ ਨਿਰਭਉ ਬਲਬੀਰਾ ਹੋ ਨਿਬੜਦਾ ਹੈ। ਉਸ ਵਿਚ ਉਸੇ ਤਰ੍ਹਾਂ ਦੀ ਪ੍ਰੋੜ੍ਹਤਾ, ਦੂਰ-ਅੰਦੇਸ਼ੀ, ਦਿੱਬ-ਦ੍ਰਿਸ਼ਟੀ ਤੇ ਗਿਆਨ ਪ੍ਰਕਾਸ਼ ਕਰਨ ਦੀ ਸਮਰੱਥਾ ਹੋਵੇਗੀ, ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਵਿਚ ਸੀ ਤੇ ਇਹ ਬਾਲਕ ਵੀ ਉਸੇ ਤਰ੍ਹਾਂ ਦਾ ਨਿਰਭਉ ਤੇ ਨਿਧੜਕ ਹੋਵੇਗਾ, ਜਿਸ ਤਰ੍ਹਾਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਸਨ। ਜੇਕਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਿਹਾ ਸੀ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਔਰੰਗਜ਼ੇਬ ਵਰਗੇ ਸ਼ਕਤੀਵਾਨ, ਸ਼ਹਿਨਸ਼ਾਹ-ਏ-ਹਿੰਦ ਨੂੰ ਮੂੰਹ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ।”

ਸਿੱਖ ਧਰਮ ਦੇ ਵਿਕਾਸ ਵਿਚ ਯੋਗਦਾਨ: ਜਿਸ ਸਿਆਣਪ, ਦੂਰ-ਦਰਸ਼ਤਾ, ਨਿਪੁੰਨਤਾ, ਦ੍ਰਿੜ੍ਹਤਾ, ਲਗਨ ਤੇ ਜ਼ਿੰਮੇਵਾਰੀ ਨਾਲ ਆਪ ਜੀ ਨੇ ਸਿੱਖੀ ਦੀ ਸੇਵਾ ਤੇ ਅਗਵਾਈ ਕੀਤੀ, ਉਸ ਦਾ ਖਿਆਲ ਕਰ ਕੇ ਸਧਾਰਨ ਪ੍ਰਾਣੀ ਦੀ ਬੁੱਧੀ ਚੱਕ੍ਰਿਤ ਹੋ ਜਾਂਦੀ ਹੈ।... ਛੋਟੀ ਉਮਰ ਵਿਚ ਆਪ ਉਨ੍ਹਾਂ ਸਰਬ ਸਮਰੱਥਾਵਾਂ ਦੇ ਸੁਆਮੀ ਸਨ ਜੋ ਅਕਾਲ ਪੁਰਖ ਦੇ ਜੋਤ ਸਰੂਪ ਆਪ ਤੋਂ ਪਹਿਲੇ ਸੱਤ ਗੁਰੂ ਸਾਹਿਬਾਨ ਵਿਚ ਵਿਦਮਾਨ ਸਨ। ਇਸ ਬਾਰੇ ਗਿਆਨੀ ਗਿਆਨ ਸਿੰਘ ਜੀ 'ਪੰਥ ਪ੍ਰਕਾਸ਼' ਵਿਚ ਲਿਖਦੇ ਹਨ:

ਜੇਤਕ ਥੀ ਗੁਰੁ ਘਰ ਕੀ ਰੀਤੀ। ਅਸ਼ਟਮ ਗੁਰੁ ਸਬ ਗਹੀ ਬਿਨੀਤੀ।
ਜਦ੍ਯਪਿ ਹੁਤੇ ਬਾਲ ਬਯ ਸੋਈ। ਤਦ੍ਯਪਿ ਬੁਧਿ ਬ੍ਰਿਧਨ ਸਮ ਹੋਈ।
ਸਭ ਬਿਵਹਾਰ ਔਰ ਪਰਮਾਰਥ। ਪੂਰਨ ਕਰੇ ਸਿਖਨ ਕੇ ਸ੍ਵਾਰਥ।
ਅਜ਼ਮਤ ਔਰ ਅਰੂਜ ਅਪਾਰਾ। ਅਸ਼ਟਮ ਗੁਰ ਬਹੁ ਬਿਧ ਬਿਸਤਾਰਾ।


ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੁਆਰਾ ਛੋਟੀ ਉਮਰ ਵਿਚ ਸੁਯੋਗ ਢੰਗ ਨਾਲ ਸਿੱਖਾਂ ਦੀ ਅਧਿਆਤਮਿਕ ਰਹਿਨੁਮਾਈ ਕਰਨੀ, ਆਪ ਜੀ ਦੀ ਰੂਹਾਨੀ ਕਲਾ ਦਾ ਇਕ ਮਹਾਨ ਕ੍ਰਿਸ਼ਮਾ ਹੈ। ਆਪ ਨੇ ਦੂਰ-ਦੁਰਾਡੇ ਰਹਿਣ ਵਾਲੀਆਂ ਸਿੱਖ ਸੰਗਤਾਂ ਦੀ ਚੰਗੀ ਅਗਵਾਈ ਕੀਤੀ। ਦੂਰ ਪ੍ਰਦੇਸਾਂ ਵਿਚ ਧਰਮ ਪ੍ਰਚਾਰਕ ਨਿਯੁਕਤ ਕੀਤੇ ਅਤੇ ਆਪ ਵੀ ਸੱਚ ਦੇ ਢੁੰਢਾਊਆਂ ਨੂੰ ਉਪਦੇਸ਼ ਦਿੱਤੇ। ਪ੍ਰਸਿੱਧ ਇਤਿਹਾਸਕਾਰ ਡੰਕਨ ਗ੍ਰੀਨਲੀਜ਼ ਦੇ ਸ਼ਬਦਾਂ ਵਿਚ:

“At this very early age he was called to lead and to teach the wide-spread and vigorous Sikh community. He did his work well. He sent out missionaries to the furthest outposts of the Religion, and he himself taught with all confidence those who asked him of the truth.”

“ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਜੋ ਅੰਮ੍ਰਿਤ ਰੂਪ ਆਤਮ ਉਨ੍ਹਾਂ ਨੂੰ ਮੁਨਵਰ ਕਰੀ ਜਾਂਦਾ ਸੀ। ਗੁਰੂ ਜੀ ਦੇ ਅਤੀ ਕੋਮਲ ਬਾਲਾ ਸਰੀਰ ਤੋਂ ਰੂਹਾਨੀ ਆਭਾ ਪੂਰੇ ਜੋਬਨ ਵਿਚ ਚਮਕਾਰੇ ਮਾਰਦੀ ਸੀ।”

ਬੇਸ਼ੱਕ ਆਪ ਬਾਲ ਅਵਸਥਾ ਵਿਚ ਸਨ ਪਰ ਯੋਗਤਾ ਤੇ ਕਰਨੀ ਕਰਕੇ ਸੰਪੂਰਨ ਸਨ। ਫ਼ਾਰਸੀ ਦੀ ਇਹ ਅਖਾਉਤ ਅਠਵੇਂ ਪਾਤਸ਼ਾਹ 'ਤੇ ਠੀਕ ਢੁਕਦੀ ਹੈ-'ਬਜ਼ੁਰਗੀ ਬ-ਅਕਲ ਨ ਬਸਾਲ' ਭਾਵ ਵਡਿਆਈ ਨਿਰਮਲ ਬੁੱਧੀ ਤੇ ਗੁਣਾਂ ਉੱਤੇ ਨਿਰਭਰ ਹੈ ਨਾ ਕਿ ਵੱਡੀ ਉਮਰ ਉੱਤੇ। ਆਪ ਜੀ ਨੇ ਗੁਰੂ-ਘਰ ਦੀ ਸਾਰੀ ਮਰਿਯਾਦਾ ਗੁਰਮਤਿ ਅਨੁਸਾਰ ਨਿਭਾਈ ਤੇ ਸਿੱਖਾਂ ਨੂੰ ਸੁਯੋਗ ਰਹਿਨੁਮਾਈ ਦਿੱਤੀ। ਆਪ ਦੇ ਮਿਕਨਾਤੀਸੀ ਸ਼ਬਦਾਂ ਦੇ ਪ੍ਰਭਾਵ ਤੇ ਪ੍ਰਚਾਰ ਸਦਕਾ ਸਿੱਖੀ ਨੇ ਦੇਸ਼-ਪਰਦੇਸ ਵਿਚ ਮਕਬੂਲਤਾ ਹਾਸਲ ਕੀਤੀ। ਭਾਈ ਜੈਤਾ ਜੀ ਤੇ ਭਾਈ ਲੱਖੀ ਸ਼ਾਹ ਜੀ ਵਰਗੇ ਅਨੇਕਾਂ ਆਪਾ-ਵਾਰਨ ਵਾਲੇ ਸ਼ਰਧਾਲੂ ਸਿੱਖ ਸਜ ਗਏ। ਬਹੁਤ ਥੋੜ੍ਹੇ ਸਮੇਂ ਵਿਚ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਕੀਰਤੀ ਦੂਰ-ਦੂਰ ਤੱਕ ਫੈਲ ਗਈ।

ਸ੍ਰੀ ਰਾਮ ਰਾਇ ਵੱਲੋਂ ਵਿਰੋਧਤਾ: ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਵਧ ਰਹੀ ਵਡਿਆਈ ਨੂੰ ਵੇਖ ਕੇ ਰਾਮ ਰਾਇ ਈਰਖਾ ਦੀ ਅੱਗ ਵਿਚ ਸੜਨ ਲੱਗਾ ਤੇ ਉਸ ਨੇ ਛੋਟੇ ਭਰਾ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ। ਦਿੱਲੀ ਦਰਬਾਰ ਵਿਚ ਜਾ ਕੇ ਔਰੰਗਜ਼ੇਬ ਅੱਗੇ ਫਰਿਆਦ ਕੀਤੀ ਕਿ 'ਵੱਡਾ ਹੋਣ ਕਾਰਨ ਗੁਰਤਾਗੱਦੀ 'ਤੇ ਮੇਰਾ ਹੱਕ ਹੈ। ਮੇਰੇ ਨਾਲ ਪਿਤਾ ਨੇ ਧੱਕਾ ਕੀਤਾ ਹੈ। ਬਾਦਸ਼ਾਹ ਆਲਮਗੀਰ, ਮੈਂ ਆਪ ਜੀ ਦਾ ਵਫ਼ਾਦਾਰ ਹਾਂ ਤੇ ਅੱਗੇ ਤੋਂ ਵੀ ਤੁਸਾਂ ਦਾ ਰਿਣੀ ਰਹਾਂਗਾ। ਗੁਰਤਾ ਦਾ ਹੱਕ ਮੇਰਾ ਹੈ।' ਔਰੰਗਜ਼ੇਬ ਬੜਾ ਚਲਾਕ ਸੀ। ਉਸ ਨੇ ਸੋਚਿਆ ਜੇ ਮੇਰੇ ਵਫ਼ਾਦਾਰ ਨੂੰ ਗੁਰਤਾਗੱਦੀ ਮਿਲ ਜਾਵੇਗੀ, ਮੈਂ ਸਾਰੀ ਲੋਕਾਈ ਦਾ ਧਰਮ-ਪਰਿਵਰਤਨ ਬੜੀ ਅਸਾਨੀ ਨਾਲ ਕਰ ਸਕਦਾ ਹਾਂ। ਸ਼ਾਹੀ ਹੁਕਮ ਭੇਜ ਦਿੱਤਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਆਉਣ ਤੇ ਬਾਦਸ਼ਾਹ ਨਾਲ ਵਿਚਾਰ-ਵਟਾਂਦਰਾ ਕਰਨ। ਜਦੋਂ ਸ੍ਰੀ ਰਾਮ ਰਾਇ ਦੀ ਸ਼ਿਕਾਇਤ ਸੁਣ ਕੇ ਔਰੰਗਜ਼ੇਬ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਦਰਬਾਰ ਵਿਚ ਹਾਜ਼ਰ ਹੋਣ ਲਈ ਸ਼ਾਹੀ ਕਾਸਦ ਨੂੰ ਚਿੱਠੀ ਦੇ ਕੇ ਕੀਰਤਪੁਰ ਸਾਹਿਬ ਭੇਜਿਆ ਤਾਂ ਆਪ ਜੀ ਨੇ ਗੁਰੂਪਿਤਾ ਦੇ ਅੰਤਮ ਸੰਦੇਸ਼ 'ਨਹਿ ਮਲੇਛ ਕੋ ਦਰਸ਼ਨ ਦੇ ਹੈਂ' ਨੂੰ ਸਮਰਪਿਤ ਹੋ ਕੇ ਔਰੰਗਜ਼ੇਬ ਨੂੰ ਦਿੱਲੀ ਜਾ ਕੇ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ।੧੦ 'ਸੂਰਜ ਪ੍ਰਕਾਸ਼' ਦੇ ਕਰਤਾ ਨੇ ਇਸ ਘਟਨਾ ਨੂੰ ਇਉਂ ਬਿਆਨ ਕੀਤਾ ਹੈ:

ਸੁਨ ਕੇ ਸ੍ਰੀ ਹਰਿ ਕ੍ਰਿਸਨ ਸੁਜਾਨਾ। ਸਭਨ ਸੁਨਾਵਤ ਬਾਕ ਬਖਾਨਾ।
ਨਹਿ ਮਲੇਛ ਕੋ ਦਰਸ਼ਨ ਦੇ ਹੈ। ਹੋਇ ਸਮੀਪ ਤਿਸ ਕੋ ਨਹਿ ਲੈ ਹੈ।
ਇਹੀ ਨੇਮ ਪਿਤ ਕੀਨ ਹਮਾਰੇ। ਤਿਸ ਪ੍ਰਕਾਰ ਹਮ ਭੀ ਉਰ ਧਾਰੇ।


ਪਰ ਜਦੋਂ ਰਾਜਾ ਜੈ ਸਿੰਘ ਨੇ ਦਿੱਲੀ ਦੀਆਂ ਸੰਗਤਾਂ ਵੱਲੋਂ ਦਿੱਲੀ ਚਰਨ ਪਾਉਣ ਲਈ ਬੇਨਤੀ ਕੀਤੀ ਤਾਂ ਆਪ ਨੇ ਸੰਗਤਾਂ ਦੀ ਅਰਜ਼ੋਈ ਨੂੰ ਪਰਵਾਨ ਕਰਦਿਆਂ ਦਿੱਲੀ ਪਏ।

ਹੰਕਾਰੀ ਪੰਡਿਤ ਦਾ ਹੰਕਾਰ ਤੋੜਨਾ: ਦਿੱਲ਼ੀ ਵੱਲ ਜਾਂਦੇ ਰਾਹ ਵਿਚ ਪੰਜੋਖਰੇ ਦੇ ਸਥਾਨ 'ਤੇ ਪੜਾਅ ਦੌਰਾਨ ਹੰਕਾਰੀ ਪੰਡਿਤ ਲਾਲ ਚੰਦ ਗੁਰੂ-ਪਾਤਸ਼ਾਹ ਕੋਲ ਆਇਆ ਤੇ ਕਹਿਣ ਲੱਗਾ ਕਿ 'ਨਾਮ ਤਾਂ ਹਰਿਕ੍ਰਿਸ਼ਨ ਰੱਖਿਆ ਹੈ ਪਰ 'ਗੀਤਾ-ਗਿਆਨ' ਦਾ ਤਾਂ ਤੁਹਾਨੂੰ ਕੋਈ ਅਨੁਭਵ ਨਹੀਂ। ਸ਼੍ਰੀ ਕ੍ਰਿਸ਼ਨ ਜੀ ਨੇ ਤਾਂ ਗੀਤਾ ਰਚੀ ਸੀ, ਤੁਸੀਂ ਗੀਤਾ ਦੇ ਅਰਥ ਕਰ ਕੇ ਦੱਸੋ।' ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੇ ਇਕ ਛੱਜੂ ਨਾਮੀ ਸਾਧਾਰਨ ਸਿੱਖ ਤੋਂ ਪੰਡਤ ਜੀ ਨੂੰ ਗੀਤਾ ਦੇ ਅਰਥ ਕਰ ਕੇ ਸਮਝਾਉਣ ਲਈ ਕਿਹਾ।' ਉਸ ਨੇ ਸਹਿਜੇ ਹੀ ਬਿਬੇਕ ਬੁੱਧੀ ਸਹਿਤ ਗੀਤਾ ਦੇ ਅਰਥ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪੰਡਿਤ ਲਾਲ ਚੰਦ ਚਰਨੀਂ ਢਹਿ ਪਿਆ ਤੇ ਮਾਫੀ ਮੰਗੀ। ਇਉਂ ਅਠਵੇਂ ਗੁਰਦੇਵ ਨੇ ਲਾਲ ਚੰਦ ਪੰਡਿਤ ਦਾ ਹੰਕਾਰ ਤੋੜਿਆ। ਪੰਜੋਖਰੇ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਦਿੱਲੀ ਵੱਲ ਚੱਲ ਪਏ।

ਦਿੱਲੀ ਵਿਚ ਸਿੱਖ ਧਰਮ ਦਾ ਪ੍ਰਚਾਰ ਤੇ ਵਿਸਥਾਰ: ਦਿੱਲੀ ਪਹੁੰਚਣ 'ਤੇ ਰਾਜਾ ਜੈ ਚੰਦ ਤੇ ਸਿੱਖ ਸੰਗਤਾਂ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਭਾਰੀ ਸਵਾਗਤ ਕੀਤਾ। ਰਾਜਾ ਜੈ ਸਿੰਘ, ਜੋ ਗੁਰੂ-ਘਰ ਦਾ ਪੱਕਾ ਸ਼ਰਧਾਲੂ ਸੀ, ਨੇ ਆਪ ਦਾ ਉਤਾਰਾ ਆਪਣੇ ਬੰਗਲੇ ਵਿਚ ਕਰਵਾਇਆ। ਉਹ ਨਿੱਜੀ ਤੌਰ 'ਤੇ ਗੁਰੂ ਜੀ ਦੀ ਸੇਵਾ ਵਿਚ ਹਾਜ਼ਰ ਰਿਹਾ। ਇਕ ਦਿਨ ਰਾਜਾ ਜੈ ਚੰਦ ਦੀ ਰਾਣੀ ਨੇ ਸਤਿਗੁਰਾਂ ਦੇ ਦੀਦਾਰ ਦੀ ਤਾਂਘ ਪ੍ਰਗਟ ਕੀਤੀ ਤਾਂ ਰਾਜੇ ਨੇ ਗੁਰੂ ਜੀ ਨੂੰ ਮਹਿਲ ਵਿਚ ਬੁਲਾ ਲਿਆ। ਰਾਣੀ ਨੇ ਗੁਰੂ ਜੀ ਦੀ ਦਿੱਬਦ੍ਰਿਸ਼ਟੀ ਨੂੰ ਪਰਖਣ ਲਈ ਆਪ ਗੋਲੀਆਂ ਵਾਲੇ ਕੱਪੜੇ ਪਾ ਲਏ ਤੇ ਉਨ੍ਹਾਂ ਵਿਚ ਹੀ ਬੈਠ ਗਈ। ਗੁਰੂ ਜੀ ਨੇ ਆਪਣੀ ਛੜੀ ਰਾਣੀ ਦੇ ਸਿਰ 'ਤੇ ਰੱਖ ਕੇ ਚਿਹਰੇ ਵੱਲ ਗਹੁ ਨਾਲ ਵੇਖਿਆ ਤੇ ਕਿਹਾ, 'ਇਹ ਹੈ ਪਟਰਾਣੀ'। ਗੁਰੂ ਜੀ ਨੇ ਰਾਣੀ ਤੇ ਰਾਜੇ ਦੇ ਮਨੋਰਥ ਪੂਰੇ ਕੀਤੇ। ਰਾਜਾ ਜੈ ਚੰਦ ਬਾਲ-ਗੁਰੂ ਦੀ ਆਤਮਿਕ ਉੱਚਤਾ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਇਹੋ ਪ੍ਰਭਾਵ ਬਾਦਸ਼ਾਹ ਔਰੰਗਜ਼ੇਬ ਨੂੰ ਵੀ ਜਾ ਕੇ ਦੱਸਿਆ ਤਾਂ ਬਾਦਸ਼ਾਹ ਨੇ ਵੱਡੇ ਭਰਾ ਦੀ ਗੁਰਗੱਦੀ ਦੇ ਹੱਕ ਲਈ, ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਵਿਰੁੱਧ ਦਿੱਤੀ ਦਰਖਾਸਤ ਖਾਰਜ ਕਰ ਦਿੱਤੀ। ਸਿੱਟਾ ਇਹ ਹੋਇਆ ਕਿ ਰਾਮ ਰਾਇ ਜੀ ਦੀ ਸੋਚੀ ਹੋਈ ਸਾਜ਼ਿਸ਼ ਸਿਰੇ ਨਾ ਚੜ੍ਹ ਸਕੀ।

ਰਾਜਾ ਜੈ ਸਿੰਘ ਦੇ ਬੰਗਲੇ 'ਤੇ ਰੋਜ਼ਾਨਾ ਹਰਿ-ਜਸ ਤੇ ਕੀਰਤਨ ਹੋਣ ਲੱਗਾ। ਦਿੱਲੀ ਦੀਆਂ ਸੰਗਤਾਂ ਹੁੰਮ-ਹੁਮਾ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਆਣ ਜੁੜਦੀਆਂ ਤੇ ਸਤਿਸੰਗ ਦਾ ਲਾਭ ਉਠਾ ਕੇ ਨਿਹਾਲ ਹੁੰਦੀਆਂ। ਗੁਰੂ ਜੀ ਨਾਮ ਬਾਣੀ ਦੇ ਉਪਦੇਸ਼ ਦੁਆਰਾ ਸੰਸਾਰੀ ਜੀਵਾਂ ਦੇ ਤਨ-ਮਨ ਦੇ ਅਸਾਧ ਰੋਗ ਦੂਰ ਕਰਦੇ ਸਨ।ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਠਵੇ ਗੁਰੂ ਜੀ ਦੀ ਵੀ (ਛੇਵੇਂ, ਸਤਵੇਂ ਤੇ ਜੀ ਦੇ ਜੀਵਨ ਤੇ ਉਪਦੇਸ਼ਾਂ ਨੂੰ ਵੇਖਦੇ ਹਾਂ, ਤਾਂ ਸਹਿਜੇ ਹੀ ਸਪਸ਼ਟ ਹੋ ਜਾਂਦਾ ਹੈ ਕਿ ਆਪ ਦਾ ਜੀਵਨ, ਚਿੰਤਨ, ਉਪਦੇਸ਼ ਤੇ ਸੰਦੇਸ਼ ਸ਼ੁਧ ਰੂਪ ਵਿਚ ਗੁਰਬਾਣੀ-ਸੱਚ ਤੇ ਗੁਰਮਤਿ ਰੰਗ ਵਾਲਾ ਹੀ ਹੈ। ਗੁਰੂ ਜੀ ਨੇ ਵਰਣ ਵੰਡ ਦੇ ਸਿਧਾਂਤ ਦਾ ਸਖਤੀ ਨਾਲ ਵਿਰੋਧ ਕੀਤਾ, ਚੰਗੇ ਕਰਮ ਕਰਨ ਦੀ ਪ੍ਰੇਰਨਾ ਦਿੱਤੀ, ਇਸਤਰੀ ਨੂੰ ਸਮਾਜ ਵਿਚ ਸਤਿਕਾਰ ਦਿੱਤਾ, ਕੁੜੀ ਮਾਰਨ ਵਾਲਿਆਂ ਦਾ ਗੁਰੂ-ਦਰਬਾਰ ਵਿਚ ਆਉਣਾ ਮਨ੍ਹਾ ਕਰ ਦਿੱਤਾ, ਨਸ਼ਿਆਂ ਦੀ ਵਰਤੋਂ ਨਾ ਕਰਨ 'ਤੇ ਜ਼ੋਰ ਦਿੱਤਾ, ਆਦਿ। ਆਪ ਜੀ ਨੇ ਉਨ੍ਹਾਂ ਸਾਰੇ ਉਦੇਸ਼ਾਂ ਤੇ ਆਦਰਸ਼ਾਂ ਉੱਤੇ ਨਿੱਡਰਤਾ ਨਾਲ ਪਹਿਰਾ ਦਿੱਤਾ, ਜਿਹੜੇ ਗੁਰੂ ਸੰਸਥਾ ਅਤੇ ਸਿੱਖ ਲਹਿਰ ਦੇ ਮਿਥੇ ਗਏ ਸਨ।੧੧ “ਚੂੰਕਿ ਜੋਤਿ ਤੇ ਜੁਗਤਿ ਇੱਕੋ ਸੀ, ਬਾਣੀ ਤੇ ਬੋਲ ਇੱਕੋ ਸੀ, ਦ੍ਰਿਸ਼ਟ ਤੇ ਚਿੰਤਨ ਇੱਕੋ ਸੀ, ਆਦੇਸ਼ ਤੇ ਉਪਦੇਸ਼ ਇੱਕੋ ਜਿਹਾ ਸੀ, ਇਸ ਲਈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਮਕਾਲੀ ਸਮਾਜਿਕ ਸਥਿਤੀ ਨੂੰ ਸੋਧਣ ਵਾਸਤੇ ਜਿਹੜੇ ਉਪਦੇਸ਼ ਦਿੱਤੇ, ਉਹ ਇੰਨੇ ਸੁਧਾਰ ਵਾਲੇ, ਸਾਰਥਕ ਤੇ ਸਿਰਜਨਾਤਮਕ ਸਨ ਕਿ ਸਮਕਾਲੀ ਸਮਾਜ ਨੂੰ ਪਵਿੱਤਰ ਤੇ ਆਦਰਸ਼ਕ ਸਿਰਜਣ ਵਿਚ ਵੀ ਉਹ ਬੜੇ ਸਹਾਇਕ ਹੋਏ।”੧੨ ਨਿਰਸੰਦੇਹ, ਸਿੱਖ ਧਰਮ ਦੇ ਪ੍ਰਚਾਰ ਤੇ ਵਿਸਥਾਰ ਵਾਸਤੇ ਆਪ ਜੀ ਨੇ ਇਤਿਹਾਸਕ ਰੋਲ ਅਦਾ ਕੀਤਾ।


ਇਹਨੀਂ ਦਿਨੀਂ ਦਿੱਲੀ ਵਿਚ ਚੇਚਕ ਤੇ ਹੈਜ਼ੇ ਦੀ ਭਿਆਨਕ ਬਿਮਾਰੀ ਫੈਲੀ ਹੋਈ ਸੀ। ਆਪ ਪਾਸ ਰੋਗੀ ਆਉਂਦੇ। ਗੁਰੂ ਜੀ ਆਪ ਵੀ ਲੋਕਾਂ ਦੀਆਂ ਪੀੜਾਂ ਹਰਨ ਲਈ ਘਰਾਂ ਵਿਚ ਜਾਂਦੇ ਤੇ ਆਪਣੇ ਹੱਥੀਂ ਸੇਵਾ ਕਰਕੇ ਦੁਖੀਆਂ ਦੇ ਦੁੱਖ ਦੂਰ ਕਰਦੇ ਸਨ। ਦਿਨ-ਰਾਤ ਚੇਚਕ ਨਾਲ ਪੀੜਤ ਰੋਗੀਆਂ ਵਿਚ ਵਿਚਰਨ ਕਾਰਨ ਅਤੇ ਅਕਾਲ ਪੁਰਖ ਦੇ ਭਾਣੇ ਅਨੁਸਾਰ ਗੁਰੂ ਜੀ 'ਤੇ ਇਸ ਬਿਮਾਰੀ ਦਾ ਹਮਲਾ ਹੋ ਗਿਆ। ਰੋਗ ਵਧ ਜਾਣ ਕਾਰਨ ਸਿੱਖ ਸੰਗਤਾਂ ਵਿਚ ਘਬਰਾਹਟ ਪੈਦਾ ਹੋ ਗਈ। ਆਪ ਜੀ ਨੇ ਸ਼ਹਿਰ ਤੋਂ ਬਾਹਰਵਾਰ ਖੁਲ੍ਹੀ ਥਾਂ 'ਤੇ ਜਾਣ ਦੀ ਇੱਛਾ ਪ੍ਰਗਟ ਕੀਤੀ। ਆਪ ਜਮਨਾ ਦਰਿਆ ਦੇ ਕੰਢੇ 'ਤੇ ਰਮਣੀਕ ਸਥਾਨ 'ਪੁਰ ਚੱਲੇ ਗਏ ਤੇ ਕਾਦਰ ਦੀ ਕੁਦਰਤ ਵਿਚ ਅੰਤਲਾ ਸਮਾਂ ਬਿਤਾਇਆ। ਇਕ ਦਿਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਮਾਤਾ ਜੀ ਤੇ ਸੰਗਤਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਜੋਤੀ-ਜੋਤਿ ਸਮਾਉਣ ਦਾ ਸਮਾਂ ਨੇੜੇ ਆ ਗਿਆ ਹੈ। ਫਿਰ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਪਿੱਛੋਂ ਕਿਸੇ ਨੇ ਰੋਣਾ ਨਹੀਂ, ਸਗੋਂ ਭਾਣੇ ਵਿਚ ਰਹਿ ਕੇ ਪਰਮਾਤਮਾ ਦਾ ਸਿਮਰਨ ਤੇ ਕੀਰਤਨ ਕਰਨਾ। ਅੰਤ, ਸਿੱਖ ਸੰਗਤਾਂ ਨੂੰ 'ਬਾਬਾ....ਬਕਾਲੇ' ਦਾ ਸੰਕੇਤ ਦੇ ਕੇ ਆਪ 'ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ॥ (ਪੰਨਾ ੨੭੮)' ਗੁਰਵਾਕ ਅਨੁਸਾਰ ੩੦ ਮਾਰਚ, ੧੬੬੪ ਈ. (੩ ਵਿਸਾਖ, ੧੭੨੧ ਬਿ.) ਨੂੰ ਜੋਤੀਜੋਤ ਸਮਾ ਗਏ।

ਗੁਰੂ ਜੀ ਦੇ 'ਬਾਬਾ.... ਬਕਾਲੇ' ਦੋ ਸ਼ਬਦਾਂ ਵਿਚ ਬਹੁਤ ਡੂੰਘਾ ਰਹੱਸ ਤੇ ਗਹਿਰੀ ਰਮਜ਼ ਸੀ। ਗੁਰੂ ਜੀ ਨੇ 'ਬਾਬਾ' ਇਸ ਲਈ ਕਿਹਾ ਕਿਉਂਕਿ ਗੁਰਗੱਦੀ ਦੇ ਜ਼ਿੰਮੇਵਾਰ, ਸ੍ਰੀ ਗੁਰੂ ਤੇਗ ਬਹਾਦਰ ਜੀ ਸਨ, ਜੋ ਅਠਵੇਂ ਪਾਤਸ਼ਾਹ ਦੇ ਰਿਸ਼ਤੇ ਵਿਚ ਬਾਬਾ ਜੀ ਲਗਦੇ ਸਨ। 'ਬਕਾਲੇ' ਦਾ ਭਾਵ ਹੈ ਪਿੰਡ ਦਾ ਨਾਂ ਬਕਾਲਾ। ਵਿਦਵਾਨਾਂ ਦੀ ਰਾਇ ਹੈ ਕਿ ਬਾਲਾ-ਪ੍ਰੀਤਮ ਗੁਰੂ ਸਿੱਖਾਂ ਦੀ ਪਰਖ ਕਰਨੀ ਚਾਹੁੰਦੇ ਸਨ ਕਿ ਕੀ ਉਨ੍ਹਾਂ ਵਿਚ ਦੰਭ ਤੇ ਪਾਖੰਡ ਵਿੱਚੋਂ ਸੱਚ ਦੀ ਪਛਾਣ ਕਰਨ ਦੀ ਸੂਝ ਆ ਗਈ ਹੈ ਅਤੇ ਕੀ ਉਹ ਸੱਚੇ ਗੁਰੂ ਨੂੰ ਪਛਾਨਣ ਯੋਗ ਹੋ ਗਏ ਹਨ? ਸਿੱਖ ਇਤਿਹਾਸ ਗਵਾਹ ਹੈ ਕਿ ਬਕਾਲੇ ਦੇ ਸਥਾਨ 'ਤੇ ਇਹ ਪਰਖ ਪੂਰੀ ਹੋਈ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਗੁਰੂ ਦੇ ਰੂਪ ਵਿਚ ਪਰਗਟ ਹੋਏ। ਭਾਈ ਮੱਖਣ ਸ਼ਾਹ ਨੇ ਸੱਚੇ ਗੁਰੂ ਨੂੰ ਲੱਭਣ ਉਪਰੰਤ ਕੋਠੇ 'ਤੇ ਚੜ੍ਹ ਕੇ 'ਲਾਧੋ ਰੇ, ਗੁਰ ਲਾਧੋ ਰੇ' ਦਾ ਹੋਕਾ ਦਿੱਤਾ। ਸਿੱਖ ਸੰਗਤਾਂ ਨੂੰ ਅਥਾਹ ਖੁਸ਼ੀ ਹੋਈ ਕਿ ਸੱਚ ਉਜਾਗਰ ਹੋ ਗਿਆ ਹੈ ਤੇ ਉਨ੍ਹਾਂ ਦੀ ਬਾਂਹ ਫੜਨ ਵਾਲਾ ਮਿਲ ਗਿਆ ਹੈ।

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਵਿਲੱਖਣ ਸ਼ਖ਼ਸੀਅਤ: ਸਿੱਖ ਗੁਰੂਪਰੰਪਰਾ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਮਹਾਨ ਸ਼ਖ਼ਸੀਅਤ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਰੱਬੀ ਜੋਤਿ ਦੀ ਨਦਰਿ ਇਕ ਬਾਲਕ ਨੂੰ ਵੀ ਇਲਾਹੀ ਜੋਤਿ ਦਾ ਵਾਰਸ ਬਣਾ ਸਕਦੀ ਹੈ। ਪਾਠਕਾਂ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਵਿਲੱਖਣ ਸ਼ਖ਼ਸੀਅਤ ਬਾਰੇ ਪ੍ਰੋ. ਜੋਗਿੰਦਰ ਸਿੰਘ ਦੇ ਲਿਖੇ ਸ਼ਬਦ (ਹੂ-ਬ-ਹੂ) ਸਾਂਝੇ ਕਰਦੀ ਹਾਂ: “ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ 'ਜੀਵਨ' ਬੜਾ ਵਚਿੱਤਰ, ਵਿਸ਼ੇਸ਼ਤਾ ਵਾਲਾ ਤੇ ਪ੍ਰਭਾਵਸ਼ਾਲੀ ਜੀਵਨ ਹੈ। ਜੇਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੁਭਵ ਤੇ ਬਾਣੀ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬੜੇ ਸਮਰੱਥ, ਉੱਜਲ-ਦੀਦਾਰ ਤੇ ਸਭ ਦੁੱਖਾਂ ਦੀ ਨਵਿਰਤੀ ਕਰਨ ਵਾਲੇ ਹਨ ਤਾਂ ਸਮਕਾਲੀ ਭਾਈ ਗੁਰਦਾਸ ਜੀ ਦੀ ਦ੍ਰਿਸ਼ਟੀ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਭਰਮ ਅਤੇ ਭੈ ਤੋਂ ਮੁਕਤ ਵੀ ਹਨ। ਬਲਬੀਰ ਇੰਨੇ ਹਨ ਕਿ ਜੇ ਸਮਕਾਲੀ ਬਾਦਸ਼ਾਹ ਔਰੰਗਜ਼ੇਬ ਨਾਲ ਵਾਦ ਰਚਾਉਣ ਦਾ ਸਮਾਂ ਬਣਿਆ ਹੈ ਤਾਂ ਪੂਰੇ ਸੂਰਮਿਆਂ ਤੇ ਬਹਾਦਰਾਂ ਵਾਂਗ ਨਾ ਜ਼ਾਲਮ ਔਰੰਗਜ਼ੇਬ ਨੂੰ ਦਰਸ਼ਨ ਦਿੱਤੇ ਹਨ ਤੇ ਨਾ ਹੀ ਉਸ ਦੀ ਹਕੂਮਤ ਦਾ ਕੋਈ ਡਰ ਸਵੀਕਾਰ ਕੀਤਾ ਹੈ। ਸਹੀ ਅਰਥਾਂ ਵਿਚ ਇਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਜੀਵਨ-ਵਚਿੱਤਰਤਾ ਹੈ ਕਿ ਬਾਲ ਉਮਰ ਵਿਚ ਦੁਖੀ ਤੇ ਰੋਗੀ ਮਨੁੱਖ ਦਾ ਭਰਪੂਰ ਹਮਦਰਦ ਹੋਣਾ ਅਤੇ ਸਮਕਾਲੀ ਤੇ ਜ਼ਾਲਮ ਹਕੂਮਤ ਦੇ ਭੈ ਤੋਂ ਆਜ਼ਾਦ ਹੋ ਕੇ ਗੁਰੂ-ਪਰੰਪਰਾ ਵਾਂਗ ਬਲਬੀਰ ਹੋ ਕੇ ਆਪਣੀ ਜੀਵਨ-ਕ੍ਰਿਆ ਨੂੰ ਉਜਾਗਰ ਕਰਨਾ ਹੀ ਨਹੀਂ, ਸਗੋਂ ਆਪਣੇ ਚਿੰਤਨ ਤੇ ਉਪਦੇਸ਼ਾਂ ਦਾ ਇਕ ਸਫ਼ਲ ਆਗੂ ਵਾਂਗ ਖੁੱਲ੍ਹ ਕੇ ਪ੍ਰਚਾਰ ਕਰਨਾ ਵੀ ਸੀ। ਉਨ੍ਹਾਂ ਨੇ ਪੰਜ ਸਾਲ ਦੀ ਉਮਰ ਵਿਚ ਗੁਰੂ-ਜੋਤਿ ਦੀ ਦਾਤਿ-ਵਡਿਆਈ ਪ੍ਰਾਪਤ ਕਰ ਕੇ, ਗੁਰੂ-ਸਿੰਘਾਸਣ ਉੱਤੇ ਬੈਠ ਕੇ, ਸਿੱਖ ਧਰਮ, ਸਿੱਖ ਸੰਗਤ, ਸਿੱਖ-ਸੰਸਥਾਵਾਂ ਤੇ ਸਿੱਖ-ਲਹਿਰ ਨੂੰ ਸਮਰੱਥ ਗੁਰੂ ਵਜੋਂ ਅਗਵਾਈ ਪ੍ਰਦਾਨ ਕੀਤੀ। ਗੁਰ-ਇਤਿਹਾਸ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਤਿੰਨ ਸਾਲ ਦਾ ਗੁਰੂ-ਗੱਦੀ ਕਾਲ ਸਾਖੀ ਹੈ ਕਿ ਪੰਜ ਅਤੇ ਅੱਠ ਸਾਲ ਦੀ ਉਮਰ ਵਿਚ ਬਲਬੀਰ ਤੇ ਸਮਰੱਥ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੁਰੂ ਪਰੰਪਰਾ ਅਨੁਸਾਰ ਗੁਰੂ-ਦਰ-ਘਰ ਦੀ ਸੇਵਾ-ਸੰਭਾਲ ਵੀ ਕੀਤੀ, ਸਿੱਖ ਸੰਗਤ ਨੂੰ ਨਾਨਕ-ਨਾਮ ਤੇ ਧਰਮ-ਆਦਰਸ਼ਾਂ ਨਾਲ ਪੂਰੀ ਤਰ੍ਹਾਂ ਜੋੜੀ ਵੀ ਰੱਖਿਆ, ਸਮਾਜਿਕ ਤੇ ਰਾਜਨੀਤਕ ਜਾਗ੍ਰਿਤੀ ਲਈ ਸਰੀਰਕ ਬੰਧਨਾਂ ਤੋਂ ਆਜ਼ਾਦ ਹੋ ਕੇ, ਪੜਦਾਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਾਂਗ ਭੈ-ਮੁਕਤ ਵਾਤਾਵਰਨ ਵੀ ਸਿਰਜਦੇ ਰਹੇ ਤੇ ਜੇ ਸਮਕਾਲੀ ਬਾਦਸ਼ਾਹ ਔਰੰਗਜ਼ੇਬ ਨੇ ਆਤਮਿਕਗਤੀ ਜਾਂ ਰਾਜਨੀਤਕ-ਸਾਂਝ ਲਈ ਦਰਸ਼ਨ-ਦੀਦਾਰ ਦੀ ਇੱਛਾ ਵੀ ਪ੍ਰਗਟਾਈ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਅਤਿਆਚਾਰੀ ਤੇ ਜ਼ਾਲਮ ਕਹਿ ਕੇ, ਔਰੰਗਜ਼ੇਬ ਨੂੰ ਦਰਸ਼ਨ ਦੇਣ ਜਾਂ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ। ਨਿਸਚੇ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜੀਵਨ ਬੜਾ ਵਚਿੱਤਰ ਤੇ ਗੁਰੂ-ਪਰੰਪਰਾ ਵਿਚ ਵਿਲੱਖਣ ਵਿਸ਼ੇਸ਼ਤਾ ਰੱਖਣ ਵਾਲਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਵਿਲੱਖਣ ਵਿਸ਼ੇਸ਼ਤਾ ਦਾ ਇਕ ਆਧਾਰ ਇਹ ਵੀ ਹੈ ਕਿ ਗੁਰੂ-ਜੀਵਨ ਤੇ ਗੁਰੂ-ਗੱਦੀ ਕਾਲ ਵਿਚ ਗੁਰੂ ਹਰਿਕ੍ਰਿਸ਼ਨ ਸਾਹਿਬ ਸਭ ਤੋਂ ਘੱਟ ਉਮਰ ਦੇ ਹਨ। ਉਮਰ ਹੀ ਘੱਟ ਨਹੀਂ, ਗੁਰੂ-ਸਿੰਘਾਸਣ ਉੱਤੇ ਬੈਠ ਕੇ ਸਿੱਖ ਸੰਗਤਾਂ ਨੂੰ ਆਤਮਿਕ, ਸਮਾਜਿਕ ਅਤੇ ਰਾਜਨੀਤਕ ਅਗਵਾਈ ਪ੍ਰਦਾਨ ਕਰਨ ਦਾ ਸਮਾਂ ਵੀ ਸਭ ਗੁਰੂ-ਪ੍ਰਤਿਭਾਵਾਂ ਨਾਲੋਂ ਘੱਟ ਹੈ।...ਉਨ੍ਹਾਂ ਨੇ ਬਾਲ-ਉਮਰ ਤੋਂ ਘੱਟ ਗੁਰੂ-ਕਾਲ ਵਿਚ ਵੀ ਗੁਰੂ-ਸਮਰੱਥਾ, ਗੁਰੂ-ਦ੍ਰਿਸ਼ਟੀ, ਗੁਰੂ-ਮਾਣ ਤੇ ਗੁਰੂ-ਪ੍ਰਭਾਵ ਨੂੰ ਵੀ ਸਥਾਪਤ ਰੱਖਿਆ ਤੇ ਸਮਕਾਲੀ ਵਿਰੋਧਤਾ ਨਾਲ ਭਰੇ ਅਤੇ ਵਿਰੋਧੀ ਹਾਲਾਤ ਤੋਂ ਸਿੱਖ ਧਰਮ ਤੇ ਸਿੱਖ ਲਹਿਰ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਵੀ ਰੱਖਿਆ। ਜੋਤੀ-ਜੋਤਿ ਸਮਾਉਣ ਵੇਲੇ 'ਬਾਬਾ ਬਕਾਲੇ' ਦਾ ਸੰਕੇਤ ਕਰ ਕੇ ਜਿਸ ਯੋਗਤਾ, ਸਿਆਣਪ ਤੇ ਦੂਰ-ਦ੍ਰਿਸ਼ਟੀ ਨਾਲ ਗੁਰੂ-ਜੋਤਿ ਦਾ ਅਧਿਕਾਰੀ ਤੇ ਗੁਰੂ-ਸੰਸਥਾ ਦੇ ਨੌਵੇਂ ਵਾਰਸ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਬਣਾਇਆ, ਇਹ ਰਹੱਸ ਵੀ ਸਪਸ਼ਟ ਕਰਦਾ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਿਬੇਕ ਬੁੱਧ ਵਾਲੇ ਤੇ ਜਾਗਦੇ ਯੋਧੇ ਸਨ। ਉਹ ਧੀਰਮੱਲੀਆਂ, ਰਾਮਰਾਈਆਂ, ਸੋਢੀਆਂ ਤੇ ਸ਼ਾਹੀ ਏਜੰਟਾਂ ਦੀ ਵਿਰੋਧਤਾ ਤੇ ਵੰਗਾਰਾਂ ਤੋਂ ਸਦਾ ਬੇਮੁਹਤਾਜ ਰਹੇ। ਸਹੀ ਅਰਥਾਂ ਵਿਚ ਇਹ ਸਾਰੀ ਗੁਰੂ-ਕ੍ਰਿਆ ਵੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵਿਲੱਖਣ ਵਿਸ਼ੇਸ਼ਤਾ ਵਾਲੀ ਸਥਾਪਿਤ ਕਰਦੀ ਹੈ।੧੩

ਭਾਈ ਗੁਰਦਾਸ ਜੀ (ਦੂਜੇ) ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਰੂਪ ਨੂੰ 'ਅਸਟਮ ਬਲਬੀਰਾ' ਆਖਿਆ ਹੈ, ਜਿਸ ਦਾ ਅਰਥ ਹੈ ਕਿ ਅਠਵੇਂ ਪਾਤਸ਼ਾਹ ਅਧਿਆਤਮਿਕ ਪੱਖੋਂ ਬਹੁਤ ਬਲਵਾਨ ਹਨ:

ਹਰਿਕਿਸਨ ਭਯੋ ਅਸਟਮ ਬਲਬੀਰਾ। ਜਿਨ ਪਹੁੰਚਿ ਦੇਹਲੀ ਤਜਿਓ ਸਰੀਰਾ।
ਬਾਲ ਰੂਪ ਧਰਿ ਸ੍ਵਾਂਗ ਰਚਾਇਓ। ਤਬ ਸਹਿਜੇ ਤਨ ਕੋ ਛੋਡਿ ਸਿਧਾਇਓ।

ਇਉਂ ਮੁਗ਼ਲਨਿ ਸੀਸ ਪਰੀ ਬਹੁ ਛਾਰਾ। ਵੈ ਖੁਦ ਪਤਿ ਸੋ ਪਹੁੰਚੇ ਦਰਬਾਰਾ। ਔਰੰਗੇ ਇਹ ਬਾਦ ਰਚਾਇਓ। ਤਿਨ ਅਪਨਾ ਕੁਲ ਸਭ ਨਾਸ ਕਰਾਇਓ। (ਵਾਰ ੪੧-੨੨)੧੪

ਭਾਈ ਨੰਦ ਲਾਲ ਜੀ ਦੀਆਂ ਨਜ਼ਰਾਂ ਵਿਚ:

“ਗੁਰੂ ਹਰਿਕਿਸ਼ਨ ਆਂ ਹਮਾਂ ਫਜਲੋ ਜ਼ੂਦ। ਹਕਸ਼ ਅਜ਼ ਹਮਾਂ ਖ਼ਾਸਗਾਂ ਬਰ ਸਤੂਦ। ਮਿਆਨਿ ਹੱਕ ਵਓ ਫ਼ਸਾਲ-ਉਲ ਵਰੱਕ।ਵਜੂਦਸ਼ ਹਮਾਂ ਫ਼ਸਲੋ ਅਫ਼ਜਾਲਿ ਹੱਕ। ਹਮਾਂ ਸਾਇਲਿ ਲੁਤਫ਼ਿ ਹੱਕ ਪਰਵਰਸ਼। ਜ਼ਮੀਨੋ ਜ਼ਮਾਂ ਜੁਮਲਾ ਫ਼ਰਮਾ ਬਰਸ਼। ਤੁਫ਼ੈਦਸ਼ ਦੁ ਆਲਮ ਬਵਦ ਕਾਮਯਾਬ। ਅਜ਼ੋ ਗਸ਼ਤਾ ਹਰ ਜ਼ੱਰਰਾ ਖ਼ੁਰਸ਼ੈਦ ਤਾਬ।"੧੫

ਅਰਥਾਤ- ਪਿਆਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਉਪਮਾ ਅਪਰ ਅਪਾਰ ਹੈ- ਉਹ ਬਖਸ਼ਿਸ਼ਾਂ ਦੇ ਭੰਡਾਰੇ ਤੇ ਦਾਤਾਂ ਵੰਡਣ ਵਾਲੇ ਹਨ। ਧਰਤੀ, ਅਕਾਸ਼, ਸੂਰਜ, ਚੰਦ ਤੇ ਤਾਰਿਆਂ ਦੇ ਮਾਲਕ ਆਪ ਨਿਰੰਕਾਰ ਹਨ। ਜਿਸ 'ਤੇ ਉਨ੍ਹਾਂ ਦੀ ਸੁਵੱਲੀ ਨਜ਼ਰ ਹੋ ਜਾਂਦੀ ਹੈ, ਉਸ ਦੇ ਲੋਕ-ਪਰਲੋਕ ਸੁਧਰ ਜਾਂਦੇ ਹਨ।

'ਮਹਿਮਾ ਪ੍ਰਕਾਸ਼' ਦਾ ਕਰਤਾ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਉਪਮਾ ਇਨ੍ਹਾਂ ਸ਼ਬਦਾਂ ਵਿਚ ਕਰਦਾ ਹੈ:

"ਮਨ ਇਛਿਆ ਧਰ ਦਰਸਨ ਜੋ ਕਰੇ। ਪਾਏ ਪਦਾਰਥ ਪੂਰੀ ਪਰੇ। ਲੀਲਾ ਸਮੇ ਦਰਸਨ ਜੋ ਕਰੇ। ਅਰਥ ਪਰਮਾਰਥ ਜੋ ਮਨ ਧਰੇ। ਗੁਰ ਅੰਤਰਜਾਮੀ ਸਭ ਕੀ ਜਾਨੇ। ਕਰ ਕਿਰਪਾ ਕਰ ਬਚਨ ਬਖਾਨੇ। ਤਾਤ ਕਾਲ ਪੂਰਨ ਹੋਇ ਆਸ। ਅਦਭੁਤ ਲੀਲਾ ਪਰਮ ਬਿਲਾਸ।"੧੬

ਭਾਈ ਸੰਤੋਖ ਸਿੰਘ ਜੀ ਨੇ ਅਠਵੇਂ ਪਾਤਸ਼ਾਹ ਦੀ ਉਸਤਤੀ ਕਰਦਿਆਂ ਲਿਖਿਆ ਹੈ:

"ਸੁੰਦਰ ਸੂਰਤਿ ਮਾਧੁਰੀ ਮੂਰਤਿ, ਪੂਰਤਿ ਕਾਮਨਾ ਸਿਖਯਨ ਕੀ। ਸ਼ਾਂਤੀ ਸਰੂਪ ਧਰੇ ਪ੍ਰਭੁ ਪੂਬ, ਆਠਮ ਦੇਹਿ ਸੁ ਨੌਤਨ ਕੀ। ਜਯੋ ਮਹਿਪਾਲਕ ਪੋਸ਼ਿਸ਼ ਕੋ ਤਜਿ, ਪੈ ਪਹਿਰੈ ਹਿਤ ਭਾਤਨ ਕੀ। ਸ੍ਰੀ ਹਰਿ ਕ੍ਰਿਸ਼ਨ ਤਥਾ ਦੁਤ ਪਾਤ, ਸੰਗਤਿ ਪ੍ਰੀਤਿ ਕਰੇ ਮਨ ਕੀ। ... ਦੁਖ ਹਰਿ ਲੇਤ ਸੁਖ ਬਾਂਛਤ ਕੋ ਦੇਤਿ ਗੁਰ, ਸਤਿਨਾਮ ਹੇਤੁ ਲਾਇ ਚੇਤਨਾ ਚਿਤਾਵਈ। ਮਨ ਕੇ ਬਿਕਾਰ ਨਾਸ ਕਰੇ ਏਕ ਬਾਰ ਗਨ, ਧੀਰਜ ਧਰਮ ਦਯਾ ਗੁਨ ਕੋ ਬਧਾਵਈ। ਸਮਤਾ ਸੰਤੋਖ, ਸੰਤੋਖ ਸਿੰਘ ਰਿਦੇ ਬਾਸ, ਸਿਖੀ ਕੋ ਪ੍ਰਕਾਸ਼ ਨੀਕੋ ਸੁਗਮ ਬਤਾਵਈ। ਜਾਨ ਸਿਖ ਆਪਨੇ ਹਰਤਿ ਤੀਨੋ ਤਾਪ ਨੇ, ਬਿਨਾ ਹੀ ਤਪ ਤਾਪਨੋ ਸੁ ਫਲ ਮਹਾਂ ਪਾਵਈ।"
(ਸੂਰਜ ਪ੍ਰਕਾਸ਼, ਰਾਸਿ ੧੦:੨੮)

ਗਿ. ਸੰਤੋਖ ਸਿੰਘ ਆਨੰਦਪੁਰੀ ਨੇ ਬਾਲ ਗੁਰੂ ਦੀ ਅਨੂਪਮ ਸ਼ਖ਼ਸੀਅਤ ਦਾ ਸ਼ਬਦ-ਚਿਤ੍ਰਣ ਇਉਂ ਕੀਤਾ ਹੈ:

"ਸੂਰਜ ਵੱਤ ਝਿਲਮਿਲ ਝਲਕਦਾ, ਚੰਦਰਮਾ ਵੱਤ ਸੀਤਲਾਇ।... ਮੁਸਕਾਏ ਖਿੜੇ ਗੁਲਾਬ ਜਿਉਂ, ਚੌਤਰਫ ਸੁਗੰਧ ਫੈਲਾਇ। ਗੁਰੂ ਜਿਤ ਵੱਲ ਤੱਕੇ ਦਯਾ ਧਾਰ, ਦੁੱਖ ਦਰਿੱਦਰ ਦਰਦ ਵੰਝਾਇ।... ਲਘੁ ਆਯੂ, ਬੁੱਧਿ ਬਲਵਾਨ ਹੈ, ਸਭ ਸੰਗਤ ਸੀਸ ਨਿਵਾਇ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ॥" ੧੭

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਪ੍ਰਤੀ 'ਧਿਆਈਐ' ਅਤੇ 'ਡਿਠੇ ਸਭਿ ਦੁਖਿ ਜਾਇ' ਦੋ ਪਦ ਜੋੜ ਕੇ ਉਨ੍ਹਾਂ ਦੀ ਬਲਬੀਰ ਤੇ ਸਿਰਜਨਾਤਮਿਕ ਸ਼ਖ਼ਸੀਅਤ ਦੀ ਜੋ ਮਹਿਮਾ ਗਾਇਨ ਕੀਤੀ ਹੈ, ਜੇ ਸਮੁੱਚੀ ਮਾਨਸ ਜਾਤਿ ਉਸ ਮਹਿਮਾ ਗਾਇਨ ਵਿਚ ਇਕ-ਸੁਰ ਹੋ ਸਕੇ ਤਾਂ ਨਿਸਚੇ ਹੀ 'ਸਭਿ ਦੁਖਿ' ਜਾਣਗੇ। ਸਭ ਦੁਖ ਜਾਣ ਨਾਲ ਹੀ ਸੁਖ, ਸਹਿਜ ਤੇ ਅਨੰਦ ਦੀ ਪ੍ਰਾਪਤੀ ਹੋਵੇਗੀ। ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਦਰਸ਼ਨ-ਦੀਦਾਰ ਸੁਖ, ਸਹਿਜ ਤੇ ਅਨੰਦ ਪ੍ਰਾਪਤੀ ਦਾ ਵੀ ਦਰਸ਼ਨ ਦੀਦਾਰ ਹੈ।”੧੮

ਪਦ-ਟਿੱਪਣੀਆਂ ਅਤੇ ਹਵਾਲੇ:

੧. ਸਤਿਬੀਰ ਸਿੰਘ, ਸਾਡਾ ਇਤਿਹਾਸ, ਜਲੰਧਰ-ਨਿਊ ਬੁੱਕ ਕੰਪਨੀ, ਛੇਵੀਂ ਐਡੀਸ਼ਨ ੧੯੮੮. ਪੰਨਾ ੩੦੧.
੨. ਵੇਖੋ ਹਵਾਲਾ: ਉਹੀ, ਪੰਨਾ ੨੯੭.
੩. ਸਚਖੰਡ ਪੱਤਰ, ਅਗਸਤ ੧੯੮੩, ਪੰਨਾ ੧੯-੨੦.
੪. ਸਿੱਖ ਇਤਿਹਾਸ, ਭਾਗ ਪਹਿਲਾ, ਸ਼੍ਰੋ. ਗੁ. ਪ੍ਰ. ਕਮੇਟੀ, ਸ੍ਰੀ ਅੰਮ੍ਰਿਤਸਰ, ਪੰਨਾ ੨੮੭.
੫. ਸਚਖੰਡ ਪੱਤਰ, ਜੁਲਾਈ, ੧੯੮੬, ਪੰਨਾ ੧੬.
੬. ਉਹੀ, ਅਕਤੂਬਰ/ਨਵੰਬਰ, ੧੯੯੭, ਪੰਨਾ ੨੬-੨੭.
੭. ਵੇਖੋ ਹਵਾਲਾ: ਉਹੀ, ਸਤੰਬਰ ੧੯੭੦, ਪੰਨਾ ੫੦.
੮. The Gospel of the Guru Granth Sahib, Madras- The Theosophical Publishing House, 1968, p.xci.
੯. ਗੁਰਮਤਿ ਪ੍ਰਕਾਸ਼, ਸਤੰਬਰ ੧੯੭੦, ਪੰਨਾ ੫੦-੫੧.
੧੦. ਉਹੀ, ਜੁਲਾਈ ੨੦੦੮, ਪੰਨਾ ੧੪.
੧੧. ਸਚਖੰਡ ਪੱਤਰ, ਜੂਨ ੨੦੦੪, ਪੰਨਾ ੯.
੧੨. ਗੁਰਮਤਿ ਪ੍ਰਕਾਸ਼, ਜੁਲਾਈ ੨੦੦੮, ਪੰਨਾ ੧੬.
੧੩. ਉਹੀ, ਪੰਨੇ ੧੦-੧੨.
੧੪. ਵੇਖੋ ਹਵਾਲਾ: ਸਾਡਾ ਇਤਿਹਾਸ, ਪੰਨਾ ੩੦੭.
੧੫. ਸਚਖੰਡ ਪੱਤਰ, ਅਗਸਤ ੧੯੮੩, ਪੰਨਾ ੪੯.
੧੬. ਵੇਖੋ ਹਵਾਲਾ: ਉਹੀ, ਅਕਤੂਬਰ ੧੯੮੧, ਪੰਨਾ ੪੦.
੧੭. ਵੇਖੋ ਹਵਾਲਾ: ਉਹੀ, ਪੰਨਾ ੪੪.
੧੮. ਪ੍ਰੋ. ਜੋਗਿੰਦਰ ਸਿੰਘ, ਉਹੀ, ਜੁਲਾਈ, ੧੯੮੬, ਪੰਨਾ ੧੮.


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸਿੱਖ ਸੰਘਰਸ਼ ਦਾ ਅਦੁੱਤੀ ਯੋਧਾ - ਸ਼ਹੀਦ ਭਾਈ ਜੋਗਿੰਦਰ ਸਿੰਘ ‘ਦਿੱਲੀ’

 

ਦਿੱਲੀ ਵਿੱਚ ਜਦੋਂ ਵੀ ਕਈ ਛੋਟੀ ਵੱਡੀ ਘਟਨਾ ਵਾਪਰਦੀ ਹੈ ਤਾਂ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਅਜਿਹਾ ਵਤੀਰਾ ਉਨ੍ਹਾਂ ਗੁਰਸਿੱਖ ਪਰਿਵਾਰਾਂ ਵਿਰੁੱਧ ਅਪਣਾਇਆ ਜਾਂਦਾ ਜਿੰਨ੍ਹਾਂ ਦੇ ਪੁੱਤਰ ਉਨ੍ਹਾਂ ਰਾਹਾਂ ਤੇ ਤੁਰ ਪਏ ਸਨ ਜਿੰਨ੍ਹਾਂ ਰਾਹਾਂ ਦੀਆਂ ਪੈੜ੍ਹਾਂ ਨਾਲ ਦਿੱਲੀ ਦਾ ਲਾਲ ਕਿਲ੍ਹਾ ਵੀ ਥਰ੍ਹ ਥਰ੍ਹ ਕੰਬਣ ਲੱਗ ਪਿਆ ਸੀ। ...

Read Full Article

Sant Giani Baba Mohan Singh Ji - Head of Bhinder Kalan Samperdai Passes Away

 

Sant Giani Mohan Singh Ji, the saintly centenarian head of the Bhindra Samperdai, has attained Akal Chalana, leaving his mortal body to merge with Akal Purakh Sahib. The revered Giani Ji headed the religious seminary (Taksal) for over half a century. ...

Read Full Article

Operation Blue Star: The Launch of a Decade of Systematic Abuse and Impunity

 

In June 1984, the Indian Army attacked Harmandir Sahib, popularly known as the Golden Temple, as well as over 40 other gurdwaras (Sikh places of worship) throughout Punjab. The attacks, codenamed “Operation Blue Star,” killed thousands of civilians trapped inside the gurdwaras. This assault marked the beginning of a policy of gross human rights violations in Punjab that continues to have profound implications for the rule of law in India....

Read Full Article

ਜਾਪੁ ਸਾਹਿਬ ਦਾ ਛੰਦ-ਵਿਧਾਨ

 

ਜਾਪੁ ਸਾਹਿਬ ਦਸਮ ਗ੍ਰੰਥ ਦੀ ਆਰੰਭਿਕ ਰਚਨਾ ਹੈ ਅਤੇ ‘ਦਸਮ ਗ੍ਰੰਥ’ ਅਜਿਹੀਆਂ ਰਚਨਾਵਾਂ ਦਾ ਸੰਗ੍ਰਹਿਤ ਗ੍ਰੰਥ ਹੈ, ਜਿਨ੍ਹਾਂ ਵਿਚ ਬਹੁਤ ਜ਼ਿਆਦਾ ਛੰਦ-ਗਤ ਵਿਵਧਤਾ ਦੇਖਣ ਨੂੰ ਮਿਲਦੀ ਹੈ। ਇਸ ਛੰਦ-ਬੱਧ ਵਿਵਧਤਾ ਦਾ ਪ੍ਰਮੁੱਖ ਪ੍ਰਮਾਣ ਇਹ ਹੈ ਕਿ ਸਮੁੱਚਾ ਗ੍ਰੰਥ ਇਕ ਸੌ ਚਾਲੀ ਪ੍ਰਕਾਰ ਦੇ ਵੱਖ-ਵੱਖ ਛੰਦ-ਰੂਪਾਂ ਦੁਆਰਾ ਸਿਰਜਿਆ ਗਿਆ ਹੈ, ਅਰਥਾਤ ਸਮੁੱਚੇ ਗ੍ਰੰਥ ਵਿਚ ੧੪੦ ਦੇ ਕਰੀਬ ਛੰਦ-ਰੂਪ ਵਰਤੇ ਗਏ ਹਨ, ਜਿਹੜੇ ਵੰਨਗੀ ਪੱਖੋਂ ਮਾਤ੍ਰਿਕ, ਵਰਣਿਕ ਅਤੇ ਗਣਿਕ ਤਿੰਨਾਂ ਪ੍ਰਕਾਰ ਦੇ ਛੰਦ ਵਰਗਾਂ ਦੇ ਅਨੁਸਾਰੀ ਹਨ। ...

Read Full Article

ਸੁਖਮਨੀ ਸਾਹਿਬ : ਭਾਸ਼ਾਈ ਰੂਪ

 

ਹੱਥਲੇ ਪਰਚੇ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਭਾਸ਼ਾ ਦੇ ਸਰੂਪ ਦੀਆਂ ਵੱਖ-ਵੱਖ ਵਿਆਕਰਨਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਜਰਨ ਦਾ ਯਤਨ ਕੀਤਾ ਹੈ। ਸੁਖਮਨੀ ਸਾਹਿਬ ਮੱਧਕਾਲ ਦੀ ਅਜਿਹੀ ਕਿਰਤ ਹੈ, ਜਿਸ ਦੀ ਭਾਸ਼ਾ ਦਾ ਸਤਹੀ ਅਵਲੋਕਣ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਹੁੰਦਾ ਹੈ ਅਰਥਾਤ ਇਸ ਰਚਨਾ ਨੇ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਆਪਣਾ ਸਰੂਪ ਅਖ਼ਤਿਆਰ ਕੀਤਾ ਹੋਇਆ ਹੈ।...

Read Full Article

ਸੁਖਮਨੀ ਸਾਹਿਬ : ਸੁਰਤ-ਸੰਚਾਰ

 

ਸੁਖਮਨੀ ਸਾਹਿਬ ਦਿਨ ਦੇ ਤੀਜੇ ਪਹਿਰ ਗਾਉਣ ਅਤੇ ਸ਼ਾਂਤ ਤੇ ਗੰਭੀਰ ਭਾਵਾਂ ਵਾਲੇ ਗਉਡ਼ੀ ਰਾਗ ਵਿਚ ਸਿਰਜਤ ਜਾਂ/ਅਤੇ ਸੰਪਾਦਿਤ ਬਾਣੀ ਹੈ। ਇਸ ਬਾਣੀ ਦੇ ਪਾਠ ਦਾ ਆਰੰਭ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਵਾਲੇ ਸਲੋਕ ਨਾਲ ਹੁੰਦਾ ਹੈ ਅਤੇ ਅੰਤ ਉਨ੍ਹਾਂ ਗੁਣਾਂ ਦੇ ਵਰਣਨ ਨਾਲ ਜਿਨ੍ਹਾਂ ਕਰਕੇ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ...

Read Full Article

ਚੰਡੀ ਦੀ ਵਾਰ : ਕਾਵਿ-ਕਲਾ

 

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥...

Read Full Article

ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

 

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ''ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ'' ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। | ...

Read Full Article

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article