Sunday, July 12, 2026

Established 2005 • ISSN Registration : 1930-0107

Dumalla : The Dastar of Nihang Singhs

Panthic Archives Article (Category: Inspirational)

Originally published on: March 28, 2007
Author/Source: Dr. Jasbir Singh Kashmir

ਨਿਹੰਗ ਸਿੰਘਾਂ ਦੇ ਦਸਤਾਰੇ

ਨਿਹੰਗ ਸਿੰਘ ਸ਼ਬਦ ਸੰਸਕ੍ਰਿਤ ਦੇ ਸ਼ਬਦ ਨਿਹਸ਼ੰਕ ਚੋਂ ਆਇਆ ਹੈ, ਜਿਸ ਦਾ ਮਤਲਬ ਹੈ: ਬਹਾਦੁਰ, ਦਲੇਰ, ਨਿਡਰ, ਉਹ ਜਿਸ ਨੂੰ ਮੌਤ ਦਾ ਡਰ ਨਹੀਂ ਹੁੰਦਾ। ਇਸ ਲਫਜ਼ ਦੀ ਸ਼ੁਰੂਆਤ ਸਿੱਖ ਇਤਿਹਾਸ ਵਿਚ ਗੁਰੂ ਅਰਜਨ ਸਾਹਿਬ ਤੋਂ ਹੁੰਦੀ ਹੈ:

ਨਿਰਭਉ ਹੋਇਓ ਭਇਆ ਨਿਹੰਗਾ॥
(ਆਸਾ ਮ: 5, ਪੰਨਾ 392)

ਨਿਹੰਗਾਂ ਦੇ ਪਿਛੋਕੜ ਬਾਰੇ ਵੱਖ ਵੱਖ ਲੇਖਕਾਂ ਦੇ ਵੱਖ ਵੱਖ ਵਿਚਾਰ ਹਨ। ਕਈਆਂ ਨੇ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਕੀਤੀ ਪੇਸ਼ੀਨਗੋਈ ਦੱਸੀ ਹੈ ਕਿ ਸਮਾਂ ਪਾ ਕੇ ਨਿਸ਼ਾਨਾਂ ਵਾਲਾ (ਫਰਹਰੇ ਵਾਲਾ) ਪੰਥ ਚਲੇਗਾ। ਦੂਜਾ ਨੁਕਤਾ ਇਹ ਦੱਸਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦੇ ਦੁਮਾਲਾ ਸਜਾ ਕੇ ਇਕ ਵਾਰ ਗੁਰੂ ਸਾਹਿਬ ਦੇ ਸਾਹਮਣੇ ਆਏ ਤਾਂ ਗੁਰੂ ਸਾਹਿਬ ਨੇ ਫ਼ਰਮਾਇਆ ਕਿ ਇਸ ਬਾਣੇ ਦਾ ਇਕ ਨਿਹੰਗ ਪੰਥ ਹੋਵੇਗਾ, ਜੋ ਬੜੀ ਪ੍ਰਸਿੱਧੀ ਪਾਵੇਗਾ। ਤੀਜਾ ਨੁਕਤਾ ਇਹ ਦੱਸਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਚਮਕੌਰ ਦੀ ਗੜ੍ਹੀ ਤੋਂ ਨਿਕਲ ਕੇ ਆਏ ਤਾਂ ਉਨ੍ਹਾਂ ਪੀਰ ਵਾਲਾ ਕੌਤਕ ਕਰਨ ਤੋਂ ਬਾਅਦ ਪੀਰ ਵਾਲਾ ਨੀਲਾ ਬਾਣਾ ਅੱਗ ਦੀ ਭੇਟਾ ਕੀਤਾ ਅਤੇ ਇਕ ਨੀਲੀ ਲੀਰ ਕਟਾਰ ਦੇ ਨਾਲ ਬੰਨ੍ਹੀਂ। ਇੰਜ ਨੀਲਾਂਬਰੀ ਸੰਪਰਦਾ ਹੋਂਦ ਵਿਚ ਆਈ। ਚੌਥਾ ਨੁਕਤਾ ਭਾਈ ਮਾਨ ਸਿੰਘ ਤੋਂ ਸ਼ੁਰੂ ਹੋਇਆ ਦੱਸਦਾ ਹੈ।

ਦਸਤਾਰ ਵਿਚ ਫਰਹਰਾ ਲਾਉਣ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਸਾਹਿਬ ਸਮੇਂ ਹੋਈ ਹੈ। ਬਿਲਾਸਪੁਰ ਦੇ ਰਾਜੇ ਅਜਮੇਰ ਚੰਦ ਨੇ ਆਨੰਦਪੁਰ ਤੇ 16 ਜਨਵਰੀ 1704 ਨੂੰ ਹਮਲਾ ਕੀਤਾ। ਇਸ ਜੰਗ ਵਿਚ ਭਾਈ ਮਾਨ ਸਿੰਘ ਨਿਸ਼ਾਨਚੀ ਪੁੱਤਰ ਭਾਈ ਜੀਤਾ ਸਿੰਘ ਨਿਸ਼ਾਨ ਸਾਹਿਬ ਫੜ ਕੇ ਅੱਗੇ ਲੜ ਰਿਹਾ ਸੀ। ਭਾਈ ਸਾਹਿਬ ਨੂੰ ਜਦੋਂ ਇਕ ਗੋਲੀ ਪਹਾੜੀ ਫੌਜਾਂ ਦੀ ਆ ਕੇ ਲੱਗੀ ਤਾਂ ਉਹ ਜ਼ਖਮੀ ਹੋ ਕੇ ਹੇਠਾਂ ਡਿੱਗ ਪਏ। ਇਸ ਨਾਲ ਨਿਸ਼ਾਨ ਸਾਹਿਬ ਵੀ ਹੇਠਾਂ ਡਿੱਗ ਪਿਆ। ਇਹ ਇਤਲਾਹ ਜਦੋਂ ਗੁਰੂ ਸਾਹਿਬ ਨੂੰ ਪੁੱਜੀ ਤਾਂ ਉਨ੍ਹਾਂ ਆਪਣੀ ਛੋਟੀ ਦਸਤਾਰ ਵਿਚੋਂ ਇਕ ਲੀਰ ਪਾੜ ਕੇ ਦਸਤਾਰ ਦੇ ਉੱਪਰ ਸਜਾ ਲਈ ਅਤੇ ਹੁਕਮ ਕੀਤਾ ਕਿ ਹਰ ਸਿੰਘ ਅੱਗੇ ਤੋਂ ਮੈਦਾਨੇ-ਜੰਗ ਵਿਚ ਆਪਣੀ ਦਸਤਾਰ ਉੱਤੇ ਨਿਸ਼ਾਨ ਸਾਹਿਬ (ਫਰਹਰਾ) ਸਜਾਇਆ ਕਰਨਗੇ। ਗੁਰੂ ਸਾਹਿਬ ਨੂੰ ਵੇਖਦੇ ਹੀ ਭਾਈ ਉਦੈ ਸਿੰਘ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੁਹਕਮ ਸਿੰਘ, ਭਾਈ ਆਲਮ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਨੇ ਵੀ ਆਪਣੀਆਂ ਕੇਸਕੀਆਂ ਵਿਚੋਂ ਲੀਰਾਂ ਪਾੜ ਕੇ ਦਸਤਾਰਾਂ ਦੇ ਉੱਪਰ ਸਜਾ ਲਈਆਂ। ਇਹ ਦ੍ਰਿਸ਼ ਵੇਖ ਕੇ ਗੁਰੂ ਸਾਹਿਬ ਨੇ ਐਲਾਨਨਾਮਾ ਕੀਤਾ ਕਿ ਇਹ ਨਿਸ਼ਾਨ ਸਾਹਿਬ ਵਾਲੇ ਨੀਲੇ ਬਾਣੇ ਦਾ ਜਥਾ ਪੰਥ ਵਿਚ ਬੜਾ ਪ੍ਰਸਿੱਧ ਹੋਵੇਗਾ। ਇਸ ਤਰ੍ਹਾਂ ਨਿਹੰਗਾਂ ਦਾ ਜਨਮ ਮੰਨਿਆ ਜਾਂਦਾ ਹੈ।

ਦਸਤਾਰ ਫ਼ਾਰਸੀ ਦਾ ਲਫਜ਼ ਹੈ, ਜਿਸ ਦਾ ਭਾਵ ਹੈ ਹੱਥਾਂ ਨਾਲ ਸਵਾਰ ਕੇ ਬੰਨ੍ਹਿਆ ਹੋਇਆ ਬਸਤਰ। ਖਾਲਸੇ ਦੇ ਬੋਲੇ ਵਿਚ ਨਿਹੰਗ ਸਿੰਘ ਦਸਤਾਰ ਨੂੰ ਦਸਤਾਰਾ ਆਖਦੇ ਹਨ। ਦਸਤਾਰ ਸਿੱਖ ਸਭਿਆਚਾਰ ਦਾ ਕੇਂਦਰੀ ਬਹਾਦਰੀ ਚਿੰਨ੍ਹ ਹੈ। ਦਸਤਾਰ ਲਈ ਬਹੁਤ ਸਾਰੇ ਨਾਂ ਵੱਖ ਵੱਖ ਜ਼ਬਾਨਾਂ ਅਤੇ ਧਰਮਾਂ ਵੱਲੋਂ ਰੱਖੇ ਮਿਲਦੇ ਹਨ, ਜਿਵੇਂ ਇਮਾਮਾ, ਪੱਗ, ਸਾਫ਼ਾ, ਚਮਲਾ, ਚੀਰਾ, ਦੁਲਬੰਦ, ਉਸ਼ਵੀਕ, ਟਰਬਨ, ਤੁਰਬਾਂਤੇ ਆਦਿ। ਦਸਤਾਰ ਕਦੋਂ ਤੇ ਕਿਵੇਂ ਸੰਸਾਰ ਵਿਚ ਸ਼ੁਰੂ ਹੋਈ ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ? ਅਰਬ ਅਤੇ ਈਰਾਨ ਦੇਸ਼ਾਂ ਵਿਚ ਦਸਤਾਰ ਨੂੰ ਖ਼ਾਸ ਮੁਕਾਮ ਹਾਸਲ ਰਿਹਾ ਹੈ। ਜਾਪਦਾ ਹੈ ਦਸਤਾਰ ਸੰਸਾਰ ਦਾ ਪੁਰਾਤਨ ਇੱਜ਼ਤ ਆਬਰੂ ਦਾ ਪਹਿਰਾਵਾ ਹੁੰਦਾ ਹੋਵੇਗਾ, ਜੋ ਮਨੁੱਖ ਦੇ ਜਾਹੋ-ਜਲਾਲ ਦੇ ਚਿੰਨ੍ਹ ਵਜੋਂ ਪੀੜ੍ਹੀਆਂ-ਦਰ-ਪੀੜ੍ਹੀਆਂ ਸਾਡੇ ਤਕ ਪੁੱਜਿਆ ਹੈ। ਪੰਦਰ੍ਹਵੀਂ ਸਦੀ ਤੋਂ ਪਹਿਲਾਂ ਵੀ ਯੂਰਪ ਆਦਿ ਦੇਸ਼ਾਂ ਵਿਚ ਦਸਤਾਰ ਦਾ ਪ੍ਰਯੋਗ ਕੀਤਾ ਜਾਂਦਾ ਸੀ। ਕਈ ਸਦੀਆਂ ਤੋਂ ਮੁਸਲਮਾਨਾਂ ਦੇ ਪੈਗ਼ੰਬਰ ਅਤੇ ਹਿੰਦੂ ਧਰਮ ਦੇ ਵਡੇਰੇ ਸਿਰ ਤੇ ਦਸਤਾਰ ਬੰਨ੍ਹਦੇ ਸਨ। ਹੱਜ ਤੇ ਜਾਣ ਸਮੇਂ ਮੁਸਲਮਾਨਾਂ ਨੂੰ ਦਸਤਾਰ ਸਜਾਉਣ ਦੀ ਹਦਾਇਤ ਹੈ।
ਦਸਤਾਰ ਸਿੱਖਾਂ ਦੇ ਦਰਸ਼ਨ-ਦੀਦਾਰ ਦਾ ਕੇਂਦਰ ਬਿੰਦੂ ਹੈ, ਜੋ ਹਜ਼ਾਰਾਂ ਵਿਚੋਂ ਵੀ ਸਵੈ-ਪਛਾਣ ਕਰਾਉਂਦਾ ਹੈ। ਗੁਰੂ ਨਾਨਕ ਸਾਹਿਬ ਅਤੇ ਦੂਜੇ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਦਸਤਾਰ ਦਾ ਅਹਿਮ ਰੁੱਤਬਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਤਾਂ ਸਿੱਖਾਂ ਨੂੰ ਹਦਾਇਤ ਹੈ ਕਿ ਸਾਬਤ ਸੂਰਤਿ ਰਹਿ ਕੇ ਸਿਰ ਤੇ ਦਸਤਾਰ ਸਜਾਉਣੀ ਹੈ:

...ਸਾਬਤ ਸੂਰਤਿ ਦਸਤਾਰ ਸਿਰਾ॥ (ਮਾਰੂ ਮ: 5, ਪੰਨਾ 1084)

ਗੁਰੂ ਅਰਜਨ ਸਾਹਿਬ ਤਾਂ ਦੁਬਾਰਾ ਆਪਣੇ ਮੁਖਾਰਬਿੰਦ ਤੋਂ ਉਚਾਰਦੇ ਹਨ ਕਿ ਦੂਹਰਾ ਦਸਤਾਰਾ ਦੁਮਾਲਾ ਤਾਂ ਆਪ ਦੀ ਫ਼ਤਹਿ ਦਾ ਡੰਕਾ ਵਜਾਉਣ ਦਾ ਸੰਕੇਤ ਦਿੰਦੇ ਹਨ:

ਹਉ ਗੋਸਾਈ ਦਾ ਪਹਿਲਵਾਨੜਾ॥ ਮੈ ਗੁਰ ਮਿਲਿ ਉਚ ਦੁਮਾਲੜਾ॥
(ਸਿਰੀਰਾਗੁ ਮ: 5, ਪੰਨਾ 74)

ਸਿੱਖ ਦੀ ਦਸਤਾਰ ਇਕ ਅਜਿਹੇ ਮੁਜੱਸਮੇ ਦੀ ਪ੍ਰਤੀਕ ਹੋ ਨਿੱਬੜਦੀ ਹੈ, ਜਿਸ ਵਿਚ ਧਰਮ, ਇੱਜ਼ਤ ਤੇ ਅਧਿਆਤਮਕ ਲਕਸ਼ ਸਾਫ ਨਜ਼ਰੀਂ ਪੈਂਦਾ ਹੈ। ਢਾਡੀ ਅਬਦੁੱਲਾ ਅਤੇ ਨੱਥ ਮੱਲ ਨੇ ਜੋ ਅਕਾਲ ਤਖ਼ਤ ਸਾਹਿਬ ਤੋਂ ਵਾਰ ਪੜ੍ਹੀ ਸੀ, ਉਸ ਵਿਚ ਗੁਰੂ ਹਰਿਗੋਬਿੰਦ ਸਾਹਿਬ ਦੀ ਦਸਤਾਰ ਦਾ ਬਾਖ਼ੂਬੀ ਜ਼ਿਕਰ ਆਉਂਦਾ ਹੈ:

ਦੋ ਤਲਵਾਰੀਂ ਬਧੀਆਂ ਇਕ ਮੀਰ ਦੀ ਇਕ ਪੀਰ ਦੀ।
ਇਕ ਅਜ਼ਮਤ ਦੀ ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।
... ... ... ...ਪੱਗ ਤੇਰੀ ਕੀ ਜਹਾਂਗੀਰ ਦੀ?

ਗੁਰਬਿਲਾਸ ਪਾਤਸ਼ਾਹੀ ਛੇਵੀਂ ਦਾ ਕਰਤਾ ਲਿਖਦਾ ਹੈ ਕਿ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਨੇ ਸਿਰ ਤੇ ਦਸਤਾਰਾ ਸਜਾਇਆ ਤਾਂ ਇੰਜ ਪ੍ਰ੍ਰਤੀਤ ਹੋਇਆ, ਜਿਵੇਂ ਪਰਮਾਤਮਾ ਸਾਹਮਣੇ ਬੈਠਾ ਹੋਵੇ!
ਸ੍ਰੀ ਗੁਰ ਪਾਗ ਬਧੀ ਨਿਜ ਸੀਸ
ਦਿਖਿ ਸਭ ਹੀ ਤਬ ਭਏ ਜਗੀਸ॥27॥ (ਅਧਿਆਇ 8)

ਗੁਰੂ ਗੋਬਿੰਦ ਸਿੰਘ ਸਮੇਂ ਤਾਂ ਦਸਤਾਰ ਲਾਜ਼ਮੀ ਕਰਾਰ ਦਿੱਤੀ ਗਈ। ਇਸ ਦੀ ਗਵਾਹੀ ਤਵਾਰੀਖ ਦੇ ਸਭ ਤੋਂ ਪੁਰਾਤਨ ਸ੍ਰੋਤ ਭਟ ਵਹੀਆਂ ਵਿਚ ਵੀ ਮਿਲਦੀ ਹੈ। ਦਸਤਾਰ ਦਾ ਜ਼ਿਕਰ ਸਾਰੇ ਰਹਿਤਨਾਮਿਆਂ, ਤਨਖਾਹਨਾਮਿਆਂ ਆਦਿ ਵਿਚ ਵੀ ਆਇਆ ਹੈ।

ਫ਼ਾਰਸੀ ਦੀ ਪੁਰਾਤਨ ਪੁਸਤਕ ਦਬਸਤਾਨਿ-ਮੁਜ਼ਾਹਿਬ ਦਾ ਲੇਖਕ ਮੋਬਿੱਦ ਜ਼ੁਲਫਕਾਰ ਅਰਦਸਤਾਨੀ ਸਾਸਨੀ ਨੇ ਵੀ ਜ਼ਿਕਰ ਕੀਤਾ ਹੈ ਕਿ ਜਦੋਂ ਵੀ ਵੈਸਾਖੀ ਵਾਲੇ ਦਿਨ ਗੁਰੂ ਦਰਬਾਰ ਵਿਚ ਮਸੰਦ ਇਕੱਠੇ ਹੁੰਦੇ ਸਨ ਤਾਂ ਗੁਰੂ ਸਾਹਿਬ ਉਨ੍ਹਾਂ ਨੂੰ ਰੁਖਸਤ ਹੋਣ ਸਮੇਂ ਦਸਤਾਰ ਦੇ ਰੂਪ ਵਿਚ ਸਿਰੋਪਾਉ ਬਖਸ਼ਸ਼ ਦੇਂਦੇ ਸਨ--

ਦਰ ਹੰਗਾਮੇ ਰੁਖੱਸਤ ਹਰ ਕਦਾਮੇਂ ਅਜ਼ ਮਸੰਦਾਂ
ਰਾ ਗੁਰੂ ਦਸਤਾਰ-ਇ-ਅਨਾਇਤ ਕੁਨੰਦ।

ਸਿੱਖ ਦੀ ਦਸਤਾਰ ਦੀ ਸਿਫ਼ਤ ਸਾਲਾਹ ਫ਼ਾਰਸੀ, ਅੰਗਰੇਜ਼ੀ, ਉਰਦੂ, ਹਿੰਦੀ ਆਦਿ ਭਾਸ਼ਾਵਾਂ ਦੇ ਲੇਖਕਾਂ ਨੇ ਖ਼ੂਬ ਸੁਚੱਜੇ ਢੰਗ ਨਾਲ ਕਲਮਬੰਦ ਕੀਤੀ ਹੈ। ਇਸੇ ਦਸਤਾਰ ਕਾਰਨ ਦੇਸ਼ਾਂ-ਬਦੇਸ਼ਾਂ ਵਿਚ ਸਿੱਖਾਂ ਨੂੰ ਆਪਣੀ ਪਹਿਚਾਣ ਬਾਰੇ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ। ਦਸਤਾਰ ਦੇ ਜਾਹੋ-ਜਲਾਲ ਨੂੰ ਬਰਕਰਾਰ ਰੱਖਣ ਵਾਸਤੇ ਸਿੱਖਾਂ ਨੂੰ ਸੰਸਾਰ ਦੇ ਕਈ ਮੁਲਕਾਂ ਵਿਚ ਸੰਘਰਸ਼ ਵੀ ਕਰਨੇ ਪਏ ਅਤੇ ਅਕਾਲ ਪੁਰਖ ਦੀ ਕਿਰਪਾ ਦੁਆਰਾ ਫਤਹਿਯਾਬੀਆਂ ਵੀ ਨਸੀਬ ਹੋਈਆਂ।

ਨਿਹੰਗ ਸਿੰਘਾਂ ਵੱਲੋਂ ਸਜਾਏ ਦਸਤਾਰੇ ਖਾਸ ਖਿੱਚ ਦਾ ਕਾਰਨ ਹੁੰਦੇ ਹਨ। ਇਹ ਦਸਤਾਰੇ ਕਈ ਵੇਰ ਦੋ ਫੁੱਟ ਤੋਂ ਵੀ ਵੱਧ ਉੱਚੇ ਹੁੰਦੇ ਹਨ। ਜਿਨ੍ਹਾਂ ਵਿਚ ਚੱਕਰ ਅਤੇ ਛੋਟੀਆਂ ਕ੍ਰਿਪਾਨਾਂ ਅਤੇ ਖੰਡੇ ਸਜਾਏ ਹੁੰਦੇ ਹਨ।

ਨਿਹੰਗ ਸਿੰਘਾਂ ਦੇ ਦੋ ਜਥੇ ਵੀ ਬੜੇ ਮਸ਼ਹੂਰ ਹਨ, ਇਕ ਬੁੱਢਾ ਦਲ ਤੇ ਦੂਜਾ ਤਰੁਨਾ ਦਲ। ਨਿਹੰਗ ਸਿੰਘਾਂ ਵਿਚੋਂ ਬੜੇ ਬੜੇ ਆਗੂ ਵੀ ਹੋਏ ਹਨ ਪਰ ਸਭ ਤੋਂ ਵੱਧ ਪ੍ਰਸਿੱਧੀ ਬਾਬਾ ਨੈਣਾ ਸਿੰਘ ਅਤੇ ਅਕਾਲੀ ਫੂਲਾ ਸਿੰਘ ਜੀ ਨੇ ਹਾਸਲ ਕੀਤੀ। ਅਠਾਰਵੀਂ ਸਦੀ ਵਿਚ ਨਿਹੰਗ ਸਿੰਘਾਂ ਨੇ ਆਪਣੀ ਖਾਸ ਤੇ ਅਨੋਖੀ ਬੋਲੀ ਮੂਰਤੀਮਾਨ ਕੀਤੀ, ਜਿਸ ਨੂੰ ਗੜਗੱਜ ਬੋਲੇ ਵੀ ਆਖਿਆ ਜਾਂਦਾ ਹੈ। ਇਨ੍ਹਾਂ ਬੋਲਿਆਂ ਵਿਚ ਖੁਫ਼ੀਆ ਸੰਕੇਤ ਅਤੇ ਚੜ੍ਹਦੀ ਕਲਾ ਦਾ ਅਹਿਸਾਸ ਹੁੰਦਾ ਸੀ। ਭਾਈ ਕਾਨ੍ਹ ਸਿੰਘ ਨਾਭਾ ਨੇ ਤਕਰੀਬਨ ਇਕ ਹਜ਼ਾਰ ਅਜਿਹੇ ਬੋਲੇ ਆਪਣੇ ਮਹਾਨ ਕੋਸ਼ ਵਿਚ ਦਿੱਤੇ ਹਨ।

ਦਸਤਾਰ ਖਾਲਸੇ ਦੀ ਸਿਰਦਾਰੀ ਹੈ, ਖ਼ੁਦਮੁਖਤਿਆਰੀ ਦਾ ਚਿੰਨ੍ਹ ਹੈ। ਇਸ ਰੁਹਾਨੀ ਸ਼ਕਤੀ ਦੇ ਤਾਜ ਨੂੰ ਆਪਣੇ ਸੀਸ ਤੇ ਸਾਂਭ ਕੇ ਰੱਖਣਾ, ਸਿੱਖ ਬੱਚਿਓ! ਸਾਂਭ ਕੇ ਰੱਖਣਾ।

(ਡਾ. ਜਸਬੀਰ ਸਿੰਘ ਕਸ਼ਮੀਰ)

FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀ ਸ਼ਹਾਦਤ ਤੇ ਉਸ ਦਾ ਪ੍ਰ੍ਰਭਾਵ

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ