Sunday, July 12, 2026

Established 2005 • ISSN Registration : 1930-0107

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀ ਸ਼ਹਾਦਤ ਤੇ ਉਸ ਦਾ ਪ੍ਰ੍ਰਭਾਵ

Panthic Archives Article (Category: Inspirational)

Originally published on: November 24, 2011
Author/Source: Khalsa Press/Panthic Archives

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਮੂਲ ਪ੍ਰਕਿਰਤੀ ਵੈਰਾਗਮਈ ਹੈ ਜੋ ਸੰਸਾਰ ਤੇ ਸੰਸਾਰਿਕ ਰਿਸ਼ਤਿਆਂ ਨੂੰ ਨਾਸ਼ਮਾਨ ਮੰਨ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਸਿੱਖਿਆ ਦਿੰਦੀ ਹੈ। ਪਰੰਤੂ “ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨਿ” ਉਨ੍ਹਾਂ ਦਾ ਜੀਵਨ-ਸਿਧਾਂਤ ਹੈ। ਦੂਜੇ ਪਾਸੇ ਸਮਕਾਲੀ ਮੁਗ਼ਲ ਸਾਮਰਾਜ ਦੀ ਸਾਰੀ ਇਮਾਰਤ ਘੋਰ ਅੱਤਿਆਚਾਰ ਦੀ ਨੀਂਹ ਉੱਪਰ ਉਸਰੀ ਹੋਈ ਸੀ। ਇਸ ਤਰ੍ਹਾਂ ਦੋ ਵਿਰੋਧੀ ਧਾਰਨਾਵਾਂ ਸਮਾਨਅੰਤਰ ਚੱਲ ਰਹੀਆਂ ਸਨ। ਵਿਰੋਧ ਤਾਂ ਸੁਭਾਵਕ ਸੀ।

ਆਓ! ਇਸ ਤੱਥ ਨੂੰ ਇਤਿਹਾਸਕ ਪ੍ਰਸੰਗ ’ਚ ਵਾਚਨ ਦਾ ਜਤਨ ਕਰੀਏ। ਜਦ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੇ ਗੁਰਗੱਦੀ ਗ੍ਰਹਿਣ ਕੀਤੀ ਤਾਂ ਉਸ ਵੇਲੇ ਔਰੰਗਜ਼ੇਬ ਭਾਰਤ ਦਾ ਸਮਰਾਟ ਸੀ। ਉਹ ਪੱਥਰ-ਮਨ ਸੁੰਨੀ ਮੁਸਲਮਾਨ ਸੀ। ਰਾਜ ਹਥਿਆਉਣ ਤੇ ਬਚਾਉਣ ਲਈ ਉਸ ਨੇ ਆਪਣੇ ਪਿਉ ਤੇ ਭਰਾਵਾਂ ’ਤੇ ਵੀ ਜ਼ੁਲਮ ਕਰਨੋਂ ਸੰਕੋਚ ਨਾ ਕੀਤਾ। ਆਪਣੇ ਪਿਤਾ ਸ਼ਾਹ ਜਹਾਨ ਨੂੰ ਉਸ ਨੇ ਕਈ ਵਰ੍ਹੇ ਬੰਦੀ ਬਣਾਈ ਰੱਖਿਆ ਤੇ ਪਿਆਸਾ ਮਾਰ ਦਿੱਤਾ। ਆਪਣੇ ਆਪ ਵਿਚ ਉਹ ਖੁਦਾਪ੍ਰਸਤ ਹੋਣ ਦਾ ਦਾਅਵਾ ਕਰਦਾ ਸੀ। ਪਰ ਦੂਜੇ ਪਾਸੇ ਖੁਦਾ ਦੀ ਖਲਕਤ ਉਸ ਦੇ ਜ਼ੁਲਮ ਦਾ ਸ਼ਿਕਾਰ ਬਣ ਰਹੀ ਸੀ। ਉਸ ਦੇ ਮਨ ’ਚ ਇਸਲਾਮ ਦੀ ਖਿਦਮਤ ਦਾ ਜਜ਼ਬਾ ਜਨੂੰਨ ਦੀ ਹੱਦ ਤਕ ਪਹੁੰਚ ਗਿਆ ਸੀ। ਹਿੰਦੂਆਂ ’ਤੇ ਹੀ ਨਹੀਂ ਉਸ ਨੇ ਤਾਂ ਸ਼ੀਆ ਮੁਸਲਮਾਨਾਂ ਤੇ ਸੂਫ਼ੀ ਫਕੀਰਾਂ ’ਤੇ ਵੀ ਅੱਤਿਆਚਾਰ ਕੀਤੇ। ਉਹ ਲਲਿਤ ਕਲਾਵਾਂ ਦਾ ਦੁਸ਼ਮਣ ਸੀ ਅਤੇ ਸੰਗੀਤ ਦਾ ਤਾਂ ਉਸ ਨੇ ਗਲ ਹੀ ਘੁੱਟ ਦਿੱਤਾ। ਸੰਗੀਤ ਨਾਲ ਤਾਂ ਔਰੰਗਜ਼ੇਬ ਨੂੰ ਐਨੀ ਚਿੜ੍ਹ ਸੀ ਕਿ ਉਸ ਨੇ ਆਪਣੇ ਰਾਜ ਵਿਚ ਵਿਸ਼ੇਸ਼ ਅਧਿਕਾਰੀ ਇਸ ਕੰਮ ਲਈ ਨਿਯੁਕਤ ਕੀਤੇ ਸਨ ਕਿ ਉਹ ਨਿਗਰਾਨੀ ਰੱਖਣ ਕਿ ਜਿੱਥੇ ਕੋਈ ਸਾਜ਼ ਵੱਜਦਾ ਹੋਵੇ, ਉਸ ਨੂੰ ਜਾ ਕੇ ਜਲਾ ਦੇਣ। ਸਾਜ਼ਾਂ ਦੇ ਢੇਰ ਲਾ ਕੇ ਤਬਾਹ ਕਰ ਦਿੱਤੇ ਜਾਂਦੇ ਸਨ। ਗਵੱਈਆਂ ਤੇ ਸਾਜ਼ਿੰਦਿਆਂ ਨੂੰ ਉਸ ਨੇ ਭੁੱਖਮਰੀ ਦਾ ਸ਼ਿਕਾਰ ਬਣਾ ਦਿੱਤਾ।

ਇਕ ਕਥਾ ਇਹ ਵੀ ਪ੍ਰਚਲਿਤ ਹੈ ਕਿ ਔਰੰਗਜ਼ੇਬ ਦੀ ਸੰਗੀਤ-ਦੁਸ਼ਮਨੀ ਤੋਂ ਤੰਗ ਆ ਕੇ ਸੰਗੀਤਕਾਰਾਂ ਨੇ ਸੰਗੀਤ ਦਾ ਜਨਾਜ਼ਾ ਕੱਢਿਆ ਸੀ ਤਾਂ ਜੋ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਜਾਵੇ।ਪ੍ਰਤੀਕਰਮ ਵਜੋਂ ਔਰੰਗਜ਼ੇਬ ਨੇ ਕਿਹਾ ਸੀ ਕਿ ਇਸ (ਸੰਗੀਤ) ਨੂੰ ਡੂੰਘਾ ਦਫ਼ਨ ਕਰਨਾ ਤਾਂਕਿ ਮੁੜ ਬਾਹਰ ਨਾ ਆ ਜਾਵੇ। ਜਦ ਔਰੰਗਜ਼ੇਬ ਹਰ ਪਾਸੇ ਬਦਨਾਮ ਹੋ ਗਿਆ ਤਾਂ ਉਸ ਨੇ ਮੁਸਲਮਾਨਾਂ ਨੂੰ ਖੁਸ਼ ਰੱਖਣ ਲਈ ਕਈ ਉਪਾਅ ਸੋਚੇ ਅਤੇ ਮੌਲਵੀਆਂ ਤੋਂ ਸਲਾਹ ਲੈ ਕੇ ਹਿੰਦੂਆਂ ਨੂੰ ਇਸਲਾਮ ਧਰਮ ਗ੍ਰਹਿਣ ਕਰਨ ਲਈ ਮਜਬੂਰ ਕਰਨ ਲੱਗਾ। ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਔਰੰਗਜ਼ੇਬ ਦੀ ਇਸ ਨੀਤੀ ਦਾ ਵਰਣਨ ਇਸ ਤਰ੍ਹਾਂ ਕੀਤਾ ਗਿਆ ਹੈ:

ਹਿੰਦੋ ਹਿੰਦੂ ਨ੍ਰਿਬੀਜ ਹੈਂ ਕਰਨੇ,
ਸ਼ਾਹਿ ਨੌਰੰਗੇ ਯੌ ਲਿਖ ਬਰਨੇ।
ਤੁਰਕ ਪ੍ਰਿਥਮ ਹੋ ਬ੍ਰਾਹਮਨ ਕਰਨੇ,
ਔਰ ਹਿੰਦੂ ਹੈਂ ਪਾਛੇ ਫਰਨੇ।

ਇਸ ਤਰ੍ਹਾਂ ਹਿੰਦੂਆਂ ਉੱਪਰ ਔਰੰਗਜ਼ੇਬ ਦੇ ਜ਼ੁਲਮ ਦਾ ਕੁਹਾੜਾ ਤੇਜ਼ ਹੋ ਗਿਆ। ਹਿੰਦੂਆਂ ’ਤੇ ਜਜ਼ੀਆ ਤੇ ਤੀਰਥ ਯਾਤਰਾ ਟੈਕਸ ਲਾਇਆ ਗਿਆ ਅਤੇ ਉਨ੍ਹਾਂ ਨੂੰ ਅਨੇਕਾਂ ਹੱਕਾਂ ਤੋਂ ਵੰਚਿਤ ਕਰ ਦਿੱਤਾ ਗਿਆ। ਹਿੰਦੂਆਂ ਦੇ ਮੰਦਰ ਢਾਹ ਦਿੱਤੇ ਗਏ ਅਤੇ ਉਨ੍ਹਾਂ ਦੀਆਂ ਧਾਰਮਿਕ ਰਹੁ-ਰੀਤਾਂ ’ਤੇ ਪਾਬੰਦੀ ਲਗਾ ਦਿੱਤੀ ਗਈ। ਇਸ ਤਰ੍ਹਾਂ ਹਿੰਦੂ ਕੌਮ ਭਾਰੀ ਵਿਸ਼ਾਦ ਦਾ ਸ਼ਿਕਾਰ ਹੋ ਗਈ। ਕੁਝ ਹਿੰਦੂ ਡਰ ਜਾਂ ਲਾਲਚ ’ਚ ਆ ਕੇ ਮੁਸਲਮਾਨ ਬਣ ਗਏ। ਧਰਮ-ਪਰਿਵਰਤਨ ਦਾ ਮੁੱਖ ਕੇਂਦਰ ਕਸ਼ਮੀਰ ਸੀ। ਕਿਹਾ ਜਾਂਦਾ ਹੈ ਕਿ ਰੋਜ਼ਾਨਾ ਸਵਾ ਮਣ ਜਨੇਊ ਲਾਹ ਦਿੱਤੇ ਜਾਂਦੇ ਸਨ। ਇਸ ਤਰ੍ਹਾਂ ਕਸ਼ਮੀਰ ਹਿੰਦੂ ਧਰਮ ਦੀ ਕਤਲਗਾਹ ਬਣ ਗਿਆ।

ਸ਼ਹੀਦੀ ਯਾਤਰਾ
ਜਦ ਕਸ਼ਮੀਰੀ ਪੰਡਤਾਂ ਨੂੰ ਔਰੰਗਜ਼ੇਬ ਦੇ ਅੱਤਿਆਚਾਰਾਂ ਤੋਂ ਕਿਸੇ ਤਰ੍ਹਾਂ ਵੀ ਬਚਾਉ ਦੀ ਆਸ-ਉਮੀਦ ਨਾ ਰਹੀ ਤਾਂ ਉਹ ਕਿਰਪਾ ਰਾਮ ਦੀ ਅਗਵਾਈ ’ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ’ਚ ਹਾਜ਼ਰ ਹੋਏ, ਆਪਣੇ ਦੁੱਖ-ਦਰਦ ਦੀ ਵਿਥਿਆ ਸੁਣਾਈ ਅਤੇ ਸੁਰੱਖਿਆ ਲਈ ਅਰਜ਼ੋਈ ਕੀਤੀ। ਉਨ੍ਹਾਂ ਦੀ ਫ਼ਰਿਆਦ ਸੁਣ ਕੇ ਗੁਰੂ ਜੀ ਸੋਚਣ ਲੱਗੇ ਕਿ ਇਨ੍ਹਾਂ ਦੇ ਬਚਾਉ ਲਈ ਕਿਸੇ ਮਹਾਨ ਪੁਰਸ਼ ਦੀ ਕੁਰਬਾਨੀ ਦੀ ਲੋੜ ਹੈ। ਜਦ ਇਸ ਗੱਲ ਦਾ ਪਤਾ ੯ ਵਰ੍ਹਿਆਂ ਦੇ ਬਾਲ ਗੋਬਿੰਦ ਰਾਇ ਜੀ ਨੂੰ ਲੱਗਾ ਤਾਂ ਉਹ ਬੜੇ ਸਵੈ-ਵਿਸ਼ਵਾਸ ਤੇ ਨਿਡਰਤਾ ਨਾਲ ਕਹਿਣ ਲੱਗੇ, “ਆਪ ਜੀ ਨਾਲੋਂ ਵੱਡਾ ਪੁਰਸ਼ ਕੌਣ ਹੋ ਸਕਦਾ ਹੈ? ਤੁਸੀਂ ਹੀ ਹਿੰਦੂ ਧਰਮ ਨੂੰ ਬਚਾਓ!” ਇਹ ਸੁਣ ਕੇ ਗੁਰੂ ਜੀ ਨੂੰ ਯਕੀਨ ਹੋ ਗਿਆ ਕਿ ਬਾਲ ਗੋਬਿੰਦ ਜੀ ਗੁਰਗੱਦੀ ਸੰਭਾਲਣ ਦੇ ਯੋਗ ਹਨ। ਉਨ੍ਹਾਂ ਕਸ਼ਮੀਰੀ ਪੰਡਤਾਂ ਨੂੰ ਦਿਲਾਸਾ ਦੇ ਕੇ ਆਖਿਆ ਕਿ ਜਾ ਕੇ ਬਾਦਸ਼ਾਹ ਨੂੰ ਇਹ ਕਹਿ ਦੇਣ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣ ਤਾਂ ਉਹ ਸਾਰੇ ਮੁਸਲਮਾਨ ਬਣ ਜਾਣਗੇ। ਇਹ ਸੰਦੇਸ਼ ਲੈ ਕੇ ਕਸ਼ਮੀਰੀ ਪੰਡਤ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਪਾਸ ਪਹੁੰਚੇ ਅਤੇ ਕੁਝ ਸਮੇਂ ਲਈ ਬਾਦਸ਼ਾਹ ਦੇ ਜ਼ੁਲਮ ਤੋਂ ਛੁਟਕਾਰਾ ਪਾਇਆ। ਗੁਰੂ ਸਾਹਿਬ ਨੂੰ ਦਿੱਲੀ ਤੋਂ ਬੁਲਾਵਾ ਆਇਆ ਤਾਂ ਉਹ ਗੁਰਗੱਦੀ ਗੋਬਿੰਦ ਰਾਇ ਜੀ ਨੂੰ ਸੰਭਾਲ ਕੇ ਆਪ ਦੀਵਾਨ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਤੇ ਭਾਈ ਜੈਤਾ ਜੀ ਆਦਿ ਸਿੱਖਾਂ ਨੂੰ ਨਾਲ ਲੈ ਕੇ ਜਥੇ ਦੇ ਰੂਪ ’ਚ ਅਨੰਦਪੁਰ ਤੋਂ ਰਵਾਨਾ ਹੋ ਗਏ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸਿੱਖਾਂ ਸਮੇਤ ਸਿੱਧਾ ਦਿੱਲੀ ਜਾਣ ਦੀ ਥਾਂ ਰਸਤੇ ’ਚ ਸ਼ੋਕਗ੍ਰਸਤ ਸਿੱਖ ਸੰਗਤਾਂ ਤੇ ਹੋਰ ਲੋਕਾਂ ਨੂੰ ਉਪਦੇਸ਼ ਦਿੰਦੇ ਹੋਏ, ਧੀਰਜ ਬੰਨ੍ਹਾਉਂਦੇ ਹੋਏ ਜਾ ਰਹੇ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਦਿੱਲੀ ਪਹੁੰਚਣ ’ਚ ਕੁਝ ਸਮਾਂ ਲੱਗ ਗਿਆ। ਔਰੰਗਜ਼ੇਬ ਨੂੰ ਸ਼ੱਕ ਹੋ ਗਿਆ ਕਿ ਗੁਰੂ ਜੀ ਕਿਧਰੇ ਫ਼ਰਾਰ ਨਾ ਹੋਣ ਜਾਣ। ਬਾਦਸ਼ਾਹ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਤੇ ਉਕਤ ਸਿੱਖਾਂ ਨੂੰ ਆਗਰੇ ਨੇੜੇ ਹੀ ਬੰਦੀ ਬਣਾ ਲਿਆ ਗਿਆ।

ਮਹਾਨ ਸ਼ਹਾਦਤ

ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਇਸਲਾਮ ਕਬੂਲ ਕਰਨ ਲਈ ਬਹੁਤ ਪ੍ਰੇਰਿਆ, ਦਲੀਲਬਾਜ਼ੀ ਕੀਤੀ ਪਰ ਨਾਕਾਮ ਰਿਹਾ। ਫਿਰ ਕੋਈ ਕਰਾਮਾਤ ਵਿਖਾਉਣ ਲਈ ਆਖਿਆ ਪਰ ਗੁਰੂ ਜੀ ਨੇ ਅਜਿਹਾ ਨਾ ਕੀਤਾ। ਆਪਣੀ ਇਸ ਅਸਫਲਤਾ ਤੋਂ ਬਾਅਦ ਉਸ ਨੇ ਗੁਰੂ ਜੀ ਤੇ ਸਾਥੀ ਸਿੰਘਾਂ ਨੂੰ ਕਸ਼ਟ ਦੇਣੇ ਸ਼ੁਰੂ ਕਰ ਦਿੱਤੇ। ਗੁਰੂ ਜੀ ਨੂੰ ਤੰਗ ਪਿੰਜਰੇ ਵਿਚ ਬੰਦੀ ਬਣਾ ਕੇ ਰੱਖਿਆ ਗਿਆ। ਉਨ੍ਹਾਂ ਦੇ ਨਾਲ ਆਏ ਸਿੱਖਾਂ ਵਿੱਚੋਂ ਭਾਈ ਦਿਆਲਾ ਜੀ ਨੂੰ ਜਿਊਂਦਿਆਂ ਦੇਗ਼ ਵਿਚ ਉਬਾਲਿਆ ਗਿਆ; ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਤੇ ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਅੱਗ ਲਗਾਈ ਗਈ। ਅੰਤ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਸ਼ਾਹੀ ਹੁਕਮ ਨਾਲ ਜਲਾਲ ਦੀਨ ਨਾਂ ਦੇ ਜਲਾਦ ਨੇ ਧੜ ਨਾਲੋਂ ਵੱਖ ਕਰ ਦਿੱਤਾ। ਧਰਮ ਹੇਤ ਸੀਸ ਦੇਣ ਦਾ ਇਹ ਸਾਕਾ ੧੧ ਨਵੰਬਰ ੧੬੭੫ ਈਸਵੀ ਨੂੰ ਹੋਇਆ। ਇਸ ਨਾਲ ਸਾਰੇ ਪਾਸੇ ਹਾਹਾਕਾਰ ਮੱਚ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ‘ਬਚਿਤ੍ਰ ਨਾਟਕ’ ਵਿਚ ਇਸ ਤਰ੍ਹਾਂ ਅੰਕਿਤ ਹੈ:

ਠੀਕਰਿ ਫੋਰਿ ਦਿਲੀਸ ਸਿਰਿ ਪ੍ਰਭ ਪੁਰਿ ਕੀਯਾ ਪਯਾਨ

ਤੇਗ ਬਹਾਦੁਰ ਸੀ ਕ੍ਰਿਆ ਕਰੀ ਨ ਕਿਨਹੂੰ ਆਨਿ॥੧੫॥
ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ

ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ॥੧੬॥

ਦਿੱਲੀ ’ਚ ਜਿਸ ਥਾਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਉਸ ਥਾਂ, ਚਾਂਦਨੀ ਚੌਂਕ ’ਚ ਗੁਰਦੁਆਰਾ ਸੀਸ ਗੰਜ ਬਣਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਜਿਸ ਦਿਨ, ਜਿਸ ਵੇਲੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਉਸ ਵੇਲੇ ਦਿੱਲੀ ’ਚ ਜ਼ੋਰਦਾਰ ਹਨ੍ਹੇਰੀ ਆਈ ਅਤੇ ਸਾਰਾ ਅਸਮਾਨ ਖੂਨ ਵਰਗਾ ਲਾਲ ਹੋ ਗਿਆ। ਗੁਰੂ ਜੀ ਦਾ ਇਕ ਸ਼ਰਧਾਲੂ ਸਿੱਖ ਭਾਈ ਜੈਤਾ ਬੜੀ ਸਿਆਣਪ ਨਾਲ ਗੁਰੂ ਜੀ ਦਾ ਸੀਸ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਅਨੰਦਪੁਰ ਸਾਹਿਬ ਪਹੁੰਚ ਗਿਆ। ਭਾਈ ਜੈਤਾ ਰੰਗਰੇਟਾ ਸਿੱਖ ਸੀ। ਦਸਮੇਸ਼ ਜੀ ਨੇ ਉਸ ਨੂੰ ਬੜੇ ਪਿਆਰ ਨਾਲ ਛਾਤੀ ਨਾਲ ਲਾ ਲਿਆ
ਅਤੇ ਆਖਿਆ “ਰੰਗਰੇਟਾ ਗੁਰੂ ਕਾ ਬੇਟਾ!” ਗੁਰੂ ਜੀ ਤੇ ਸਿੱਖ ਸੰਗਤਾਂ ਵੱਲੋਂ ਸ਼ਰਧਾ ਤੇ ਸਤਿਕਾਰ ਨਾਲ ‘ਸੀਸ’ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ। ਹੁਣ ਇਸ ਥਾਂ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ।

ਇਕ ਸ਼ਰਧਾਲੂ ਸਿੱਖ, ਲੱਖੀ ਸ਼ਾਹ ਲੁਬਾਣਾ ਜਾਨ ਦੀ ਪਰਵਾਹ ਨਾ ਕਰਦਾ ਹੋਇਆ ਪਹਿਰੇਦਾਰਾਂ ਦੀ ਨਜ਼ਰ ਤੋਂ ਬਚ ਕੇ ਗੁਰੂ ਜੀ ਦੇ ਧੜ ਨੂੰ ਕੱਪੜੇ ’ਚ ਲਪੇਟ ਕੇ ਆਪਣੇ ਘਰ ਲੈ ਆਇਆ ਅਤੇ ਬੜੇ ਅਦਬ ਨਾਲ ਪਲੰਘ ਉੱਪਰ ਪਾ ਕੇ ਆਪਣੇ ਘਰ ਨੂੰ ਅੱਗ ਲਾ ਦਿੱਤੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਪਵੇ। ਦੂਜੇ ਦਿਨ ਅਸਥੀਆਂ ਇਕੱਤਰ ਕਰ ਕੇ ਇਕ ਗਾਗਰ ਵਿਚ ਪਾ ਲਈਆਂ ਅਤੇ ਗਾਗਰ ਧਰਤੀ ’ਚ ਦਫ਼ਨਾ ਦਿੱਤੀ। ਦਿੱਲੀ ’ਚ, ਇਸ ਥਾਂ ’ਤੇ ਗੁਰਦੁਆਰਾ ਰਕਾਬਗੰਜ ਬਣਿਆ ਹੋਇਆ ਹੈ।

ਸ਼ਹਾਦਤ ਦੀ ਵਲੱਖਣਤਾ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਸ਼ਹਾਦਤ ਕਈ ਪੱਖਾਂ ਤੋਂ ਮਹਾਨ ਤੇ ਵਿਲੱਖਣ ਹੈ। ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਆਮ ਤੌਰ ’ਤੇ ਕਾਤਲ ਮਕਤੂਲ ਪਾਸ ਜਾਂਦਾ ਹੈ ਪਰੰਤੂ ਗੁਰੂ ਸਾਹਿਬ ਆਪ ਸ਼ਹਾਦਤ ਲਈ ਦਿੱਲੀ ਗਏ ਅਤੇ ਉੱਥੇ ਜਾ ਕੇ ਆਪਣੇ ਸਰੀਰ ਦਾ ਠੀਕਰਾ ਔਰੰਗਜ਼ੇਬ ਦੀ ਜ਼ਾਲਮ ਸਰਕਾਰ ਦੇ ਸਿਰ ਭੰਨਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਥਨ ਅਨੁਸਾਰ ਇਹ ਸ਼ਹਾਦਤ ‘ਤਿਲਕ ਜੰਞੂ’ ਦੀ ਸਲਾਮਤੀ ਲਈ ਦਿੱਤੀ ਗਈ, ਜਿਵੇਂ:

ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਆ ਪਰ ਸੀ ਨ ਉਚਰੀ॥੧੩॥
ਧਰਮ ਹੇਤ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰੁ ਸਿਰਰੁ ਨ ਦੀਆ॥
ਨਾਟਕ ਚੇਟਕ ਕੀਏ ਕੁਕਾਜਾ॥ ਪ੍ਰਭ ਲੋਗਨ ਕਹ ਆਵਤ ਲਾਜਾ॥੧੪॥

ਇਸ ਤਰ੍ਹਾਂ ਇਹ ਸ਼ਹਾਦਤ ‘ਤਿਲਕ ਜੰਞੂ’ ਦੀ ਰੱਖਿਆ ਲਈ ਦਿੱਤੀ ਗਈ ਜਦ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਰਸਮ ਦਾ ਵਿਰੋਧ ਕੀਤਾ ਸੀ। ਦਰਅਸਲ, ਮੁੱਦਾ ‘ਤਿਲਕ ਜੰਞੂ’ ਦਾ ਨਹੀਂ ਸੀ, ਧਰਮ ਦੀ ਅਜ਼ਾਦੀ ਦਾ ਸੀ, ਪਾਠ-ਪੂਜਾ ਦੀ ਖੁੱਲ੍ਹ ਦਾ ਸੀ, ਜ਼ੁਲਮ-ਜਬਰ ਦੀ ਵਿਰੋਧਤਾ ਦਾ ਸੀ। ਪੰਜਾਬੀ ਕਵੀ ਸੋਹਣ ਸਿੰਘ ਮੀਸ਼ਾ ਨੇ ਖ਼ੂਬ ਕਿਹਾ ਹੈ:

ਗੁਰੂ ਨੇ ਦੱਸਿਆ ਸਾਨੂੰ, ਹੈ ਬਣ ਕੇ ਹਿੰਦ ਦੀ ਚਾਦਰ।
ਧਰਮ ਸਾਰੇ ਪਵਿੱਤਰ ਨੇ, ਕਰੋ ਹਰ ਧਰਮ ਦਾ ਆਦਰ।...
ਬਣੀ ਹੁੰਦੀ ਅਜਿਹੀ ਭੀੜ ਜੇ ਸੁੰਨਤ ਨਮਾਜ਼ ਉੱਤੇ।
ਜਾਂ ਲਗਦੀ ਰੋਕ ਕਿਧਰੇ ਵੀ ਅਜ਼ਾਨਾਂ ਦੀ ਅਵਾਜ਼ ਉੱਤੇ।
ਗੁਰੂ ਨੇ ਤਦ ਵੀ ਏਦਾਂ ਹੀ ਦੁਖੀ ਦੀ ਪੀੜ ਹਰਨੀ ਸੀ।
ਸੀ ਦੇਣਾ ਸੀਸ ਏਦਾਂ ਹੀ, ਨਾ ਮੁੱਖ ਤੋਂ ਸੀ ਉਚਰਨੀ ਸੀ।


ਆਪਣੀ ਜਾਨ ਵਾਰ ਦੇਣੀ ਤੇ ਆਪਣੇ ਦੇਸ਼ ਦੀ ਰੱਖਿਆ ਲਈ ਮੌਤ ਕਬੂਲ ਕਰ ਲੈਣੀ ਵੀ ਕੋਈ ਘੱਟ ਆਤਮਿਕ ਸੂਰਮਗਤੀ ਦੀ ਗੱਲ ਨਹੀਂ, ਪਰ ਕਿਸੇ ਦੂਜੇ ਮਜ਼੍ਹਬ ਦੀ ਰਾਖੀ ਲਈ ਆਪਾ ਨਿਛਾਵਰ ਕਰ ਦੇਣਾ ਤਾਂ ਆਪਣੇ ਆਪੇ ਦੇ ਹਰ ਵਿਸਥਾਰ ਨੂੰ ਉਲੰਘ ਕੇ ਸਮੁੱਚੀ ਮਾਨਵਤਾ ਜਿੱਡਾ ਵਿਸ਼ਾਲ ਹੋ ਜਾਣਾ ਹੈ। ਇਸ ਸ਼ਹਾਦਤ ਨੇ ਜ਼ਮੀਰ ਦੀ ਅਜ਼ਾਦੀ ਦੀ ਰੱਖਿਆ ਲਈ ਰਾਹ ਪੱਧਰਾ ਕੀਤਾ। ਪ੍ਰਸਿੱਧ ਇਤਿਹਾਸਕਾਰ ਡਾ. ਜੇ. ਐੱਸ. ਗਰੇਵਾਲ ਦੇ ਵਿਚਾਰ ਅਨੁਸਾਰ, “ਗੁਰੂ ਤੇਗ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਦੀ ਪ੍ਰਾਪਤੀ ਤੇ ਕਾਮਯਾਬੀ ਲਈ ਰਾਹ ਬਣਾਇਆ ਜਿਸ ਦੇ ਸਿੱਟੇ ਵਜੋਂ ਹੀ ਗੁਰੂ ਗੋਬਿੰਦ ਸਿੰਘ ਨੇ ਸਿੱਖ ਪੰਥ ਨੂੰ ਇਕ ਨਵੀਂ ਏਕਤਾ ਪ੍ਰਦਾਨ ਕੀਤੀ ਅਤੇ ਉਸ ਨੂੰ ਸਮੇਂ ਦੀ ਸਰਕਾਰ ਵਿਰੁੱਧ ਆਪਣੀ ਜ਼ਮੀਰ ਦੀ ਆਵਾਜ਼ ਦੀ ਰਾਖੀ ਕਰਨ ਦੇ ਯੋਗ ਬਣਾਇਆ। ਅਠਾਰ੍ਹਵੀਂ ਸਦੀ ਦੌਰਾਨ ਸਿੱਖਾਂ ਦੁਆਰਾ ਹਾਸਲ ਕੀਤੀ ਰਾਜਨੀਤਿਕ ਅਜ਼ਾਦੀ ਜ਼ਮੀਰ ਦੀ ਅਜ਼ਾਦੀ ਦਾ ਹੀ ਤਰਕਸ਼ੀਲ ਅਤੇ ਇਤਿਹਾਸਕ ਵਿਕਾਸ ਸੀ ਜਿਸ ਦੀ ਰਾਖੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਕੀਤੀ ਅਤੇ ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਭਵ ਬਣਾਇਆ।”

ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਅਦੁੱਤੀ ਸ਼ਹਾਦਤ ਦੇ ਫਲਸਰੂਪ ਸਿੱਖ ਜਗਤ ’ਚ ਰੋਸ ਤੇ ਰੋਹ ਦੀ ਜਵਾਲਾ ਭੜਕ ਉੱਠੀ। ਧਰਮ ਦੀ ਰੱਖਿਆ ਲਈ ਤੇ ਜ਼ੁਲਮ ਦੇ ਨਾਸ਼ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਨੁਮਾਈ ਹੇਠ ਖੜਗ ਤੇ ਖੰਡਾ ਲੈ ਕੇ ਸਿਰਲੱਥ ਸਿੰਘ ਸੂਰਮੇ ਰਣਭੂਮੀ ’ਚ ਆਉਣ ਲੱਗੇ। ਉਹ ਸ਼ਮਸ਼ੀਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਆ ਗਈ ਜਿਸ ਲਈ ਫੌਲਾਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਿਆਰ ਕੀਤਾ ਸੀ। ਸਿੱਖੀ ਦਾ ‘ਸੰਤ’ ਸਰੂਪ ਪੂਰੀ ਤਰ੍ਹਾਂ ‘ਸੰਤ-ਸਿਪਾਹੀ’ ਦੇ ਸਰੂਪ ’ਚ ਰੂਪਾਂਤ੍ਰਿਤ ਹੋ ਗਿਆ। ਖਾਲਸਾ ਪੰਥ ਦੀ ਸਿਰਜਨਾ ਲਈ ਆਧਾਰ-ਭੂਮੀ ਤਿਆਰ ਹੋ ਗਈ ਅਤੇ ਮੁਗ਼ਲ ਸਾਮਰਾਜ ਦੀਆਂ ਜੜ੍ਹਾਂ ਖੋਖਲੀਆਂ ਹੋਣ ਲੱਗੀਆਂ।

References:

. J.N. Sarkar, Aurangzeb, p.111
. S.M. Latif, History of Punjab, p. 175-76
. Maucauliffe, Life of Guru Teg Bahader, p. 39
. Prof. Puran Singh, The Ten Masters, p. 92
. ਪ੍ਰੀਤਲੜੀ, ਦਸੰਬਰ ੧੯੭੫, ਸਫ਼ਾ ੫੧
. ਉਹੀ, ਸਫ਼ਾ ੧੯
. Sir, Gokal Chand Narang, Transformation of Sikhism, p. 17




FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ

ਧੁਰ ਕੀ ਬਾਣੀ ਸ੍ਰੀ ਗੁਰੂ ਗੰਥ੍ਰ ਸਾਹਿਬ ਜੀ

Singh : The New Marathon King

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 2)

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 1)

ਭਾਦਉ

ਗੁਰਮਤਿ ਵਿੱਚ ਮੀਰੀ-ਪੀਰੀ ਜਾਂ ਭਗਤੀ ਸ਼ਕਤੀ ਦਾ ਸੰਕਲਪ?

ਆਸਾੜੁ ਭਲਾ ਸੂਰਜੁ ਗਗਨਿ ਤਪੈ॥

ਹਰਿ ਜੇਠਿ ਜੁੜੰਦਾ ਲੋੜੀਐ

॥ਚੇਤਿ ਮਿਲਾਏ ਸੋ ਪ੍ਰਭੂ, ਤਿਸ ਕੈ ਪਾਇ ਲਗਾ ॥

ਸ੍ਰੀ ਹਰਿ ਰਾਇ ਸਾਹਿਬ ਜੀ ਦੇ ਜੀਵਨ ਕਾਰਨਾਮਿਆਂ ਦੀ ਵਰਤਮਾਨ ਪ੍ਰਸੰਗਿਕਤਾ

ਤਿਲਕ ਜੰਞੂ ਰਾਖਾ ਪ੍ਰਭ ਤਾਕਾ

Shaheedi of Guru Teg Bahadur Sahib