Sunday, July 12, 2026

Established 2005 • ISSN Registration : 1930-0107

ਵਿਸਾਖੀ ਦਾ ਕ੍ਰਿਸ਼ਮਾ - The Vaisakhi Miracle

Panthic Archives Article (Category: Inspirational)

Originally published on: April 25, 2007
Author/Source: Prof. Piara Singh 'Padam'

ਅੱਜ ਤੋਂ ਤਿੰਨ ਸਦੀਆਂ ਪਹਿਲੇ ਦੀ ਗੱਲ ਹੈ, ਜੋਬਨ-ਮੱਤੀਆਂ ਸੁਨਹਿਰੀ ਕਣਕਾਂ ਦੇ ਸਿਰਾਂ ’ਤੇ ਮੋਤੀਆਂ ਦੀਆਂ ਲੜੀਆਂ ਝਿਲਮਿਲਾ ਰਹੀਆਂ ਸਨ, ਲੋਕ-ਯੁੱਗ ਦੇ ਸੁਨਹਿਰੀ ਸਿੱਟੇ ਪੱਕਣ ’ਤੇ ਆਏ ਹੋਏ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਣਕਾਂ ਵਾਂਗ ਜੋਬਨ ’ਤੇ ਪਹੁੰਚੀ ਜੀਵਨ (ਸਿੱਖ) ਲਹਿਰ ਨੂੰ ਅਮਰ ਕਰਨ ਖ਼ਾਤਰ ਅੰਮ੍ਰਿਤ ਪਿਲਾਇਆ ਤਾਂ ਕਿ ਮੌਤ ਉਸ ਨੂੰ ਡਰਾ ਨਾ ਸਕੇ। ਫਿਰ ਹੱਥ ਵਿਚ ਤੇਗ ਫੜਾਈ ਜਿਸ ਨਾਲ ਉਹ ਲੋਕ-ਸ਼ਕਤੀਆਂ ਦੇ ਵਿਰੋਧੀ ਅਨਸਰ ਨੂੰ ਮੌਤ ਦੇ ਸਪੁਰਦ ਕਰਦੀ ਜਾਵੇ।

ਦਿਨ ਵਿਸਾਖੀ ਦਾ ਸੀ ਜਦੋਂ ਗੁਰੂ ਸਾਹਿਬ ਨੇ ਇਹ ਪ੍ਰਤਿੱਗਿਆ ਦੁਹਰਾਈ ਕਿ ਨਿੱਘਰੀ ਢੱਠੀ ਮਨੁੱਖਤਾ ਨੂੰ ਹੁਣ ਸ਼ਾਹੀ ਸਿੰਘਾਸਨ ’ਤੇ ਬੈਠਾਇਆ ਜਾਵੇਗਾ। ਮੈਂ ਆਪਣੇ ਅਕਾਲ ਪੁਰਖ ਦੀ ਬਰਕਤ ਸਦਕੇ ਦਲਿਤਾਂ, ਨੀਚਾਂ ਤੇ ਮਿੱਟੀ-ਘੱਟੇ ਵਿਚ ਰੁਲ਼ ਰਹੇ ਕੀਟਾਂ ਨੂੰ ਜ਼ਿੰਦਗੀ ਦੇ ਸਰਦਾਰ ਬਣਾਵਾਂਗਾ ਤੇ ਦੁਨੀਆਂ ਯਾਦ ਕਰੇਗੀ ਕਿ ਕੋਈ ਧਰਤੀ ’ਤੇ ਆਇਆ ਸੀ, ਮੇਰਾ ਨਾਂ ਵੀ ਗੁਰੂ ਗੋਬਿੰਦ ਸਿੰਘ ਹੈ:

-ਸਤ ਸਨਾਤਿ ਔ ਬਾਰਹ ਜਾਤ, ਜਾਨ ਨਹਿ ਰਾਜਨੀਤ ਕੀ ਬਾਤ।
ਜੱਟ ਬੂਟ ਕਹਿਂ ਜਿਂਹ ਜਗ ਮਾਂਹੀਂ, ਬਣੀਏ ਬਕਾਲ ਕਿਰਾੜ ਖੱਤ੍ਰੀ ਸਦਾਈਂ।
ਲੁਹਾਰ ਤ੍ਰਖਾਣ ਹੁਤ ਜਾਤ ਕਮੀਨੀ, ਛੀਪੋ ਕਲਾਲ ਨੀਚਨ ਪੈ ਕ੍ਰਿਪਾ ਕੀਨੀ।
ਗੁੱਜਰ ਗ੍ਵਾਰ ਹੀਰ ਕਮਜਾਤ, ਕੰਬੋਇ ਸੂਦਨ ਕੋਇ ਨ ਪੁਛੈ ਨ ਬਾਤ।21।
ਝੀਵਰ ਨਾਈ ਰੋੜੇ ਘੁਮਿਆਰ, ਸਾਇਣੀ ਸੁਨਿਆਰੇ ਚੂੜ੍ਹੇ ਚਮਿਆਰ।
ਭੱਟ ਔ ਬਾਹਮਣ ਹੁਤੇ ਮੰਗਵਾਰ, ਬਹੁਰੂਪੀਏ ਲੁਬਣੇ ਔ ਬਟਵਾਲ।22।
ਇਨ ਗ੍ਰੀਬ ਸਿਘਨ ਕੌ ਦਯੈ ਪਾਤਿਸ਼ਾਹੀ, ਏ ਯਾਦ ਰਖੈਂ ਹਮਰੀ ਗੁਰਿਆਈ।
(ਪੰਥ ਪ੍ਰਕਾਸ਼, ਕ੍ਰਿਤ ਰਤਨ ਸਿੰਘ ਭੰਗੂ)

-ਨਾਮ ਗ੍ਰੀਬ ਨਿਵਾਜ ਹਮਾਰਾ। ਹੈ ਜਗਮੈਂ ਪਰਸਿਧ ਅਪਾਰਾ।
ਸੋ ਸਫਲਾ ਜਗਮੈਂ ਤਬ ਥੈਹੈ। ਲਘੁ ਜਾਤਿਨ ਕੋ ਬਡਪਨ ਦੈ ਹੈਂ।
ਜਿਨ ਕੀ ਜਾਤਿ ਔਰ ਕੁਲ ਮਾਂਹੀਂ। ਸਰਦਾਰੀ ਨਹਿ ਭਈ ਕਦਾਹੀਂ।
ਕੀਟਨ ਤੈ ਇਨ ਕੋ ਮ੍ਰਿਗਿੰਦੂ। ਕਰੋ ਹਰਨ ਹਿਤ ਤੁਰਕ ਗਜਿੰਦੂ।
ਇਨ ਹੀ ਕੋ ਸਰਦਾਰ ਬਨਾਵੋਂ। ਤਬੈ ਗੋਬਿੰਦ ਸਿੰਘ ਨਾਮ ਸਦਾਵੋਂ।7।
(ਪੰਥ ਪ੍ਰਕਾਸ਼, ਕ੍ਰਿਤ ਗਿ. ਗਿਆਨ ਸਿੰਘ)

ਗੱਲਾਂ ਉਹੋ ਹੋਈਆਂ ਜੋ ਜਨਤਾ ਦਾ ਪੈਗ਼ੰਬਰ ਚਾਹੁੰਦਾ ਸੀ। ਉਸ ਅਗੰਮੜੇ ਮਰਦ ਨੇ ਸਦੀਆਂ ਤੋਂ ਪੱਤਝੜ ਦੀ ਮਾਰੀ ਹਿੰਦੁਸਤਾਨੀ ਜਨਤਾ ਦੇ ਜੀਵਨ ਵਿਚ ਇਨਕਲਾਬੀ ਬਹਾਰਾਂ ਲਿਆ ਕੇ ਗੁਲਜ਼ਾਰਾਂ ਖਿੜਾਈਆਂ। ਇਹ ਇਕ ਵੱਡੀ ਕਰਾਮਾਤ ਸੀ, ਇਹ ਸ਼ਾਇਰ ਦੀ ਉਸ ਕਲਪਨਾ ਦਾ ਜਵਾਬ ਸੀ, ਜੋ ਦੇਰ ਤੋਂ ਮੰਗ ਕਰ ਰਿਹਾ ਸੀ:

ਬਹਾਰ ਮੇਂ ਮੱਟੀ ਭੀ ਉਗਲ ਦੇਤੀ ਹੈ ਫੂਲ,
ਮਰਦ ਹੈ, ਤੋ ਖਿਜ਼ਾ ਮੇਂ ਬਹਾਰ ਪੈਦਾ ਕਰ।

ਦੁਨੀਆਂ ਨੇ ਵੇਖਿਆ ਕਿ ਮਾਮੂਲੀ ਤੋਂ ਮਾਮੂਲੀ ਚਿੜੀਆਂ ਵਰਗੇ ਲੋਕਾਂ ਨੂੰ ਤੇਗਾਂ ਫੜਾ ਕੇ ਸ਼ਹਿਨਸ਼ਾਹੀਅਤ ਨਾਲ ਟਕਰਾਇਆ ਗਿਆ, ਅਮਰ ਤੋਂ ਨਿਰਭੈ ਜਾਗੀ ਜਨਤਾ ਨੇ ਆਪਣੀ ਵਚਿੱਤਰ ਸ਼ਕਤੀ ਨਾਲ ਸਾਮਰਾਜੀ ਹਾਥੀ ਨੂੰ ਪਿਛਾਂਹ ਧਕੇਲਿਆ। ਧਰਮ ਦੇ ਪਰਦੇ ਹੇਠ ਸਮਾਜ ਨੂੰ ਵਿੱਚੋਂ ਵਿਚ ਖਾ ਰਹੀ ਬ੍ਰਾਹਮਣੀ ਸ਼ਹਿਨਸ਼ਾਹੀਅਤ ਤੇ ਲੋਕ-ਮਾਰੂ ਮੁਗ਼ਲ ਸ਼ਹਿਨਸ਼ਾਹੀਅਤ ਦੋਹਾਂ ਨੂੰ ਵੰਗਾਰ ਕੇ ਥਾਂ ਮਾਰਿਆ ਅਤੇ ਕਲਗੀਆਂ ਵਾਲੇ ਨੇ ਖੁਦ ਘਾਹੀ ਸਿੱਖਾਂ ਦੇ ਸਿਰਾਂ ’ਤੇ ਕਲਗੀਆ ਸਜਾਈਆਂ। ਇਹ ਸੁੰਦਰ ਬਾਂਕੀ ਸੂਰਤ ਵੇਖ ਕੇ ਖੁਦ ਗੁਰੂ ਦੀ ਆਤਮਾ ਮੁਸਕਰਾਂਦੀ ਹੋਈ ਇਉਂ ਗੁਣਗੁਣਾ ਰਹੀ ਸੀ:

ਖਾਲਸਾ ਮੇਰੋ ਰੂਪ ਹੈ ਖਾਸ। ਖਾਲਸੇ ਮਹਿ ਹਉ ਕਰਉ ਨਿਵਾਸ।....
ਖਾਲਸੇ ਮੇਰੋ ਪਿੰਡ ਪ੍ਰਾਨ। ਖਾਲਸਾ ਮੇਰੀ ਜਾਨ ਕੀ ਜਾਨ।

ਸ੍ਰੀ ਗੁਰੂ ਗੋਬਿੰਦ ਸਿੰਘ ਆਪ ਖਾਲਸਾ ਬਣੇ ਤੇ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਬਣਾਇਆ। ਇਹ ਗੁਰੂ ਚੇਲੇ ਦਾ ਕੌਤਕ ਸੱਚਮੁਚ ਹੀ ਵਾਹ-ਵਾਹ ਦੇ ਯੋਗ ਸੀ, ਦੁਨੀਆਂ ਨੇ ਗੱਜ ਕੇ ਹਾਮੀ ਭਰਦਿਆਂ ਆਖਿਆ:

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।

ਸ੍ਰੀ ਗੁਰੂ ਗੋਬਿੰਦ ਸਿੰਘ ਇਸ ਲਈ ਵਾਹ-ਵਾਹ ਨਹੀਂ ਕਿ ਉਹ ਆਪਣੇ ਚੇਲਿਆਂ ਨੂੰ ਬਹਿਸ਼ਤਾਂ ਦੇ ਪਟੇ ਲਿਖ ਕੇ ਦੇ ਗਏ ਤੇ ਨਾ ਹੀ ਕਲਗੀ ਵਾਲੇ ਦੀ ਵਾਹ-ਵਾਹ ਇਸ ਲਈ ਕਿ ਉਸ ਆਪਣੀ ਉੱਮਤ ਦੀ ਖੁਦਾ ਪਾਸ ਸਿਫਾਰਸ਼ ਕਰਨ ਦਾ ਜ਼ਿੰਮਾ ਲਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਤਾਂ ਇਸ ਲਈ ਵਾਹ-ਵਾਹ ਦੇ ਯੋਗ ਹੋਏ ਕਿਉਂਕਿ ਉਸ ਕੀਟਾਂ ਨੂੰ ਸਿੰਘਾਸਨ ’ਤੇ ਬਿਠਾਇਆ ਤੇ ਮੈਲੇ, ਕੁਚੈਲੇ, ਡਿੱਗਿਆਂ-ਢੱਠਿਆਂ ਨੂੰ ਸਿੰਘ ਬਣਾਇਆ। ਮਨੁੱਖ ਦੀ ਅੰਦਰਲੀ ਜੋਤਿ ਨੂੰ ਜਗਾ ਕੇ ਅੰਧਕਾਰੀ ਸੰਸਾਰ ਨੂੰ ਜਗਮਗਾ ਦੇਣਾ ਉਸ ਦੀ ਮਹਾਨ ਕਰਾਮਾਤ ਸੀ।

ਲੋਕ-ਯੁੱਗ ਦਾ ਮੋਢੀ ਮਹਾਨ ਗੁਰੂ ਇਹ ਚਾਹੁੰਦਾ ਸੀ ਕਿ ਜ਼ਿੰਦਗੀ ਦੀ ਗੁਰਿਆਈ ਧਰਤੀ ਦੇ ਸਰਦਾਰ ਨੂੰ ਸੌਂਪੀ ਜਾਵੇ। ਇਹ ਨਾ ਹੋਵੇ ਕਿ ਲੋਕ ਸਦਾ ਅਰਸ਼ਾਂ ਤੋਂ ਉਤਰਨ ਵਾਲੇ ਨਬੀਆਂ, ਪੀਰਾਂ ਜਾਂ ਅਵਤਾਰਾਂ ਦੀ ਉਡੀਕ ਵਿਚ ਵਿਅਰਥ ਸਮਾਂ ਗੁਆਉਂਦੇ ਰਹਿਣ। ਸੋ ਉਨ੍ਹਾਂ ਕਲਾ ਵਰਤਾ ਕੇ ਮਨੁੱਖ ਦੇ ਅੰਦਰਲੇ ਰੱਬ ਨੂੰ ਜਗਾਇਆ। ‘ਮਨ ਤੂੰ ਜੋਤਿ ਸਰੂਪੁ ਹੈ’ ਦਾ ਮੰਤਰ ਦ੍ਰਿੜ੍ਹਾਉਣ ਦਾ ਮੰਤਵ ਇਹ ਸੀ ਕਿ ਪਰਮੇਸ਼ਰ ਦਾ ਸ਼ਹਿਜਾਦਾ ਨਿਰਧਨਾਂ ਵਾਂਗ ਦਿਨ ਨਾ ਬਿਤਾਵੇ, ਸਗੋਂ ਚੰਗੀ ਤਰ੍ਹਾਂ ਜਾਣੇ ਕਿ ਦੇਗ ਅਤੇ ਤੇਗ ਉਸ ਦੇ ਖੱਬੇ ਹੱਥ ਦੇ ਕਰਤੱਵ ਹਨ।

ਗੁਰੂ ਸਾਹਿਬ, ਇਸ ਤੋਂ ਵੀ ਜ਼ਰਾ ਹੋਰ ਅਗੇਰੇ ਗਏ। ਉਨ੍ਹਾਂ ਦੁਨੀਆਂ ਸਾਹਮਣੇ ਸਪੱਸ਼ਟ ਕੀਤਾ:

'ਮੈਨੂੰ ਤਾਂ ਇਸ ਜਾਗਦੀ ਅਮਰ ਜਨਤਾ ਦੀ ਸੇਵਾ ਪਸੰਦ ਹੈ ਅਤੇ ਹੋਰ ਕਿਸੇ ਦੇਵੀ-ਦੇਵਤੇ ਦੀ ਪੂਜਾ ਉਪਾਸ਼ਨਾ ਨਹੀਂ ਭਾਉਂਦੀ। ਜੇ ਕਿਸੇ ਨੂੰ ਇਹ ਖ਼ਿਆਲ ਹੈ ਕਿ ਮੇਰਾ ਇਥੇ ਦਾਨ ਕੀਤਾ ਅੱਗੇ ਸਹਾਈ ਹੋਵੇ, ਉਹ ਲੋਕ-ਭਲਾਈ ਲਈ ਦਾਨ ਕਰੇ ਹੋਰ ਦਾਨ ਕਿਸੇ ਕੰਮ ਨਹੀਂ ਆਵੇਗਾ।'

'ਮੇਰੇ ਪਾਸ ਵੀ ਜੋ ਕੁਛ ਹੈ, ਦੌਲਤ, ਘਰ-ਬਾਰ, ਮੇਰਾ ਆਪਣਾ ਸਰੀਰ, ਸਭ ਕੁਝ ਇਸ ਲੋਕ ਦੇਵਤਾ ਅੱਗੇ ਸਮਰਪਣ ਹੈ।'

ਮੈਂ ਇਸ ਲੋਕ ਸ਼ਕਤੀ ਦੇ ਸਦਕੇ ਹੀ ਸਭ ਧਰਮ-ਯੁੱਧ ਜਿੱਤੇ ਤੇ ਸ਼ੈਤਾਨੀ ਤਾਕਤ ਨੂੰ ਹਾਰ ਦਿੱਤੀ ਹੈ। ਸੱਚ ਪੁੱਛੋ ਤਾਂ ਮੈਂ ਨਾਚੀਜ਼ ਨੂੰ 'ਕਲਗੀਵਾਲਾ' ਬਣਾਉਣ ਵਾਲੀ ਇਹ ਜਿਉਂਦੀ-ਜਾਗਦੀ ਅਮਰ ਜਨਤਾ ਹੀ ਹੈ:

ਇਨਹੀ ਕੇ ਪ੍ਰਸਾਦਿ ਸੁਬਿਦਿਆ ਲਈ ਇਨਹੀ ਕੀ ਕ੍ਰਿਪਾ ਸਭ ਸਤ੍ਰ ਮਰੇ।
ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀਂ ਮੋ ਸੇ ਗਰੀਬ ਕਰੋਰ ਪਰੇ।
(ਸਵੱਯੇ ਪਾ: 10, ਦਸਮ ਗ੍ਰੰਥ)

ਇਹ ਲੋਕ ਯੁੱਗ ਦੇ ਮੋਢੀ ਮਹਾਨ ਗੁਰੂ ਦੇ ਆਪਣੇ ਸ਼ਬਦ ਹਨ, ਜਿਨ੍ਹਾਂ ਰਾਹੀਂ ਉਨ੍ਹਾਂ ਜ਼ਿੰਦਗੀ ਦੀ ਗੁਰਿਆਈ ਜਾਗਦੀ ਜਨਤਾ ਨੂੰ ਸੌਂਪ ਕੇ ਹਰ ਤਰ੍ਹਾਂ ਦੀ ਸ਼ਖ਼ਸੀ ਗ਼ੁਲਾਮੀ ਦਾ ਖ਼ਾਤਮਾ ਕਰ ਦਿੱਤਾ। ਗੁਰੂ ਸਾਹਿਬਾਨ ਨੇ ਦੋ ਸੌ ਵਰ੍ਹੇ ਦੀ ਘਾਲ ਦੁਆਰਾ ਜਨਤਾ ਨੂੰ ਇਤਨਾ ਨਿਪੁੰਨ ਤੇ ਬਲਵਾਨ ਬਣਾ ਦਿੱਤਾ ਕਿ ਉਹ ਸੱਚਮੁਚ ਪੈਗ਼ੰਬਰੀ ਦੇ ਯੋਗ ਹੋ ਗਈ। ਇਉਂ ਸੰਗਤ ਜਾਂ ਪੰਥ ਨੂੰ ਗੁਰੂ ਥਾਪਿਆ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਵਰਗਾ ਮਹਾਂ ਪੁਰਸ਼ ਇਸ ਦਾ ਪਹਿਲਾ ਸ਼ਿਸ਼ ਬਣਿਆ, ਜਿਸ ਨੇ ਇਸ ਤੋਂ ਪਾਹੁਲ ਲਈ। ਦੁਨੀਆਂ ਦੇ ਇਤਿਹਾਸ ਵਿਚ ਜਾਗ੍ਰਿਤ ਜਨਤਾ ਨੂੰ ਗੁਰੂ ਮੰਨਣ ਦੀ ਸ਼ਾਇਦ ਇਹ ਪਹਿਲੀ ਘਟਨਾ ਸੀ ਜਦੋਂ ਕਿ ਅਜੇ ਰਾਜਸੀ ਸੰਸਾਰ ਵਿਚ ਵੀ ਡੈਮੋਕ੍ਰੇਸੀ ਜਾਂ ਲੋਕ ਰਾਜ ਨਾਂ ਦੀ ਕੋਈ ਚੀਜ਼ ਮੂਰਤੀਮਾਨ ਵੀ ਨਹੀਂ ਸੀ ਹੋਈ। ਇਹ ਸਭ ਵਿਸਾਖੀ ਦਾ ਕ੍ਰਿਸ਼ਮਾ ਸੀ:

1. ਸ੍ਰੀ ਅਨੰਦਪੁਰ ਸਾਹਿਬ ਦੀ ਵਿਸਾਖੀ ਦੀ ਇਹ ਵੀ ਇਕ ਗ਼ੈਰ-ਮਾਮੂਲੀ ਘਟਨਾ ਸੀ ਕਿ ਸੱਚੇ ਪ੍ਰੇਮ ਮਾਰਗ ਵਿਚ ਸਿਰ ਦੇਣ ਇਕ ਮਾਮੂਲੀ ਗੱਲ ਹੈ।

2. ਜਾਤ-ਪਾਤ ਦੇ ਹੱਦ-ਬੰਨੇ ਭੰਨ ਕੇ ਮਨੁੱਖੀ ਸਮਾਨਤਾ ਵਿਚ ਵਿਸ਼ਵਾਸ ਦ੍ਰਿੜ੍ਹਾਉਣਾ ਇਕ ਹੋਰ ਕਰਾਮਾਤ ਸੀ। ਰੱਬ ਦੇ ਸ਼ਹਿਜ਼ਾਦੇ ਮਨੁੱਖ ਨੂੰ 'ਸਿੰਘ-ਸ਼ੇਰ' ਦਾ ਖਿਤਾਬ ਅਤੇ ਅਬਲਾ ਨਿਮਾਣੀ ਨੂੰ 'ਕੌਰ' ਕਹਿ ਕੇ ਸਨਮਾਨਣਾ ਇਸ ਸਮਾਨਤਾ ਦਾ ਅਭੇਦ ਵਰਤਾਰਾ ਸੀ।

3. ਸ੍ਰੀ ਗੁਰੂ ਗੋਬਿੰਦ ਸਿੰਘ ਦਾ ਖੰਡਾ ਤੇ ਮਾਤਾ ਸਾਹਿਬ ਵੱਲੋਂ ਪਾਏ ਪਤਾਸੇ ਇਸ ਗੱਲ ਦਾ ਸੰਕੇਤ ਸਨ ਕਿ ਜ਼ਿੰਦਗੀ ਜਿਊਣ ਲਈ ਤੇਜ਼ ਤੇ ਮਧੁਰਤਾ ਦੋਹਾਂ ਦੀ ਲੋੜ ਹੈ।

4. ਪੁਰਾਣੀ ਧਾਰਮਿਕ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਲਈ ਇਕ ਹੋਰ ਕਦਮ ਉਠਾਇਆ ਗਿਆ ਕਿ ਜਾਗ੍ਰਿਤ ਜਨਤਾ (ਪੰਥ) ਗੁਰੂ ਹੈ, ਹੋਰ ਕੋਈ ਗੁਰੂ ਨਹੀਂ। ਇਸ ਗੁਰੂ ਤੋਂ ਗੋਬਿੰਦ ਸਿੰਘ ਵਰਗਾ ਮਹਾਂ ਪੁਰਸ਼ ਵੀ ਪਾਹੁਲ ਲੈਣਾ ਫਖ਼ਰ ਸਮਝਦਾ ਹੈ।

5. ਇਸ ਮਰਯਾਦਾ ਨੂੰ ਚਲਾਉਣ ਜਾਂ ਅੱਗੇ ਵਧਾਉਣ ਲਈ ਕਿਸੇ ਗ਼ੈਬੀ ਅਵਤਾਰ ਦੀ ਲੋੜ ਨਹੀਂ ਸਗੋਂ ਅੰਮ੍ਰਿਤ-ਬਾਣੀ ਦੇ ਸਦਕੇ ਜਾਗ੍ਰਿਤ ਪੰਜ ਪੁਰਸ਼ ਕਿਤੇ ਵੀ ਇਹ ਪ੍ਰਵਾਹ ਚਲਾ ਸਕਦੇ ਹਨ।

(ਪ੍ਰੋ. ਪਿਆਰਾ ਸਿੰਘ 'ਪਦਮ')

FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀ ਸ਼ਹਾਦਤ ਤੇ ਉਸ ਦਾ ਪ੍ਰ੍ਰਭਾਵ

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ

ਧੁਰ ਕੀ ਬਾਣੀ ਸ੍ਰੀ ਗੁਰੂ ਗੰਥ੍ਰ ਸਾਹਿਬ ਜੀ

Singh : The New Marathon King