Sunday, July 12, 2026

Established 2005 • ISSN Registration : 1930-0107

ਅੰਮ੍ਰਿਤ-ਦਾਤਾ ਦਾ ਖ਼ਾਲਸੇ ਨੂੰ ਉਪਦੇਸ਼

Panthic Archives Article (Category: Inspirational)

Originally published on: April 3, 2009
Author/Source: Bhai Narain Singh, MA

ਅੰਮ੍ਰਿਤ-ਦਾਤਾ ਦਾ ਖ਼ਾਲਸੇ ਨੂੰ ਉਪਦੇਸ਼
(ਭਾਈ ਨਰੈਣ ਸਿੰਘ ਜੀ.ਐਮ.ਏ., ਗੁਰੂ ਨਾਨਕ ਦੇਵ ਮਿਸ਼ਨ, ਪਟਿਆਲਾ)


੧੬੯੯ ਦੀ ਵਿਸਾਖੀ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਕੇਸਗੜ੍ਹ ਸਾਹਿਬ ਦੇ ਸਥਾਨ ਵਿਖੇ ਖਾਲਸਾ ਸਾਜਣ ਸਮੇਂ ਜੋ ਉਪਦੇਸ਼, ਭਰੇ ਦੀਵਾਨ ਵਿਚ, ਸਿਖ-ਸੇਵਕਾਂ ਅਤੇ ਖਾਲਸਾ ਜੀ ਨੂੰ ਬਖਸ਼ਿਆ, ਉਸ ਦਾ ਸਾਰੰਸ਼ ਲੇਖਕ ਜੀ ਨੇ ਹੇਠ ਲਿਖੇ ਅਨੁਸਾਰ ਉਲੀਕਿਆ ਹੈ।

ਪੁੱਤਰ, ਮੈਂ ਤੈਨੂੰ ਓਹੋ ਕੁਝ ਦਸਦਾ ਹਾਂ ਜੋ ਮੇਰੇ ਪ੍ਰਭੂ ਨੇ ਮੈਨੂੰ ਸਮਝਾ ਕੇ ਸੰਸਾਰ ਤੇ ਭੇਜਿਆ ਹੈ। ਮੈਂ ਕੋਈ ਗੱਲ ਤੇਰੇ ਪਾਸੋਂ ਛਿਪਾ ਕੇ ਨਹੀਂ ਰਖਾਂਗਾ, ਅਤੇ ਨਾ ਕੋਈ ਵਾਧੂ ਗੱਲ ਕਰਾਂਗਾ। ਇਸ ਵਿਚ ਰਤਾ ਭਰ ਵੀ ਸ਼ੰਕਾ ਨਹੀਂ ਕਰਨੀ ਕਿ ਮੈਂ ਆਪਣੇ ਪ੍ਰਭੂ ਦਾ ਅਨਿੰਨ ਸੇਵਕ ਤੇ ਦਾਸ ਹਾਂ। ਸਰਬ ਸਮਰੱਥ ਅੰਤਰਜਾਮੀ ਉਹ ਆਪ ਹੈ, ਹੋਰ ਕੋਈ ਉਸ ਜਿਹਾ ਨਹੀਂ ਅਤੇ ਨਾ ਕਦੀ ਹੋਵੇਗਾ। ਉਸ ਨੇ ਮੈਨੂੰ ਆਪਣਾ ਪੁੱਤਰ ਕਹਿ ਕੇ ਨਿਵਾਜਿਆ ਹੈ, ਅਤੇ ਮੈਨੂੰ ਕੁਝ ਵਿਸ਼ੇਸ਼ ਹੁਕਮ ਦੇ ਕੇ ਏਥੇ ਭੇਜਿਆ ਹੈ, ਜਿਨ੍ਹਾਂ ਦੀ ਪਾਲਨਾ ਮੇਰੇ ਜ਼ਿੰਮੇ ਹੈ। ਮੇਰੇ ਪ੍ਰਭੂ ਨੇ ਮੈਨੂੰ ਇਹ ਭੀ ਭਰੋਸਾ ਦਿਤਾ ਹੈ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਜਾ ਲਿਆਉਣ ਵਿਚ ਪ੍ਰਭੂ ਮੇਰੀ ਮਦਦ ਕਰਨਗੇ, ਇਸ ਲਈ ਮੇਰੇ ਅੰਦਰ ਕਿਸੇ ਤਰ੍ਹਾਂ ਦਾ ਭੈ ਨਹੀਂ ਹੈ।

ਮੇਰੇ ਪ੍ਰਭੂ ਦਾ ਹੁਕਮ ਹੈ ਕਿ ਮੈਂ ਧਰਮ ਨੂੰ ਪ੍ਰਚੁਰ ਕਰਾਂ, ਸੰਤਾਂ ਦਾ ਸਹਾਈ ਹੋਵਾਂ ਅਤੇ ਦੁਸ਼ਟਾਂ ਦੀ ਜੜ੍ਹ ਪੁਟਾਂ, ਜਿਸ ਦੇ ਲਈ ਮੈਂ ਹਰ ਤਰ੍ਹਾਂ ਦੀ ਸਮਰੱਥਾ ਆਪਣੇ ਪ੍ਰਭੂ ਤੋਂ ਲੈਂਦਾ ਹੈ, ਹੋਰ ਕਿਸੇ ਦੇਵੀ ਦੇਵਤੇ ਜਾਂ ਰਾਮ ਰਹੀਮ ਦੀ ਮੈਂ ਪਛਾਣ ਤਕ ਨਹੀਂ ਕਰਦਾ। ਮੇਰੇ ਪ੍ਰਭੂ ਨੇ ਆਪਣੀ ਲਾਸਾਨੀ ਤਾਕਤ ਦੀ ਵਾਹਿਦ ਨਿਸ਼ਾਨੀ ਸ੍ਰੀ ਸਾਹਿਬ ਮੇਰੇ ਹੱਥ ਫੜਾਈ ਹੈ। ਇਹੋ ਮੇਰੀ ਸਮਰੱਥਾ ਹੈ, ਜਿਸ ਨਾਲ ਮੈਂ ਦੁਸ਼ਟਾਂ ਦੇ ਦਮਣ ਵਾਲਾ ਅਤੇ ਅਨਾਥਾਂ ਅਤੇ ਅਬਲਾਂ ਦਾ ਸਹਾਰਾ ਬਣਨਾ ਹੈ। ਮੇਰੇ ਪ੍ਰਭੂ ਦੀ ਆਗਿਆ ਹੈ ਕਿ ਮੈਂ ਅਜਿਤ ਸੂਰਮਿਆਂ ਦੀ ਫ਼ੌਜ਼ ਖੜੀ ਕਰਾਂ, ਜਿਸ ਦਾ ਇਕ ਇਕ ਸੂਰਬੀਰ ਸਵਾ ਸਵਾ ਲਖ ਤੇ ਬਾਰੂ ਹੋਵੇ। ਮੈਂ ਇਹ ਸੈਨਾ ਉਨ੍ਹਾਂ ਲੋਕਾਂ ਵਿਚੋਂ ਖੜੀ ਕਰਾਂਗਾ ਜਿਨ੍ਹਾਂ ਨੂੰ ਨੀਚ, ਸ਼ੁਦਰ ਅਤੇ ਕੀਰੇ ਕਾਰੇ ਕਿਹਾ ਜਾਂਦਾ ਹੈ, ਤਾਂਕਿ ਆਪਣੇ ਆਪ ਨੂੰ ਉਚੇ ਜਾਨਣ ਵਾਲਿਆਂ ਦਾ ਘੁਮੰਡ ਟੁਟੇ।

ਇਨਹੀ ਸੇ ਰਾਜੇ ਉਪਜਾਊਂ॥ ਰਾਜ ਕਰਨ ਕੀ ਨੀਤ ਸਿਖਾਊਂ॥
ਇਨਹੀ ਕੋ ਸਰਦਾਰ ਬਨਾਊਂ॥ ਤਬੈ ਗੋਬਿੰਦ ਸਿੰਘ ਨਾਮ ਕਹਾਊਂ॥

ਮੇਰੀ ਗਰੀਬ ਸੈਨਾ ਧਰਮ ਦੇ ਦੋਖੀਆਂ ਦੀ ਜੜ੍ਹ ਪੁਟੇਗੀ। ਮੇਰੀਆਂ ਚਿੜੀਆਂ ਜ਼ੁਲਮੀ ਬਾਜ਼ਾਂ ਨੂੰ ਖਾ ਜਾਣਗੀਆਂ। ਮੈਂ ਇਹਨਾਂ ਨੂੰ ਅਜਿਹੀ ਵਰਦੀ ਪਹਿਨਾਵਾਂਗਾ ਜੋ ਕਦੀ ਉਤਾਰੀ ਨਾ ਜਾ ਸਕੇ। ਮੈਂ ਇੱਜੜ ਦੀਆਂ ਭੇਡਾਂ ਵਧਾਉਣ ਨਹੀਂ ਆਇਆ, ਮੈਂ ਬੱਬਰ ਸ਼ੇਰ ਪੈਦਾ ਕਰਨੇ ਹਨ। ਮੇਰੇ ਸਿੰਘ ਸ਼ਸਤਰ-ਧਾਰੀ ਹੋਣਗੇ, ਇਹ ਸ਼ਸਤਰ ਦਾ ਵਿਸਾਹ ਕਦੀ ਨਹੀਂ ਕਰਨਗੇ ਤੇ ਸ਼ਸਤਰ ਨੂੰ ਜ਼ਬਰ ਦੇ ਨਾਸ ਕਰਨ ਲਈ ਵਰਤਣਗੇ। ਇਹ ਮੇਰੇ ਸੰਤ-ਸਿਪਾਹੀ ਹਨ।

ਮੇਰਾ ਦਰਵਾਜ਼ਾ ਸਭ ਕਿਸੇ ਲਈ ਖੁੱਲ੍ਹਾ ਹੈ। ਆਉ, ਮੇਰੀ ਸੈਨਾ ਵਿਚ ਸ਼ਾਮਲ ਹੋਵੋ ਅਤੇ ਜੋ ਕਾਰਜ ਕਰਨ ਆਇਆ ਹਾਂ, ਇਸ ਵਿਚ ਮੇਰਾ ਸਾਥ ਦਿਓ।

ਯਾਦ ਰਖੋ, ਤੁਹਾਡੀ ਵਰਦੀ ਤੁਹਾਡੀ ਅੰਦਰਲੀ ਚੜ੍ਹਦੀ ਕਲਾ ਦੀ ਪ੍ਰਤੀਕ ਹੋਵੇ। ਬਹਾਦਰ ਹੋਵੋ ਪਰ ਵਿਖਾਵੇ ਦੇ ਨਹੀਂ, ਵਿਖਾਵਾ ਤੁਹਾਡੇ ਅੰਦਰ ਦੀ ਅਸਲੀਅਤ ਨੂੰ ਧੁੰਧਲਾ ਨਾ ਕਰੇ। ਤੁਸੀਂ ਗਰੀਬ ਸੁਭਾਅ ਹੋਵੋ, ਪਰ ਬੇਅਣਖੇ ਨਹੀਂ। ਅਣਖ ਜੀਵਨ ਹੈ, ਬੇਅਣਖ ਹੋਣਾ ਮੌਤ। ਦੁਨੀਆਂ ਵਿਚ ਖੁਲ੍ਹੇ ਵਿਚਰੋ, ਪਰ ਤੁਹਾਡੀ ਚਿੱਟੀ ਚਾਦਰ ਨੂੰ ਦਾਗ ਨਾ ਲਗੇ, ਨਾ ਤੁਹਾਡੇ ਵੱਲ ਕੋਈ ਉਂਗਲ ਕਰ ਸਕੇ। ਤੁਸੀਂ ਲੋਕਾਂ ਪਰ ਤਰਸ ਕਰੋ, ਰੱਬ ਤੁਹਾਡੇ ਪਰ ਤਰਸ ਕਰੇਗਾ। ਤੁਸੀਂ ਸਭ ਨਾਲ ਪਿਆਰ ਕਰੋ, ਰੱਬ ਤੁਹਾਨੂੰ ਆਪਣਾ ਪਿਆਰ ਦੇਵੇਗਾ।

ਸਵੇਰ ਦੀ ਲੋਅ ਲੱਗਣ ਤੋਂ ਪਹਿਲੋਂ ਨਿਤਾਪ੍ਰਤ ਅੰਮ੍ਰਿਤ ਵੇਲੇ ਜਾਗ ਕੇ ਵਾਹਿਗੁਰੂ ਦੇ ਗੁਣਾਂ ਅੰਦਰ ਟਿਕ ਜਾਉ। ਉਪਰੰਤ ਉਸ ਦਿਨ ਲਈ ਆਪਣੇ ਮਿਥੇ ਪ੍ਰੋਗਰਾਮ ਵਿਚ ਸ਼ੁਧ ਤੇ ਆਸ਼ਾ ਭਰਪੂਰ ਹਿਰਦੇ ਨਾਲ ਜੁਟ ਜਾਉ। ਸੇਵਾ ਤੇ ਕੁਰਬਾਨੀ ਦੇ ਉਦੇਸ਼ ਨਾਲ ਸੰਸਾਰ ਅੰਦਰ ਵਿਚਰੋ। ਹਾਂ, ਬਿਨਾਂ ਵਿਤਕਰੇ ਮਨੁਖ ਮਾਤਰ ਦੀ ਸੇਵਾ ਅਤੇ ਧਰਮ ਤੇ ਸੱਚ ਨੂੰ ਉਜਾਗਰ ਕਰਨ ਵਾਸਤੇ ਆਪਣਾ ਧਨ ਧਾਮ, ਸਮਾਂ ਅਤੇ ਸੁਖ, ਬਲਕਿ ਲੋੜ ਪਵੇ ਤਾਂ, ਆਪਣਾ ਆਪ ਭੀ ਸੱਚ ਉਪਰੋਂ ਨਿਛਾਵਰ ਕਰ ਦਿਉ।

ਹਮੇਸ਼ਾ ਨਿਰਭੈ ਹੋ ਕੇ ਵਿਚਰੋ। ਚੇਤੇ ਰਖੋ ਕਿ ਹਰ ਗਲ ਦਾ ਕਰਨ ਕਾਰਨ ਤਾਂ ਵਾਹਿਗੁਰੂ ਹੈ, ਜਿਸ ਦੇ ਹੁਕਮ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੁੰਦਾ, ਅਤੇ ਓਹ ਆਪਣੀ ਜਾਤ ਵਿਚ ਨਿਰਵੈਰ ਹੈ। ਸੁਚੇ ਆਚਰਨ ਵਾਲੇ ਹੋਵੋ, ਪਰ-ਇਸਤ੍ਰੀ ਨੂੰ ਧੀ-ਭੇਣ ਵਾਲਾ ਸਤਿਕਾਰ ਦਿਓ।

ਨਸ਼ਿਆਂ ਤੋਂ ਪਰਹੇਜ਼ ਕਰੋ, ਤੰਬਾਕੂ ਪੀਣਾ ਸਭ ਤੋਂ ਵਡੀ ਬਿੱਦਤ ਹੈ।

ਮੈਂ ਤੁਹਾਨੂੰ ਸਿੰਘ(ਸ਼ੇਰ) ਬਣਾਇਆ ਹੈ, ਇਸ ਲਈ ਕਦੀ ਕਮਜ਼ੋਰੀ ਨਾ ਵਿਖਾਉ। ਗੀਦੀਆਂ ਲਈ ਮੇਰੇ ਪਾਸ ਕੋਈ ਥਾਉਂ ਨਹੀਂ, ਇਸ ਲਈ ਗੀਦੀ ਹਰਗਿਜ਼ ਨਾ ਬਣੋ। ਵੈਰੀ ਨੂੰ ਕੰਡ ਨਾ ਵਿਖਾਉ।

ਤੁਹਾਨੂੰ ਆਪਣਾ ਰੂਪ ਦੇ ਕੇ ਮੈਂ ਆਪਣਾ ਬਣਾਇਆ ਹੈ, ਮੈਂ ਕਦੀ ਨਹੀਂ ਸਹਾਰ ਸਕਦਾ ਕਿ ਤੁਸੀਂ ਮੇਰੇ ਰੂਪ ਨੂੰ ਵਿਗਾੜੋ। ਮੈਂ ਤੁਹਾਨੂੰ ਖਾਲਸਾ ਕੀਤਾ ਹੈ, ਤੁਸੀਂ ਮਲ ਰਹਿਤ ਹੋਏ ਹੋ, ਇਸ ਲਈ ਮਨ ਬਚਨ ਤੇ ਕਰਮ ਕਰਕੇ ਨਿਰਮਲ ਹੋਵੋ।

ਖਾਲਸੇ ਦਾ ਕਰਮ ਹੈ ਜਾਗਤ ਜੋਤਿ ਦਾ ਦਿਨ ਰਾਤ ਧਿਆਨ ਧਰਨਾ, ਅਤੇ ਉਸ ਤੋਂ ਬਿਨਾਂ ਹੋਰ ਕਿਸੇ ਦਾ ਧਿਆਨ ਨਾ ਧਰਨਾ, ਜਾਗਤ ਜੋਤਿ ਉਪਰ ਪੂਰਨ ਵਿਸ਼ਵਾਸ ਰਖਦੇ ਹੋਏ ਗੋਰ ਮੜ੍ਹੀ ਮਟ ਨੂੰ ਭੁਲ ਕੇ ਭੀ ਨਹੀਂ ਮੰਨਣਾ, ਨਾ ਤੀਰਥ-ਯਾਤਰਾ ਅਤੇ ਤੀਰਥਾਂ ਉਪਰ ਕੀਤੇ ਪੁੰਨ ਦਾਨ ਦਇਆ ਤਪ ਉਪਰ ਭਰੋਸਾ ਰਖਣਾ। ਪ੍ਰਤੀਤ ਕੇਵਲ ਇਕ ਅਕਾਲ ਦੀ ਅਤੇ ਪਰਚਾ ਗੁਰੂ ਦੇ ਸ਼ਬਦ ਦਾ ਰਖਣਾ। ਆਪਣੇ ਅੰਦਰ ਪੂਰਨ ਜੋਤਿ ਦੇ ਪ੍ਰਕਾਸ਼ ਨੂੰ ਅਨੁਭਵ ਕਰਨਾ। ਕਿਸੇ ਦਾ ਮੰਦਾ ਨਹੀਂ ਚਿਤਵਣਾਂ, ਨਿਰਭੈ ਅਤੇ ਨਿਰਵੈਰ ਰਹਿ ਕੇ ਸੰਸਾਰ ਤੇ ਵਿਚਰਨਾ, ਧਰਮ ਦੇ ਦੋਖੀਆਂ ਅਤੇ ਮਨੁਖਤਾ ਦੇ ਵੈਰੀਆਂ ਨੂੰ ਡਾਂਟ ਕੇ ਰਖਣਾ। ਧੱਕਾ ਹੁੰਦਾ ਵੇਖ ਅਖਾਂ ਨਹੀਂ ਮੀਟ ਲੈਣੀਆਂ। ਮਜ਼ਲੂਮ ਦੀ ਸਹਾਇਤਾ ਕਰਨਾ ਖਾਲਸੇ ਦਾ ਮੁਖ ਕਰਮ ਹੈ। ਅੇਸੇ ਖਾਲਸੇ ਅਤੇ ਮੇਰੇ ਵਿਚ ਕੋਈ ਭਿੰਨ-ਭੇਦ ਨਹੀਂ ਰਹੇਗਾ ਅਤੇ ਮੈਂ ਔਰ ਖਾਲਸਾ ਸਾਗਰ ਤੇ ਬੂੰਦ ਦੀ ਨਿਆਈਂ ਇਕ-ਮਿਕ ਹੋਵਾਂਗੇ।

ਐਸਾ ਖਾਲਸਾ ਮੇਰੇ ਮਾਲਕ ਵਾਹਿਗੁਰੂ ਦਾ ਹੈ, ਜਿਸ ਦੀ ਤਿੰਨ ਕਾਲ ਜੈ ਹੁੰਦੀ ਹੈ। ਇਸ ਲਈ ਜਦੋਂ ਤੁਸੀਂ ਖਾਲਸਾ ਹੋਵੋਗੇ ਤਾਂ ਫ਼ਤਿਹ ਤੁਹਾਡੇ ਪੈਰ ਚੰਮੇਗੀ।

ਮੈਨੂੰ ਆਪਣੇ ਅਕਾਲ ਉਤੇ, ਉਸ ਦੇ ਬਖਸ਼ੇ ਸ਼ਸਤਰ ਦੀ ਸਮਰੱਥਾ ਉਤੇ ਪੂਰਨ ਭਰੋਸਾ ਹੈ।

ਅਕਾਲ ਪੁਰਖ ਕੀ ਰਛਾ ਹਮਨੈ॥ ਸਰਬ ਲੋਹ ਕੀ ਰਛਿਆ ਹਮਨੈ॥
ਸਰਬ ਕਾਲ ਜੀ ਦੀ ਰਛਿਆ ਹਮਨੈ॥ ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ॥
(ਪਾ: ੧੦ ਅਕਾਲ ਉਸਤਤਿ)

ਇਸ ਲਈ ਮੈਂ ਸਰਬ-ਲੋਹ ਦੇ ਦੋਧਾਰੇ ਖੰਡੇ ਦੀ ਨੋਕ ਅਤੇ ਬਾਟੇ ਦੀ ਰਗੜ ਅਤੇ ਅਕਾਲੀ ਬਾਣੀ ਦੀ ਮਿਠੀ ਸਰੋਦ ਤੋਂ ਅੰਮ੍ਰਿਤ ਤਿਆਰ ਕੀਤਾ ਹੈ, ਜਿਸ ਦਾ ਪੀਤ ਇਕ ਇਕ ਘੁਟ ਮਨੁਖ ਨੂੰ ਅਮਰ ਕਰਦਾ ਅਤੇ ਇਕੱਲੇ ਇਕੱਲੇ ਨੂੰ ਸਵਾ ਸਵਾ ਲਖ ਨਾਲ ਲੋਹਾ ਲੈਣ ਦੀ ਫ਼ੌਲਾਦੀ ਸ਼ਕਤੀ ਬਖ਼ਸ਼ਦਾ ਹੈ, ਪਰ ਕੇਵਲ ਉਨ੍ਹਾਂ ਨੂੰ, ਜੋ ਮਨੁੱਖਾਂ ਦੇ ਪਾਏ ਭਿੰਨ-ਭੇਦ ਮਿਟਾਅ ਕੇ ਕੇਵਲ ਅਕਾਲ ਦੇ ਹੋ ਜਾਂਦੇ ਹਨ, ਜਿਨ੍ਹਾਂ ਆਪਣਾ ਆਪ ਸਤਿਗੁਰੂ ਨੂੰ ਸਉਂਪ ਦਿਤਾ ਹੁੰਦਾ ਹੈ।

ਤੁਸੀਂ ਵੀ ਖੰਡੇ ਦਾ ਅੰਮ੍ਰਿਤ ਛਕੋ, ਆਪੋ ਵਿਚਲੇ ਭਿੰਨ-ਭੇਦ ਮਿਟਾ ਕੇ ਗੁਰੂ ਕੇ ਹੋ ਜਾਓ, ਫਿਰ “ਸਤਿਗੁਰ ਕੈ ਜਨਮੇ ਗਵਨੁ ਮਿਟਾਇਆ”, ਫਿਰ ਤੁਸੀਂ ਖਾਲਸਾ ਹੋਵੇਗਾ। ਅੇਸਾ:
ਖਾਲਸਾ ਮੇਰੋ ਪਿੰਡ ਪ੍ਰਾਨ॥ ਖਾਲਸਾ ਮੇਰੀ ਜਾਨ ਕੀ ਜਾਨ॥

ਐਸਾ ‘ਖ਼ਾਲਸਾ ਮੇਰੋ ਸਤਿਗੁਰ ਪੂਰਾ’। ਮੈਂ ਐਸੇ ਖਾਲਸੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਖਾਲਸਾ ਸਜਿਆ ਹਾਂ, ਹੁਣ ਮੈਂ ਖਾਲਸੇ ਦਾ ਹਾਂ, ਖਾਲਸਾ ਮੇਰਾ ਹੈ।
ਜਿਥੇ ਤੁਸੀਂ ਐਸੇ ਪੰਜ ਇਕੱਠੇ ਹੋਵੋਗੇ, ਉਥੇ ਮੈਂ ਹੋਵਾਂਗਾ, ਉਥੇ ਖਾਲਸਾ ਹੋਵੇਗਾ। ਉਨ੍ਹਾਂ ਨੂੰ ਦੀਪਕ ਤੋਂ ਦੀਪਕ ਜਗਾਉਣ ਵਾਂਗ ਮਨੁਖ ਮਾਤਰ ਨੂੰ ਖਾਲਸਾ ਕਰ ਲੈਣ ਦੀ ਸਮਰੱਥਾ ਹੋਵੇਗੀ।

(‘ਸੂਰਾ’ ਅੰਮ੍ਰਿਤਸਰ, ਅਪ੍ਰੈਲ ੧੯੯੦ )

FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀ ਸ਼ਹਾਦਤ ਤੇ ਉਸ ਦਾ ਪ੍ਰ੍ਰਭਾਵ

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ