Monday, July 13, 2026

Established 2005 • ISSN Registration : 1930-0107

Nanak Nirmal Panth Challaeaa

Panthic Archives Article (Category: Inspirational)

Originally published on: February 21, 2007
Author/Source: Bhai Jaideep Singh

...ਨਾਨਕ ਨਿਰਮਲ ਪੰਥੁ ਚਲਾਇਆ

ਪੰਥ ਦਾ ਅਰਥ ਹੈ ਰਸਤਾ ਜਿਹੜਾ ਕਿਸੇ ਮੰਜ਼ਿਲ ਵੱਲ ਲਿਜਾ ਰਿਹਾ ਹੁੰਦਾ ਹੈ। ਖ਼ਾਲਸਾ ਜਾਂ ਨਿਰਮਲ ਪੰਥ ਵੀ ਇਕ ਰਸਤਾ ਹੈ ਜੋ ਜਗਿਆਸੂ ਨੂੰ ਭਵਜਲ ਤੋਂ ਪਾਰ ਲੈ ਜਾਂਦਾ ਹੈ, ਜਿਹੜਾ ਜਗਿਆਸੂ ਨੂੰ ਸੱਚ-ਅਚਾਰ, ਸਹਿਜ-ਸੰਤੋਖ, ਹਲੇਮੀ, ਅਣਖ ਆਦਿ ਸਦਗੁਣਾਂ ਦਾ ਧਾਰਨੀ ਬਣਾ ਕੇ ਨਿਰੰਕਾਰ ਦੇ ਦੇਸ ਲੈ ਜਾਂਦਾ ਹੈ, ਜਗਿਆਸੂ ਦਾ ਵਾਸਾ ਨਿੱਜ ਘਰ ਵਿਚ ਕਰਾ ਦਿੰਦਾ ਹੈ।

ਪੰਥ ਜਾਂ ਮੱਤ ਤਾਂ ਸੰਸਾਰ ਉੱਪਰ ਹੋਰ ਵੀ ਬਹੁਤ ਸਨ। ਪ੍ਰਸ਼ਨ ਪੈਦਾ ਹੋਣਾ ਸੁਭਾਵਿਕ ਹੈ ਕਿ ਆਖਰ ਇਸ ਪੰਥ ਦੀ ਲੋੜ ਕਿਉਂ ਪਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਬਾਬਤ ਫ਼ੁਰਮਾਨ ਕਰਦੇ ਹਨ:

ਜੇ ਕੋਈ ਹੋਤਿ ਭ੍ਯੋ ਜਗਿ ਸਿਆਨਾ॥

ਤਿਨ ਤਿਨ ਅਪਨੋ ਪੰਥੁ ਚਲਾਨਾ॥14॥...

ਪਰਮੇਸੁਰ ਨ ਕਿਨਹੂੰ ਪਹਿਚਾਨਾ॥

(ਬਚਿਤ੍ਰ ਨਾਟਕ)

ਭਾਵ ਕਿ ਸੱਚ ਰੂਪ ਵਿਚ ਵਿਚਰ ਰਹੇ ਵਾਹਿਗੁਰੂ ਪਰਮਾਤਮਾ ਨੂੰ ਕਿਸੇ ਵੀ ਮੱਤ-ਮਤਾਂਤਰ ਨੇ ਨਹੀਂ ਪਛਾਣਿਆ। ਬਲਕਿ ਕਰਮਕਾਂਡਾਂ ਦੁਆਰਾ ਸੰਸਾਰ ਨੂੰ ਭਰਮ-ਭੁਲੇਖਿਆਂ ਵਿਚ ਹੀ ਪਾਈ ਰੱਖਿਆ ਜਿਸ ਕਰਕੇ ਲੋਕ ਅਸਲੀਅਤ ਤੋਂ ਦੂਰ ਹੋ ਕੇ ਰਹਿ ਗਏ, ਜਿਸ ਕਰਕੇ ਮਨੁੱਖੀ ਇਖ਼ਲਾਕ ਵਿਚ ਕਮਜ਼ੋਰੀਆਂ ਆ ਗਈਆਂ। ਮਨੁੱਖ ਦਾ ਸਮੁੱਚਾ ਜੀਵਨ ਚਾਹੇ ਉਹ ਰਾਜਨੀਤਿਕ ਸੀ, ਆਰਥਿਕ ਸੀ, ਸਮਾਜਿਕ ਸੀ ਜਾਂ ਫਿਰ ਧਾਰਮਿਕ ਸੀ ਕੂੜ ਤੇ ਆਧਾਰਿਤ ਹੋ ਗਿਆ ਅਤੇ ਇਹ ਸਮਾਂ ਕੋਈ ਇਕ-ਦੋ ਸਾਲ ਦਾ ਨਹੀਂ ਸੀ। ਪਤਾ ਨਹੀਂ ਕਿੰਨੀਆਂ ਸਦੀਆਂ ਇਹ ਅਵਸਥਾ ਬਣੀ ਰਹੀ ਜਿਸ ਕਰਕੇ ਧਰਤੀ ਮਨੁੱਖ ਦੇ ਕੀਤੇ ਹੋਏ ਪਾਪਾਂ ਨਾਲ ਕੁਰਲਾ ਉਠੀ। ਫਿਰ ਅਕਾਲ ਪੁਰਖ ਨੇ ਸਤਿਗੁਰੂ, ਗੁਰੂ ਨਾਨਕ ਦੇਵ ਜੀ ਨੂੰ ਇਸ ਸੰਸਾਰ ਉੱਤੇ ਭੇਜਿਆ:

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ।

(ਭਾਈ ਗੁਰਦਾਸ ਜੀ, ਵਾਰ 1:23)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਦੀ ਹਾਲਤ ਵੱਲ ਵੇਖ ਕੇ ਇਹ ਬਚਨ ਉਚਾਰਨ ਕੀਤੇ:

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥

(ਪੰਨਾ 145)

ਇਸੇ ਕੂੜ ਦੀ ਕੰਧ ਨੂੰ ਖ਼ਤਮ ਕਰਕੇ ਸੱਚ ਦਾ ਪ੍ਰਕਾਸ਼ ਕਰਨ ਲਈ, ਸਮਾਜ ਵਿਚ ਸਥਾਪਿਤ ਹੋ ਚੁੱਕੀਆਂ ਉਨ੍ਹਾਂ ਗ਼ਲਤ ਰਵਾਇਤਾਂ ਨੂੰ ਖਤਮ ਕਰਨ ਲਈ ਜੋ ਮਨੁੱਖਤਾ ਦਾ ਸ਼ੋਸ਼ਣ ਹਰੇਕ ਪੱਖ ਤੋਂ ਕਰ ਰਹੀਆਂ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕ ਨਿਰਮਲ ਪੰਥ ਚਲਾ ਦਿੱਤਾ, ਜਿਸ ਦੀ ਨੀਂਹ ਸੱਚ ਤੇ ਆਧਾਰਿਤ ਸੀ:

-ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ।

(ਭਾਈ ਗੁਰਦਾਸ ਜੀ, ਵਾਰ 1:45)

-ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥

(ਰਾਮਕਲੀ ਕੀ ਵਾਰ, ਪੰਨਾ 966)

ਇਸ ਨਿਰਮਲ ਪੰਥ ਨੇ ਹਰੇਕ ਪੱਖ ਤੋਂ ਸਮਾਜ ਨੂੰ ਇਕ ਸੁਯੋਗ ਅਗਵਾਈ ਪ੍ਰਦਾਨ ਕਰਨੀ ਸੀ। ਜਾਤ-ਪਾਤ, ਊਚ-ਨੀਚ, ਅਮੀਰੀ-ਗਰੀਬੀ, ਰੰਗ, ਨਸਲ, ਵਰਨ ਦੇ ਆਧਾਰ ਤੇ ਮਨੁੱਖਤਾ ਦੀਆਂ ਵੰਡੀਆਂ ਨੂੰ ਖ਼ਤਮ ਕਰਕੇ ਸਾਂਝੀਵਾਲਤਾ ਦਾ ਸੁਨੇਹਾ ਘਰ-ਘਰ ਪਹੁੰਚਾਉਣਾ ਸੀ। ਸਦੀਆਂ ਤੋਂ ਚਲੀ ਆ ਰਹੀ ਗ਼ੁਲਾਮੀ ਚਾਹੇ ਉਹ ਮਾਨਸਿਕ ਸੀ ਜਾਂ ਸਮਾਜਿਕ, ਨੂੰ ਦੂਰ ਕਰਕੇ ਪਰ੍ਹੇ ਸੁੱਟਣਾ ਸੀ। ਮਾਨਸਿਕ ਗ਼ੁਲਾਮੀ ਨੂੰ ਦੂਰ ਕਰਨ ਲਈ ਇਸ ਪੰਥ ਦੇ ਪੈਰੋਕਾਰਾਂ ਨੇ ਧੁਰ ਕੀ ਬਾਣੀ ਦਾ ਓਟ-ਆਸਰਾ ਲੈਣਾ ਸੀ ਅਤੇ ਇਸ ਗਿਆਨਹਿ ਕੀ ਬਡਨੀ ਨਾਲ ਉਨ੍ਹਾਂ ਨੇ ਆਪਣੇ ਅੰਦਰ ਨੂੰ ਪੰਜਾਂ-ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਾਉਣਾ ਸੀ। ਆਪਣੀ ਅੰਦਰਲੀ ਕਾਇਰਤਾ ਨੂੰ ਭਜਾਉਣਾ ਸੀ। ਉਸ ਉੱਪਰ ਜਿੱਤ ਪ੍ਰਾਪਤ ਕਰਨੀ ਸੀ ਅਤੇ ਫਿਰ ਮਨਿ ਜੀਤੈ ਜਗੁ ਜੀਤੁ ਵਾਲੀ ਅਵਸਥਾ ਵਿਚ ਜੀਵਨ ਬਤੀਤ ਕਰਨਾ ਸੀ। ਬਾਹਰਮੁਖੀ ਗ਼ੁਲਾਮੀ ਦੂਰ ਕਰਨ ਲਈ ਸ਼ਸਤਰ ਹੱਥ ਵਿਚ ਫੜਨਾ ਸੀ।

ਇਥੇ ਇਕ ਗੱਲ ਦਾ ਜ਼ਿਕਰ ਕਰਨਾ ਯੋਗ ਹੈ ਕਿ ਇਹ ਪੰਥ ਸੰਸਾਰ ਦੇ ਹੋਰਨਾਂ ਮੱਤਾਂ ਨਾਲੋਂ ਬਿਲਕੁਲ ਨਿਵੇਕਲਾ ਸੀ। ਬਾਕੀ ਸਾਰੇ ਰਸਤੇ ਜਗਿਆਸੂ ਨੂੰ ਸਰੀਰ ਨਾਲ ਜੋੜ ਰਹੇ ਸਨ ਜਿਸ ਕਰਕੇ ਦ੍ਵੈਤਵਾਦ ਦੀ ਪਰੰਪਰਾ ਹੋਂਦ ਵਿਚ ਆਈ ਅਤੇ ਭਾਰਤ ਦੇ ਧਾਰਮਿਕ ਇਤਿਹਾਸ ਵਿਚ 33 ਕਰੋੜ ਦੇਵਤਿਆਂ ਦਾ ਸੰਕਲਪ ਵੀ ਇਸੇ ਆਧਾਰ ਤੇ ਹੋਂਦ ਵਿਚ ਆਉਂਦਾ ਹੈ ਜਦਕਿ ਇਸ ਪੰਥ ਦਾ ਮੂਲ ਮਨੋਰਥ ਜਗਿਆਸੂ ਨੂੰ ਨਾਸ਼ਵਾਨ ਸਰੀਰ ਦੇ ਸੁਖਾਂ ਨਾਲੋਂ ਤੋੜਨਾ ਅਤੇ ਅਕਾਲ ਪੁਰਖ ਦੇ ਦੈਵੀ ਗੁਣਾਂ ਨਾਲ ਜੋੜਨਾ ਸੀ। ਇਸੇ ਕਰਕੇ ਇਸ ਪੰਥ ਦੇ ਆਗੂਆਂ ਅਤੇ ਅਨੁਯਾਈਆਂ ਨੇ ਨਾ ਕਦੇ ਸਰੀਰ ਨੂੰ ਗੁਰੂ ਮੰਨਿਆ ਅਤੇ ਨਾ ਹੀ ਸਰੀਰ ਨੂੰ ਚੇਲਾ। ਇਥੇ ਦੇਹ ਦੀ ਜਗ੍ਹਾ ਸ਼ਬਦ ਹੈ, ਸੁਰਤਿ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਜਦੋਂ ਸਿੱਧਾਂ ਨੇ ਪ੍ਰਸ਼ਨ ਕੀਤਾ ਸੀ ਕਿ ਤੁਹਾਡਾ ਗੁਰੂ ਕੌਣ ਹੈ, ਤੁਸੀਂ ਕਿਸ ਦੇ ਚੇਲੇ ਹੋ ਤਾਂ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਸੀ:

ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਪੰਨਾ 943)

ਪਹਿਲੇ ਮੱਤ-ਮਤਾਂਤਰਾਂ ਵੱਲੋਂ ਸੰਸਾਰ ਨੂੰ ਮਾਇਆ ਕਿਹਾ ਜਾ ਰਿਹਾ ਸੀ, ਕਿਰਤ ਅਤੇ ਕਿਰਤੀ ਭਾਵ ਪ੍ਰਭੂ-ਭਗਤੀ ਨੂੰ ਵੱਖੋ-ਵੱਖ ਕੀਤਾ ਜਾ ਰਿਹਾ ਸੀ, ਭਗਤੀ ਲਈ ਸੰਸਾਰ ਦਾ ਤਿਆਗ ਕਰਕੇ ਜੰਗਲਾਂ ਵਿਚ ਜਾਣਾ ਜ਼ਰੂਰੀ ਆਖਿਆ ਜਾ ਰਿਹਾ ਸੀ ਪਰ ਇਸ ਪੰਥ ਨੇ ਸੰਸਾਰ ਨੂੰ ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ਦਾ ਅਸਲ ਰਹੱਸ ਪ੍ਰਦਾਨ ਕੀਤਾ। ਗੁਰੂ ਸਾਹਿਬ ਨੇ ਸੰਸਾਰ ਦੇ ਲੋਕਾਂ ਨੂੰ ਉਪਦੇਸ਼ ਕੀਤਾ ਕਿ ਇਸ ਨਿਰਮਲ ਪੰਥ ਦੇ ਪੈਰੋਕਾਰ ਸੰਸਾਰ ਵਿਚ ਰਹਿੰਦੇ ਹੋਏ ਨਿਰੰਕਾਰ ਦੀ ਪ੍ਰਾਪਤੀ ਕਰਨਗੇ। ਇਨ੍ਹਾਂ ਦੀ ਅਵਸਥਾ ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ-- ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ਵਾਲੀ ਹੋਵੇਗੀ। ਇਨ੍ਹਾਂ ਨੂੰ ਮੈਂ ਐਸੀ ਜੀਵਨ ਜਾਚ ਬਖਸ਼ਾਂਗਾ ਕਿ ਇਹ ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ- ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ਵਾਲੀ ਅਵਸਥਾ ਵਿਚ ਪਹੁੰਚ ਕੇ ਅਨੰਦ ਦੀ ਪ੍ਰਾਪਤੀ ਕਰਨਗੇ।

ਇਸ ਪੰਥ ਦੇ ਪੈਰੋਕਾਰ ਕੇਵਲ ਭਗਤੀ ਤਕ ਹੀ ਸੀਮਤ ਨਹੀਂ ਰਹਿਣਗੇ ਬਲਕਿ ਲੋੜ ਪੈਣ ਉੱਤੇ ਸ਼ਸਤਰ ਵੀ ਹੱਥ ਵਿਚ ਫੜਨਗੇ ਅਤੇ ਹੱਕ-ਸੱਚ ਦੀ ਰਾਖੀ ਲਈ, ਜ਼ਾਲਮ ਅਤੇ ਜ਼ੁਲਮ ਨੂੰ ਸੋਧਾ ਲਾਉਣ ਲਈ ਹਮੇਸ਼ਾ ਤਿਆਰ ਰਹਿਣਗੇ ਅਤੇ ਇਸ ਗੱਲ ਲਈ ਸੰਘਰਸ਼ ਕਰਦੇ ਹੋਏ ਆਪਣਾ ਸੀਸ ਭੇਟ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ ਕਿਉਂਕਿ ਮੈਂ ਇਨ੍ਹਾਂ ਨੂੰ ਦੱਸ ਦਿੱਤਾ ਹੈ:

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥

ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥

(ਪੰਨਾ 1105)

ਇਨ੍ਹਾਂ ਦਾ ਨਿਸ਼ਾਨਾ ਬੇਗਮਪੁਰਾ ਸ਼ਹਿਰ ਦੀ ਸਥਾਪਨਾ ਕਰਨਾ ਹੋਵੇਗਾ ਅਤੇ ਇਸ ਨੇਕ ਮਕਸਦ ਲਈ ਹਮੇਸ਼ਾ ਅਕਾਲ ਪੁਰਖ ਨੂੰ ਆਪਣੇ ਅੰਗ-ਸੰਗ ਸਮਝਣਗੇ ਅਤੇ ਆਪਣੇ-ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਗਜਾਉਂਦੇ ਰਹਿਣਗੇ।

ਕਿਉਂਕਿ ਇਨ੍ਹਾਂ ਦਾ ਨਿਸ਼ਾਨਾ ਧਰਮ ਚਲਾਵਨ ਸੰਤ ਉਬਾਰਨ-ਦੁਸਟ ਸਭਨ ਕੋ ਮੂਲ ਉਪਾਰਿਨ ਹੋਵੇਗਾ ਇਸ ਲਈ ਸਮੇਂ ਦੀਆਂ ਉਨ੍ਹਾਂ ਹਕੂਮਤਾਂ ਨਾਲ ਇਨ੍ਹਾਂ ਦੀ ਹਮੇਸ਼ਾ ਟੱਕਰ ਰਹੇਗੀ ਜੋ ਹਕੂਮਤਾਂ ਕੂੜ ਆਧਾਰਿਤ ਹੋਣਗੀਆਂ, ਜ਼ੁਲਮ ਆਧਾਰਿਤ ਹੋਣਗੀਆਂ।

ਖ਼ਾਲਸਾ ਜੀ! ਹੋਇਆ ਵੀ ਇਸੇ ਤਰ੍ਹਾਂ ਹੀ ਹੈ। ਇਸ ਮਹਾਨ ਨਿਸ਼ਾਨੇ ਕਰਕੇ ਪੰਥ ਨੂੰ ਹਮੇਸ਼ਾ ਹੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਹੈ, ਬੜੇ ਬਿਖਮ ਅਤੇ ਅਹਿਮ ਮੋੜਾਂ ਵਿਚੋਂ ਲੰਘਣਾ ਪਿਆ ਹੈ, ਕਿਉਂਕਿ ਜਦੋਂ ਕੂੜ ਭਾਰੂ ਹੋਵੇਗਾ ਤਾਂ ਕੂੜ ਦੀ ਸੋਚ ਹਮੇਸ਼ਾ ਸੱਚ ਨੂੰ ਖਤਮ ਕਰਨ ਦੀ ਹੋਵੇਗੀ। ਕੂੜ ਨੂੰ ਸੱਚ ਤੋਂ ਸਦਾ ਹੀ ਖ਼ਤਰਾ ਰਿਹਾ ਹੈ ਅਤੇ ਰਹੇਗਾ। ਇਸੇ ਕਰਕੇ ਇਸ ਨਿਰਮਲ ਪੰਥ ਦੇ ਹਜ਼ਾਰਾਂ ਦੀ ਗਿਣਤੀ ਚ ਪੈਰੋਕਾਰਾਂ ਨੂੰ ਇਕੋ ਸਮੇਂ ਘੱਲੂਘਾਰਿਆਂ ਵਿਚ ਕੂੜ ਤੇ ਆਧਾਰਿਤ ਜ਼ਾਲਮ ਹਕੂਮਤ ਵਿਰੁੱਧ ਸੰਘਰਸ਼ ਕਰਦਿਆਂ ਹੋਇਆਂ ਸ਼ਹਾਦਤਾਂ ਦੇਣੀਆਂ ਪਈਆਂ। ਕੂੜ ਤੇ ਆਧਾਰਿਤ ਰਾਜਸੀ ਨਿਜ਼ਾਮ ਵੱਲੋਂ ਇਸ ਸਚਿਆਰ ਮਾਰਗ ਦੇ ਪਾਂਧੀਆਂ ਦੇ ਸਿਰਾਂ ਦੇ ਮੁੱਲ ਪਾਏ ਗਏ; ਚਰਖੀਆਂ ਤੇ ਚਾੜ੍ਹੇ ਗਏ; ਬੰਦ-ਬੰਦ ਕੱਟੇ ਗਏ ਅਤੇ ਹੋਰ ਵੀ ਬਹੁਤ ਸਾਰੇ ਸਾਧਨ ਇਸ ਸਚਿਆਰ ਮਾਰਗ ਨੂੰ ਖਤਮ ਕਰਨ ਲਈ ਵਰਤੇ ਗਏ ਪਰ ਇਹ ਪੰਥ ਉਦੋਂ ਵੀ ਖਤਮ ਨਹੀਂ ਹੋਇਆ, ਸਗੋਂ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ- ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ ਵਾਲੀ ਅਵਸਥਾ ਵਿਚ ਵਿਚਰਦਾ ਹੋਇਆ ਚੜ੍ਹਦੀ ਕਲਾ ਵਾਲੇ ਪਾਸੇ ਗਿਆ। ਕਾਰਨ ਕੀ ਸੀ? ਉਸ ਸਮੇਂ ਪੰਥ ਦੇ ਪੈਰੋਕਾਰਾਂ ਨੇ ਆਪਣੀ ਪੰਥਕ ਜ਼ਿੰਮੇਵਾਰੀ ਨੂੰ ਸਮਝਿਆ ਸੀ ਉਹ ਜੋਤਿ ਨੂੰ ਪਛਾਣ ਕੇ ਜੁਗਤ ਰੂਪ ਵਿਚ ਵਿਚਰ ਰਹੇ ਸਨ। ਪਰਮ ਪਾਵਨ ਬਾਣੀ ਅਨੁਸਾਰ ਜੀਵਨ ਬਣਾਇਆ ਹੋਇਆ ਸੀ।

ਅੱਜ ਦੇ ਮਾਹੌਲ ਉੱਪਰ ਜੇਕਰ ਝਾਤ ਮਾਰ ਕੇ ਵੇਖੀਏ ਤਾਂ ਪੰਥ ਵਿਰੋਧੀ ਤਾਕਤਾਂ (ਕੂੜ ਤੇ ਆਧਾਰਿਤ ਸ਼ਕਤੀਆਂ) ਦੀ ਅੱਜ ਵੀ ਘਾਟ ਨਹੀਂ ਹੈ। ਬਹੁਤ ਜ਼ਿਆਦਾ ਲੋੜ ਹੈ ਇਸ ਪਾਸੇ ਧਿਆਨ ਦੇਣ ਦੀ ਕਿ ਅਸੀਂ ਨਿਰਮਲ ਪੰਥ ਨੂੰ ਨਿਰਮਲ ਹੀ ਰਹਿਣ ਦੇਈਏ। ਇਹ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਸਾਡੇ ਜੀਵਨ ਦੀ ਰਹਿਣੀ-ਬਹਿਣੀ ਵਿਚੋਂ ਗੁਰਬਾਣੀ ਰੂਪੀ ਸੂਰਜ ਦੀਆਂ ਸਿੱਖਿਆਵਾਂ ਰੂਪੀ ਕਿਰਨਾਂ ਦੇ ਲਿਸ਼ਕਾਰੇ ਪੈਂਦੇ ਹੋਣਗੇ। ਫਿਰ ਹੀ ਅਸੀਂ ਸਮਾਜ ਨੂੰ ਕੋਈ ਸੁਚੱਜੀ ਸੇਧ ਦੇ ਸਕਾਂਗੇ। ਫੇਰ ਹੀ ਪੰਥ-ਵਿਰੋਧੀ ਤਾਕਤਾਂ ਦਾ ਡੱਟ ਕੇ ਮੁਕਾਬਲਾ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ਸੰਸਾਰ ਪੱਧਰ ਤੇ ਲੈ ਕੇ ਜਾ ਸਕਾਂਗੇ। ਆਓ! ਸੁਚੇਤ ਹੋ ਕੇ ਗੁਰੂ-ਪੰਥ ਨੂੰ ਚੜ੍ਹਦੀਆਂ ਕਲਾਂ ਵੱਲ ਲੈ ਜਾਈਏ ਤਾਂ ਹੀ ਅਸਲ ਮਾਅਨਿਆਂ ਵਿਚ ਵਾਹਿਗੁਰੂ ਜੀ ਕੀ ਫਤਹਿ ਰੂਪਮਾਨ ਹੋ ਸਕੇਗੀ।

FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀ ਸ਼ਹਾਦਤ ਤੇ ਉਸ ਦਾ ਪ੍ਰ੍ਰਭਾਵ

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ

ਧੁਰ ਕੀ ਬਾਣੀ ਸ੍ਰੀ ਗੁਰੂ ਗੰਥ੍ਰ ਸਾਹਿਬ ਜੀ

Singh : The New Marathon King

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 2)

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 1)