Sunday, July 12, 2026

Established 2005 • ISSN Registration : 1930-0107

Earning an Honest Living and Gurmat

Panthic Archives Article (Category: Inspirational)

Originally published on: May 9, 2007
Author/Source: Dr. Rachpal Singh

ਗੁਰਮਤਿ ਵਿਚ ਕਿਰਤ

ਡਾ. ਰਛਪਾਲ ਸਿੰਘ

ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਦੇ ਪਹਿਲੇ ਧਾਰਮਿਕ ਆਗੂ ਹਨ, ਜਿਨ੍ਹਾਂ ਨੇ ਸਮਾਜਿਕ-ਉਸਾਰੀ ਲਈ, ਹੱਥਾਂ ਨਾਲ ਕਿਰਤ ਕਰਨ ਨੂੰ ਵੀ ਅਧਿਆਤਮਿਕ ਸਿੱਖਿਆ ਦਾ ਅੰਗ ਬਣਾਇਆ। ਧਰਮ ਦੀ ਕਿਰਤ ਦੁਆਰਾ ਸੱਚ ਦੇ ਪ੍ਰਕਾਸ਼ ਵਿਚ, ਆਚਰਣ ਦੀ ਸ਼ੁੱਧਤਾ ਅਤੇ ਸਤਿਗੁਰੂ ਦੀ ਅਗਵਾਈ ਵਿਚ ਅਜਿਹਾ ਰਸਤਾ ਉਲੀਕਿਆ, ਜਿਸ ਉੱਪਰ ਤੁਰ ਕੇ ਮਨੁੱਖ ਸਮਾਜ ਦਾ ਲਾਹੇਵੰਦ ਅੰਗ ਬਣ ਕੇ, ਮਾਨਵਤਾ ਦੀ ਭਲਾਈ ਲਈ ਸਦੀਵੀ ਤਤਪਰ ਰਹਿੰਦਾ ਹੈ। ਗੁਰਮਤਿ-ਮਾਰਗ ਦੇ ਮੋਢੀ ਗੁਰੂ ਨਾਨਕ ਸਾਹਿਬ ਜੀ ਨੇ ‘ਜਗਤ ਕਲਿਆਣ’ ਲਈ ‘ਸੱਚ’ ਨੂੰ ਆਪਣੀ ਬਾਣੀ ਦਾ ਧੁਰਾ ਬਣਾ ਕੇ ‘ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥’ ਨਾਲ ਆਪਣੇ ਵਿਸ਼ਵ-ਵਿਆਪੀ ਮੱਤ ਦਾ ਆਰੰਭ ਕੀਤਾ। ਗੁਰੂ ਜੀ ਅਨੁਸਾਰ ‘ਸੱਚ’ ਸਭ ਤੋਂ ਸ੍ਰੇਸ਼ਟ ਹੈ ਪਰ ਸੱਚ ਉਪਰ ਆਧਾਰਿਤ ਸਦਾਚਾਰਕ ਜੀਵਨ ਉਸ ਤੋਂ ਵੀ ਉੱਤਮ ਹੈ:

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਅੰਗ 62)

ਇਸ ਪ੍ਰਕਾਰ ‘ਸੱਚ’ ਅਰਥਾਤ ‘ਨਾਮ’ ਅਤੇ ਉਚੇਰਾ ਇਖ਼ਲਾਕੀ ਜੀਵਨ ਹੀ ਗੁਰਸਿੱਖੀ ਦਾ ਮੀਲ ਪੱਥਰ ਹੈ। ਇਸ ਨੂੰ ਦੂਜੇ ਸ਼ਬਦਾਂ ਵਿਚ ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣਾ ਵੀ ਕਿਹਾ ਗਿਆ ਹੈ। ਗੁਰਬਾਣੀ ਦਾ ਮੁੱਖ ਉਦੇਸ਼ ਜੀਵ ਵਿਚ ਅਕਾਲ ਪੁਰਖ ਦੀ ਹੋਂਦ ਬਾਰੇ ਜਾਣਕਾਰੀ ਦੇਣਾ ਅਤੇ ਉਸ ਦੀ ਪ੍ਰਾਪਤੀ ਲਈ ਸਾਧਨਾ ਮਾਰਗ ਬਾਰੇ ਸੂਝ ਉਤਪੰਨ ਕਰਵਾਉਣਾ ਹੈ। ‘ਪ੍ਰਭੂ ਸਰਬ ਵਿਆਪਕ ਹੈ’, ਦਾ ਸੰਦੇਸ਼ ਤਾਂ ਭਾਵੇਂ ਸੰਸਾਰ ਦੇ ਸਭ ਧਾਰਮਿਕ ਮੁਖੀਆਂ ਨੇ ਦਿੱਤਾ ਹੈ, ਪ੍ਰੰਤੂ ਪ੍ਰਭੂ ਪ੍ਰਾਪਤੀ ਲਈ ਸਾਧਨਾ-ਮਾਰਗ ਬਾਰੇ ਵਿਭਿੰਨਤਾ ਪਾਈ ਜਾਂਦੀ ਹੈ। ਅਸਲ ਵਿਚ ਬਹੁਤੇ ਅਗਿਆਨੀ ਮਨੁੱਖ ਵਾਸਤਵਿਕ ਗਿਆਨ ਤੋਂ ਊਣੇ ਹਨ ਅਤੇ ਪੇਟ ਦੀ ਖ਼ਾਤਰ ਵੱਖ-ਵੱਖ ਤਰ੍ਹਾਂ ਦੇ ਸਾਂਗ ਰਚਦੇ ਹਨ। ਦੁਨਿਆਵੀ ਫੋਕੀ ਵਡਿਆਈ ਹਾਸਲ ਕਰਨਾ ਉਨ੍ਹਾਂ ਦਾ ਜੀਵਨ-ਉਦੇਸ਼ ਹੁੰਦਾ ਹੈ। ਅਜਿਹੇ ਗਿਆਨ ਵਿਹੂਣੇ ਮਨੁੱਖ ਬੇਅੰਤ-ਅਪਰੰਪਰ ਪ੍ਰਭੂ ਦੀ ਮਹਿਮਾ ਕਿਵੇਂ ਗਾਇਨ ਕਰ ਸਕਦੇ ਹਨ? ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਜਿਹੇ ਧਰਮ ਆਗੂਆਂ ਉੱਪਰ ਡੂੰਘਾ ਵਿਅੰਗ ਕੱਸ ਕੇ, ਨਿਰੋਲ ਸੱਚ ਨੂੰ ਸਾਹਮਣੇ ਲਿਆਂਦਾ ਹੈ। ਉਨ੍ਹਾਂ ਨੇ ਜੋਗੀਆਂ, ਮੁਲਾਣਿਆਂ, ਤਪਸੀਆਂ, ਮੋਨੀਆਂ, ਪੰਡਤਾਂ ਆਦਿ ਕਿਸੇ ਨਾਲ ਵੀ ਪੱਖਪਾਤ ਨਹੀਂ ਕੀਤਾ। ਗੁਰੂ ਸਾਹਿਬ ਦਾ ਕਥਨ ਹੈ: ਭੁੱਖੇ ਮੁੱਲਾਂ ਚੜ੍ਹਾਵੇ ਦੀ ਖ਼ਾਤਰ ਆਪਣੇ ਘਰ ਨੂੰ ਹੀ ਮਸੀਤ ਬਣਾ ਲੈਂਦੇ ਹਨ। ਵਿਹਲੜ ਲੋਕ, ਜੋਗੀ ਬਣ, ਕੰਨ ਪੜਵਾ ਕੇ, ਕੰਨਾਂ ਵਿਚ ਮੁੰਦਰਾਂ ਪਾਈ ਫਿਰਦੇ ਹਨ। ਅਜਿਹੇ ਰਹਿਨੁਮਾ ਆਗੂਆਂ ਦੇ ਕਦੀ ਚਰਨੀਂ ਨਹੀਂ ਲੱਗਣਾ ਚਾਹੀਦਾ, ਜੋ ਕੇਵਲ ਰੋਟੀਆਂ ਦੀ ਖ਼ਾਤਰ ਹੀ ਤਾਲ ਪੂਰਦੇ ਫਿਰਦੇ ਹਨ। ਪ੍ਰਭੂ-ਪ੍ਰਾਪਤੀ ਲਈ, ਅਸਲੀ ਸਾਧਨਾ ਮਾਰਗ, ਘਰ-ਗ੍ਰਿਹਸਤ ਵਿਚ ਰਹਿ ਕੇ, ਦਸਾਂ ਨਹੁੰਆਂ ਦੀ ਕਿਰਤ ਕਰਦੇ ਹੋਏ, ਲੋੜਵੰਦਾਂ ਦੀ ਸਹਾਇਤਾ ਕਰਨ ਅਤੇ ਪ੍ਰਭੂ-ਭੈ (ਹੁਕਮ) ਵਿਚ ਰਹਿਣਾ ਹੈ। ਅਜਿਹਾ ਮਨੁੱਖ ਹੀ ਅਕਾਲ ਪੁਰਖ ਦੇ ਰਾਹ ਦਾ ਅਸਲੀ ਮੁਸਾਫ਼ਰ ਹੈ:

ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥ ਮਖਟੂ ਹੋਇ ਕੈ ਕੰਨ ਪੜਾਏ॥ ਫਕਰੁ ਕਰੇ ਹੋਰੁ ਜਾਤਿ ਗਵਾਏ॥

ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (ਅੰਗ 1245)

‘ਪਰਥਾਇ ਸਾਖੀ ਮਹਾ ਪੁਰਖ ਬੋਲਦੇ, ਸਾਝੀ ਸਗਲ ਜਹਾਨੈ॥’ ਦੇ ਮਹਾਂਵਾਕ ਅਨੁਸਾਰ ਉਕਤ ਉਪਦੇਸ਼, ਗੁਰੂ ਜੀ ਨੇ ਕੇਵਲ ਕਿਸੇ ਵਿਸ਼ੇਸ਼ ਵਰਗ ਲਈ ਨਹੀਂ, ਸਗੋਂ ਸਮੁੱਚੀ ਮਾਨਵਤਾ ਲਈ ਕੀਤਾ ਹੈ। ਇਹ ਜੀਵਨ-ਪੰਧ ਦੁਨਿਆਵੀ ਹੁੰਦਾ ਹੋਇਆ ਵੀ, ਸੰਸਾਰਕ ਵਾਸ਼ਨਾਵਾਂ ਤੋਂ ਨਿਰਲੇਪ ਹੈ। ਜਿਵੇਂ ਕਮਲ ਦਾ ਫੁੱਲ ਪਾਣੀ ਉੱਪਰ ਤੈਰਦਾ ਹੋਇਆ ਵੀ ਪਾਣੀ ਤੋਂ ਅਭਿੱਜ ਰਹਿੰਦਾ ਹੈ। ਅਰਥਾਤ ਉਹ ਪਾਣੀ ਵਿਚ ਡੁੱਬਦਾ ਨਹੀਂ; ਇਸੇ ਪ੍ਰਕਾਰ ਇਹ ਜੀਵਨ-ਜਾਚ ਜਾਂ ਸੁਚੱਜਾ ਜੀਵਨ-ਢੰਗ ਮਨੋਵੇਗਾਂ ਦੇ ਜਾਬਤੇ ਅਤੇ ਵਸੀਕਰਣ ਦਾ ਜੀਵਨ ਹੈ। ਭਾਈ ਗੁਰਦਾਸ ਜੀ ਨੇ ਵੀ ਗੁਰਸਿੱਖ ਦੀਆਂ ਲਾਛਣਿਕ ਵਿਸ਼ੇਸ਼ਤਾਵਾਂ ਦਰਸਾਉਂਦੇ ਹੋਏ, ਕਿਰਤ-ਕਮਾਈ ਅਤੇ ਵੰਡ ਕੇ ਖਾਣ ਨੂੰ ਹੀ ਸਰਵੋਤਮ ਕਿਹਾ ਹੈ:

-ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇ ਕੈ ਭਲਾ ਮਨਾਏ।... (ਵਾਰ 8:24)

-ਘਾਲਿ ਖਾਇ ਸੁਕ੍ਰਿਤੁ ਕਰੈ ਵਡਾ ਹੋਇ ਨ ਆਪੁ ਗਣਾਏ। (ਵਾਰ 28:15)

-ਕਿਰਤਿ ਵਿਰਤਿ ਕਰਿ ਧਰਮ ਦੀ, ਖਟਿ ਖਵਾਲਣੁ ਕਾਰਿ ਕਰੇਹੀ। (ਵਾਰ 1:3)

-ਹਥੀਂ ਕਿਰਤਿ ਕਮਾਂਵਦਾ, ਪਗਿ ਚਲੈ ਸੁਜਾਣਾ। (ਵਾਰ 2:18)

-ਘਾਲਿ ਖਾਇ ਗੁਰਸਿਖ ਮਿਲਿ ਖਾਣਾ। (ਵਾਰ 32:1)

ਕਿਰਤ ਕਰਨਾ ਸਰਵੋਤਮ ਗੁਣ ਹੈ। ਜੋ ਪੁਰਸ਼ ਹੱਥੀਂ ਕਿਰਤ ਨਹੀਂ ਕਰਦੇ, ਦੂਜੇ ਘਰਾਂ ਤੋਂ ਮੰਗ-ਮੰਗ ਕੇ ਟੁੱਕਰ ਖਾਂਦੇ ਹਨ। ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ:

ਜੋਗੀ ਬੈਸਿ ਰਹਹੁ ਦੁਬਿਧਾ ਦੁਖੁ ਭਾਗੈ॥ ਘਰਿ ਘਰਿ ਮਾਗਤ ਲਾਜ ਨ ਲਾਗੈ॥ (ਅੰਗ 903)

ਨਜਾਇਜ਼ ਢੰਗ ਨਾਲ ਇਕੱਤਰ ਕੀਤੀ ਹੋਈ ਕਮਾਈ (ਮਾਇਆ) ਗੁਰਮਤਿ ਵਿਚ ਪ੍ਰਵਾਨ ਨਹੀਂ ਹੈ। ਬੇਗਾਨਾ ਹੱਕ ਖਾਣਾ, ਦੂਜੇ ਦੀ ਮਿਹਨਤ ਨਾਲ ਇਕੱਤਰ ਕੀਤੀ ਹੋਈ ਕਮਾਈ, ਮਨੁੱਖਾਂ ਦਾ ਲਹੂ ਪੀਣ ਦੇ ਬਰਾਬਰ ਹੈ:

-ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ॥ (ਪੰਨਾ 1243)

ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥ ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥ (ਪੰਨਾ 140)

ਧਰਮ ਦਾ ਅਰਥ ਹੀ ਸੁਚੱਜਾ ਜੀਵਨ-ਢੰਗ ਹੈ। ਸੁਚੱਜਾ ਜੀਵਨ-ਢੰਗ ਉੱਦਮ ਨਾਲ ਬਣਦਾ ਹੈ। ਵਿਹਲੜ, ਨਿਕੰਮੇ ਜਾਂ ਗ਼ੈਰ-ਕਿਰਤੀ ਲਈ ਗੁਰਮਤਿ ਵਿਚ ਕੋਈ ਥਾਂ ਨਹੀਂ। ਉੱਦਮ, ਕਿਰਤ ਅਤੇ ਪ੍ਰਭੂ-ਸਿਮਰਨ ਹੀ ਸਫਲ ਜੀਵਨ-ਜਾਚ ਹੈ:

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥ (ਅੰਗ 522)

ਸਾਖੀ ਆਉਂਦੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਸ ਲੱਗੀ। ਉਨ੍ਹਾਂ ਨੇ ਪਾਣੀ ਮੰਗਿਆ। ਭਰੇ ਦੀਵਾਨ ਵਿੱਚੋਂ ਇਕ ਸਿੱਖ (ਨੌਜਵਾਨ) ਉੱਠਿਆ ਤੇ ਪਾਣੀ ਦਾ ਗਿਲਾਸ ਲੈ ਆਇਆ। ਪਾਣੀ ਦਾ ਗਲਾਸ ਫੜਨ ਲੱਗਿਆਂ, ਗੁਰੂ ਜੀ ਨੇ ਉਸ ਦੇ ਕੋਮਲ ਹੱਥਾਂ ਵੱਲ ਵੇਖ ਕੇ ਪੁੱਛਿਆ, “ਤੂੰ ਕੀ ਕੰਮ ਕਰਦੈ ਹੁੰਨੈਂ?” ਸਿੱਖ ਨੇ ਉੱਤਰ ਦਿੱਤਾ, “ਜੀ! ਕੰਮ ਕਰਨ ਦੀ ਕੋਈ ਲੋੜ ਹੀ ਨਹੀਂ ਹੈ। ਨੌਕਰ-ਚਾਕਰ ਬਹੁਤ ਹਨ। ਉਹੀ ਕੰਮ ਕਰੀ ਜਾਂਦੇ ਹਨ।” ਗੁਰੂ ਜੀ ਨੇ ਉਹ ਪਾਣੀ ਡੋਲ੍ਹ ਦਿੱਤਾ। ਸਿੱਖ ਨੇ ਕਿਹਾ, “ਜੀ, ਮੈਂ ਤਾਂ ਬੜੇ ਪ੍ਰੇਮ ਤੇ ਸ਼ਰਧਾ ਨਾਲ ਆਪ ਜੀ ਵਾਸਤੇ ਜਲ ਲੈ ਕੇ ਆਇਆ ਸਾਂ।” ਗੁਰੂ ਜੀ ਨੇ ਉੱਤਰ ਦਿੱਤਾ, “ਜੋ ਪੁਰਸ਼ ਹੱਥੀਂ ਖੁਦ ਕਿਰਤ ਨਹੀਂ ਕਰਦੇ, ਉਹ ਮੁਰਦੇ ਸਮਾਨ ਹਨ। ਜਿਵੇਂ ਮੁਰਦੇ ਦੇ ਅੰਗਾਂ ਨਾਲ ਲੱਗੀ ਕਿਸੇ ਵੀ ਵਸਤੂ ਨੂੰ ਕੋਈ ਨਹੀਂ ਖਾਂਦਾ। ਇਵੇਂ ਹੀ ਵਿਹਲੜ ਪੁਰਸ਼ਾਂ ਦੇ ਹੱਥੋਂ ਜਲ ਛਕਣਾ ਵੀ ਉਚਿਤ ਨਹੀਂ-

ਜਿਮ ਮੁਰਦੇ ਕੇ ਅੰਗ ਅਪਾਵਨ। ਸੁਕਚਿਤ ਸਭਿ ਨਹਿˆ ਕਰਹਿ ਛੁਵਾਵਨ।

ਸੁਨਿ ਸਿਖਾ ਗੁਰਮਤਿ ਇਹ ਸਾਰ। ਸਤਿ ਸੰਗਤ ਕੀ ਸੇਵ ਉਦਾਰ। (ਗੁਰਪ੍ਰਤਾਪ ਸੂਰਜ ਗ੍ਰੰਥ, ਰੁਤ 4 ਅੰਸੂ 7)

ਜੋ ਮਨੁੱਖ ਹੱਥੀਂ ਕੋਈ ਕੰਮ ਨਹੀਂ ਕਰਦੇ, ਗੁਰਬਾਣੀ ਨਹੀਂ ਪੜ੍ਹਦੇ, ਨਾਮ ਨਹੀਂ ਜਪਦੇ, ਸੇਵਾ ਨਹੀਂ ਕਰਦੇ, ਪਰਉਪਕਾਰ ਨਹੀਂ ਕਰਦੇ। ਉਹ ਮੁਰਦੇ ਹਨ। ਬੇਗਾਨੀ ਵਸਤੂ ਅਰਥਾਤ ਪਰਾਇਆ ਧਨ ਨਾ ਖਾਵੇ। ਰਿਸ਼ਵਤ ਨਾ ਲਵੇ। ਦਸਾਂ ਨਹੁੰਆਂ ਦੀ ਕਿਰਤ ਵਿੱਚੋਂ ਗ੍ਰਿਹਸਤ ਜੀਵਨ ਦੇ ਖਰਚੇ ਕਰਕੇ, ਜੇਕਰ ਕੁਝ ਬਚੇ ਤਾਂ ਉਸ ਦਾ ਦਸਵੰਧ ਗੁਰੂ-ਘਰ ਲਈ ਜ਼ਰੂਰ ਕੱਢੇ। ਵੰਡ ਕੇ ਛਕੇ। ਮਨ ਨਿਰਮਲ ਹੋ ਜਾਵੇਗਾ-

ਸੁਨਿ ਗੁਰ ਕਹਯੋ ਕਿਰਤਿ ਕਰਿ ਕੋਈ। ਧਰਮ ਸਮੇਤਿ ਨ੍ਰਿਬਾਹਹੁ ਸੋਈ।

ਕਪਟ ਬਿਹੀਨ ਜੀਵਿਕਾ ਕਰੈ। ਪਰ ਕੀ ਵਸਤੁ ਛੁਪਾਇ ਨ ਧਰੈ।

ਤਿਸ ਮਹਿ ਬਾਟ ਪ੍ਰਭੂ ਹਿਤ ਖਾਵੈ। ਤਿਸ ਕੋ ਉਰ ਨਿਰਮਲ ਹੁਇ ਜਾਵੈ। (ਗੁਰ ਪ੍ਰਤਾਪ ਸੂਰਜ ਗ੍ਰੰਥ: ਰਾਸ 2, ਅੰਸੂ 45)

ਦੁਨੀਆਂ ਵਿਚ ਬਹੁਤ ਸਾਰੇ ਮਨੁੱਖ ਅਜਿਹੇ ਵੀ ਹਨ, ਜੋ ਸਾਰਾ ਦਿਨ ਬਹੁਤ ਮਿਹਨਤ ਕਰਦੇ ਹਨ। ਦਿਨ ਨਹੀਂ ਵੇਖਦੇ, ਰਾਤ ਨਹੀਂ ਵੇਖਦੇ, ਕਿਸੇ ਦਾ ਹੱਕ, ਜਾਇਜ਼-ਨਜਾਇਜ਼ ਨਹੀਂ ਵੇਖਦੇ, ਉਨ੍ਹਾਂ ਦਾ ਮੁੱਖ ਉਦੇਸ਼ ਕੇਵਲ ਮਾਇਆ ਇਕੱਤਰ ਕਰਨੀ ਹੁੰਦਾ ਹੈ। ਉਨ੍ਹਾਂ ਦਾ ਦਿਮਾਗ ਹਰ ਵੇਲੇ ਹੇਰਾਫੇਰੀ, ਠੱਗੀ ਆਦਿ ਵੱਲ ਲੱਗਾ ਰਹਿੰਦਾ ਹੈ। ਅਜਿਹੀ ਇਕੱਤਰ ਕੀਤੀ ਕਮਾਈ, ‘ਗੁਰਮਤਿ ਕਿਰਤ’ ਦੇ ਅਦਾਰੇ ਵਿਚ ਨਹੀਂ ਆਉਂਦੀ। ਉਹ ਤਾਂ, “ਲੈਦਾ ਬਦੁ ਦੁਆਇ ਤੂੰ ਮਾਇਆ ਕਰਹਿ ਇਕਤੁ॥” ਵਾਲੀ ਗੱਲ ਹੈ। ਗੁਰਮਤਿ ਵਿਚ ਮਲਕ ਭਾਗੋ ਵਰਗੀ ਕਮਾਈ ਪ੍ਰਵਾਨ ਨਹੀਂ। ਭਾਈ ਲਾਲੋ ਜੀ ਵਰਗੀ ਸੱਚੀ-ਸੁੱਚੀ ਕਿਰਤ ਹੀ ਪ੍ਰਵਾਨ ਹੈ। ਗੁਰਮਤਿ ਮਾਰਗ ਦੇ ਸਾਰੇ ਬਾਣੀਕਾਰਾਂ ਨੇ ਹੱਥੀਂ ਕਿਰਤ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੁਦ ਹੱਥੀਂ ਹਲ ਚਲਾਇਆ। ਭਗਤ ਕਬੀਰ ਜੀ ਨੇ ਸੂਤ ਦੀਆਂ ਤਾਣੀਆਂ ਤਣੀਆਂ:

ਹਮ ਘਰਿ ਸੂਤੁ ਤਨਹਿ ਨਿਤ ਤਾਨਾ... ...॥ (ਅੰਗ 482)

ਭਗਤ ਰਵਿਦਾਸ ਜੀ ਨੇ ਜੋੜੇ ਗੰਢਣ ਦੀ ਕਿਰਤ ਕੀਤੀ:

ਪਾਣਾ ਗੰਢੈ ਰਾਹ ਵਿਚਿ, ਕੁਲਾ ਧਰਮ ਢੋਇ ਢੋਰ ਸਮੇਟਾ। (ਵਾਰ 10:17)

ਭਗਤ ਨਾਮਦੇਵ ਜੀ ਕੱਪੜੇ ਧੋਣ ਅਤੇ ਕੱਪੜਿਆਂ ’ਤੇ ਛਾਪੇ ਲਾਉਣ ਦੀ ਕਿਰਤ ਕਰਦੇ ਸਨ। ਉਹ ਕਿਰਤ ਦੇ ਨਾਲ-ਨਾਲ ਮੂੰਹ ਅਤੇ ਹਿਰਦੇ ਤੋਂ ਸਵਾਸ-ਸਵਾਸ ਪ੍ਰਭੂ-ਸਿਮਰਨ ਵਿਚ ਲੀਨ ਰਹਿੰਦੇ ਸਨ:

ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥

ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍‍ਾਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ (ਅੰਗ 1375-76)

ਬਿਨਾਂ ਕੰਮ ਤੋਂ ਫਲ ਦੀ ਆਸ ਨਹੀਂ ਰੱਖੀ ਜਾ ਸਕਦੀ। ਮੰਦੇ ਕੰਮ ਕਰਕੇ, ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ:

-ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ॥ (ਅੰਗ 157)

-ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ॥ (ਅੰਗ 468)

ਜਿਨ੍ਹਾਂ ਮਨੁੱਖਾਂ ਨੇ ਹੱਥੀਂ ਕਿਰਤ ਕੀਤੀ, ਨਾਮ ਜਪਿਆ, ਵੰਡ ਕੇ ਛਕਿਆ, ਸੇਵਾ ਕੀਤੀ, ਸਾਰਾ ਜੀਵਨ ਮਨੁੱਖਤਾ ਦੀ ਭਲਾਈ ਲਈ ਅਰਪਣ ਕਰ ਦਿੱਤਾ। ਗੁਰੂ ਹੁਕਮ ਵਿਚ ਰਹੇ। ਅਜਿਹੇ ਮਹਾਂਪੁਰਸ਼ ਆਪਣੀ ਘਾਲਣਾ ਸਫਲੀ ਕਰ ਜਾਂਦੇ ਹਨ। ਉਨ੍ਹਾਂ ਦੇ ਮੁੱਖ ਲੋਕ ਅਤੇ ਪ੍ਰਲੋਕ ਵਿਚ ਉੱਜਲੇ ਹੁੰਦੇ ਹਨ। ਉਨ੍ਹਾਂ ਨੂੰ ਹੀ ਪ੍ਰਭੂ ਦਰਬਾਰ ਵਿਚ ਮਾਣ ਮਿਲਦਾ ਹੈ ਅਤੇ ਸਦੀਵੀ ਅਮਰ ਰਹਿੰਦੇ ਹਨ:

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ (ਅੰਗ 8)

FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀ ਸ਼ਹਾਦਤ ਤੇ ਉਸ ਦਾ ਪ੍ਰ੍ਰਭਾਵ

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ

ਧੁਰ ਕੀ ਬਾਣੀ ਸ੍ਰੀ ਗੁਰੂ ਗੰਥ੍ਰ ਸਾਹਿਬ ਜੀ

Singh : The New Marathon King

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 2)

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 1)

ਭਾਦਉ