ਔਰੰਗਜ਼ੇਬ ਦੇ ਨਾਂ ਤਾੜਨਾ ਭਰੀ ਪਤਰਕਾ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ
ਪ੍ਰਸਿਧ ਅਖਾਣ ਹੈ, “ਤਪੋਂ ਰਾਜ ਤੇ ਰਾਜੋਂ ਨਰਕ”। ਲਿਖਿਆ ਹੈ ਕਿ ਔਰੰਗਜ਼ੇਬ ਪਿਛਲੇ ਜਨਮ ਦਾ ਕੋਈ ਮਹਾਨ ਤਵਪੱਸਵੀ ਸੀ, ਜਿਸ ਤੱਪ ਦਾ ਸਦਕਾ ਉਹ ਹਿੰਦੁਸਤਾਨ ਦੀ ਬੜੀ ਭਾਰੀ ਸਲਤਨਤ ਦਾ ਬਾਦਸਾਹ ਬਣਿਆ। ਔਰੰਗਜ਼ੇਬ ਨੇ ਬਾਹਰੋਂ ਬੜਾ ਪਾਕ-ਦਾਮਨ ਸੂਫੀਆਂ ਵਾਲਾ ਜੀਵਨ ਧਾਰਨ ਕੀਤਾ ਹੋਇਆ ਸੀ ਅਤੇ ਕੁਰਾਨ ਸ਼ਰੀਫ ਲਿਖ ਕੇ ਉਸ ਦੀ ਉਜਰਤ ਨਾਲ ਆਪਣਾ ਗੁਜ਼ਾਰਾ ਤੋਰਨ ਦਾ ਢੌਂਗ ਰਚਾਇਆ ਹੋਇਆ ਸੀ।
ਪਰ ਅਸਲੀਅਤ ਦੇਖੀ ਜਾਏ ਤਾਂ ਬਿਲਕੁਲ ਇਸ ਤੋਂ ਉਲਟ ਹੈ। ਔਰੰਗਜ਼ੇਬ ਨੇ ਰਾਜ-ਤਖ਼ਤ ਲੈਣ ਲਈ ਆਪਣੇ ਬਾਪ ਨੂੰ ਕੈਦ ਵਿਚ ਸੁਟਿਆ ਅਤੇ ਇਤਨਾ ਕਠੋਰਚਿਤ ਸੀ ਕਿ ਆਪਣੇ ਪਿਓ ਨੂੰ ਪੀਣ ਵਾਲੇ ਪਾਣੀ ਤੋਂ ਵੀ ਤਰਸਾ ਤਰਸਾ ਕੇ ਮਾਰਿਆ। ਆਪਣੇ ਸੱਕੇ ਭਰਾਵਾਂ ਨੂੰ ਖ਼ੂਨੀ ਤਲਵਾਰ ਦੀ ਭੇਟ ਕੀਤਾ। ਗੱਦੀ ਤੇ ਬੈਠ ਕੇ ਜੋ ਜੋ ਜ਼ੁਲਮ ਤੇ ਅਤਿਆਚਾਰ ਔਰੰਗਜ਼ੇਬ ਨੇ ਹਿੰਦੂਆਂ ਤੇ ਕੀਤੇ, ਉਨ੍ਹਾਂ ਨੂੰ ਪੜ੍ਹ ਸੁਣ ਕੇ ਕੰਬਣੀ ਛਿੜ ਜਾਂਦੀ ਹੈ। ਉਹ ਰੋਜ਼ਾਨਾ ਸੈਂਕੜੇ ਹਜ਼ਾਰਾਂ ਮਜ਼ਲੂਮਾਂ ਨੂੰ ਬੜੀ ਬੇਦਰਦੀ ਨਾਲ ਕਤਲ ਕਰਵਾਂਦਾ ਸੀ, ਜਿਸ ਤਰ੍ਹਾਂ ਕਿ ਕੋਈ ਕੀੜਿਆ ਮਕੌੜਿਆਂ ਨੂੰ ਬੇਰਹਿਮੀ ਨਾਲ ਪੈਰਾਂ ਵਿਚ ਮਧੌਲੀ ਜਾਂਦਾ ਹੋਵੇ। ਉਸ ਲਈ ‘ਇਨਸਾਫ’ ਕੋਈ ਮਆਨੇ ਹੀ ਨਹੀਂ ਰਖਦਾ ਸੀ। ਉਹ ਕਹਿੰਦਾ ਸੀ ਕਿ ਕਾਫ਼ਰਾਂ ਨੂੰ ਦੀਨ-ਇਸਲਾਮ ਵਿਚ ਲਿਆ ਕੇ ਜਾਂ ਉਨ੍ਹਾਂ ਦਾ ਬੀਜ-ਨਾਸ ਕਰ ਕੇ ਹੀ ਸਵਾਬ ਖਟਿਆ ਜਾ ਸਕਦਾ ਹੈ। ਆਪਣੇ ਜੁਲਮ ਨੂੰ ਉਸ ਨੇ ਇਸਲਾਮ-ਪ੍ਰਸਾਰ ਦੇ ਬੁਰਕੇ ਥਲੇ ਲੁਕਾਇਆ ਹੋਇਆ ਸੀ।
ਦੂਜੇ ਪਾਸੇ ਕਲਗੀਧਰ ਪਾਤਸ਼ਾਹ ਜੀ ਦਾ ਰੱਬੀ ਉਦੇਸ਼ ਸੀ-
ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥੪੩॥
ਬਚਿਤ੍ਰ ਨਾਟਕ, ਅਧਿ: ੬
ਦਸਮੇਸ਼ ਪਿਤਾ ਜੀ ਦਾ ਉਦੇਸ਼ ਧਰਮ ਅਤੇ ਧਰਮੀਆਂ ਦੀ ਰੱਖਿਆ ਕਰਨੀ ਅਤੇ ਦੁਸਟ ਦੋਖੀਆਂ ਦਾ ਡਟ ਕੇ ਟਾਕਰਾ ਕਰਨਾ ਸੀ। ਜ਼ਾਲਮ ਸਰਕਾਰ ਵਲੋਂ ਉਹਨਾਂ ਤੇ ਕਈ ਹੱਲੇ ਕੀਤੇ ਗਏ। ਸਵੈਮਾਣ ਅਤੇ ਅਣਖ ਕਾਇਮ ਰਖਣ ਲਈ ਆਪ ਜੀ ਨੇ ਜ਼ਾਲਮਾਂ ਨਾਲ ਡਟ ਕੇ ਲੋਹਾ ਲਿਆ ਅਤੇ ਜੰਗ-ਜੁਧ ਕੀਤੇ।
ਆਖ਼ਰੀ ਜੁਧ ਅਨੰਦਗੜ੍ਹ ਦੇ ਕਿਲ੍ਹੇ ਵਿਚ ਰਹਿ ਕੇ ਲੜਿਆ। ਲੱਖਾਂ ਦੀ ਗਿਣਤੀ ਵਿਚ ਮੁਗ਼ਲ ਫੌਜ਼ਾਂ ਅਤੇ ਹਿੰਦੂ ਬਾਈ ਧਾਰ ਕੇ ਰਾਜਿਆਂ ਨੇ ਮਿਲ ਕੇ ਅਨੰਦਪੁਰ ਦੇ ਦੂਰ ਦੂਰ ਤਕ ਛੇ ਮਹੀਨਿਆਂ ਤੋਂ ਵਧ ਘੇਰਾ ਪਾਈ ਰਖਿਆ। ਰਾਸ਼ਨ ਪਾਣੀ ਦੀ ਸਖਤ ਤੋਟ ਹੋਣ ਦੇ ਬਾਵਜੂਦ ਵੀ ਸੱਚੇ ਪਾਤਸ਼ਾਹ ਤੋਂ ਮਹਾਨ ਚੜ੍ਹਦੀਆਂ ਕਲਾਂ ਵਿਚ ਕਾਇਮ ਰਹੇ ਅਤੇ ਨਾਲ ਦੇ ਸਿੰਘਾਂ ਨੂੰ ਨਿਤ ਨਵਾਂ ਹੌਸਲਾ ਬਖਸ਼ਦੇ ਰਹੇ।
ਅਖ਼ੀਰ ਮੁਗਲ ਹਾਕਮਾਂ ਨੇ ਔਰੰਗਜ਼ੇਬ ਵਲੋਂ ਕੁਰਾਨ ਦੀ ਕਸਮ ਅਤੇ ਹਿੰਦੂਆਂ ਨੇ ਗਊ ਦੀ ਸਹੁੰ ਚੁਕ ਕੇ ਇਕ ਚਲਾ ਭਰ ਪਤਰਕਾ ਸੱਚੇ ਪਾਤਸ਼ਾਹ ਪਾਸ ਭੇਜੀ ਕਿ ਤੁਸੀਂ ਅਨੰਦਪੁਰ ਛਡ ਕੇ ਕਿਤੇ ਹੋਰਥਾਂ ਚਲੇ ਜਾਓ ਤਾਂ ਸਾਡੀ ਰਹਿ ਆਵੇਗੀ। ਵਿਅਰਥ ਖ਼ਲਕ ਦਾ ਖ਼ੂਨ ਹੋ ਰਿਹਾ ਤੁਹਾਨੂੰ ਭੀ ਪਸੰਦ ਨਹੀਂ। ਤੁਹਾਡਾ ਪਿਛਾ ਅਸੀਂ ਬਿਲਕੁਲ ਨਹੀਂ ਕਰਾਂਗੇ।
ਇਹ ਸੁਲਹ ਦੀ ਪਤਰਕਾ ਪੁਜਣ ਤੇ ਸਿੰਘਾਂ ਨੇ ਅਤੇ ਮਾਤਾ ਜੀ ਨੇ ਸਾਹਿਬਾਂ ਨੂੰ ਜਿਵੇਂ ਕਿਵੇਂ ਅਨੰਦਪੁਰ ਸਾਹਿਬ ਛਡਣ ਲਈ ਮੰਨਾ ਹੀ ਲਿਆ। ਪਰ ਉਨ੍ਹਾਂ ਦੀਆਂ ਸਹੁੰਆਂ ਅਤੇ ਕਸਮਾਂ ਨਿਰਾ ਫ਼ਰੇਬ ਧੋਖਾ ਹੀ ਸਾਬਤ ਹੋਈਆਂ।
ਦੁਸ਼ਟਾਂ ਨੇ ਇਕਰਾਰ ਮੂਜਬ ਕੀਰਤਪੁਰ ਸਾਹਿਬ ਵਾਲੇ ਪਾਸਿਓ ਨਾਕਾਬੰਦੀ ਹਟਾ ਕੇ ਪਰਗਟ ਤਾਂ ਇਹ ਕੀਤਾ ਕਿ ਅਨੰਦਪੁਰ ਤੋਂ ਬਾਹਰ ਜਾਣ ਵਾਲਿਆਂ ਤੇ ਹੁਣ ਕੋਈ ਵਾਰ ਨਹੀਂ ਕੀਤਾ ਜਾਵੇਗਾ; ਪਰ ਸਿੰਘਾਂ ਦੇ ਕੀਰਤਪੁਰ ਸਾਹਿਬ ਟਪਣ ਦੀ ਦੇਰੀ ਹੀ ਸੀ ਕਿ ਵੈਰੀ ਉਹਨਾਂ ਤੇ ਟੁੱਟ ਪਏ। ਉਹਨਾਂ ਨੇ ਕਸਮਾਂ ਤੇ ਸਹੁੰਆਂ ਛਿੱਕੇ ਤੇ ਟੰਗ ਕੇ ਸਿੰਘਾਂ ਉਤੇ ਹੱਲਾ ਬੋਲ ਦਿਤਾ। ਸਿੰਘ ਵੈਰੀ-ਦਲ ਦਾ ਟਾਕਰਾ ਕਰਦੇ ਹੋਏ ਅਗੇ ਵਧਦੇ ਗਏ। ਸਿਆਲੀ ਵਰਖਾ ਰਗਿਹਟ ੁਪਪੲਰ ਤੁੳਦਰੳਨਟ ਦੇ ਕਾਰਨ ਅਗੇ ਸਰਸਾ ਨਦੀ ਵਿਚ ਹੜ੍ਹ ਆਇਆ ਹੋਇਆ ਸੀ। ਕੁਝ ਘੋੜ-ਚੜ੍ਹੇ ਸਿੰਘਾਂ ਨੇ ਨਦੀ ਦੇ ਕੰਢੇ ਵੈਰੀ-ਦਲ, ਨੂੰ ਟਾਕਰਾ ਦੇ ਕੇ ਰੋਕੀ ਰੱਖਿਆ, ਬਾਕੀ ਦਾ ਪੈਦਲ ਵਹੀਰ ਅਤੇ ਸਤਿਗੁਰਾਂ ਦੇ ਪਰਵਾਰ ਬਰਫ਼ ਵਰਗੇ ਠੰਢੇ ਪਾਣੀ ਵਿਚ ਠਿਲ੍ਹ ਪਏ, ਅਨੇਕਾਂ ਰੁੜ੍ਹ ਗਏ; ਜਿਹਵੇ ਬਚੇ, ਉਹ ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ ਜਾ ਲਗਾ। ਸ੍ਰੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਬਾਹਮਣ ਗੰਗੂ ਰਸੋਈਏ ਦੀ ਬਦਨੀਤੀ ਦਾ ਸ਼ਿਕਾਰ ਹੋ ਕੇ ਨਵਾਬ ਸਰਹਿੰਦ ਦੀ ਕਚਹਿਰੀ ਵਿਚ ਪਹੁੰਚਾਏ ਗਏ ਅਤੇ ਬੇਦਰਦੀ ਨਾਲ ਇਨ੍ਹਾਂ ਮਾਸੂਮ ਬੱਚਿਆਂ ਨੂੰ ਜ਼ਿੰਦਾ ਕੰਧ ਵਿਚ ਚਿਣਵਾ ਕੇ ਸ਼ਹੀਦ ਕੀਤਾ ਗਿਆ। ਅਜਿਹਾ ਜ਼ੁਲਮ ਭਰਿਆ ਸਾਕਾ ਦੁਨੀਆਂ ਦੇ ਇਤਿਹਾਸ ਵਿਚ ਕਿਤੇ ਨਹੀਂ ਮਿਲਦਾ। ਸਾਹਿਬ ਕਲਗੀਧਰ ਪਾਤਸ਼ਾਹ ਕੇਵਲ ਚਾਲੀ ਸਿੰਘਾਂ ਅਤੇ ਦੋ ਵਡੇ ਸਾਹਿਬਜ਼ਾਦਿਆਂ ਨਾਲ ਚਮਕੌਰ ਦੀ ਗੜ੍ਹੀ ਵਿਖੇ ਪੁਜੇ। ਇਸ ਗੜ੍ਹੀ ਨੂੰ ਲਖਾਂ ਦੀ ਗਿਣਤੀ ਵਿਚ ਵੈਰੀ-ਦਲ ਨੇ ਆ ਘੇਰਿਆ। ਸਾਹਿਬਜ਼ਾਦਿਆਂ ਅਤੇ ਸਿੰਘਾਂ ਨੇ ਇਕ ਇਕ ਕਰ ਕੇ ਅਨੇਕਾਂ ਜ਼ਾਲਮਾਂ ਦੇ ਆਹੂ ਲਾਹ ਲਾਹ ਕੇ ਸ਼ਹੀਦੀ ਜਾਮ ਪੀਤਾ। ਇਥੋਂ ਜਿਸ ਬਹਾਦਰੀ ਅਤੇ ਸੂਰਬੀਰਤਾ ਨਾਲ ਗੁਰੂ ਪਾਤਸ਼ਾਹ ਅਤੇ ਤਿੰਨ ਸਿੰਘ ਜ਼ਾਲਮਾਂ ਦੇ ਭਾਰੀ ਘੇਰੇ ਵਿਚੋਂ ਵਜ-ਵਜਾ ਕੇ ਨਿਕਲ ਗਏ, ਇਹ ਵੀ ਦੁਨੀਆਂ ਨੂੰ ਚਕ੍ਰਿਤ ਕਰਨ ਵਾਲੀ ਗਾਥਾ ਹੈ। ਸੱਚੇ ਪਾਤਸ਼ਾਹ ਜੀ ਮਾਛੀਵਾੜੇ ਦੇ ਜੰਗਲ ਥੀਂ ਹੁੰਦੇ ਹੋਏ, ਉਚ ਦੇ ਪੀਰ ਬਣ ਕੇ ਰਾਇ ਕੋਟ ਚੌਧਰੀ ਰਾਇ ਕੱਲੇ ਪਾਸ ਪੁਜੇ। ਇਥੇ ਆਪ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਮਿਲੀ। ਇਥੋਂ ਆਪ ਦੀਨੇ ਪੁਜੇ। ਇਥੇ ਨਿਵਾਸ ਕਰਨ ਸਮੇਂ ਆਪ ਜੀ ਨੇ ‘ਜ਼ਫਰਨਾਮਾ’ ਦੀ ਪਤਰਕਾ ਔਰੰਗਜ਼ੇਬ ਦੇ ਨਾਲ ਲਿਖੀ, ਜਿਸ ਵਿਚ ਉਸ ਦੀਆਂ ਕਾਲੀਆਂ ਕਰਤੂਤਾਂ ਦਾ ਭਾਂਡਾ ਚੌਰਾਹੇ ਵਿਚ ਭੰਨ ਕੇ ਉਸ ਨੂੰ ਬੁਰੀ ਤਰ੍ਹਾਂ ਨਸ਼ਰ ਕੀਤਾ ਕਿ ਤੂੰ ਆਪਣੇ ਮੌਲਵੀਆਂ ਤੇ ਫ਼ੌਜੀ ਮੁਸਾਹਿਬਾਂ ਰਾਹੀਂ ਜੋ ਕੁਰਾਨ ਦੀਆਂ ਕਸਮਾਂ ਚੁਕੀਆਂ, ਉਹ ਸਭ ਧੋਖਾ ਤੇ ਝੂਠ ਦਾ ਪਲੰਦਾ ਹੀ ਸਨ। ਉਸ ਨੂੰ ਫਿਟਕਾਰ ਪਾਈ ਕਿ ਕਿੰਨੇ ਸ਼ਰਮ ਦੀ ਅਤੇ ਕਮੀਨੀ ਗੱਲ ਹੈ ਕਿ ਦਸ ਲੱਖ ਫ਼ੌਜ ਆਪਣੇ ਸਾਰੇ ਕੌਲਕਰਾਰ ਭੁਲਕੇ ਚਾਲੀ ਭੁਖਣ ਭਾਣੇ ਸਿੰਘਾਂ ਉਤੇ ਟੁਟ ਪਵੇ।
ਸੱਚੇ ਪਾਤਸ਼ਾਹ ਜੀ ਨੇ ਔਰੰਗਜ਼ੇਬ ਦੇ ਜ਼ੁਲਮਾਂ ਅਤੇ ਕੁਟਲ ਚਾਲਾਂ ਦਾ ਪਾਜ ਉਘੇੜ ਕੇ ਫਿਰ ਆਪਣਾ ਮਿਸ਼ਨ ਪ੍ਰਗਟ ਕੀਤਾ ਕਿ ਅਸੀਂ ਜ਼ਾਲਮ ਨੂੰ ਠੀਕ ਰਸਤੇ ਲਿਆਉਣ ਲਈ ਸਾਰੇ ਸੁਲਹਕੁਲ ਹੀਲੇ ਵਸੀਲੇ ਕੀਤੇ, ਪਰ ਸਾਰੇ ਨਿਸ਼ਫਲ ਰਹੇ ਹਨ। ਜਦ ਜ਼ਾਲਮ ਸਾਰੇ ਸੁਲਹਕੁਲ ਜਤਨਾਂ ਨੂੰ ਝਾਗ ਜਾਏ ਤਾਂ ਉਸ ਨੂੰ ਸੋਧਣ ਲਈ ਤਲਵਾਰ ਉਠਾਣ ਤੋਂ ਬਗੈਰ ਹੋਰ ਕਿਹੜਾ ਚਾਰਾ ਕੀਤਾ ਜਾ ਸਕਦਾ ਹੈ?
ਚੁ ਕਾਰ ਅਜ਼ ਹਮਾ ਹੀਲਤੇ ਦਰ-ਗੁਜ਼ੱਸ਼ੁਤ। ਹਲਾਲ ਅਸਤ ਬੁਰਦਨ ਬ-ਸ਼ਮਸ਼ੀਰ ਦਸਤ।
ਭਾਵ ਜਦੋਂ ਕੋਈ ਗੱਲ, ਸਾਰੇ ਹੀਲਿਆਂ-ਉਪਰਾਲਿਆਂ ਤੋਂ ਲੰਘ ਜਾਏ ਤਾਂ ਤਲਵਾਰ ਉਪਰ ਹੱਥ ਰਖਣਾ ਜਾਇਜ਼ ਹੈ।
ਸਿਖ ਕੌਮ ਆਪਣੀ ਨਿਰਛਲ ਸੀਰਤ ਅਤੇ ਨੇਕ ਨਿਯਤੀ ਕਾਰਨ ਕਪਟੀ ਜ਼ਾਲਮਾਂ ਹਥੋਂ ਸਦਾ ਹੀ ਧੋਖੇ ਦਾ ਸ਼ਿਕਾਰ ਹੁੰਦੀ ਆਈ ਹੈ ਅਤੇ ਮੁੜ ਮੁੜ ਕੇ ਦੋਖੀਆਂ ਦੀਆਂ ਕਪਟ-ਚਾਲਾਂ ਵਿਚ ਫਸ ਕੇ ਇਹ ਨੁਕਸਾਨ ਉਠਾਂਦੀ ਆ ਰਹੀ ਹੈ। ਅੱਜ ਵੀ ਸਿਖ ਕੌਮ ਦੀ ਹਾਲਤ ਬੜੀ ਤਰਸ-ਯੋਗ ਬਣੀ ਪਈ ਹੈ। ਪੰਜਾਬ ਦੇ ਬਟਵਾਰੇ ਤੋਂ ਪਹਿਲਾਂ ਜੋ ਸਿਖ ਕੌਮ ਨਾਲ ਕਾਂਗਰਸ ਵਲੋਂ ਕੌਲ-ਕਰਾਰ ਹੁੰਦੇ ਰਹੇ, ਉਨ੍ਹਾਂ ਦਾ ਕੋਈ ਸਿਰਾ ਪੈਰ ਨਹੀਂ ਦਿਸ ਰਿਹਾ। ੧੯੪੭ ਤੋਂ ਪਹਿਲਾਂ ਗੁਰਦੁਆਰਾ ਸੀਸ ਗੰਜ ਦਿਲੀ ਵਿਚ ਮਹਾਤਮਾ ਗਾਂਧੀ ਜੀ ਪਾਸੋਂ ਸ: ਮਕਸੂਦਨ ਸਿੰਘ ਨੇ ਕਾਗਰਸ ਵਲੋਂ ਸਿਖ ਕੌਮ ਨੂੰ ਦਿਤੇ ਜਾ ਰਹੇ ਭਰੋਸਿਆਂ ਬਾਰੇ ਆਪਣੇ ਤੌਖਲਿਆਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੀ ਕਿ ਕਾਗਰਸ ਰਾਜ-ਸਤਾ ਵਿਚ ਆਉਣ ਤੋਂ ਬਾਅਦ ਆਪਣੇ ਵਚਨਾਂ ਅਤੇ ਵਾਹਦਿਆਂ ਤੋਂ ਮੁਨਕਰ ਵੀ ਤਾਂ ਹੋ ਸਕਦੀ ਹੈ। ਤਾਂ ਗਾਂਧੀ ਜੀ ਨੇ ਸਿਖ ਕੌਮ ਨੂੰ ਵਿਸ਼ਵਾਸ ਦਿਵਾਉਣ ਲਈ ਉਥੇ ਸਿਖ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ-
“ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਵਚਨਾਂ ਅਤੇ ਕਾਂਗਰਸ ਵਲੋਂ ਪਾਸ ਕੀਤੇ ਗਏ ਮਤਿਆਂ ਤੇ ਯਕੀਨ ਰਖੋ। ਤੁਹਾਡੀ ਸਮੁਚੀ ਕੌਮ ਨੂੰ ਧੋਖਾ ਦੇਣਾ ਤਾਂ ਇਕ ਪਾਸੇ ਰਿਹਾ, ਅਸੀਂ ਕਿਸੇ ਇਕ ਵਿਅਕਤੀ ਨਾਲ ਵੀ ਐਸਾ ਨਹੀਂ ਖਰ ਸਕਦੇ। ਜਦ ਕਦੀ ਕਾਂਗਰਸ ਨੇ ਅਜਿਹਾ ਕਰਨ ਦੀ ਕੋਸ਼ਸ਼ ਕੀਤੀ ਤਾਂ ਉਹ ਆਪਣੀ ਬਰਬਾਦੀ ਨੂੰ ਆਪ ਸੱਦਾ ਦੇਵੇਗੀ। ਮੇਰੀ ਤੁਹਾਡੀ ਅਗੇ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀਂ ਆਪਣੇ ਹਿਰਦਿਆਂ ਵਿਚੋਂ ਇਹੋ ਜਿਹੇ ਤੱਥ ਅਤੇ ਤੌਖਲੇ ਬਿਲਕੁਲ ਕਢ ਦਿਓ। ਮੈਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਹਾਂ ਕਿ ਜੋ ਜੋ ਵਾਹਿਦੇ ਮੇਰੇ ਵਲੋਂ ਤੇ ਕਾਂਗਰਸ ਵਲੋਂ ਤੁਹਾਡੀ ਕੌਮ ਨਾਲ ਕੀਤੇ ਗਏ ਹਨ, ਉਨ੍ਹਾਂ ਨੂੰ ਅਸੀਂ ਹਰ ਕੀਮਤ ਤੇ ਨਿਭਾਵਾਂਗੇ। ਮੇਰੇ ਵਿਚਾਰ ਵਿਚ ਕਾਂਗਰਸ ਦਾ ਅਹਿੰਸਾ ਵਿਚ ਵਿਸ਼ਵਾਸ ਉਸ ਵਲੋਂ ਦਿਤੇ ਵਚਨਾਂ ਦੀ ਸਭ ਤੋਂ ਵਡੀ ਤੇ ਪੱਕੀ ਗਰੰਟੀ ਹੈ। ਇਸ ਲਈ ਸਾਡੇ ਸਿਖ ਭਰਾਵਾਂ ਨੂੰ ਇਹ ਸੋਚਣਾ ਤਕ ਵੀ ਨਹੀਂ ਚਾਹੀਦਾ ਕਿ ਉਹਨਾਂ ਨਾਲ ਕਦੇ ਕੋਈ ਧੋਖਾ ਯਾ ਫ਼ਰੇਬ ਕੀਤਾ ਜਾ ਸਕਦਾ ਹੈ, ਕਿਉਂਕਿ ਜਦ ਕਦੇ ਵੀ ਕਾਂਗਰਸ ਨੇ ਐਸਾ ਕਰਨ ਦੀ ਕੋਸ਼ਿਸ਼ ਕੀਤੀ, ਉਹ ਆਪਣੀ ਅਤੇ ਆਪਣੇ ਦੇਸ਼ ਦੀ ਬਰਬਾਦੀ ਦਾ ਕਾਰਨ ਆਪ ਬਣੇਗੀ। ਸਿਖ ਇਕ ਬਹਾਦਰ ਕੌਮ ਹੈ ਅਤੇ ਉਹ ਆਪਣੇ ਹੱਕਾਂ ਦੀ ਰਾਖੀ ਉਹਨਾਂ ਹਥਿਆਰਾਂ ਨਾਲ ਕਰਨੀ ਜਾਣਦੀ ਹੈ, ਜੋ ਉਸ ਦੀ ਰਹਿਤ ਮਰਯਾਦਾ ਦਾ ਹਿੱਸਾ ਹਨ”।
ਕਾਂਗਰਸ ਦੇ ਵਖ ਵਖ ਲੀਡਰਾਂ ਵਲੋਂ ਸਮੇਂ ਸਮੇਂ ਕਾਂਗਰਸ ਸੈਸ਼ਨਾਂ ਅਤੇ ਉਚੇਚੀਆਂ ਮੀਟਿੰਗਾਂ ਆਦਿ ਵਿਚ ਕਈ ਤਰ੍ਹਾਂ ਦੇ ਵਾਹਿਦੇ ਕਰਨ ਦੇ ਬਾਵਜੂਦ ਜੋ ਕੁਝ ਸਿਖ ਕੌਮ ਨਾਲ ਹੋ ਰਿਹਾ ਹੈ, ਉਹ ਹੁਣ ਤਕ ਸਭ ਦੇ ਸਾਹਮਣੇ ਆ ਚੁਕਿਆ ਹੈ। ਕੋਈ ਚਾਰਾ ਨਾ ਵੇਖ ਕੇ ਅਖ਼ੀਰ ਸਿੰਘਾਂ ਨੂੰ “ਧਰਮ ਯੁਧ ਮੋਰਚਾ” ਲਾਉਣਾ ਪਿਆ ਹੈ। ਹੁਣ ਤਕ ਭਾਰਤ ਤਾਂ ਕੀ, ਸਾਰੀ ਦੁਨੀਆਂ ਵਿਚ ਸਿੰਘਾਂ ਦੀਆਂ ਹੱਕੀ ਮੰਗਾਂ ਮੰਨ ਲੈਣ ਲਈ ਹਾਹਾਕਾਰ ਮਚ ਚੁਕੀ ਹੈ। ਪਰ ਅੱਜ ਤਕ ਊਠ ਕਿਸੇ ਕਰਵਟ ਬੈਠਦਾ ਨਜ਼ਰ ਨਹੀਂ ਆਉਂਦਾ ਅਤੇ ਕੋਈ ਹੱਲ ਹੁੰਦਾ ਜਾਪਦਾ ਨਹੀਂ, ਕੋਈ ਗੱਲ ਵੀ ਸਿਰੇ ਨਹੀਂ ਚੜ੍ਹ ਰਹੀ ਅਤੇ ਟਾਲਮਟੋਲੇ ਕਰ ਕੇ ਮਾਮਲੇ ਨੂੰ ਲਮਕਾਇਆ ਤੇ ਖਟੇ ਪਾਉਣ ਦਾ ਜਤਨ ਕੀਤਾ ਜਾ ਰਿਹਾ ਹੈ।
“ਧਰਮ ਯੁਧ ਮੋਰਚੇ” ਦੇ ਮੁਖੀ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਦੀ ਸਿਆਣੀ ਅਗਵਾਈ ਵਿਚ ਅੱਜ ਤਕ ਸਿੰਘਾਂ ਨੂੰ ਸ਼ਾਂਤ ਰਖਿਆ ਜਾ ਰਿਹਾ ਹੈ। ਨੌਜੁਆਨ ਤਬਕੇ ਦੇ ਖੂਨ ਨੂੰ ਜੋਸ਼ ਵਿਚ ਆਉਣ ਤੋਂ ਰੋਕਣ ਲਈ ਸੰਤ ਜੀ ਬੜੀ ਸੂਝ-ਬੂਝ ਤੋਂ ਕੰਮ ਲੈ ਰਹੇ ਹਨ ਅਤੇ ਇਤਨੇ ਲੰਮੇ ਅਰਸੇ ਵਿਚ ਸੈਂਕੜੇ ਸ਼ਹੀਦੀਆਂ ਦੇ ਕੇ ਅਤੇ ਡੇਢ ਲੱਖ ਤੋਂ ਵਧ ਗ੍ਰਿਫ਼ਤਾਰੀੳਾਂ ਦੇ ਕੇ ਵੀ ਪੂਰੀ ਸ਼ਾਂਤਮਈ ਤੋਂ ਕੰਮ ਲਿਆ ਜਾ ਰਿਹਾ ਹੈ।
ਬੜੇ ਅਫ਼ਸੋਸ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਢੀਠਤਾਈ ਵਰਤ ਕੇ ਮਸਲੇ ਨੂੰ ਅਜਾਈ ਉਲਝਾ ਰਹੀ ਹੈ। ਪੰਜਾਬ ਅਤੇ ਸਿਖਾਂ ਦੀਆਂ ਹੱਕੀ ਮੰਗਾਂ ਨੂੰ ਰੋਲ-ਘਚੋਲੇ ਵਿਚ ਪਾ ਕੇ ਸਰਕਾਰ ਪੰਜਾਬੀਆਂ ਅਤੇ ਸਿਖਾਂ ਦਾ ਭਰੋਸਾ ਗਵਾ ਰਹੀ ਹੈ। ਆਖ਼ਰ ਧੀਰਜ ਅਤੇ ਸਬਰ ਦੀ ਵੀ ਕੋਈ ਹੱਦ ਹੁੰਦੀ ਹੈ। ਸਰਕਾਰ ਨੂੰ ਸਾਡੀ ਚਿਤਾਵਨੀ ਹੈ ਕਿ ਅਕਲ ਤੋਂ ਕੰਮ ਲਵੋ ਅਤੇ ਮਾਮਲੇ ਦੀ ਗੰਭੀਰਤਾ ਨੂੰ ਸਮਝੇ। ਅਣਖੀਲੇ ਪੰਜਾਬੀ ਅਤੇ ਸਿਖ, ਅਣਖ ਦੇ ਸਵਾਲ ਤੇ ਮਰ ਮਿਟਣ ਵਾਲੇ ਹਨ!! ਹਰ ਸਾਊ ਅਤੇ ਸਿਆਣਾ ਬੰਦਾ ਸਰਕਾਰ ਨੂੰ ਮਸ਼ਵਰਾ ਦੇ ਰਿਹਾ ਹੈ ਕਿ ਸਰਕਾਰ ਸੰਭਲੇ!!
(‘ਸੂਰਾ’ ਅੰਮ੍ਰਿਤਸਰ, ਅਗਸਤ ੧੯੮੩)





























