Sunday, July 12, 2026

Established 2005 • ISSN Registration : 1930-0107

Holla Mohalla : Historic Background

Panthic Archives Article (Category: Inspirational)

Originally published on: March 7, 2007
Author/Source: Manpreet Singh Sagar, Rsearcher, Punjabi Department Panjab University, Chandigarh

ਹੋਲੀ ਤੋਂ ਹੋਲਾ ਮਹੱਲਾ ਕਿਉਂ?
ਇਤਿਹਾਸਕ ਸਰਵੇਖਣ:-

ਹੋਲੀ ਭਾਰਤ ਦਾ ਇਕ ਪ੍ਰਸਿੱਧ, ਪ੍ਰਾਚੀਨ ਅਤੇ ਪ੍ਰਤੀਕਮਈ ਤਿਉਹਾਰ ਹੈ, ਜੋ ਦੇਸ ਭਰ ਵਿਚ ਭਾਰੀ ਉਤਸ਼ਾਹ, ਉਮਾਹ ਅਤੇ ਜੋਸ਼-ਖਰੋਸ਼ ਸਹਿਤ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਅਰੰਭਤਾ ਹਰਨਾਖਸ਼ ਦੇ ਜ਼ਮਾਨੇ ਤੋਂ ਮਿਥੀ ਜਾਂਦੀ ਹੈ। ਉਹ ਇੰਜ ਕਿ ਜਦੋਂ ਨਾ ਦਿਨੇ ਮਰਾਂ, ਨਾ ਰਾਤ; ਨਾ ਅੰਦਰ ਮਰਾਂ, ਨਾ ਬਾਹਰ; ਨਾ ਜ਼ਿਮੀਂ ਮਰਾਂ, ਨਾ ਆਕਾਸ਼; ਨਾ ਕਿਸੇ ਸ਼ਸਤਰ ਤੋਂ ਮਰਾਂ, ਨਾ ਕਿਸੇ ਦੇ ਹੱਥੋਂ; ਨਾ ਮਨੁੱਖ ਮਾਰ ਸਕੇ ਨਾ ਕੋਈ ਦੇਵਤਾ ਆਦਿ ਵਰ ਪ੍ਰਾਪਤ ਕਰ ਰਾਜਾ ਹਰਨਾਖਸ਼ ਲੋਕਾਈ ਤੋਂ ਜਲੇ ਹਰਨਾਖਸ਼, ਥਲੇ ਹਰਨਾਖਸ਼, ਹੈ ਭੀ ਹਰਨਾਖਸ਼, ਹੋਸੀ ਭੀ ਹਰਨਾਖਸ਼ ਦਾ ਜਾਪ ਕਰਾਉਣ ਲੱਗਾ ਤਾਂ ਉਸ ਦੇ ਪੁੱਤਰ ਪ੍ਰਹਿਲਾਦ ਨੇ ਹੀ ਉਸ ਦੀ ਵਿਰੋਧਤਾ ਕੀਤੀ। ਰਾਮ ਭਗਤ ਪ੍ਰਹਿਲਾਦ ਨੇ ਪਿਤਾ ਦੇ ਡਰਾਵਿਆਂ ਦਾ ਕੋਈ ਅਸਰ ਨਾ ਕਬੂਲਿਆ, ਬਲਕਿ ਡਟ ਕੇ ਕਿਹਾ- ਜਿਸ ਬਾਰੇ ਭਗਤ ਕਬੀਰ ਜੀ ਆਪਣੀ ਬਾਣੀ ਵਿਚ ਇਉਂ ਬਿਆਨ ਕਰਦੇ ਹਨ:

ਮੋ ਕਉ ਕਹਾ ਸਤਾਵਹੁ ਬਾਰ ਬਾਰ॥
ਪ੍ਰਭਿ ਜਲ ਥਲ ਗਿਰਿ ਕੀਏ ਪਹਾਰ॥
ਇਕੁ ਰਾਮੁ ਨ ਛੋਡਉ ਗੁਰਹਿ ਗਾਰਿ॥
ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ॥
(ਬਸੰਤ ਕਬੀਰ ਜੀ, ਪੰਨਾ 1194)

ਹਰਨਾਖਸ਼ ਦਾ ਦਾਨਵੀ ਹੁਕਮ ਵਰਤਣ ਲੱਗਾ, ਜਲ ਵਿਚ ਡੋਬਿਆ, ਅੱਗ ਵਿਚ ਸੁਟਿਆ, ਪਰੰਤੂ ਪ੍ਰਹਿਲਾਦ ਅਡੋਲ ਇਹ ਤਸੀਹੇ ਸਹਾਰਦਾ ਰਿਹਾ-

ਜਲ ਅਗਨੀ ਵਿਚਿ ਘਤਿਆ, ਜਲੈ ਨ ਡੁਬੈ ਗੁਰ ਪਰਸਾਦਿ।
(ਭਾਈ ਗੁਰਦਾਸ ਜੀ, ਵਾਰ 10, ਪਉੜੀ 2)

ਇਸ ਸਮੇਂ ਹਰਨਾਖਸ਼ ਦੀ ਭੈਣ ਹੋਲਿਕਾ, ਜਿਸ ਨੂੰ ਕੁਝ ਥਾਈਂ ਹੋਲੀ ਅਤੇ ਢੂੰਡਾ ਵੀ ਲਿਖਿਆ ਹੈ, ਭਰਾ ਦੀ ਸਹਾਇਤਾ ਲਈ ਬਹੁੜੀ। ਹੋਲਿਕਾ ਨੂੰ ਵੀ ਭੋਲੇ ਸ਼ੰਕਰ ਦਾ ਵਰ ਸੀ ਕਿ ਜੇਕਰ ਸ਼ਿਵ ਸ਼ੰਕਰ ਦੀ ਬਖਸ਼ੀ ਹੋਈ ਚਾਦਰ ਓੜ ਕੇ ਬੈਠ ਜਾਵੇ ਤਾਂ ਅੱਗ ਵੀ ਉਸ ਨੂੰ ਜਲਾ ਨਹੀਂ ਸਕੇਗੀ। ਸੋ ਹੋਲਿਕਾ ਪ੍ਰਹਿਲਾਦ ਨੂੰ ਭਸਮ ਕਰਨ ਲਈ ਉਸ ਨੂੰ ਗੋਦੀ ਵਿਚ ਲੈ ਕੇ ਮੱਚ ਰਹੀ ਅੱਗ ਵਿਚ ਜਾ ਬੈਠੀ। ਉਸ ਨੂੰ ਵਿਸ਼ਵਾਸ ਸੀ ਕਿ ਉਸ ਨੂੰ ਤਾਂ ਅੱਗ ਨੇ ਕੁਝ ਨਹੀਂ ਕਹਿਣਾ, ਪਰੰਤੂ ਪ੍ਰਹਿਲਾਦ ਸੜ ਮਰੇਗਾ। ਪਰੰਤੂ ਕੁਦਰਤ ਦਾ ਭਾਣਾ ਅਜਿਹਾ ਵਰਤਿਆ ਕਿ ਅਚਾਨਕ ਤੇਜ਼ ਹਨ੍ਹੇਰੀ ਆਈ ਅਤੇ ਸ਼ਿਵ ਜੀ ਦੀ ਬਖਸ਼ੀ ਹੋਈ ਚਾਦਰ ਹੋਲਿਕਾ ਦੇ ਸਰੀਰ ਤੋਂ ਲਹਿ ਕੇ ਪ੍ਰਹਿਲਾਦ ਦੁਆਲੇ ਲਿਪਟ ਗਈ, ਜਿਸ ਦੇ ਫਲਸਰੂਪ ਹੋਲਿਕਾ ਅਗਨੀ ਵਿਚ ਸੜ ਮੋਈ ਜਦੋਂ ਕਿ ਪ੍ਰਹਿਲਾਦ ਨੂੰ ਆਂਚ ਤਕ ਨਾ ਲੱਗੀ।

ਹਰਨਾਖਸ਼ ਨੇ ਆਖਰੀ ਹਥਿਆਰ ਵਰਤਿਆ ਕਿ ਪ੍ਰਹਿਲਾਦ ਨੂੰ ਤਪਦੇ ਹੋਏ ਥੰਮ੍ਹ ਨਾਲ ਬੰਨ੍ਹ ਕੇ ਵੰਗਾਰਿਆ ਕਿ ਲਿਆ ਆਪਣਾ ਰਾਮ, ਜੋ ਕਿ ਤੈਨੂੰ ਇਥੋਂ ਛੁਡਾਵੇ। ਅਤੇ ਸਾਰੇ ਜਾਣਦੇ ਹਨ ਕਿ ਕਿਵੇਂ ਭਗਵਾਨ ਕੀੜੀ ਦਾ ਰੂਪ ਧਾਰ ਕੇ ਥੰਮ੍ਹ ਉੱਤੇ ਪ੍ਰਗਟ ਹੋਇਆ, ਪ੍ਰਹਿਲਾਦ ਨੇ ਥੰਮ੍ਹ ਨੂੰ ਜੱਫੀ ਪਾ ਲਈ ਅਤੇ ਫਿਰ ਭਗਵਾਨ ਨਰਸਿੰਘ ਦਾ ਭਿਆਨਕ ਰੂਪ ਧਾਰਕੇ ਥੰਮ੍ਹ ਵਿਚੋਂ ਪ੍ਰਗਟ ਹੋਇਆ ਅਤੇ ਹਰਨਾਖਸ਼ ਦਾ ਅੰਤ ਕੀਤਾ। ਗੁਰਬਾਣੀ ਗਵਾਹ ਹੈ :

ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ॥
ਹਰਿ ਤੇਰਾ ਕਹਾ ਤੁਝੁ ਲਏ ਉਬਾਰਿ॥
ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮ੍‍ ਉਪਾੜਿ॥
ਹਰਣਾਖਸੁ ਨਖੀ ਬਿਦਾਰਿਆ, ਪ੍ਰਹਲਾਦੁ ਲੀਆ ਉਬਾਰਿ॥
(ਭੈਰਉ ਮ: 3, ਪੰਨਾ 1133)

ਹੋਲਿਕਾ ਦੀ ਕੁਟਿਲਤਾ ਦੀ ਹਾਰ ਅਤੇ ਪ੍ਰਹਿਲਾਦ ਦੀ ਨਿਰਛਲਤਾ ਦੀ ਜਿੱਤ ਦੀ ਖੁਸ਼ੀ ਵਿਚ ਲੋਕ ਝੂਮ ਉਠੇ ਅਤੇ ਹੋਲਿਕਾ ਦੀ ਖਿੱਲੀ ਉਡਾਣੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਹੋਲਿਕਾ ਦੀ ਸਾਰੇ ਜਗਤ ਵਿਚ ਭਾਰੀ ਬਦਨਾਮੀ ਹੋਈ। ਮਗਰੋਂ ਹਰ ਸਾਲ ਹੀ ਇਸ ਦਿਨ ਨੂੰ ਲੋਕ ਇਕੱਠੇ ਹੁੰਦੇ ਅਤੇ ਖੇਹ ਉਡਾਂਦੇ। ਸਮੇਂ ਦੇ ਗੁਜ਼ਰਨ ਨਾਲ ਰੰਗ ਅਤੇ ਫਿਰ ਚਿੱਕੜ ਆਦਿ ਸੁੱਟਣ ਦੀ ਪ੍ਰਥਾ ਵੀ ਚੱਲ ਪਈ। ਗੱਲ ਕੀ ਦੁਸਿਹਰੇ ਵਾਂਗ ਹੋਲੀ ਦਾ ਤਿਉਹਾਰ ਵੀ ਸੱਚਾਈ ਅਤੇ ਨੇਕੀ ਦੀਆਂ ਉਸਾਰੂ ਤਾਕਤਾਂ ਦੀ ਕੂੜ ਅਤੇ ਬਦੀ ਦੀਆਂ ਉਲਾਰੂ ਤਾਕਤਾਂ ਉੱਤੇ ਹੋਈ ਦਿੱਗ-ਵਿਜੈ ਦਾ ਪ੍ਰਤੀਕ ਹੈ।

ਹੋਲੀ ਦਾ ਦੂਜਾ ਨਾਮ ਫਾਗ ਹੈ, ਅਰਥਾਤ ਫੱਗਣ ਮਹੀਨੇ ਜਾਂ ਬਸੰਤ ਰੁੱਤ ਦਾ ਚਾਵਾਂ ਤੇ ਖੁਸ਼ੀਆਂ ਭਰਿਆ ਤਿਉਹਾਰ ਹੈ, ਜਿਸ ਦੇ ਅਧਿਆਤਮਕ ਤੇ ਅੰਤਰੀਵ ਭਾਵ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਪ੍ਰਕਾਰ ਕਥਨ ਕਰਦੇ ਹਨ:

ਗੁਰੁ ਸੇਵਉ ਕਰਿ ਨਮਸਕਾਰ॥ ਆਜੁ ਹਮਾਰੈ ਮੰਗਲਚਾਰ॥
ਆਜੁ ਹਮਾਰੈ ਮਹਾ ਅਨੰਦ॥ ਚਿੰਤ ਲਥੀ ਭੇਟੇ ਗੋਬਿੰਦ॥...
ਆਜੁ ਹਮਾਰੈ ਗ੍ਰਿਹਿ ਬਸੰਤ॥ ਗੁਨ ਗਾਏ ਪ੍ਰਭ ਤੁਮ੍‍ ਬੇਅੰਤ॥1॥ਰਹਾਉ॥
ਆਜੁ ਹਮਾਰੈ ਬਨੇ ਫਾਗ॥ ਪ੍ਰਭ ਸੰਗੀ ਮਿਲਿ ਖੇਲਨ ਲਾਗ॥
ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ ਅਤਿ ਲਾਲ ਦੇਵ॥2॥
(ਬਸੰਤ ਮ: 5, ਪੰਨਾ 1180)

ਅਰਥਾਤ, ਗੁਰਸਿੱਖਾਂ ਦੀ ਅਧਿਆਤਮਕ ਮੰਡਲਾਂ ਦੀ ਅਨੰਦਮਈ ਹੋਲੀ ਦਾ ਅਜਬ ਨਜ਼ਾਰਾ ਬੰਨ੍ਹਿਆ ਗਿਆ ਹੈ ਅਤੇ ਮਨੁੱਖ ਨੂੰ ਨਾਮ ਰੂਪੀ ਰੰਗਣ ਵਿਚ ਰੰਗੇ ਜਾਣ ਲਈ ਪ੍ਰੇਰਿਤ ਕੀਤਾ ਗਿਆ ਹੈ। ਚੇਤਰ ਵਦੀ ਇਕ ਨੂੰ ਮਨਾਇਆ ਜਾਣ ਵਾਲਾ ਹੋਲਾ ਮਹੱਲਾ ਤਿਉਹਾਰ ਖ਼ਾਲਸਾ ਪੰਥ ਦੇ ਸਾਜਣਹਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿੱਜੀ ਤੇ ਮੌਲਿਕ ਖੋਜ ਹੈ ਅਤੇ ਇਹ ਖਾਲਸਾ ਪੰਥ ਨੂੰ ਆਪ ਦੀ ਅਦੁੱਤੀ ਦੇਣ ਹੈ। ਗੁਰੂ ਜੀ ਨੇ ਅਨੁਭਵ ਕਰ ਲਿਆ ਸੀ ਕਿ ਹੋਲੀ ਦਾ ਤਿਉਹਾਰ, ਜੋ ਭਾਵੇਂ ਖੁਸ਼ੀਆਂ ਤੇ ਚਾਵਾਂ ਦਾ ਤਿਉਹਾਰ ਹੀ ਹੈ, ਪਰੰਤੂ ਇਸ ਦੇ ਮਨਾਉਣ ਦੇ ਤੌਰ-ਤਰੀਕੇ ਕਾਫ਼ੀ ਵਿਗੜ ਚੁਕੇ ਸਨ। ਇਕ ਦੂਸਰੇ ਉੱਪਰ ਗੰਦ-ਮੰਦ ਉਛਾਲਿਆ ਜਾਣ ਲੱਗ ਪਿਆ ਸੀ ਅਤੇ ਫਿਰ ਇਸ ਕਾਰਨ ਗਾਲੀ-ਗਲੋਚ ਤਕ ਵੀ ਨੌਬਤ ਆ ਜਾਂਦੀ। ਇਹੋ ਕਾਰਨ ਸੀ ਕਿ ਇਤਿਹਾਸਕ ਮਹੱਤਵ ਹੋਣ ਦੇ ਬਾਵਜੂਦ ਭਾਰਤੀ ਤਿਉਹਾਰ ਭਾਰਤੀ ਜੀਵਨ ਦੀ ਉਸਾਰੀ ਵਿਚ ਕੋਈ ਨਿੱਗਰ ਤੇ ਸ਼ਕਤੀਸ਼ਾਲੀ ਹਿੱਸਾ ਨਹੀਂ ਸੀ ਪਾ ਰਹੇ। ਭਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੀ ਮਹਾਨ ਅਨੁਭਵੀ ਸ਼ਖ਼ਸੀਅਤ, ਜਿਸ ਨੇ ਆਪਣੀ ਜ਼ਿੰਦਗੀ ਦੇ ਕੁਝ ਕੁ ਸਾਲਾਂ ਵਿਚ ਸਮੁੱਚੇ ਭਾਰਤ ਦੀ ਕਾਇਆ ਕਲਪ ਕਰਨੀ ਸੀ, ਉਪਰੋਕਤ ਸਮਾਜੀ ਗਿਰਾਵਟ ਤੋਂ ਕਿਵੇਂ ਅਵੇਸਲੀ ਰਹਿ ਸਕਦੀ ਸੀ? ਆਪ ਨੇ ਸਮੇਂ ਦੀ ਨਬਜ਼ ਨੂੰ ਪਛਾਣਿਆ ਅਤੇ ਤਿਉਹਾਰਾਂ ਨੂੰ ਮਨਾਉਣ ਦੇ ਤੌਰ ਤਰੀਕੇ ਹੀ ਬਦਲ ਦਿੱਤੇ। ਪਹਿਲਾਂ 1756 ਬਿਕ੍ਰਮੀ ਦੀ ਵਿਸਾਖੀ ਵਾਲੇ ਦਿਨ ਆਪ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ, ਜਿਸ ਦਾ ਸਿੱਟਾ ਇਹ ਹੋਇਆ ਕਿ ਵਿਸਾਖੀ ਦਾ ਅਤੀ ਖੁਸ਼ੀਆਂ ਭਰਿਆ ਦਿਨ ਖ਼ਾਲਸੇ ਦੇ ਜਨਮ-ਦਿਨ ਦੇ ਰੂਪ ਵਿਚ ਮਨਾਇਆ ਜਾਣ ਲੱਗਾ ਅਤੇ ਇਸ ਤੋਂ ਅਗਲੇ ਹੀ ਸਾਲ ਤੋਂ ਹੋਲੀ ਦੇ ਤਿਉਹਾਰ ਨੂੰ ਹੋਲੇ ਮਹੱਲੇ ਦੇ ਰੂਪ ਵਿਚ ਮਨਾਉਣ ਦੀ ਪ੍ਰੰਪਰਾ ਜਾਰੀ ਕੀਤੀ। ਪਹਿਲਾ ਹੋਲਾ ਮਹੱਲਾ ਸਾਲ 1757 ਬਿਕ੍ਰਮੀ ਚੇਤ ਵਦੀ ਇਕ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਗੜ੍ਹ ਅਸਥਾਨ ਵਿਖੇ ਮਨਾਇਆ ਗਿਆ ਅਤੇ ਬਚਨ ਕੀਤਾ :-

ਔਰਨ ਕੀ ਹੋਲੀ ਮਮ ਹੋਲਾ। ਕਹਯੋ ਕ੍ਰਿਪਾਨਿਧਿ ਬਚਨ ਅਮੋਲਾ।
(ਗੁਰੁ ਪਦ ਪ੍ਰੇਮ ਪ੍ਰਕਾਸ਼, ਕ੍ਰਿਤ ਬਾਬਾ ਸੁਮੇਰ ਸਿੰਘ)

ਜਿਵੇਂ ਹੋਰ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀ ਕੱਚੀ-ਪਿੱਲੀ ਸ਼ਬਦਾਵਲੀ ਦੀ ਥਾਂ ਖ਼ਾਲਸੇ ਨੂੰ ਠੋਕਵੇਂ ਤੇ ਖਾੜਕੂ ਸ਼ਬਦ ਦਿੱਤੇ ਗਏ ਹਨ, ਬਿਲਕੁਲ ਉਵੇਂ ਹੀ ਖ਼ਾਲਸੇ ਨੂੰ ਹੋਲੀ ਦੀ ਥਾਂ ਹੋਲਾ ਮਹੱਲਾ ਮਨਾਉਣ ਦਾ ਆਦੇਸ਼ ਹੈ। ਕਵੀ ਨਿਹਾਲ ਸਿੰਘ ਜੀ ਨੇ ਇਸ ਬਾਰੇ ਬੜਾ ਸੋਹਣਾ ਛੰਦ ਲਿਖਿਆ ਹੈ:-

ਬਰਛਾ, ਢਾਲ, ਕਟਾਰਾ, ਤੇਗਾ, ਕੜਛਾ, ਦੇਗਾ, ਗੋਲਾ ਹੈ।
ਛਕਾ ਪ੍ਰਸਾਦਿ, ਸਜਾ ਦਸਤਾਰਾ, ਅਰੁ ਕਰਦੌਨਾ ਟੋਲਾ ਹੈ।
ਸੁਭਟ, ਸੁਚਾਲਾ, ਅਰ ਲੱਖ ਬਾਹਾ, ਕਲਗਾ, ਸਿੰਘ ਸਚੋਲਾ ਹੈ।
ਅਪਰ ਮੁਛਹਿਰਾ, ਦਾੜ੍ਹਾ ਜੈਸੇ, ਤੈਸੇ ਹੋਲਾ ਬੋਲਾ ਹੈ।

ਸੋ ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ਇਸ ਮੌਕੇ ਉੱਤੇ ਦੂਰ ਦੂਰ ਤੋਂ ਸਿੰਘ ਸੂਰਬੀਰ ਤੇ ਸਿੱਖ ਸੰਗਤਾਂ ਹੋਲਾ ਮਹੱਲਾ ਮਨਾਉਣ ਹਿਤ ਆਨੰਦਪੁਰ ਸਾਹਿਬ ਇਕੱਤਰ ਹੋਣ ਲੱਗੀਆਂ। ਭਾਰੀ ਦੀਵਾਨ ਸਜਦੇ ਅਤੇ ਕਥਾ ਕੀਰਤਨ ਦੇ ਸਮਾਗਮ ਹੁੰਦੇ। ਪਰੰਤੂ ਮੇਲੇ ਦਾ ਵਿਸ਼ੇਸ਼ ਪ੍ਰੋਗਰਾਮ ਅਸਤਰਾਂ-ਸ਼ਸਤਰਾਂ ਦੇ ਤਰ੍ਹਾਂ-ਤਰ੍ਹਾਂ ਦੇ ਕਰਤਬ ਵਿਖਾਉਣੇ ਹੁੰਦੇ। ਸਿੰਘ ਘੋੜ-ਦੌੜ, ਗਤਕਾਬਾਜ਼ੀ, ਨੇਜ਼ਾਬਾਜ਼ੀ, ਤੀਰਅੰਦਾਜ਼ੀ ਆਦਿ ਪ੍ਰੋਗਰਾਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ। ਖ਼ਾਲਸਾ ਫੌਜ ਨੂੰ ਦੋ ਦਲਾਂ ਵਿਚ ਵੰਡਿਆ ਜਾਂਦਾ ਅਤੇ ਇਨ੍ਹਾਂ ਦੀ ਇਕ ਪ੍ਰਕਾਰ ਦੀ ਮਸਨੂਈ ਲੜਾਈ ਕਰਵਾਈ ਜਾਂਦੀ। ਜੇਤੂ ਦਲ ਨੂੰ ਇਨਾਮ-ਸਨਮਾਨ ਦਿੱਤੇ ਜਾਂਦੇ। ਖ਼ਾਲਸਾ ਫੌਜ ਦਾ ਮਹੱਲਾ ਨਿਕਲਦਾ ਤਾਂ ਗੁਲਾਲ, ਗੁਲਾਬ ਅਤੇ ਕਸਤੂਰੀ ਆਦਿ ਦੀ ਫੁਹਾਰ ਕੀਤੀ ਜਾਂਦੀ, ਨਗਰ ਦੇ ਗਲੀਆਂ-ਬਾਜ਼ਾਰ ਅਤੇ ਸਿੰਘਾਂ ਦੇ ਬਸਤਰ ਆਦਿ ਲਾਲ ਰੰਗ ਨਾਲ ਏਨੇ ਰੰਗੇ ਜਾਂਦੇ ਅਤੇ ਅਤਰ ਫੁਲੇਲਾਂ ਨਾਲ ਏਨੇ ਗੜੁੱਚ ਹੋ ਜਾਂਦੇ ਕਿ ਹਰ ਪਾਸੇ ਰੰਗੀਨੀਆਂ ਪਸਰ ਅਤੇ ਸੁਗੰਧੀਆਂ ਖਿੱਲਰ ਜਾਂਦੀਆਂ। ਹਜ਼ੂਰੀ ਕਵੀ ਭਾਈ ਨੰਦ ਲਾਲ ਜੀ ਇਕ ਅਜਿਹੇ ਹੀ ਹੋਲੇ-ਮਹੱਲੇ ਦਾ ਜ਼ਿਕਰ ਆਪਣੀ ਫ਼ਾਰਸੀ ਪੁਸਤਕ ਦੀਵਾਨਿ ਗੋਯਾ ਦੀ ਗਜ਼ਲ ਨੰਬਰ 32 ਵਿਚ ਇਸ ਪ੍ਰਕਾਰ ਕਰਦੇ ਹਨ:

ਗੁਲੇ ਹੋਲੀ ਬ ਬਾਗੇ ਦਹਿਰ ਬੂ ਕਰਦ। ਲਬੇ ਚੂੰ ਗੁੰਚਹ ਰਾ ਫ਼ਰਖੰਦਹ ਖ਼ੂ ਕਰਦ।
ਗੁਲਾਬੋ, ਅੰਬਰੋ, ਮੁਸ਼ਕੋ, ਅਬੀਰੋ, ਚੁ ਬਾਰਾਂ ਬਾਰਸ਼ੇ ਅਜ਼ ਸੂ ਬਸੂ ਕਰਦ।
ਜ਼ਹੇ ਪਿਚਕਾਰੀਏ ਪੁਰ ਜ਼ਾਫ਼ਰਾਨੀ, ਕਿ ਹਰ ਬੇਰੰਗ ਰਾ, ਖੁਸ ਰੰਗੋ ਬੂ ਕਰਦ।
ਗੁਲਾਲ ਅਫ਼ਸ਼ਾਨੀ ਅਜ਼ ਦਸਤੇ ਮੁਬਾਰਕ, ਜ਼ਮੀਨੋ-ਆਸਮਾਂ ਰਾ ਸੁਰਖ਼ਰੂ ਕਰਦ।
ਦੁ ਆਲਮ ਗਸ਼ਤ ਰੰਗੀਂ ਅਜ਼ ਤੁਫ਼ੈਲਸ਼, ਚੁ ਸ਼ਾਹਮ ਜਾਮਹ ਰੰਗੀਂ ਦਰ ਗੁਲੂ ਕਰਦ।

ਇਨ੍ਹਾਂ ਸ਼ਿਅਰਾਂ ਵਿਚ ਸਪਸ਼ਟ ਜ਼ਿਕਰ ਹੈ ਕਿ ਗੁਲਾਬ, ਅੰਬਰ, ਕਸਤੂਰੀ ਤੇ ਅੰਬੀਰ ਸਭ ਪਾਸੇ ਮੀਂਹ ਵਾਂਗ ਵੱਸਣ ਲੱਗ ਪਏ। ਕੇਸਰ ਨਾਲ ਭਰੀ ਪਿਚਕਾਰੀ ਨੇ ਸਭਨਾਂ ਦੇ ਬਸਤਰਾਂ ਨੂੰ ਸੁਹਣਾ ਰੰਗ ਦਿੱਤਾ ਅਤੇ ਸਤਿਗੁਰੂ ਜੀ ਨੇ ਆਪਣੇ ਹੱਥਾਂ ਨਾਲ ਗੁਲਾਲ ਉਡਾ-ਉਡਾ ਕੇ ਧਰਤੀ ਤੇ ਆਕਾਸ਼ ਨੂੰ ਲਾਲ ਸੂਹਾ ਕਰ ਦਿੱਤਾ।

ਇਸ ਸਮੇਂ ਹੋਲੇ-ਮਹੱਲੇ ਦਾ ਤਿਉਹਾਰ ਵਿਸ਼ੇਸ਼ ਰੂਪ ਵਿਚ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ, ਭਾਵੇਂ ਛੋਟੇ-ਛੋਟੇ ਇਕੱਠ ਤਾਂ ਕਈ ਥਾਈਂ ਹੁੰਦੇ ਹਨ। ਦੋਹਾਂ ਤੀਰਥ ਅਸਥਾਨਾਂ ਉੱਤੇ ਲੱਖਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਇਕੱਤਰ ਹੁੰਦੀਆਂ ਰਹਿੰਦੀਆਂ ਹਨ ਅਤੇ ਹਜ਼ੂਰੀ ਦੀਵਾਨਾਂ ਦੀ ਹਾਜ਼ਰੀ ਭਰਨ ਤੋਂ ਇਲਾਵਾ ਸਿੰਘ ਸੂਰਬੀਰਾਂ, ਨਿਹੰਗ ਸਿੰਘਾਂ ਦੇ ਕਰਤਬਾਂ ਦਾ ਆਨੰਦ ਮਾਣਦੀਆਂ ਹਨ। ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਘੋੜੇ, ਜੋ ਕਿ ਮਹੱਲੇ ਦੇ ਜਲੂਸ ਦੀ ਅਗਵਾਈ ਕਰਦੇ ਹਨ, ਸੰਗਤਾਂ ਦਾ ਵਿਸ਼ੇਸ਼ ਧਿਆਨ ਖਿੱਚਦੇ ਹਨ। ਇਸੇ ਤਰ੍ਹਾਂ ਝੂਲ ਰਹੇ ਨਿਸ਼ਾਨ ਸਾਹਿਬ ਅਤੇ ਸ਼ਬਦ-ਕੀਰਤਨ ਕਰਦੀਆਂ ਭਜਨ ਮੰਡਲੀਆਂ ਵਾਯੂ-ਮੰਡਲ ਨੂੰ ਆਕਰਸ਼ਕ ਅਤੇ ਸੁਹਾਵਣਾ ਬਣਾ ਦਿੰਦੀਆਂ ਹਨ। ਗਤਕਾ ਪਾਰਟੀਆਂ ਆਪਣੇ ਜੌਹਰ ਵਿਖਾ ਕੇ ਮਨ ਮੋਂਹਦੀਆਂ ਹਨ। ਇਹ ਸੱਚਖੰਡੀ ਨਜ਼ਾਰੇ ਤੱਕ ਕੇ ਹਰ ਇਕ ਦੇ ਮੂੰਹੋਂ ਆਪ ਮੁਹਾਰੇ ਧੰਨ ਧੰਨ ਧੰਨ ਧੰਨ ਦੇ ਆਵਾਜ਼ੇ ਨਿਕਲਦੇ ਵੇਖੀਦੇ ਹਨ। ਕੁਰਬਾਣੀ ਤਿਨਾ ਗੁਰਸਿਖਾਂ, ਭਾਇ ਭਗਤਿ ਗੁਰਪੁਰਬ ਕਰੰਦੇ (ਭਾਈ ਗੁਰਦਾਸ ਜੀ)- ਧੰਨ ਹਨ ਉਹ ਗੁਰਸਿੱਖ ਮਾਈ-ਭਾਈ, ਜੋ ਅਜਿਹੇ ਪੁਰਬਾਂ ਸਮੇਂ ਕਲਗੀਧਰ ਪਿਤਾ ਜੀ ਦੇ ਪਾਵਨ ਗੁਰਧਾਮਾਂ ਦੀ ਯਾਤਰਾ ਕਰਕੇ ਆਪਣੀ ਜੀਵਨ ਯਾਤਰਾ ਸਫ਼ਲੀ ਕਰਦੇ ਹਨ।

ਖੋਜਾਰਥੀ, ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।

FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀ ਸ਼ਹਾਦਤ ਤੇ ਉਸ ਦਾ ਪ੍ਰ੍ਰਭਾਵ

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ

ਧੁਰ ਕੀ ਬਾਣੀ ਸ੍ਰੀ ਗੁਰੂ ਗੰਥ੍ਰ ਸਾਹਿਬ ਜੀ

Singh : The New Marathon King

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 2)

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 1)

ਭਾਦਉ

ਗੁਰਮਤਿ ਵਿੱਚ ਮੀਰੀ-ਪੀਰੀ ਜਾਂ ਭਗਤੀ ਸ਼ਕਤੀ ਦਾ ਸੰਕਲਪ?

ਆਸਾੜੁ ਭਲਾ ਸੂਰਜੁ ਗਗਨਿ ਤਪੈ॥

ਹਰਿ ਜੇਠਿ ਜੁੜੰਦਾ ਲੋੜੀਐ