Saturday, July 11, 2026

Established 2005 • ISSN Registration : 1930-0107

ਸਾਹਿਬਜ਼ਾਦਿਆਂ ਦੀ ਸ਼ਹਾਦਤ

Panthic Archives Article (Category: Inspirational)

Originally published on: December 27, 2006
Author/Source: Kirpal Singh, Courtesy Sant-Sipahi Magazine

ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗੁਰੂ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ। 22 ਦਸੰਬਰ ਅਤੇ 27 ਦਸੰਬਰ 1704 ਨੂੰ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ (17 ਸਾਲ) ਅਤੇ ਬਾਬਾ ਜੁਝਾਰ ਸਿੰਘ (13 ਸਾਲ) ਚਮਕੌਰ ਦੀ ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਅਤੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ (8 ਸਾਲ) ਅਤੇ ਬਾਬਾ ਫ਼ਤਹਿ ਸਿੰਘ (5 ਸਾਲ) ਸੂਬਾ ਸਰਹਿੰਦ ਦੀ ਕੈਦ ਵਿੱਚ ਸ਼ਹੀਦ ਕਰ ਦਿੱਤੇ ਗਏ। ਇਸ ਸ਼ਹਾਦਤ ਦੀ ਮਹਾਨਤਾ ਬਾਰੇ ਮੈਥਿਲੀ ਸ਼ਰਣ ਗੁਪਤ ਨੇ ਲਿਖਿਆ ਹੈ-

ਜਿਸ ਕੁਲ ਜਾਤੀ ਦੇਸ ਕੇ ਬੱਚੇ ਦੇ ਸਕਤੇ ਹੈਂ ਯੌਂ ਬਲੀਦਾਨ।
ਉਸ ਕਾ ਵਰਤਮਾਨ ਕੁਛ ਭੀ ਹੋ ਭਵਿਸ਼ਯ ਹੈ ਮਹਾਂ ਮਹਾਨ॥


ਗੁਰਮਤਿ ਅਨੁਸਾਰ ਅਧਿਆਤਮਿਕ ਅਨੰਦ ਦੀ ਪ੍ਰਾਪਤੀ ਲਈ ਮਨੁੱਖ ਨੂੰ ਆਪਾ ਮਿਟਾਉਣ ਦੀ ਲੋੜ ਹੁੰਦੀ ਹੈ। ਇਹ ਮਾਰਗ ਇਕ ਮਹਾਨ ਸੂਰਮਗਤੀ ਦਾ ਕਾਰਜ ਹੈ। ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਮਾਰਗ ਤੇ ਚੱਲਣ ਲਈ ਸਿਰ ਭੇਟ ਕਰਨ ਦੀ ਸ਼ਰਤ ਰੱਖੀ ਸੀ। ਇਸੇ ਲੀਹ ਤੇ ਤੁਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖ਼ਾਲਸੇ ਦੀ ਸਾਜਨਾ ਕੀਤੀ। ਖ਼ਾਲਸਾ ਇਕ ਆਦਰਸ਼ਕ, ਸੰਪੂਰਨ ਅਤੇ ਸੁਤੰਤਰ ਮਨੁੱਖ ਹੈ ਜਿਸ ਨੂੰ ਗੁਰਬਾਣੀ ਵਿੱਚ ਸਚਿਆਰ, ਗੁਰਮੁਖ ਅਤੇ ਬ੍ਰਹਮ ਗਿਆਨੀ ਕਿਹਾ ਗਿਆ ਹੈ। ਖ਼ਾਲਸਾ ਗੁਰੂ ਨੂੰ ਤਨ, ਮਨ, ਧਨ ਸੌਂਪ ਦਿੰਦਾ ਹੈ, ਤੇ ਜਬਰ ਜ਼ੁਲਮ ਦੇ ਟਾਕਰੇ ਲਈ ਜੂਝ ਮਰਨ ਤੋਂ ਝਿਜਕਦਾ ਨਹੀਂ ਹੈ-

ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ ਸਿਰ ਦੀਜੈ ਕਾਣਿ ਨ ਕੀਜੈ॥ (ਪੰਨਾ 1412)

ਅਰੁ ਸਿਖ ਹੋਂ ਆਪਨੇ ਹੀ ਮਨ ਕਉ ਇਹ ਲਾਲਚ ਹਉ ਗੁਨ ਤਉ ਉਚਰੋਂ॥
ਜਬ ਆਵ ਕੀ ਅਉਧ ਨਿਧਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥
(ਚੰਡੀ ਚਰਿਤਰ)


ਮੁਗਲ ਸ਼ਾਸਨ ਦੇ ਨਾਲ-ਨਾਲ ਹਿੰਦੂ ਕੱਟੜਵਾਦ ਵੀ ਖ਼ਾਲਸੇ ਦੇ ਸਿਧਾਂਤ ਅਤੇ ਸਰੂਪ ਤੋਂ ਅਪ੍ਰਸੰਨ ਸੀ। ਇਸ ਲਈ ਪਹਾੜੀ ਰਾਜਿਆਂ ਅਤੇ ਹੋਰ ਉੱਚ ਜਾਤੀ ਹਿੰਦੂ ਸਮਾਜ ਵੱਲੋਂ ਖ਼ਾਲਸੇ ਦੀ ਸਾਜਨਾ ਦਾ ਵਿਰੋਧ ਕੀਤਾ ਗਿਆ ਸੀ। ਕਈ ਥਾਵਾਂ ਤੇ ਹਿੰਦੂਆਂ ਤੇ ਸਿੱਖਾਂ ਵਿੱਚ ਤਣਾਅ ਵੀ ਪੈਦਾ ਹੋ ਗਿਆ ਸੀ। ਪਹਾੜੀ ਰਾਜੇ ਤੇ ਸੂਬਾ ਸਰਹਿੰਦ ਗੁਰੂ ਜੀ ਦੇ ਵਿਰੁੱਧ ਇਕਜੁਟ ਹੋ ਗਏ ਸਨ। 1704 ਵਿੱਚ ਦੋਵੇਂ ਫ਼ੌਜਾਂ ਨੇ ਰਲ ਕੇ ਅਨੰਦਪੁਰ ਨੂੰ ਘੇਰਾ ਪਾ ਲਿਆ। ਘੇਰਾ ਲੰਮਾ ਹੋਣ ਤੇ ਦੁਸ਼ਮਣ ਵੱਲੋਂ ਗੁਰੂ ਜੀ ਨਾਲ ਸਮਝੌਤਾ ਕੀਤਾ ਗਿਆ। ਸਮਝੌਤੇ ਦੀ ਸ਼ਰਤ ਇਹ ਸੀ ਕਿ ਇਕ ਵਾਰ ਗੁਰੂ ਜੀ ਅਨੰਦਪੁਰ ਛੱਡ ਦੇਣ ਉਹਨਾਂ ਨੂੰ ਬੇਰੋਕ ਜਾਣ ਦਿੱਤਾ ਜਾਵੇਗਾ। ਇਸ ਬਾਰੇ ਲਿਖਤੀ ਕਸਮਾਂ ਵੀ ਗੁਰੂ ਜੀ ਨੂੰ ਭੇਜੀਆਂ ਗਈਆਂ। ਗੁਰੂ ਜੀ ਨੇ ਜ਼ਫ਼ਰਨਾਮੇ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਜੇ ਤੂੰ ਕੁਰਾਨ ਦੀਆਂ ਲਿਖਤੀ ਕਸਮਾਂ ਵੇਖਣਾ ਚਾਹੁੰਦਾ ਹੈ ਤਾਂ ਉਹ ਵੀ ਮੈਂ ਤੈਨੂੰ ਭੇਜ ਸਕਦਾ ਹਾਂ।

ਤੁਰਾ ਗਰ ਬ ਬਾਯਦ ਆਂ ਕੌਲੇ ਕੁਰਾਂ॥
ਬ ਨਜ਼ਦੇ ਸ਼ੁਮਾ ਰਾ ਰਸਾਨਮ ਹੁਮਾਂ॥ (ਜ਼ਫ਼ਰਨਾਮਾ)


ਗੁਰੂ ਜੀ ਦੇ ਕਿਲਾ ਖ਼ਾਲੀ ਕਰਕੇ ਜਾਣ ਤੇ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗੱਚ ਲੜਾਈ ਹੋਈ ਜਿਸ ਦੌਰਾਨ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਹੀਰ ਤੋਂ ਵੱਖ ਹੋ ਗਏ। ਗੁਰੂ ਜੀ ਨੇ ਇਕ ਦਿਨ ਰੋਪੜ ਦੇ ਕੋਲ ਨਿਹੰਗ ਖ਼ਾਨ ਦੀ ਗੜ੍ਹੀ ਵਿੱਚ ਬਿਤਾਇਆ। ਰਾਤ ਨੂੰ ਅੱਗੇ ਚੱਲ ਪਏ ਪਰ ਦੁਸ਼ਮਣ ਦੀਆਂ ਫ਼ੌਜਾਂ ਨੇ ਵੀ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਜੀ ਨੇ ਚਮਕੌਰ ਦੀ ਗੜ੍ਹੀ ਵਿੱਚ ਦਾਖ਼ਲ ਹੋ ਕੇ ਮੋਰਚਾ ਬੰਦੀ ਕਰ ਲਈ। ਗੁਰੂ ਜੀ ਦੇ ਨਾਲ ਦੋ ਵੱਡ ਸਾਹਿਬਜ਼ਾਦਿਆਂ ਤੇ ਪੰਜ ਪਿਆਰਿਆਂ ਸਮੇਤ 40 ਕੁ ਸਿੱਖ ਸਨ। ਦੁਸ਼ਮਣ ਦੀ ਦਸ ਲੱਖ ਦੀ ਫ਼ੌਜ ਨੇ ਗੜ੍ਹੀ ਨੂੰ ਘੇਰਾ ਪਾ ਲਿਆ। ਸਾਰਾ ਦਿਨ ਲੜਾਈ ਹੁੰਦੀ ਰਹੀ। ਸ਼ਾਮ ਤੱਕ ਗੁਰੂ ਜੀ ਕੋਲ ਸਾਰਾ ਗੋਲੀ ਸਿੱਕਾ ਖ਼ਤਮ ਹੋ ਗਿਆ। ਹੁਣ ਸਿੰਘਾਂ ਨੇ ਗੜ੍ਹੀ ਤੋਂ ਬਾਹਰ ਆ ਕੇ ਲੜਨਾ ਸ਼ੁਰੂ ਕਰ ਦਿੱਤਾ। ਸਿੰਘਾਂ ਦੇ ਨਾਲ ਗੁਰੂ ਜੀ ਦੇ ਦੋਵੇਂ ਸਾਹਿਬਜ਼ਾਦੇ ਗੁਰੂ ਜੀ ਦੇ ਸਾਹਮਣੇ ਲੜਦੇ ਸ਼ਹੀਦ ਹੋ ਗਏ। ਬਾਬਾ ਅਜੀਤ ਸਿੰਘ ਨੇ ਅਜੇ ਜਵਾਨੀ ਵਿੱਚ ਪੈਰ ਰਖਿਆ ਹੀ ਸੀ। ਬਾਬਾ ਜੁਝਾਰ ਸਿੰਘ ਤਾਂ ਅਜੇ ਕਿਸ਼ੋਰ ਅਵਸਥਾ ਵਿੱਚ ਸਨ। ਕਰਬਲਾ ਦੇ ਮੈਦਾਨ ਵਿੱਚ ਹਸਨ ਹੁਸੈਨ ਦੀ
ਸ਼ਹੀਦੀ ਤੋਂ ਇਲਾਵਾ ਦੁਨੀਆ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਕੋਈ ਹੋਰ ਮਿਸਾਲ ਨਹੀਂ ਮਿਲਦੀ, ਜਿੱਥੇ ਇਕ ਪਿਤਾ ਨੇ ਆਪਣੇ ਪੁੱਤਰਾਂ ਨੂੰ ਲੜਾਈ ਵਿੱਚ ਸ਼ਹੀਦ ਹੋਣ ਲਈ ਭੇਜਿਆ ਹੋਵੇ। ਕਰਬਲਾ ਦੀ ਜੰਗ ਅਤੇ ਚਮਕੌਰ ਦੀ ਜੰਗ ਵਿੱਚ ਇਕ ਵੱਡਾ ਅੰਤਰ ਸੀ। ਕਰਬਲਾ ਦੀ ਜੰਗ ਵਿੱਚ ਦੋਵੇਂ ਫ਼ੌਜਾਂ ਬਰਾਬਰ ਦੀਆਂ ਸਨ। ਇਸ ਦੇ ਮੁਕਾਬਲੇ ਤੇ ਚਮਕੌਰ ਦੀ ਜੰਗ ਦੁਨੀਆਂ ਦੀ ਸਭ ਤੋਂ ਵੱਧ ਅਸਾਵੀਂ ਜੰਗ ਸੀ। ਇਸ ਤਰ੍ਹਾਂ ਦੀ ਅਸਾਵੀਂ ਜੰਗ ਦੀਆਂ ਮਿਸਾਲਾਂ ਸਿੱਖ ਇਤਿਹਾਸ ਵਿੱਚ ਤਾਂ ਕੁਝ ਹੋਰ ਵੀ ਮਿਲਦੀਆਂ ਹਨ, ਪਰ ਬਾਕੀ ਕੌਮਾਂ ਦੇ ਇਤਿਹਾਸ ਵਿੱਚ ਸ਼ਾਇਦ ਨਹੀਂ ਦੇ ਬਰਾਬਰ ਹਨ। ਇਸ ਜੰਗ ਦਾ ਜ਼ਿਕਰ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਕਿ ਭੁੱਖੇ ਭਾਣੇ 40 ਆਦਮੀ ਕੀ ਕਰ ਸਕਦੇ ਹਨ, ਜੇ ਉਹਨਾਂ ਤੇ 10 ਲੱਖ ਦਾ
ਲਸ਼ਕਰ ਅਚਾਨਕ ਟੁੱਟ ਪਵੇ-

ਗੁਰਸ਼ਨ : ਚਿ ਕਾਰੇ ਕੁਨਦ ਚਿਹਲ ਨਰ।
ਕਿ ਦਹ ਲਕ ਬਰਾਯਦ ਬਰੂੰ ਬੇਖਬਰ॥ (ਜ਼ਫ਼ਰਨਾਮਾ)


ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਮਿਲ ਗਿਆ। ਇਹ ਉਹਨਾਂ ਨੂੰ ਮੋਰਿੰਡੇ ਕੋਲ ਪਿੰਡ ਸਹੇੜੀ ਆਪਣੇ ਘਰ ਲੈ ਗਿਆ। ਘਰ ਜਾ ਕੇ ਗੰਗੂ ਦਾ ਮਨ
ਬੇਈਮਾਨ ਹੋ ਗਿਆ। ਉਸ ਨੇ ਮੋਰਿੰਡੇ ਦੇ ਥਾਣੇਦਾਰ ਨੂੰ ਖ਼ਬਰ ਦੇ ਕੇ ਬੱਚਿਆਂ ਨੂੰ ਫੜਾ ਦਿੱਤਾ। ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰਕੇ 23 ਦਸੰਬਰ 1704 ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਉਸ ਰਾਤ ਉਹਨਾਂ ਨੂੰ ਕਿਲੇ ਦੇ ਠੰਢੇ ਬੁਰਜ ਵਿੱਚ ਰੱਖਿਆ ਗਿਆ। ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਬੱਚਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ, ਧਮਕਾਉਣ ਦੇ ਯਤਨ ਕੀਤੇ ਗਏ। ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ
ਮਾਰਿਆ ਗਿਆ ਹੈ, ਹੁਣ ਤੁਸੀਂ ਕਿੱਥੇ ਜਾਓਗੇ। ਬੱਚਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਵਜ਼ੀਰ ਖ਼ਾਨ ਨੇ ਕਾਜ਼ੀ ਦੀ ਰਾਇ ਲਈ ਕਿ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤੱਕ ਬੱਚਿਆਂ ਦਾ ਕਤਲ ਆਪਣੇ ਮੱਥੇ ’ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਹੁਣ ਉਸ ਨੇ ਨਵਾਬ ਮਾਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ। ਸ਼ੇਰ ਖ਼ਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਜੰਗ ਵਿੱਚ ਮਾਰਿਆ ਗਿਆ ਸੀ ਮੈਂ ਇਹਨਾਂ ਸ਼ੀਰ-ਖੋਰਾਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। ਅੱਲ੍ਹਾ
ਯਾਰ ਖ਼ਾਂ ਜੋਗੀ ਦੇ ਸ਼ਬਦਾਂ ਵਿੱਚ-

ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਬਾਪ ਸੇ।
ਮਹਿਫ਼ੂਜ਼ ਰਖੇ ਹਮ ਕੋ ਖ਼ੁਦਾ ਐਸੇ ਪਾਪ ਸੇ।


ਕਾਜ਼ੀ ਅਤੇ ਸ਼ੇਰ ਖ਼ਾਨ ਨੇ ਇਸੇ ਤਰ੍ਹਾਂ ਦੇ ਰਵੱਈਏ ਨੂੰ ਦੇਖਦੇ ਹੋਏ ਵਜ਼ੀਰ ਖ਼ਾਨ ਦੇ ਮਨ ਵਿੱਚ ਨਰਮੀ ਆਉਣ ਲੱਗੀ ਸੀ, ਪਰ ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ। ਇਤਿਹਾਸਕ ਹਵਾਲਿਆਂ ਅਨੁਸਾਰ ਉਸ ਨੇ ਇਕ ਸ਼ੈਤਾਨ ਵਾਂਗ ਸਾਹਿਬਜ਼ਾਦਿਆਂ ਨੂੰ ਕੁਝ ਅਜਿਹੇ ਪ੍ਰਸ਼ਨ ਕੀਤੇ ਜਿਨ੍ਹਾਂ ਦੇ ਉੱਤਰ ਤੋਂ ਉਹਨਾਂ ਨੂੰ ਬਾਗ਼ੀ ਸਿੱਧ ਕੀਤਾ। ਉਸ ਨੇ ਵਜ਼ੀਰ ਖ਼ਾਨ ਨੂੰ ਵੀ ਉਕਸਾਇਆ ਕਿ ਇਹਨਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ। ਵਜ਼ੀਰ ਖ਼ਾਨ ਨੇ ਕਾਜ਼ੀ ਤੋਂ ਫਿਰ ਪੁੱਛਿਆ। ਇਸ ਵਾਰ ਕਾਜ਼ੀ
ਨੇ ਮਾਲਕਾਂ ਦੀ ਮਰਜ਼ੀ ਅਨੁਸਾਰ ਬੱਚਿਆਂ ਨੂੰ ਕੰਧਾਂ ਵਿੱਚ ਚਿਣੇ ਜਾਣ ਦਾ ਫ਼ਤਵਾ ਦੇ ਦਿੱਤਾ। ਬੱਚਿਆਂ ਨੂੰ ਕੰਧਾਂ ਵਿੱਚ ਚਿਣਿਆ ਗਿਆ। ਕੰਧ ਜਦੋਂ ਮੋਢਿਆਂ ਤੱਕ ਆਈ ਤਾਂ ਗਿਰ ਗਈ ਸੀ। ਬੱਚਿਆਂ ਦੇ ਫ਼ੁੱਲਾਂ ਵਰਗੇ ਸਰੀਰ ਇਸ ਚੋਟ ਨੂੰ ਨਾ ਸਹਾਰਦੇ ਹੋਏ ਬੇਹੋਸ਼ ਹੋ ਗਏ ਸਨ। ਇਸ ਤੋਂ ਬਾਅਦ 27 ਦਸੰਬਰ ਨੂੰ ਬੱਚਿਆਂ ਨੂੰ ਕਚਹਿਰੀ ਵਿੱਚ ਫਿਰ ਪੇਸ਼ ਕੀਤਾ ਗਿਆ। ਉਹਨਾਂ ਨੂੰ ਫਿਰ ਦੀਨ ਕਬੂਲਣ ਲਈ ਦਬਾਅ ਪਾਇਆ ਗਿਆ ਪਰ ਸਾਹਿਬਜ਼ਾਦਿਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਉਹਨਾਂ ਦੇ ਸਿਰ ਤੇ 10 ਪਾਤਸ਼ਾਹੀਆਂ ਦੇ ਮਹਾਨ ਕਾਰਜਾਂ ਦੀ
ਜ਼ਿੰਮੇਵਾਰੀ ਦਾ ਭਾਰ ਆ ਪਿਆ ਸੀ ਉਹ ਇਸ ਨੂੰ ਹੇਠਾਂ ਨਹੀਂ ਗੇਰਨਾ ਚਾਹੁੰਦੇ ਸਨ। ਉਹਨਾਂ ਨੇ ਆਪਣੇ ਦਾਦੇ ਦੀ ਤਰ੍ਹਾਂ ਸ਼ਹੀਦੀ ਪਾਉਣ ਦਾ ਪ੍ਰਣ ਕਰ ਲਿਆ। ਭਾਈ ਦੁੱਨਾ ਸਿੰਘ ਹੰਡੂਰੀਆ ਜੋ ਚਮਕੌਰ ਤੱਕ ਗੁਰੂ ਜੀ ਦੇ ਨਾਲ ਸੀ, ਇਸ ਤਰ੍ਹਾਂ ਲਿਖਦਾ ਹੈ-

ਜ਼ੋਰਾਵਰ ਸਿੰਘ ਐਸੇ ਭਨੈ, ਕਿਉਂ ਭਾਈ! ਅਬ ਕਿਉਂ ਕਰ ਬਨੈ।
ਫਤੇ ਸਿੰਘ ਤਬ ਕਹਯੋ ਬਖਾਨ, ‘ਦਸ ਪਾਤਸ਼ਾਹੀ ਹੋਵਹਿ ਹਾਨ’।

ਹੁਣ ਬੱਚਿਆਂ ਨੂੰ ਜ਼ਿਬਹ ਕਰਨ ਦਾ ਹੁਕਮ ਸੁਣਾਇਆ ਗਿਆ। ਦੋ ਜਲਾਦਾਂ ਨੇ ਦੋਵੇਂ ਬੱਚਿਆਂ ਨੂੰ ਗੋਡੇ ਹੇਠ ਦੇ ਕੇ ਪਹਿਲਾਂ ਉਹਨਾਂ ਦੇ ਗਲਾਂ ਵਿੱਚ ਖੰਜਰ ਖੋਭੇ ਅਤੇ ਫੇਰ ਤਲਵਾਰ ਮਾਰ ਕੇ ਸੀਸ ਧੜ ਤੋਂ ਅਲੱਗ ਕਰ ਦਿੱਤੇ। ਸਾਹਿਬਜ਼ਾਦਿਆਂ ਦੀ ਸ਼ਹੀਦੀ ਮਹਿਜ਼ ਸ਼ਹੀਦੀ ਨਹੀਂ ਸਗੋਂ ਇਸ ਤੋਂ ਵੀ ਬਹੁਤ ਵੱਧ ਸੀ। ਉਹਨਾਂ ਨੂੰ ਮਾਨਸਿਕ ਤੌਰ ’ਤੇ ਭਰਮਾਉਣ ਦਾ ਯਤਨ ਕੀਤਾ ਗਿਆ ਸੀ। ਕਈ ਵਾਰ ਮੌਤ ਦੇ ਭੈ ਵਿੱਚੋਂ ¦ਘਾਇਆ ਗਿਆ ਸੀ ਅਤੇ ਤੜਫਾ ਤੜਫਾ ਕੇ ਮਾਰਿਆ ਗਿਆ ਸੀ। ਇਹ ਸਾਰਾ ਤਸ਼ੱਦਦ ਉਹਨਾਂ ਨੇ ਕਿਵੇਂ ਬਰਦਾਸ਼ਤ ਕੀਤਾ ਇਸ ਦਾ
ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਉਹਨਾਂ ਨੇ ਜਬਰ ਦਾ ਮੂੰਹ ਮੋੜ ਕੇ ਦਸਾਂ ਪਾਤਸ਼ਾਹੀਆਂ ਦੀ ਸ਼ਾਨ ਨੂੰ ਕਾਇਮ ਰੱਖਿਆ ਅਤੇ ਖ਼ਾਲਸਾ ਪੰਥ ਨੂੰ ਫ਼ਤਹਿ ਦਿਵਾਈ। ਗੁਰੂ ਜੀ ਦੇ ਬੱਚਿਆਂ ਨੂੰ ਇਸ ਮਕਸਦ ਨਾਲ ਕਤਲ ਕੀਤਾ ਗਿਆ ਸੀ ਕਿ ਗੁਰਮਤਿ ਦਾ ਦੀਪਕ ਇਸ ਜਗਤ ਵਿੱਚੋਂ ਬੁਝ ਜਾਵੇਗਾ। ਪਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਗੁਰਮਤਿ ਦੀ ਅਖੰਡ ਜੋਤੀ ਤਾਂ ਖ਼ਾਲਸੇ ਦੇ ਦਿਲਾਂ ਵਿੱਚ ਪ੍ਰਵੇਸ਼ ਕਰ ਗਈ ਸੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਕਿ
ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ ਹਨ, ਮੇਰਾ ਪੰਜਵਾਂ ਪੁੱਤਰ ਖ਼ਾਲਸਾ ਤਾਂ ਅਜੇ ਜ਼ਿੰਦਾ ਹੈ ਜੋ ਕਿ ਫ਼ਨੀਅਰ ਨਾਗ ਹੈ-

ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤ : ਚਾਰ।
ਕਿ ਬਾਕੀ ਬਮਾਂਦਸਤ ਪੇਚੀਦ : ਮਾਰ।


ਸਾਹਿਬਜ਼ਾਦਿਆਂ ਨੇ ਗੁਰੂ ਘਰ ਦੇ ਮਹਾਨ ਉਦੇਸ਼ਾਂ ਦੀ ਪੂਰਤੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਅਸੀਂ ਉਹਨਾਂ ਮਹਾਨ ਆਤਮਾਵਾਂ ਦੀ ਸਾਲਾਨਾ ਯਾਦ ਸਤਿਕਾਰ ਸਹਿਤ ਮਨਾ ਰਹੇ ਹਾਂ। ਉਹਨਾਂ ਮਹਾਨ ਹਸਤੀਆਂ ਦੇ ਚਰਨਾਂ ਵਿੱਚ ਅਸੀਂ ਇਹੋ ਵੱਡੀ ਭੇਟਾ ਰੱਖ ਸਕਦੇ ਹਾਂ ਕਿ ਉਹਨਾਂ ਦੀ ਮਹਾਨਤਾ ਨੂੰ ਸਮਝੀਏ, ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੀਏ ਅਤੇ ਸਿੱਖੀ ਆਦਰਸ਼ਾਂ ਤੇ ਪਹਿਰਾ ਦੇਣ ਦਾ ਪ੍ਰਣ ਕਰੀਏ। ਉਹਨਾਂ ਨੇ ਜਿਸ ਤਰ੍ਹਾਂ ਸਮਾਜ ਦੀ ਉਸਾਰੀ ਕਰਨ ਲਈ ਲੜਦਿਆਂ ਸ਼ਹੀਦੀ ਪਾਈ ਅਤੇ ਆਪਣੇ ਆਪ ਨੂੰ ਕੰਧਾਂ ਵਿੱਚ ਚਿਣਵਾਇਆ, ਉਸ ਸਮਾਜ ਦੀ ਸਥਾਪਤੀ ਲਈ ਹਰ ਸੰਭਵ ਯਤਨ ਕਰੀਏ। ਸਾਨੂੰ ਆਪਣੇ ਸਮਾਜ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਸਖ਼ਤ ਲੋੜ ਹੈ। ਪਤਿਤਪੁਣਾ, ਮਾਦਾ ਭਰੂਣ ਹੱਤਿਆ, ਨਸ਼ਾ ਖੋਰੀ ਅਤੇ ਦਹੇਜ਼ ਵਰਗੀਆਂ ਕੁਰੀਤੀਆਂ ਨੂੰ ਉਖਾੜ ਦੇਣਾ ਚਾਹੀਦਾ ਹੈ।

ਚਾਰੇ ਸਾਹਿਬਜ਼ਾਦਿਆਂ ਦੀ ਲਾਮਿਸਾਲ ਸ਼ਹੀਦੀ ਨੂੰ ਯਾਦ ਕਰਦਿਆਂ ਜਦੋਂ ਆਪਣੇ ਆਲੇ-ਦੁਆਲੇ ਵੱਲ ਝਾਤ ਮਾਰਦੇ ਹਾਂ ਅਤੇ ਸਿੱਖ ਕੌਮ ਅੰਦਰ ਆ ਚੁੱਕੇ ਘੋਰ ਨਿਘਾਰ ਨੂੰ ਮਹਿਸੂਸ ਕਰਦੇ ਹਾਂ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਕੀ ਅਸੀਂ ਸੋਚਾਂਗੇ ਕਿ ਅਸੀਂ ਕਿਧਰ ਨੂੰ ਜਾ ਰਹੇ ਹਾਂ? ਸਤਿਗੁਰੂ ਨੇ ਆਪਣੇ ਲਖਤੇ ਜਿਗਰ-ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾ ਕੇ ਸਿੱਖ ਕੌਮ ਨੂੰ ਜ਼ਿੰਦਗੀ ਬਖ਼ਸ਼ੀ ਸੀ। ਪ੍ਰੰਤੂ ਅਸੀਂ ਕੌਮ ਨੂੰ ਤਬਾਹੀ ਦੇ ਦਹਾਨੇ ਵੱਲ ਧਕ ਕੇ ਆਪਣੀ ਅਤੇ ਆਪਣੀ ਔਲਾਦ ਦੇ ਕੂੜੇ ਸੁਖ ਅਰਾਮ ਅਤੇ ਵਕਤੀ ਸ਼ਾਨੋ-ਸ਼ੌਕਤ ਲਈ ਤਤਪਰ ਹਾਂ। ਉਹ ਕੌਮਾਂ ਦੁਨੀਆ ਦੇ ਤਖ਼ਤੇ ਤੋਂ ਮਿਟ ਗਈਆਂ, ਜੋ ਖ਼ੁਦਗਰਜ਼ੀ ਕਾਰਨ ਆਪਣੇ ਧਾਰਮਿਕ ਸਿਧਾਂਤ ਮਹਾਨ ਵਿਰਾਸਤ, ਇਤਿਹਾਸ ਅਤੇ ਸ਼ਹੀਦਾਂ ਨੂੰ ਅਣਗੌਲਿਆਂ ਕਰਕੇ ਆਪਣੀਆਂ ਕੂੜੀਆਂ ਲਾਲਸਾਵਾਂ ਨੂੰ ਪੂਰੀਆਂ ਕਰਨ ਵਿੱਚ ਹੀ ਗਲਤਾਨ ਹੋ ਗਈਆਂ। ਸਾਨੂੰ ਇਸ ਖ਼ਤਰੇ ਤੋਂ ਸਾਵਧਾਨ ਹੋਣ ਦੀ ਲੋੜ ਹੈ, ਵਰਨਾ ਸਰਬਨਾਸ਼ ਯਕੀਨੀ ਹੈ। ਆਓ ਆਪਣੇ ਮਹਾਨ ਸਿਧਾਂਤ ਅਤੇ ਵਿਰਾਸਤ ਦੇ ਸਹੀ ਵਾਰਿਸ ਬਣਨ ਦਾ ਯਤਨ ਕਰੀਏ ਅਤੇ ‘‘ਆਪਨਾ ਬਿਗਾਰ ਵਰਾਨਾ ਸਾਂਢੈ’’ ਦੇ ਸਿਧਾਂਤ ਉੱਤੇ ਪਹਿਰਾ ਦੇਈਏ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਸੇਧ ਲੈਂਦੇ ਹੋਏ ਇਸ ਕਾਰਜ ਵਿੱਚ ਤਨੋਂ, ਮਨੋਂ ਆਪੋ-ਆਪਣਾ ਯੋਗਦਾਨ ਪਾਈਏ ਅਤੇ ਆਪਣਾ ਜਨਮ ਸਕਾਰਥਾ ਕਰੀਏ।

FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀ ਸ਼ਹਾਦਤ ਤੇ ਉਸ ਦਾ ਪ੍ਰ੍ਰਭਾਵ

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ

ਧੁਰ ਕੀ ਬਾਣੀ ਸ੍ਰੀ ਗੁਰੂ ਗੰਥ੍ਰ ਸਾਹਿਬ ਜੀ

Singh : The New Marathon King

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 2)

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 1)

ਭਾਦਉ

ਗੁਰਮਤਿ ਵਿੱਚ ਮੀਰੀ-ਪੀਰੀ ਜਾਂ ਭਗਤੀ ਸ਼ਕਤੀ ਦਾ ਸੰਕਲਪ?

ਆਸਾੜੁ ਭਲਾ ਸੂਰਜੁ ਗਗਨਿ ਤਪੈ॥

ਹਰਿ ਜੇਠਿ ਜੁੜੰਦਾ ਲੋੜੀਐ

॥ਚੇਤਿ ਮਿਲਾਏ ਸੋ ਪ੍ਰਭੂ, ਤਿਸ ਕੈ ਪਾਇ ਲਗਾ ॥

ਸ੍ਰੀ ਹਰਿ ਰਾਇ ਸਾਹਿਬ ਜੀ ਦੇ ਜੀਵਨ ਕਾਰਨਾਮਿਆਂ ਦੀ ਵਰਤਮਾਨ ਪ੍ਰਸੰਗਿਕਤਾ

ਤਿਲਕ ਜੰਞੂ ਰਾਖਾ ਪ੍ਰਭ ਤਾਕਾ

Shaheedi of Guru Teg Bahadur Sahib