Saturday, July 11, 2026

Established 2005 • ISSN Registration : 1930-0107

The Shaheed and Shahadat

Panthic Archives Article (Category: Inspirational)

Originally published on: May 2, 2007
Author/Source: Brigadier Hardit Singh

ਸ਼ਹੀਦ ਅਤੇ ਸ਼ਹਾਦਤ

-ਬ੍ਰਿਗੇਡੀਅਰ ਸ. ਹਰਦਿੱਤ ਸਿੰਘ

‘ਸ਼ਹੀਦ’ ਉਹ ਮਹਾਂਯੋਧਾ ਅਤੇ ਪਵਿੱਤਰ ਹਸਤੀ ਹੈ ਜੋ ਰੱਬ ਜਾਂ ਉਸ ਦੀ ਰਚਨਾ ਦੇ ਪਿਆਰ ਅਤੇ ਰੱਬੀ ਭਾਣੇ ਅੰਦਰ ਖੁਸ਼ੀ-ਖੁਸ਼ੀ ਕਿਸੇ ਜਗਤ ਭਲਾਈ ਅਤੇ ਪਰਉਪਕਾਰ ਹਿੱਤ ਜੂਝਿਆ ਹੋਵੇ ਜਾਂ ਆਪਣੀ ਜਾਨ ਵਾਰ ਦਿੱਤੀ ਹੋਵੇ, ਉਸ ਨੂੰ ‘ਸ਼ਹੀਦ’ ਕਿਹਾ ਜਾਂਦਾ ਹੈ। ਇਸ ਪਰਿਭਾਸ਼ਾ ਤੋਂ ਜ਼ਾਹਰ ਹੈ ਕਿ ਸ਼ਹਾਦਤ ਲਈ ਚਾਰ ਗੁਣਾਂ ਦਾ ਹੋਣਾ ਜ਼ਰੂਰੀ ਹੈ:

1. ਰੱਬੀ ਪਿਆਰ ਅਤੇ ਭਾਣਾ

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਇਸ ਉੱਤਮ ਗੁਣ ਨੂੰ ਪ੍ਰਗਟਾਉਣ ਦੀ ਹੀ ਸੀ। ਭਗਤ-ਜਨਾਂ ਨੂੰ ਰੱਬ ਦੇ ਹੁਕਮ ਤੇ ਰਜ਼ਾ, ਭਲੇ ਅਤੇ ਮਿੱਠੇ ਲਗਦੇ ਹਨ। ਇਸ ਗੁਣ ਦੇ ਸਦਕੇ ਭਰਮ, ਭੈ, ਮਾਇਆ ਅਤੇ ਜੀਵਤ ਰਹਿਣ ਦੇ ਮੋਹ ਦੂਰ ਹੋ ਜਾਂਦੇ ਹਨ- “ਜੋ ਤੁਧੁ ਭਾਵੈ ਸਾਈ ਭਲੀ ਕਾਰ” ਅਤੇ “ਤੇਰਾ ਕੀਆ ਮੀਠਾ ਲਾਗੈ”। ਰੱਬ ਦੀ ਯਾਦ ਉਸ ਨਾਲ ਪਿਆਰ ਕਰਨਾ ਹੈ ਤੇ ਉਸ ਦੀ ਮਰਜ਼ੀ ’ਤੇ ਚੱਲਣਾ ਉਸ ਦਾ ਭਾਣਾ ਮੰਨਣਾ ਹੈ।

2. ਸ਼ੁਭ ਪ੍ਰਯੋਜਨ

ਸ਼ੁਭ ਪ੍ਰਯੋਜਨ ਉਸ ਨੂੰ ਕਿਹਾ ਜਾ ਸਕਦਾ ਹੈ ਜਿਹੜਾ ਕਰਮ ਜਗਤ ਭਲਾਈ ਜਾਂ ਪਰਉਪਕਾਰ ਲਈ ਕੀਤਾ ਜਾਵੇ। ਇਹ ਉਹ ਕਰਮ ਹਨ ਜਿਨ੍ਹਾਂ ਵਿਚ ਨਿੱਜ-ਸੁਆਰਥ ਤੋਂ ਉੱਠ ਕੇ ਜਗਤ ਪਿਆਰ ਠਾਠਾਂ ਮਾਰਦਾ ਹੈ “ਬ੍ਰਹਮ ਗਿਆਨੀ ਪਰਉਪਕਾਰ ਉਮਾਹਾ”। ਬਦਲੇ ਦੀ ਭਾਵਨਾ ਜਾਂ ਮਜ਼੍ਹਬੀ ਕੱਟੜਤਾ ਹਿੱਤ ਸ਼ਹੀਦ ਹੋਣਾ ਸ਼ੁਭ ਪ੍ਰਯੋਜਨ ਨਹੀਂ ਹੈ।

3. ਨਿਰਭੈਤਾ

ਨਿਰਭੈਤਾ “ਜੋਧ ਮਹਾਬਲ ਸੂਰ” ਦਾ ਕਰਮ ਹੈ। ਇਨ੍ਹਾਂ ਜੋਧਿਆਂ ਵਿਚ ਅਕਾਲ ਪੁਰਖ ਦਾ ਵਾਸਾ ਹੁੰਦਾ ਹੈ ਅਤੇ ਮੌਤ ਦੇ ਡਰ ਤੋਂ ਉਠ ਗਏ ਹੁੰਦੇ ਹਨ। ਉਨ੍ਹਾਂ ਵਾਸਤੇ ਮੌਤ ਤਬਾਹੀ ਨਹੀਂ ਪਰ ਇਕ ਦਸ਼ਾ ਪਲਟੀ ਹੈ, ਜਿਸ ਵਿਚ ਆਨੰਦ ਅਤੇ ਸੁਖ ਹੈ- “ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ- ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥” ਅਥਵਾ “ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ॥” ਜ਼ਾਲਮ ਭੀ ਨਿਰਭੈ ਹੁੰਦੇ ਹਨ ਪਰ ਇਥੇ ਉਹ ਜੋਧੇ ਹਨ, ਜਿਨ੍ਹਾਂ ਦਾ ਮਨ ਹਉਮੈ ਦੀ ਮੈਲ ਗਵਾ ਕੇ ਨਿਰਭਉ (ਨਿੱਡਰ) ਹੋ ਗਏ ਹਨ- “ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ॥”

4. ਚੜ੍ਹਦੀ ਕਲਾ

ਇਹ ਇਕ ਦਸ਼ਾ ਹੈ ਜਿਸ ਵਿਚ ਜੀਵ ਹਰ ਹਾਲਤ ਵਿਚ ਖੁਸ਼ੀ, ਆਨੰਦ ਤੇ ਖੇੜੇ ਵਿਚ ਵਿਚਰਦਾ ਹੈ। ਇਹ ਭਗਤਾਂ ਦਾ ਕਰਮ ਹੈ- “ਨਾਨਕ ਭਗਤਾ ਸਦਾ ਵਿਗਾਸੁ॥” ਐਸੇ ਜੀਵ ਦੁੱਖ-ਸੁਖ, ਹਰਖ-ਸੋਗ, ਮਾਨ-ਅਪਮਾਨ, ਉਸਤਤ-ਨਿੰਦਾ ਆਦਿ ਦੇ ਵਿਤਰਕਾਂ ਤੋਂ ਨਿਰਲੇਪ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਮਨ ਵਿਚ ਸ਼ਾਂਤੀ ਤੇ ਰਹਿਸ ਪੈਦਾ ਹੋ ਜਾਂਦਾ ਹੈ ਤੇ ਉਹ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦੇ- “ਸਾਂਤਿ ਸਹਜੁ ਰਹਸੁ ਮਨਿ ਉਪਜਿਓ ਸਗਲੇ ਦੂਖ ਪਲਾਇਣ॥”

ਉਪਰੋਕਤ ਚਾਰ ਗੁਣ ਸਿੱਖੀ ਦਾ ਧੁਰਾ ਹਨ ਅਤੇ ਇਨ੍ਹਾਂ ਗੁਣਾਂ ਦੇ ਪ੍ਰਗਟਾਉਣ ਅਤੇ ਚਲਾਵਣ ਲਈ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਜਗਤ ਵਿਚ ਆਏ। ਉਨ੍ਹਾਂ ਦੇ ਮਿਸ਼ਨ ਦੇ ਦੋ ਪਹਿਲੂ ਸਨ:-

ਪਹਿਲਾ- (ਜਗਤ ਸੁਧਾਰ) ਇਕ ਅਕਾਲ ਪੁਰਖ ਦੀ ਪੂਜਾ ਤੇ ਸ਼ਬਦ ਦਾ ਪ੍ਰਚਾਰ। ਜਾਤ-ਪਾਤ, ਰੰਗ-ਰੂਪ ਦਾ ਭੇਦ ਮਿਟਾਉਣਾ, ਝੂਠੇ ਰਸਮੋ-ਰਿਵਾਜ ਅਤੇ ਬ੍ਰਾਹਮਣਵਾਦ ਦਾ ਰੋਕਣਾ।

ਦੂਸਰਾ- ਇਕ ਐਸਾ ਪੰਥ ਬਣਾਉਣਾ ਜਿਸ ਦੇ ਅਨੁਯਾਈ ਸੰਤ-ਸਿਪਾਹੀ ਹੋਣ, ਜਿਹੜੇ ਲੋਕਾਈ ਦੇ ਦੁਖ, ਕਸ਼ਟ, ਧੱਕਾ-ਜ਼ੋਰੀ ਤੇ ਬੇਇਨਸਾਫੀ ਨੂੰ ਦੇਖ ਕੇ ਅੱਖਾਂ ਨਾ ਮੀਟ ਲੈਣ ਸਗੋਂ ਇਸ ਦੇ ਦੂਰ ਕਰਨ ਲਈ ਜੂਝਣ ਤੇ ਜੇ ਜ਼ਰੂਰਤ ਪਵੇ ਤਾਂ ਆਪਣੀ ਜਾਨ ਭੀ ਵਾਰ ਦੇਣ। ਕਲਗੀਧਰ ਪਾਤਸ਼ਾਹ ਜੀ ਨੇ ਇਸ ਜਥੇ ਦਾ ਨਾਮ “ਖਾਲਸਾ” ਰੱਖਿਆ ਅਤੇ ਇਸ ਨੂੰ “ਅਕਾਲ ਪੁਰਖ ਕੀ ਫੌਜ” ਕਰਕੇ ਪੁਕਾਰਿਆ। ਇਸ ਜਮਾਤ ਦਾ ਕਰਤੱਵ ਹੈ:

“ਧਰਮ ਚਲਾਵਨ ਸੰਤ ਉਬਾਰਨ॥ ਦੁਸ਼ਟ ਸਭਨ ਕੋ ਮੂਲ ਉਪਾਰਨ॥”

ਅਥਵਾ

“ਸੰਤਾ ਮਾਨਉ ਦੂਤਾ ਡਾਨਉ...॥” (ਅੰਗ 969)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਤ-ਸਿਪਾਹੀ ਬਣਾਉਣ ਲਈ ਸਿੱਖ ਸੇਵਕਾਂ ਨੂੰ ਵੰਗਾਰਿਆ- “ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥” ਪਰ ਪ੍ਰੇਮ ਦੀ ਗਲੀ ਆਉਣ ਤੋਂ ਪਹਿਲਾਂ ਸ਼ਰਤ ਇਹ ਰੱਖੀ- “ਪਹਿਲਾ ਮਰਣੁ ਕਬੂਲਿ, ਜੀਵਣ ਕੀ ਛਡਿ ਆਸ॥ ਹੋਹੁ ਸਭਨਾ ਕੀ ਰੇਣੁਕਾ, ਤਉ ਆਉ ਹਮਾਰੈ ਪਾਸਿ॥” ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦਸਵੇਂ ਜਾਮੇ ਵਿਚ ਆਪ ਹੀ ਸ਼ਹੀਦ ਹੋਣ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ:-

“ਦੇਹ ਸਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ॥
ਨ ਡਰੋਂ ਅਰਿ ਸੋ ਜਬ ਜਾਇ ਲਰੋਂ, ਨਿਸ਼ਚੈ ਕਰ ਅਪਨੀ ਜੀਤ ਕਰੋਂ॥
ਅਰ ਸਿੱਖ ਹੋਂ ਅਪਨੇ ਹੀ ਮਨ ਕੌ, ਇਹ ਲਾਲਚ ਹਉ ਗੁਨ ਤਉ ਉਚਰੋਂ॥
ਜਬ ਆਵ ਕੀ ਅਉਧ ਨਿਦਾਨ ਬਨੈ, ਅਤ ਹੀ ਰਨ ਮੈਂ ਤਬ ਜੂਝ ਮਰੋਂ॥”

ਅਤੇ

-ਸ਼ਸਤ੍ਰਨ ਸੋ ਅਤਿ ਹੀ ਰਣ ਭੀਤਰ, ਜੂਝ ਮਰੋਂ ਤਊ ਸਾਚ ਪਤੀਜੈ॥

ਸਿੱਖੀ ਵਿਚ ਗ੍ਰਿਹਸਤ ਮਾਰਗ ਦੀ ਪ੍ਰਧਾਨਤਾ ਹੈ। ਸੰਸਾਰ ਵਿਚ ਰਹਿੰਦਿਆਂ ਦੁੱਖ, ਤਕਲੀਫਾਂ, ਬੇ-ਇਨਸਾਫੀਆਂ, ਧੱਕਾ-ਜ਼ੋਰੀਆਂ ਅਤੇ ਹੋਰ ਆਫਤਾਂ ਵਾਪਰਦੀਆਂ ਹਨ। ਸਿੱਖ ਨੇ ਇਨ੍ਹਾਂ ਔਕੜਾਂ ਦਾ ਸਿਰ-ਧੜ ਦੇ ਕੇ ਮੁਕਾਬਲਾ ਕਰਨਾ ਹੈ। ਇਸ ਲਈ ਸ਼ਹੀਦੀ ਸਿੱਖੀ ਮਾਰਗ ਦਾ ਇਕ ਮੂਲ-ਸਿਧਾਂਤ ਬਣ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਇਸ ਪਰਥਾਏ ਅਨੇਕ ਸ਼ਬਦ ਹਨ। ਵੰਨਗੀ ਮਾਤ੍ਰ ਕੁਝ ਤੁਕਾਂ ਪੇਸ਼ ਹਨ:-

-ਗਗਨ ਦਮਾਮਾ ਬਾਜਿਓ, ਪਰਿਓ ਨੀਸਾਨੈ ਘਾਉ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥
(ਅੰਗ 1105)

-ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ॥
ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੈ ਦੂਖੁ ਨ ਲਾਗੈ॥
(ਅੰਗ 579)

-ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ।
(ਭਾਈ ਗੁਰਦਾਸ ਜੀ, ਵਾਰ 3:18)

ਅਥਵਾ ਸ਼ਹੀਦ ਉਸ ਨੂੰ ਹੀ ਕਿਹਾ ਜਾ ਸਕਦਾ ਹੈ, ਜਿਸ ਦਾ ਪਰਮਾਤਮਾ ’ਤੇ ਪੂਰਾ ਭਰੋਸਾ ਹੋਵੇ ਅਤੇ ਮੌਤ ਦਾ ਡਰ ਤੇ ਭਰਮ ਦੂਰ ਹੋ ਗਏ ਹੋਣ।

ਸਿੱਖੀ ਇਕ ਨਵੀਨ, ਨਿਰੋਲ, ਨਿਵੇਕਲਾ ਅਤੇ ਨਿਰਾਲਾ ਧਰਮ ਹੈ। ਬਾਕੀ ਵਿਲੱਖਣਤਾ ਤੋਂ ਇਲਾਵਾ ਸਿੱਖ ਧਰਮ ਦੀ ਪਰਿਭਾਸ਼ਾ ਤੇ ਸ਼ਹਾਦਤ ਦੇ ਸਿਧਾਂਤ ਵਿਚ ਕੁਝ ਫ਼ਰਕ ਹੈ। ਆਮ ਤੌਰ ’ਤੇ ਧਰਮ ਦਾ ਸੰਬੰਧ ਰੱਬ, ਦੇਵਤੇ ਤੇ ਰਸਮੋਂ-ਰਿਵਾਜ਼ (ਸ਼ਰੀਅਤ ਆਦਿਕ) ਨਾਲ ਹੁੰਦਾ ਹੈ। ਪਰ ਸਿੱਖੀ ਦੇ ਦੋ ਮੁੱਖ ਅੰਗ ਹਨ। ਇਕ ਨਾਮ ਜਪਣਾ ਅਥਵਾ ਰੱਬ ਨਾਲ ਪਿਆਰ ਅਤੇ ਉਸ ਦੇ ਭਾਣੇ ਅਤੇ ਰਜ਼ਾ ਵਿਚ ਚੱਲਣਾ। ਦੂਸਰਾ ਨਿਰਮਲ ਕਰਮ ਕਰਨੇ- “ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲੁ ਕਰਮੁ॥” ਜੈਨ ਅਤੇ ਬੁੱਧ ਧਰਮਾਂ ਵਿਚ ਸ਼ਹਾਦਤ ਦਾ ਨਾਮੋ-ਨਿਸ਼ਾਨ ਨਹੀਂ ਹੈ। ਪੱਛਮੀ ਧਰਮਾਂ ਵਿਚ ਇਸ ਦੀ ਵਿਆਖਿਆ ਮੌਤ ਅਤੇ ਧਰਮ-ਯੁੱਧ (ਜ਼ਿਹਾਦ ਆਦਿਕ) ਨਾਲ ਜੁੜੀ ਹੋਈ ਹੈ, ਉਹ ਲੜਾਈ ਵਿਚ ਮਰੇ ਹੋਏ ਜੀਵ ਨੂੰ ਸ਼ਹੀਦ ਆਖਦੇ ਹਨ। ਸਿੱਖੀ ਵਿਚ ਐਸੇ ਜੀਵ ਜਿਹੜੇ ਹਉਮੈ ਤੋਂ ਰਹਿਤ ਹੋ ਕੇ, ਰੱਬੀ ਪਿਆਰ ਤੇ ਭਾਣੇ ਵਿਚ, ਪਰਉਪਕਾਰ ਅਤੇ ਦੁਸ਼ਟਾਂ ਨੂੰ ਦੰਡ ਦੇਣ ਲਈ ਤਿਆਰ ਰਹਿਣ, ਉਨ੍ਹਾਂ ਨੂੰ ਜੀਵਤ ਸ਼ਹੀਦ, ਜੀਵਨ-ਮੁਕਤ, ਮਰਜੀਵੜੇ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਹਉਮੈ ਦੇ ਦੀਰਘ ਰੋਗ ਨੂੰ ਮਾਰ ਕੇ ਆਪਣਾ ਸਰੀਰ ਸ਼ੁਭ ਕਰਮਾਂ ਲਈ ਵਾਰ ਰੱਖਿਆ ਹੈ। “ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ॥” ਅਥਵਾ “ਪ੍ਰਭ ਕੀ ਆਗਿਆ ਆਤਮ ਹਿਤਾਵੈ॥ ਜੀਵਨ ਮੁਕਤਿ ਸੋਊ ਕਹਾਵੈ॥” ਵੀਹਵੀਂ ਸਦੀ ਦੀ ਅਕਾਲੀ ਲਹਿਰ ਵੇਲੇ ਜਿਹੜੇ ਜਥੇ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਮੁਕਤ ਕਰਵਾਉਣ ਲਈ ਅਕਾਲ ਤਖ਼ਤ ਸਾਹਿਬ ਤੋਂ ਭੇਜੇ ਜਾਂਦੇ ਸਨ, ਉਨ੍ਹਾਂ ਨੂੰ ਸ਼ਹੀਦੀ ਜਥੇ ਕਰਕੇ ਪੁਕਾਰਿਆ ਜਾਂਦਾ ਸੀ। ਅਠਾਰ੍ਹਵੀਂ ਸਦੀ ਵਿਚ ਐਸੇ ਮਰਜੀਵੜਿਆਂ ਦੀ ਫੌਜ ਨੂੰ ‘ਸ਼ਹੀਦੀ ਮਿਸਲ’ ਆਖਦੇ ਸਨ ਅਤੇ ਮਹਾਰਾਜਾ ਰਣਜੀਤ ਸਿੰਘ ਵੇਲੇ ਇਸੀ ਜਥੇ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਸਨ।

ਸ਼ਹੀਦੀ ਦੇ ਲੱਛਣ ਪ੍ਰਗਟਾਉਣ ਅਤੇ ਗ੍ਰਹਿਣ ਕਰਵਾਉਣ ਦਾ ਪ੍ਰੋਗਰਾਮ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਆਰੰਭ ਕਰ ਦਿੱਤਾ ਸੀ। ਉਨ੍ਹਾਂ ਨੇ ਬਾਬਰ ਬਾਦਸ਼ਾਹ ਦੀ “ਪਾਪ ਕੀ ਜੰਞ” ਅਤੇ ਧੱਕਾ-ਜ਼ੋਰੀ ਤੇ ਜ਼ੁਲਮ ’ਤੇ ਵੰਗਾਰ ਪਾਈ ਤੇ ਆਪ ਬੰਦੀ ਬਣੇ। ਮੱਕੇ ਜਾ ਕੇ “ਜਾ ਬਾਬਾ ਸੁਤਾ ਰਾਤਿ ਨੋ ਵਲਿ ਮਹਿਰਾਬੇ ਪਾਇ ਪਸਾਰੀ” ਅਤੇ ਮੁਸਲਮਾਨੀ ਗੜ੍ਹ ਬਗਦਾਦ ਜਾ ਕੇ- “ਦਿਤੀ ਬਾਂਗਿ ਨਿਵਾਜਿ ਕਰਿ” ਜਿਸ ਵਿਚ “ਮੁਹੰਮਦ ਰਸੂਲ ਅੱਲਾਹ” ਦੀ ਥਾਂਵੇ ਸਤਿ ਸ੍ਰੀ ਅਕਾਲ-ਗੁਰਬਰ ਅਕਾਲ” ਦੇ ਸ਼ਬਦ ਵਰਤੇ। ਸੱਤ ਪਾਤਾਲਾਂ- ਅਗਾਸਾਂ ਦੀ ਥਾਂ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ” ਦੀ ਸੋਝੀ ਦਿੱਤੀ। ਇਥੇ ਬਹੁਤ ਮੁਸਲਮਾਨ ਪੱਥਰ ਚੁੱਕ ਕੇ ਗੁਰੂ ਜੀ ਨੂੰ ਮਾਰਨ ਲਈ ਦੌੜੇ ਆਏ। ਆਪ ਜੀ ਨਹੀਂ ਡਰੇ ਪਰ ਸਮਝਾਇਆ ਕਿ ਅੱਲਾਹ ਹਰ ਜਗ੍ਹਾ ਮੌਜੂਦ ਹੈ ਅਤੇ ਬੇਅੰਤ ਹੈ। ਮਰਦੇ-ਕਾਮਲ ਨੇ ਸੁੱਤੇ ਹੋਏ ਲੋਕਾਂ ਨੂੰ ਮਾਇਆ, ਮੋਹ, ਭਰਮ, ਭੈ ਤੋਂ ਆਣ ਜਗਾਇਆ।

ਮੁਗ਼ਲ ਬਾਦਸ਼ਾਹ ਹਮਾਂਯੂੰ, ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਵਾਪਸ ਅਫਗਾਨਿਸਤਾਨ ਜਾ ਰਿਹਾ ਸੀ। ਰਸਤੇ ਵਿਚ ਦੁਆਇ ਖੈਰ ਲੈਣ ਲਈ ਖਡੂਰ ਸਾਹਿਬ ਠਹਿਰ ਗਿਆ। ਜਦ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਲਈ ਗਿਆ ਤਾਂ ਸਤਿਗੁਰੂ ਜੀ ਬੱਚਿਆਂ ਦੀਆਂ ਖੇਡਾਂ ਵਿਚ ਮਗਨ ਸਨ। ਉਹ ਥੋੜ੍ਹੀ ਦੇਰ ਖੜ੍ਹਾ ਰਿਹਾ, ਫਿਰ ਸ਼ਾਹੀ ਰੋਹ ਵਿਚ ਤਲਵਾਰ ਦੇ ਕਬਜ਼ੇ ਉੱਤੇ ਹੱਥ ਪਾਇਆ। ਸਤਿਗੁਰਾਂ ਨੇ ਦੇਖ ਲਿਆ ਤੇ ਕਹਿਣ ਲੱਗੇ- “ਮੁਗ਼ਲ ਰਾਜ! ਇਹ ਸ਼ੇਰ ਸ਼ਾਹ ਨਾਲ ਜੂਝਦੀ ਥੱਕ ਆਈ ਹੈ, ਇਸ ਨੂੰ ਆਰਾਮ ਕਰਨ ਦਿਉ, ਇਸ ਦਾ ਫ਼ਕੀਰਾਂ ’ਤੇ ਉਠਾਣਾ ਧਰਮ ਨਹੀਂ ਹੈ।” ਇਹ ਮਿੱਠੇ ਬਚਨ ਸੁਣ ਕੇ ਬਾਦਸ਼ਾਹ ਨੂੰ ਹੋਸ਼ ਆ ਗਈ ਤੇ ਉਸ ਨੇ ਝੁਕ ਕੇ ਸਲਾਮ ਕੀਤੀ। ਇਕ ਬਾਦਸ਼ਾਹ ਨੂੰ ਢੁਕਵੀਂ ਤਾੜਨਾ ਕਰਨੀ ਕਿਸੇ ਮਰਜੀਵੜੇ ਮਹਾਂਬਲੀ ਸੂਰੇ ਦਾ ਹੀ ਕਰਮ ਹੋ ਸਕਦਾ ਹੈ।

ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਨੇ, ਮੁਗ਼ਲ ਸਮਰਾਟ ਸ਼ਾਹ ਜਹਾਨ ਦੇ ਬਰ-ਖਿਲ਼ਾਫ, ਤਕਰੀਬਨ ਨਿਹੱਥੇ, ਫੌਜੀ-ਸਿਖਲਾਈ ਵਿਹੂਣੇ ਅਤੇ ਮੁੱਠੀ-ਭਰ ਸਿੱਖਾਂ ਨਾਲ, ਜ਼ੁਲਮ ਦਾ ਨਾਸ ਕਰਨ ਲਈ ਚਾਰ ਲੜਾਈਆਂ ਜਿੱਤੀਆਂ। ਉਨ੍ਹਾਂ ਨੇ ਇਹ ਸਿੱਧ ਕਰ ਦਿੱਤਾ ਕਿ ਸ਼ਹੀਦੀ ਗੁਣਾਂ ਨਾਲ ਭਰਪੂਰ ਚਿੜੀਆਂ, ਹਥਿਆਰਾਂ ਨਾਲ ਲੈਸ ਬਾਜਾਂ ਨੂੰ ਮਾਰ ਗਿਰਾ ਸਕਦੀਆਂ ਹਨ। ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਸੱਚੀਂ-ਮੁੱਚੀਂ “ਦਲ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ” ਸਨ।

ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਇਕ ਅਲੌਕਿਕ ਸ਼ਹੀਦੀ ਸੀ। ਜਿਸ ਰੱਬੀ ਪਿਆਰ ਅਤੇ ਭਾਣੇ ਅੰਦਰ, ਧਰਮ ਆਜ਼ਾਦੀ ਅਤੇ ਨਿਰਪੱਖਤਾ ਵਾਸਤੇ ਉਨ੍ਹਾਂ ਕਠੋਰ ਤਸੀਹੇ ਬੜੀ ਸਹਿਨਸ਼ੀਲਤਾ ਅਤੇ ਦਲੇਰੀ ਨਾਲ ਝੱਲੇ, ਇਸ ਦੀ ਮਿਸਾਲ ਮਿਲਣੀ ਮੁਸ਼ਕਲ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਤੱਤੀਆਂ ਤਵੀਆਂ ’ਤੇ ਬੈਠੇ ਅਤੇ ਗਰਮ-ਗਰਮ ਰੇਤ ਨੰਗੇ ਸਰੀਰ ’ਤੇ ਪਾਈ ਗਈ ਪਰ ਉਨ੍ਹਾਂ ਉਫ਼ ਨਾ ਕੀਤੀ। ਆਪ ਜੀ “ਤੇਰਾ ਕੀਆ ਮੀਠਾ ਲਾਗੈ” ਦੀ ਧੁਨੀ ਵਿਚ ਮਸਤ ਰਹੇ। ਭਾਈ ਗੁਰਦਾਸ ਜੀ ਆਪਣੀ ਵਾਰ 24 ਪਉੜੀ 23 ਵਿਚ ਆਖਦੇ ਹਨ “ਸਬਦੁ ਸੁਰਤਿ ਲਿਵ ਮਿਰਗ ਜਿਉ, ਭੀੜ ਪਈ ਚਿਤਿ ਅਵਰੁ ਨ ਆਣੀ।” ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਕਿਹਾ ਸੀ ਕਿ ਜੇਕਰ ਗੁਰੂ ਜੀ ਮੁਹੰਮਦ ਸਾਹਿਬ ਦੀ ਤਾਰੀਫ਼ ਆਦਿ ਗ੍ਰੰਥ ਸਾਹਿਬ ਵਿਚ ਲਿਖ ਦੇਣ ਤਾਂ ਉਨ੍ਹਾਂ ਦੀ ਸਜ਼ਾ ਮੁਆਫ ਕਰ ਦਿੱਤੀ ਜਾਵੇਗੀ ਪਰ ਸਤਿਗੁਰਾਂ ਦਾ ਜਵਾਬ ਸੀ- “ਇਹ ਧੁਰ ਕੀ ਬਾਣੀ ਹੈ, ਇਹ ਸੱਚੇ ਦੀ ਸੱਚੀ ਕਥਾ ਹੈ, ਇਸ ਦੇ ਇਕ ਅੱਖਰ ਨੂੰ ਭੀ ਬਦਲਣ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ, ਇਹ ਇਸ ਤਰ੍ਹਾਂ ਹੀ ਰਹੇਗੀ!” ਸਤਿਗੁਰੂ ਜੀ ਨੇ ਤਸੀਹੇ ਭੋਗ ਕੇ ਮੌਤ ਨੂੰ ਮਖੌਲ ਕਰਕੇ ਦਿਖਾ ਦਿੱਤਾ ਕਿ ਪਰਮਾਤਮਾ ਦਾ ਪਿਆਰ ਅਤੇ ਭਾਣਾ ਮਿੱਠਾ ਹੈ, ਸ਼ਹੀਦੀ ਮਨਜ਼ੂਰ ਹੈ ਪਰ ਆਪਣੇ ਅਕੀਦੇ ਤੋਂ ਮੁਨਕਰ ਨਹੀਂ ਹੋ ਸਕਦੇ।

“ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥” ਸ੍ਰੀ ਗੁਰੂ ਤੇਗ ਬਹਾਦਰ ਜੀ ਆਪ ਚਲ ਕੇ ਕਾਤਲ ਪਾਸ ਗਏ। ਬਾਦਸ਼ਾਹੀ ਹੁਕਮ ਹੋਇਆ ਕਿ ਗੁਰੂ ਜੀ ਦੀ ਜਾਨ ਬਖਸ਼ੀ ਜਾ ਸਕਦੀ ਹੈ ਜੇਕਰ ਉਹ ਇਸਲਾਮ ਕਬੂਲ ਕਰ ਲੈਣ। ਸਤਿਗੁਰੂ ਜੀ ਨੇ ਸ਼ਰਤਾਂ ਠੁਕਰਾ ਦਿੱਤੀਆਂ। ਫਿਰ ਉਨ੍ਹਾਂ ਨੂੰ ਡਰਾਉਣ ਵਾਸਤੇ ਤਿੰਨ ਸਨਮੁਖ ਸਾਥੀ ਗੁਰਸਿੱਖਾਂ ਨੂੰ ਇਕ-ਇਕ ਕਰਕੇ ਪਾਣੀ ਵਿਚ ਉਬਾਲਿਆ, ਜਲਾਇਆ ਅਤੇ ਚੀਰਿਆ ਗਿਆ। ਆਖਰ ਗੁਰੂ ਜੀ ਦੇ ਪਵਿੱਤਰ ਸੀਸ ਨੂੰ ਧੜ ਤੋਂ ਅਲੱਗ ਕਰ ਦਿੱਤਾ। ਕਲਗੀਧਰ ਪਾਤਸ਼ਾਹ ਜੀ ਦੇ ਕਥਨ ਅਨੁਸਾਰ “ਧਰਮ ਹੇਤ ਸਾਕਾ ਜਿਨਿ ਕੀਆ॥ ਸੀਸ ਦੀਯਾ ਪਰ ਸਿਰਰ ਨ ਦੀਆ॥” ਜ਼ਾਲਮ ਜ਼ੁਲਮ ਕਰਕੇ ਗਰੀਬਾਂ, ਸੰਤਾਂ ਅਤੇ ਨਿਰਦੋਸ਼ ਪਰਜਾ ਦਾ ਖੂਨ ਡੋਲ੍ਹਦੇ ਹਨ ਪਰ ਸਤਿਗੁਰਾਂ ਨੇ ਆਪਣਾ ਪਵਿੱਤਰ ਖੂਨ ਡੋਲ੍ਹ ਕੇ ਉਲਟੀ ਗੰਗਾ ਬਹਾ ਦਿੱਤੀ ਅਤੇ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਠੱਲ੍ਹ ਪਾਈ। ਦੁਨੀਆਂ ਦੇ ਇਤਿਹਾਸ ਵਿਚ ਕੋਈ ਮਿਸਾਲ ਨਹੀਂ ਮਿਲਦੀ ਕਿ ਦੂਸਰੇ ਦੇ ਧਰਮ ਖ਼ਾਤਰ ਕਿਸੇ ਨੇ ਸੀਸ ਦਿੱਤਾ ਹੋਵੇ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਇਕ ਅਦੁੱਤੀ ਤੇ ਦਰਦਨਾਕ ਘਟਨਾ ਹੈ। ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦੀਆਂ ਝੂਠੀਆਂ ਕਸਮਾਂ ਤੇ ਕਲਗੀਧਰ ਪਾਤਸ਼ਾਹ ਜੀ ਪਰਵਾਰ ਸਮੇਤ, ਅਨੰਦਪੁਰ ਸਾਹਿਬ ਖਾਲੀ ਕਰਕੇ ਰੋਪੜ ਵੱਲ ਤੁਰ ਪਏ। ਰਸਤੇ ਵਿਚ ਪੈਂਦੀ ਸਰਸਾ ਨਦੀ ਨੇ ਪਿਆਰੇ ਸਿੱਖਾਂ ਅਤੇ ਪਰਵਾਰ ਨੂੰ ਬਿਖੇਰ ਦਿੱਤਾ। ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਇਕ ਵਿਸ਼ਵਾਸਘਾਤੀ ਨੌਕਰ ਨੇ ਸੂਬਾ ਸਰਹਿੰਦ ਦੇ ਪੇਸ਼ ਕਰ ਦਿੱਤਾ। ਸੂਬੇ ਸਰਹਿੰਦ ਨੇ ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਨ ਲਈ ਕਈ ਲਾਲਚ ਦਿੱਤੇ ਪਰ ਨਿਧੜਕ ਤੇ ਬਹਾਦਰ ਬੱਚਿਆਂ ਨੇ ਸਾਫ ਇਨਕਾਰ ਕਰ ਦਿੱਤਾ। ਇਸ ਪਰ ਸਾਹਿਬਜ਼ਾਦਿਆਂ ਨੂੰ ਜੀਊਂਦੇ ਜੀਅ ਨੀਂਹਾਂ ਵਿਚ ਚਿਣਵਾ ਦਿੱਤਾ ਗਿਆ। ਦੂਸਰੇ ਪਾਸੇ ਕਲਗੀਧਰ ਪਾਤਸ਼ਾਹ ਜੀ, ਦੋ ਵੱਡੇ ਸਾਹਿਬਜ਼ਾਦਿਆਂ ਅਤੇ ਚਾਲੀ ਸਿੰਘਾਂ ਸਮੇਤ ਚਮਕੌਰ ਸਾਹਿਬ ਪਹੁੰਚ ਗਏ ਅਤੇ ਇਕ ਕੱਚੀ ਗੜ੍ਹੀ ਵਿਚ ਮੋਰਚਾਬੰਦ ਹੋ ਗਏ। ਲੱਖਾਂ ਵੈਰੀਆਂ ਨੇ ਇਸ ਗੜ੍ਹੀ ਨੂੰ ਘੇਰ ਲਿਆ। ਬਾਕੀ ਮਰਜੀਵੜੇ ਸਿੰਘਾਂ ਸਮੇਤ, ਦੋਨੋਂ ਸਾਹਿਬਜ਼ਾਦੇ ਬੜੀ ਨਿਰਭੈਤਾ ਅਤੇ ਸੂਰਬੀਰਤਾ ਨਾਲ ਜੂਝੇ ਅਤੇ ਸ਼ਹੀਦੀ ਦਾ ਜਾਮ ਪੀ ਗਏ। ਜਦ ਕਿਸੇ ਹਮਦਰਦੀ ਨੇ ਕਲਗੀਧਰ ਪਾਤਸ਼ਾਹ ਜੀ ਪਾਸ ਅਫਸੋਸ ਜ਼ਾਹਰ ਕੀਤਾ ਤਾਂ ਉਨ੍ਹਾਂ ਫ਼ੁਰਮਾਇਆ ਕਿ ਲਾਡਲੇ ਬੱਚੇ ਅਕਾਲ ਪੁਰਖ ਦੀ ਅਮਾਨਤ ਸਨ ਤੇ ਜਿਸ ਦੇ ਉਹ ਸੀ, ਉਸ ਨੇ ਵਾਪਸ ਲੈ ਲਏ ਤੇ ਸਾਡਾ ਇਸ ਵਿਚ ਕੋਈ ਉਜ਼ਰ ਨਹੀਂ- “ਜਿਸ ਕੀ ਬਸਤੁ ਤਿਸੁ ਆਗੈ ਰਾਖੈ॥ ਪ੍ਰਭ ਕੀ ਆਗਿਆ ਮਾਨੈ ਮਾਥੈ” ਤੇ ਫਿਰ ਰੱਬ ਦਾ ਸ਼ੁਕਰ ਕੀਤਾ ਤੇ ਕਿਹਾ, “ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ॥ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ॥” ਵਜ਼ੀਰ ਖਾਂ ਨੇ ਗੁਰੂ ਜੀ ਦਾ ਪਿੱਛਾ ਨਹੀਂ ਛੱਡਿਆ, ਖਿਦਰਾਣੇ ਦੀ ਢਾਬ ’ਤੇ ਗਹਿਗੱਚ ਲੜਾਈ ਵਿਚ 40 ਮੁਕਤਿਆਂ ਨੇ ਸ਼ਹੀਦੀ ਜਾਮ ਪੀ ਕੇ ਟੁੱਟੀ ਗੰਢੀ ਅਤੇ ਜਿਹੜਾ ਸ਼ਹਾਦਤ ਦਾ ਬੀਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1605 ਵਿਚ ਬੀਜਿਆ ਸੀ, ਉਸ ਦਾ ਬੂਟਾ ਮੁਗ਼ਲ ਰਾਜ ਵੇਲੇ ਤੱਕ ਫਲਦਾ-ਫੁਲਦਾ ਰਿਹਾ।

1765 ਈ. ਵਿਚ ਬਾਬਾ ਗੁਰਬਖਸ਼ ਸਿੰਘ ਜੀ ਅਤੇ ਉਨ੍ਹਾਂ ਦੇ 30 ਮਰਜੀਵੜੇ ਸਾਥੀਆਂ ਨੇ ਅਹਿਮਦ ਸ਼ਾਹ ਅਬਦਾਲੀ ਦੀ 30,000 ਫੌਜ ਦਾ ਸ੍ਰੀ ਦਰਬਾਰ ਸਾਹਿਬ ਦੀ ਹਿਫਾਜ਼ਤ ਲਈ ਆਖਰੀ ਦਮ ਤਕ ਡਟ ਕੇ ਮੁਕਾਬਲਾ ਕੀਤਾ। ਇਸ ਤੋਂ ਪਹਿਲਾਂ 1716 ਈ. ਵਿਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ 700 ਸਾਥੀ ਕੈਦੀਆਂ ਨੂੰ ਬੜੀ ਬੇਰਹਿਮੀ ਤੇ ਜ਼ਾਲਮਾਨਾ ਤਰੀਕੇ ਨਾਲ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ। ਬਾਬਾ ਜੀ ਦੇ ਮਾਸੂਮ ਬੱਚੇ ਨੂੰ ਸ਼ਹੀਦ ਕਰਕੇ ਉਸ ਦਾ ਤੜਫਦਾ ਦਿਲ ਬਾਬਾ ਜੀ ਦੇ ਮੂੰਹ ਵਿਚ ਤੁੰਨਿਆ ਅਤੇ ਫਿਰ ਗਰਮ-ਗਰਮ ਚਿਮਟਿਆਂ ਨਾਲ ਬਾਬਾ ਜੀ ਦਾ ਮਾਸ ਨੋਚਿਆ ਗਿਆ। ਐਨੇ ਭੈੜੇ ਜ਼ੁਲਮ ਦੇ ਹੁੰਦਿਆਂ ਭੀ ਕਿਸੇ ਇਕ ਸਿੱਖ ਨੇ ਧਰਮ ਨਹੀਂ ਹਾਰਿਆ ਤੇ ਖੁਸ਼ੀ-ਖੁਸ਼ੀ, ਚੜ੍ਹਦੀ ਕਲਾ ਵਿਚ ਬਾਣੀ ਪੜ੍ਹਦਿਆਂ ਸ਼ਹਾਦਤ ਪ੍ਰਵਾਨ ਕੀਤੀ। 1716 ਅਤੇ 1765 ਸਮੇਂ ਦੇ ਦਰਮਿਆਨ ਹਜ਼ਾਰਾਂ ਸਿੱਖਾਂ ਨੇ ਸ਼ਹੀਦੀਆਂ ਪਾਈਆਂ ਜਿਸ ਦਾ ਵੇਰਵਾ ਸਿੱਖ ਅਰਦਾਸ ਵਿਚ ਇਸ ਤਰ੍ਹਾਂ ਬਿਆਨਿਆ ਗਿਆ ਹੈ:-

“ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ’ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਉੱਬਲਦੀਆਂ ਦੇਗਾਂ ਵਿਚ ਬੈਠੇ, ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਝੋਲੀਆਂ ਵਿਚ ਪਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ-ਸੁਆਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ! ਬੋਲੋ ਜੀ ਵਾਹਿਗੁਰੂ।”

ਸਿੱਖ ਸੰਤ-ਸਿਪਾਹੀਆਂ ਦੀ ਜਮਾਤ ਹੈ ਅਤੇ ਸ਼ਹੀਦੀ ਇਸ ਦਾ ਅਤੁੱਟ ਅੰਗ ਹੈ। ਸਿੱਖ ਜ਼ੁਲਮ, ਧੱਕੇਸ਼ਾਹੀ ਅਤੇ ਕੂੜ-ਕਪਟ ਦੇਖ ਕੇ ਇਕ ਪਾਸੇ ਹੋ ਕੇ ਬੈਠ ਨਹੀਂ ਸਕਦਾ ਅਤੇ ਨਾ ਹੀ ਅਨਿਆਂ ਨਾਲ ਸਮਝੌਤਾ ਕਰ ਸਕਦਾ ਹੈ। ਉਸ ਨੇ ਧਰਮ ਵਾਸਤੇ ਪਰਮਾਤਮਾ ਨੂੰ ਯਾਦ ਕਰਦਿਆਂ ਅਤੇ ਉਸ ਦੇ ਮਿੱਠੇ ਭਾਣੇ ਵਿਚ ‘ਹਲੇਮੀ ਰਾਜ’ ਕਾਇਮ ਕਰਨ ਲਈ ਜੂਝਣਾ ਤੇ ਜੇ ਲੋੜ ਪਏ ਤਾਂ ਸ਼ਹੀਦੀ ਦਾ ਜਾਮ ਪੀਣ ਲਈ ਤਿਆਰ ਰਹਿਣਾ ਹੈ।


FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀ ਸ਼ਹਾਦਤ ਤੇ ਉਸ ਦਾ ਪ੍ਰ੍ਰਭਾਵ

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ

ਧੁਰ ਕੀ ਬਾਣੀ ਸ੍ਰੀ ਗੁਰੂ ਗੰਥ੍ਰ ਸਾਹਿਬ ਜੀ

Singh : The New Marathon King

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 2)

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 1)

ਭਾਦਉ

ਗੁਰਮਤਿ ਵਿੱਚ ਮੀਰੀ-ਪੀਰੀ ਜਾਂ ਭਗਤੀ ਸ਼ਕਤੀ ਦਾ ਸੰਕਲਪ?

ਆਸਾੜੁ ਭਲਾ ਸੂਰਜੁ ਗਗਨਿ ਤਪੈ॥

ਹਰਿ ਜੇਠਿ ਜੁੜੰਦਾ ਲੋੜੀਐ

॥ਚੇਤਿ ਮਿਲਾਏ ਸੋ ਪ੍ਰਭੂ, ਤਿਸ ਕੈ ਪਾਇ ਲਗਾ ॥

ਸ੍ਰੀ ਹਰਿ ਰਾਇ ਸਾਹਿਬ ਜੀ ਦੇ ਜੀਵਨ ਕਾਰਨਾਮਿਆਂ ਦੀ ਵਰਤਮਾਨ ਪ੍ਰਸੰਗਿਕਤਾ

ਤਿਲਕ ਜੰਞੂ ਰਾਖਾ ਪ੍ਰਭ ਤਾਕਾ

Shaheedi of Guru Teg Bahadur Sahib

My Baba

Guru Nanak Dev Ji's Revolution

ਪੂਰੀ ਹੋਈ ਕਰਾਮਾਤਿ, ਆਪਿ ਸਿਰਜਣਹਾਰੈ ਧਾਰਿਆ।।

ਸ਼ਹੀਦ ਬਾਬਾ ਦੀਪ ਸਿੰਘ ਜੀ - ਮਿਸਲ ਸ਼ਹੀਦਾਂ

ਕੌਮੀਅਤ ਦਾ ਜਜ਼ਬਾ ਤੇ ਗਿ. ਦਿੱਤ ਸਿੰਘ

ਸਿੱਖ ਪੰਥ ਵਿਚ ਨਿਹੰਗ ਸਿੰਘਾਂ ਦਾ ਯੋਗਦਾਨ

ਸੰਖੇਪ ਜੀਵਨ: ਭਾਈ ਸੁਖਦੇਵ ਸਿੰਘ ਬੱਬਰ

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ ॥

Sikh General : Jathedar Nawab Kapoor Singh Ji