Sunday, July 12, 2026

Established 2005 • ISSN Registration : 1930-0107

ਆਦਰਸ਼ਕ ਜੀਵਨ ਗੁਰੂ ਗੋਬਿੰਦ ਸਿੰਘ ਜੀ

Panthic Archives Article (Category: Inspirational)

Originally published on: July 18, 2008
Author/Source: Prof. Sahib Singh Ji

ਆਦਰਸ਼ਕ ਜੀਵਨ ਗੁਰੂ ਗੋਬਿੰਦ ਸਿੰਘ ਜੀ
ਪ੍ਰ: ਸ਼ਾਹਿਬ ਸਿੰਘ ਜੀ

(1) ਕਰਤਾਰ ਦੀ ਕੁਰਦਤਿ ਵਿਚ ਇਕ ਅਚਰਜ ਖੇਡ ਵੇਖਣ ਵਿਚ ਆਉਂਦੀ ਹੈ ਕਿ ਇਕੋ ਹੀ ਸ਼ੈ ਵਿਚ ਦੋ ਵਿਰੋਧੀ ਗੁਣ ਮਿਲਦੇ ਹਨ। ਗੁਲਾਬ ਦੇ ਬੂਟੇ ਨੂੰ ਤੱਕੋ, ਇਕੋ ਹੀ ਡਾਲੀ ਵਿਚੋਂ ਫੁੱਲ ਭੀ ਪੈਦਾ ਹੁੰਦੇ ਹਨ ਤੇ ਕੰਡੇ ਭੀ। ਵਰਖਾ ਵੇਲੇ ਤੁਸੀ ਨਿਤ ਤਮਾਸ਼ਾ ਵੇਖਦੇ ਹੋ ਕਿ ਜਿਹੜੇ ਬੱਦਲ ਮੀਂਹ ਵਰ੍ਹਾ ਕੇ ਹਰਿਆਵਲ ਪੈਦਾ ਕਰਦੇ ਹਨ, ਉਹਨਾਂ ਵਿਚੋਂ ਹੀ ਬਿਜਲੀ ਨਿਕਲ ਕੇ ਸਾੜ ਕੇ ਸੁਆਹ ਕਰ ਦੇਂਦੀ ਹੈ।

ਇਸ ਸਾਰੀ ਰਚਨਾ ਦਾ ਪੈਦਾ ਕਰਨ ਵਾਲਾ ਪਰਮਾਤਮਾ ਆਪ ਹੈ। ਉਸ ਦੇ ਅਜਿਹੇ ਕੌਤਕ ਵੇਖ ਕੇ ਹੀ ਸ੍ਰੀ ਕਲਗੀਧਰ ਪਾਤਿਸ਼ਾਹ ਉਸ ਦੇ ਆਪਣੇ ਸਰੂਪ ਬਾਰੇ ਭੀ ਬਚਿਤ੍ਰ ਨਾਟਕ ਦੇ ਪਹਿਲੇ ਅਧਿਆਇ ਵਿਚ ਲਿਖਦੇ ਹਨ ਕਿ ਕਿਤੇ ਤੂੰ ਬੜਾ ਕੋਮਲ ਸੁੰਦਰ ਸਰੂਪ ਧਾਰ ਕੇ ਪਰਗਟ ਹੋ ਰਿਹਾ ਹੈਂ, ਅਤੇ ਸਾਰੇ ਜੀਅ-ਜੰਤਾਂ ਦੇ ਮਨ ਨੂੰ ਮੋਹ ਰਿਹਾ ਹੈਂ, ਪਰ ਕਿਤੇ ਭਿਆਨਕ ਰੂਪ ਬਣਾ ਕੇ ਸਭਨਾਂ ਦੀ ਮੌਤ ਦਾ ਕਾਰਨ ਭੀ ਬਣਦਾ ਹੈਂ। ਆਪ ਫ਼ੁਰਮਾਂਦੇ ਹਨ:

ਕਹੂੰ ਫੂਲ ਹੈਵ ਕੈ, ਭਲੇ ਰਾਜਿ ਫੂਲੇ॥
ਕਹੂੰ ਭਵਰ ਹੈਵ ਕੈ, ਭਲੀ ਭਾਂਤਿ ਭੈਲੇ॥
ਕਹੂੰ ਭਵਨ ਹੈਵ ਕੈ, ਵਹੈ ਬੇਗਿ ਐਸੇ॥
ਕਹੇ ਮੋ ਨ ਆਵੈ, ਕਥੋਂ ਤਾਹਿ ਕੈਸੇ॥12॥

ਕਹੂੰ ਨਾਦ ਹੈਵ ਕੈ ਭਲੀ ਭਾਂਤਿ ਬਾਜੇ॥
ਕਹੂੰ ਪਾਰਧੀ ਹੈਵ, ਧਰੇ ਬਾਣ ਰਾਜੇ॥
ਕਹੂੰ ਮ੍ਰਿਗ ਹੈਵ ਕੈ, ਭਲੀ ਭਾਂਤਿ ਮੋਹੇ॥
ਕਹੂੰ ਕਾਮਕੀ ਜਿਉਂ, ਧਰੇ ਰੂਪ ਸੋਹੇ॥13॥

ਕਰੰ ਬਾਮ ਚਾਪਯੰ ਕ੍ਰਿਪਾਣੰ ਕਰਾਲੰ॥
ਮਹਾ ਤੇਜ ਤੇਜੰ, ਬਿਰਾਜੈ ਬਿਸਾਲੰ॥
ਮਹਾ ਦਾੜ੍ਹ ਦਾੜੰਹ, ਸੁ ਸੋਹੰ ਅਪਾਰੰ॥
ਜਿਨੈ ਚਰਬੀਯੰ ਜੀਵ ਜਗਯੰ ਹਜਾਰੰ॥18॥

ਡਮਾ ਡਮ ਡਉਰੂ, ਸਿਤਾ ਸੇਤ ਛੱਤੰ੍ਰ॥
ਹਾਹਾ ਹੂਹੂ ਹਾਸੰ, ਝਮਾ ਝਮ ਅੱਤ੍ਰੰ॥
ਮਹਾ ਘੋਰ ਸਬਦੰ, ਬਜੇ ਸੰਖ ਐਸੰ॥
ਪ੍ਰਲੈ ਕਾਲ ਕੇ ਕਾਲ ਕੀ ਜਾਲ ਜੈਸੰ॥19॥

ਮਨੁੱਖ ਦੇ ਅੰਦਰ ਭੀ ਇਹ ਦੋਵੇਂ ਸ਼ਕਤੀਆਂ ਮੌਜੂਦ ਹਨ-ਸਖ਼ਤੀ ਅਤੇ ਕੋਮਲਤਾ। ਸਖ਼ਤੀ ਤੋਂ ਬਹਾਦਰੀ ਤੇ ਸੂਰਮਤਾ ਪੈਦਾ ਹੁੰਦੀ ਹੈ, ਕੋਮਲਤਾ ਤੋਂ ਦਇਆ ਤੇ ਪਿਆਰ ਆਦਿਕ ਗੁਣ ਪੈਦਾ ਹੁੰਦੇ ਹਨ।

ਇਹ ਦੋਵੇਂ ਤਾਕਤਾਂ ਜ਼ਰੂਰੀ ਹਨ, ਤੇ ਦੋਹਾਂ ਦੇ ਇਕੱਠੇ ਰਹਿਣ ਵਿਚ ਹੀ ਜਗਤ ਦੀ ਭਲਾਈ ਹੈ। ਜੇ ਕਿਸੇ ਇਕ ਗੁਣ ਵਲ ਬਹੁਤਾ ਝੁਕਾਉ ਹੋ ਜਾਏ, ਤਾਂ ਦੂਜਾ ਗੁਣ ਕਮਜ਼ੋਰ ਹੋ ਜਾਂਦਾ ਹੈ, ਤੇ ਜੀਵਨ ‘ਆਦਰਸ਼ਕ ਜੀਵਨ’ ਨਹੀਂ ਰਹਿ ਜਾਂਦਾ।

ਮਨੁੱਖਾ ਇਤਿਹਾਸ ਪੜ੍ਹ ਕੇ ਵੇਖੋ, ਜਿਨ੍ਹਾਂ ਨੇ ਸੁਰਤਿ ਬਹਾਦਰੀ ਵਿਚ ਜੋੜੀ, ਉਹ ਓੜਕ ਜਾਬਰ ਤੇ ਅਨਿਆਈਂ ਬਣ ਗਏ; ਜੋ ਨਿਰੇ ਦਇਆ ਭਜਨ ਵਿਚ ਲਗੇ, ਉਹ ਆਖ਼ਰ ਕਾਇਰ ਤੇ ਬੁਜ਼ਦਿਲ ਬਣਦੇ ਗਏ। ਹਿੰਦੂ ਅਹਿੰਸਾ ਦੇ ਪੁਜਾਰੀ ਅਤੇ ਮੁਸਲਮਾਨ ਜਹਾਦ ਦੇ ਆਸ਼ਕ-ਇਹ ਇਕ ਜਗਤ-ਪਰਸਿੱਧ ਸੱਚਾਈ ਹੈ।

(2) ਮਨੂੰ ਦੀ ਵਰਨ-ਵੰਡ ਨੇ ਇਨਸਾਨੀ ਗੁਣਾਂ ਨੂੰ ਭੀ ਵੰਡ ਦਿੱਤਾ। ਬ੍ਰਾਹਮਣ ਕੇਵਲ ਪਰਮਾਰਥ ਦੇ ਰਾਖੇ ਬਣ ਗਏ ਅਤੇ ਛੱਤ੍ਰੀ ਤਲਵਾਰ ਦੇ ਮਾਲਕ ਹੋ ਗਏ। ਵੈਸ਼ ਤੇ ਸ਼ੂਦਰ ਮਨੁੱਖਤਾ ਦੇ ਹੇਠਲੇ ਦਰਜੇ ਵਿਚ ਰਹਿ ਗਏ।

ਬੋਧੀਆਂ ਤੇ ਜੈਨੀਆਂ ਨੇ ਆਪਣੇ ਸੇਵਕਾਂ ਨੂੰ ਭਿਖਸ਼ੂ ਬਣਨ ‘ਤੇ ਹੀ ਜ਼ੋਰ ਦਿੱਤਾ।
ਇਹ ਵੰਡ ਲੋਕਾਂ ਦੇ ਅੰਦਰ ਇਤਨਾ ਘਰ ਕਰ ਗਈ ਕਿ ਕਵੀ ਭੀ ਇਸ ਨੂੰ ਵਡਿਆਣ ਲਗ ਪਏ, ਜਿਵੇਂ ਕਿ:

(ੳ) ਜਨਨੀ ਜਨੈ ਤ ਭਗਤ ਜਨ, ਕੈ ਦਾਤਾ, ਕੈ ਸੂਰ॥
ਨਾਹਿ ਤ ਜਨਨੀ ਬਾਂਝ ਰਹੇ, ਕਾਹੇ ਗਵਾਵੈ ਨੂਰ॥

(ਅ) ਪ੍ਰੇਮ ਸੋ ਨੀਰ ਬਹੈ ਜਸ ਗਾਵਤ, ਨਾਚਤ ਦੇਵ ਚਲੈਂ ਸਭ ਅੰਗਾ॥
ਕਿ ਰਣ ਗਹਿ ਖਾਗ ਭਲੀ ਬਿਧਿ ਸਿਉਂ,
ਅਤਿ ਲੋਹੂ ਸਿਉਂ ਘਾਵ ਚਲੈਂ ਅਰਧੰਗਾ॥
ਇਹ ਦੋਇ ਪੂਤ ਜਨੈ ਜਨਨੀ ਜਗਿ ਔਰ ਸਭੇ ਸੁਤ ਕੀਟ ਪਤੰਗਾ॥

ਸੋ, ਇਕ ਪਾਸੇ ਅਹੰਕਾਰੀ ਤੇ ਦੂਜੇ ਪਾਸੇ ਮੁਰਦਾ ਜਿਹਾ ਜੀਵਨ ਹੋ ਗਿਆ। ਨਤੀਜਾ ਇਹ ਨਿਕਲਿਆ ਕਿ ਭਜਨੀਕ ਸੂਰਮੇ ਨਾ ਰਹੇ ਅਤੇ ਸੂਰਮੇ ਭਜਨੀਕ ਨਾ ਬਣ ਸਕੇ।

(3) ਕੋਈ ਭੀ ਮਰਯਾਦਾ ਕਿਤਨੀ ਗੁਣਕਾਰੀ ਕਿਉਂ ਨ ਹੋਵੇ, ਆਪਣੇ ਅਸਲੇ ਤੋਂ ਖੁੰਝ ਕੇ ਦੁਖਦਾਈ ਤੇ ਹਾਨੀਕਾਰਕ ਹੋ ਜਾਂਦੀ ਹੈ। ਸਾਰੀ ਸ੍ਰਿਸ਼ਟੀ ਦੇ ਜੀਵਾਂ ਦੀ ਵੰਡ ਉਹਨਾਂ ਦੇ ਅਸਲੇ ਅਨੁਸਾਰ ਕੀਤੀ ਗਈ ਤਾਂ ਚਾਰ ਖਾਣੀਆਂ ਲੋਕ-ਪਰਸਿੱਧ ਹੋ ਗਈਆਂ:

ਅੰਡਜ, ਜੇਰਜ, ਸੇਤਜ ਤੇ ਉਤਭੁਜ॥

ਇਹ ਵੰਡ ਕੁਦਰਤ ਦੇ ਇਕ ਸਰਬ-ਸਾਂਝੇ ਨਿਯਮ ਨੂੰ ਗਹੁ ਨਾਲ ਪਰਖ ਵੇਖ ਕੇ ਕੀਤੀ ਗਈ। ਇਸ ਧਰਤੀ ਦੇ ਵਖ ਵਖ ਦੇਸਾਂ ਦੇ ਵਖ ਵਖ ਜਲ-ਵਾਯੂ ਆਦਿਕ ਦੇ ਅਸਰ ਹੇਠ ਮਨੁੱਖਾਂ ਦੀਆਂ ਸ਼ਕਲਾਂ ਤੇ ਸੁਭਾਵਾਂ ਵਿਚ ਬੜਾ ਫ਼ਰਕ ਦਿੱਸਣ ਲਗ ਪਿਆ, ਇਸ ਦੇ ਆਧਾਰ ‘ਤੇ ਵਖ ਵਖ ਕੌਮਾਂ ਦੇ ਵਖ ਵਖ ਨਾਂ ਚਲ ਪਏ। ਇਹ ਭੀ ਇਕ ਕੁਦਰਤੀ ਅਸਰ ਸੀ।

ਮਨੁੱਖ ਦੀਆਂ ਅਨੇਕਾਂ ਸਰੀਰਕ ਲੋੜਾਂ ਹਨ। ਇਹਨਾਂ ਲੋੜਾਂ ਨੂੰ ਪੂਰਾ ਕਰਨ ਲਈ ਆਪੋ ਆਪਣੀ ਰੁਚੀ ਤੇ ਵਿਤ ਅਨੁਸਾਰ ਮਨੁੱਖਾਂ ਨੇ ਵਖ ਵਖ ਕਿੱਤੇ ਮੱਲ ਲਏ। ਕੋਈ ਹਲ ਵਾਹੁਣ ਲਗ ਪਿਆ, ਕੋਈ ਭਾਂਡੇ ਘੜਨ ਲਗ ਪਿਆ, ਕਿਸੇ ਵਣਜ ਨੂੰ ਪਸੰਦ ਕੀਤਾ, ਇਤਿਆਦਿਕ। ਇਹਨਾਂ ਵਖ ਵਖ ਕਿੱਤਿਆਂ ਦੇ ਸੰਬੰਧ ਕਰਕੇ ਵਖ ਵਖ ਨਾਵਾਂ ਵਾਲੇ ‘ਕਿਰਤੀ’ ਬਣ ਗਏ। ਕੁੰਭ (ਘੜਾ) ਬਣਾਣ ਵਾਲਾ ਕੁੰਭਕਾਰ (ਘੁਮਿਆਰ) ਸਦਾਇਆ, ਇਸੇ ਤਰ੍ਹਾਂ ਹੋਰ ਅਨੇਕਾਂ ‘ਕਿਰਤੀ’ ਨਾਮ ਬਣੇ। ਇਹ ਭੀ ਇਕ ਕੁਦਰਤੀ ਚਾਲ ਹੀ ਸੀ।

ਪਰ ਇਸ ਕੁਦਰਤੀ ਰੀਤ ਨੂੰ ਵਿਸਾਰ ਕੇ ‘ਜਾਤੀ’ ਜਨਮ ਤੋਂ ਮੰਨੀ ਜਾਣ ਲਗ ਪਈ। ਲੋਕ ਘੁਮਿਆਰ ਦੇ ਘਰ ਜੰਮੇ ਨੂੰ ਘੁਮਿਆਰ, ਨਾਈ ਦੇ ਘਰ ਜੰਮੇ ਨੂੰ ਨਾਈ ਆਖਣ ਲਗ ਪਏ। ਆਪਣੇ ਪਿਉ ਦਾਦੇ ਵਾਲੀ ਕਿਰਤ ਉਹ ਕਰਨ ਚਾਹੇ ਨਾ ਕਰਨ, ‘ਜਾਤਿ’ ਵਾਲੀ ਮੋਹਰ ਪੱਕੀ ਲਗ ਗਈ।

ਇਸ ਕੁਚਾਲ ਨੂੰ ਢੇਰ ਪੁਰਾਣੇ ਸਮੇਂ ਵਿਚ ਮਨੂੰ ਦੀ ‘ਵਰਨ-ਵੰਡ’ ਨੇ ਮੁਕੰਮਲ ਤੌਰ ‘ਤੇ ਪੱਕਾ ਕਰ ਦਿੱਤਾ, ਅਤੇ ਇਸ ਦੇ ਅਸਰ ਹੇਠ ਭਲਿਆਂ ਪਾਸੋਂ ਭੀ ਉਪੱਦ੍ਰਵ ਹੋ ਗਏ:

ਸ੍ਰੀ ਰਾਮਚੰਦਰ ਜੀ ਨੇ ਇਕ ‘ਸੰਬੂਕ’ ਨਾਮੀ ਤਪਸੀ ਨੂੰ ਸਿਰਫ਼ ਇਸ ਵਾਸਤੇ ਫਾਂਸੀ ਦਿੱਤੀ ਸੀ ਕਿ ਉਹ ਸ਼ੂਦਰ ਜਾਤੀ ਵਿਚ ਜੰਮ ਕੇ ਤਪ ਕਰ ਰਿਹਾ ਸੀ। ਸ਼ੂਦਰ ਨੂੰ ਇਹ ਹੱਕ ਨਹੀਂ ਸੀ।

ਭਗਤ ਨਾਮਦੇਵ ਜੀ ਭਾਰਤ ਵਿਚ ਇਕ ਪਰਸਿੱਧ ਭਗਤ ਹਨ, ਬੜੇ ਉਂਚੇ ਜੀਵਨ ਵਾਲੇ ਮਹਾਂ ਪੁਰਖ ਹਨ, ਅਨੇਕਾਂ ਭੁੱਲਿਆਂ ਭਟਕਿਆਂ ਨੂੰ ਉਹਨਾਂ ਜ਼ਿੰਦਗੀ ਦਾ ਸਹੀ ਰਸਤਾ ਵਿਖਾਇਆ। ਉਹਨਾਂ ਦੀ ਬਾਣੀ ਰਹਿੰਦੀ ਦੁਨੀਆਂ ਤਕ ਮਨੁੱਖਾ ਜੀਵਨ ਲਈ ਚਾਨਣ-ਮੁਨਾਰਾ ਰਹੇਗੀ। ਪਰ ਉਂਚ-ਜ਼ਾਤੀਏ ਲੋਕਾਂ ਨੇ ਮੰਦਰ ਵਿਚੋਂ ਧੱਕੇ ਮਾਰ ਮਾਰ ਕੇ ਕੱਢ ਦਿੱਤਾ, ਜਦੋਂ ਇਕ ਵਾਰੀ ਉਹ ਮੰਦਰ ਵਿਚ ਗਏ ਸਨ। ਇਤਨੇ ਵੱਡੇ ਮਹਾਂ ਪੁਰਖ ਦੀ ਇਹ ਨਿਰਾਦਰੀ ਕਿਉਂ ਕੀਤੀ ਗਈ? ਸਿਰਫ਼ ਇਸ ਵਾਸਤੇ ਕਿ ਨਿਰਾਦਰੀ ਕਰਨ ਵਾਲੇ ਬੰਦਿਆਂ ਦੀਆਂ ਨਜ਼ਰਾਂ ਵਿਚ ਉਹ ਛੀਂਬੇ ਸਨ, ਨੀਵੀਂ ਜਾਤਿ ਦੇ ਸਨ।

ਇਸ ਹੋਈ ਨਿਰਾਦਰੀ ਦਾ ਗਿਲਾ ਉਹਨਾਂ ਆਪਣੇ ਪਰਮਾਤਮਾ ਦੀ ਦਰਗਾਹ ਵਿਚ ਇਉਂ ਕੀਤਾ ਸੀ:

ਮੋ ਕਉ ਤੂੰ ਨ ਬਿਸਾਰਿ, ਤੂ ਨ ਬਿਸਾਰਿ॥
ਤੂ ਨ ਬਿਸਾਰੇ ਰਾਮਈਆ॥1॥ਰਹਾਉ॥
ਆਲਾਵੰਤੀ ਇਹੁ ਭੂਮੁ ਜੋ ਹੈ, ਮੁਝ ਊਪਰਿ ਸਭ ਕੋਪਿਲਾ॥
ਸੂਦ ਸੂਦ ਕਰਿ ਮਾਰਿ ਉਠਾਇਓ, ਕਹਾ ਕਰਉ ਬਾਪ ਬੀਠੁਲਾ॥1॥
ਮੂਏ ਹੂਏ ਜਉ ਮੁਕਤਿ ਦੇਹੁਗੇ, ਮੁਕਤਿ ਨ ਜਾਨੈ ਕੋਇਲਾ॥
ਏ ਪੰਡੀਆ ਮੋਕਉ ਢੇਢ ਕਹਤ, ਤੇਰੀ ਪੈਜ ਪਿਛੰਉਡੀ ਹੋਇਲਾ॥2॥
(ਮਲਾਰ, ਪੰਨਾ 1292)

ਇਕ ਹੋਰ ਸ਼ਬਦ ਵਿਚ ਭੀ ਇਹੀ ਗਿਲਾ ਕਰਦੇ ਹਨ:

ਹਸਤ ਖੇਲਤ ਤੇਰੇ ਦੇਹੁਰੈ ਆਇਆ॥
ਭਗਤਿ ਕਰਤ ਨਾਮਾ ਪਕਰਿ ਉਠਾਇਆ॥1॥
ਹੀਠੜੀ ਜਾਤਿ ਮੇਰੀ, ਜਾਦਿਮ ਰਾਇਆ!
ਛੀਪੇ ਕੇ ਜਨਮਿ ਕਾਹੇ ਕਉ ਆਇਆ॥1॥ਰਹਾਉ॥ (ਭੇਰਉ, ਪੰਨਾ 1164)


ਇਸੇ ਤਰ੍ਹਾਂ ਯਹੂਦੀ, ਮੁਸਲਮਾਨ ਆਦਿਕ ਕਿਸੇ ਭੀ ਕੌਮ ਦਾ ਇਤਿਹਾਸ ਪੜ੍ਹ ਕੇ ਵੇਖ ਲਵੋ, ਇਹ ਅਨਿਆਇ ਤੇ ਉਪੱਦ੍ਰ ਕਿਸੇ ਸ਼ਕਲ ਵਿਚ ਹਰ ਥਾਂ ਹੋਏ ਮਿਲਣਗੇ। ਕੁਲ-ਅਭਿਮਾਨ ਦਾ ਇਤਿਹਾਸ ਮਨੁੱਖ-ਜਾਤੀ ਵਿਚ ਬਹੁੱਤ ਪੁਰਾਣਾ ਚਲਿਆ ਆ ਰਿਹਾ ਹੈ।

(4) ਮਨੁੱਖਾ ਇਤਿਹਾਸ ਵਿਚ ਇਹ ਇਕ ਵੱਡੀ ਸਾਰੀ ਕੁਬੁੱਧਿ ਦੀ ਵਰਤੋਂ ਸੀ। ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਗਤ ਵਿਚ ਭੇਜਿਆ ਕਿ:

ਜਾਹਿ ਤਹਾਂ ਤੈਂ ਧਰਮ ਚਲਾਇ॥
ਕੁਬੁਧਿ ਕਰਨ ਤੇ ਲੋਕ ਹਟਾਇ॥29॥ (ਬਚਿਤ੍ਰ ਨਾਟਕ, ਅਧਿਆਇ 6)

ਸਤਿਗੁਰੂ ਕਲਗੀਧਰ ਪਾਤਿਸ਼ਾਹ ਨੇ ਸੂਰਮਤਾ ਤੇ ਕੋਮਲਤਾ ਨੂੰ ਇਕ ਥਾਂ ਇਕੱਠਾ ਕੀਤਾ। ਜਾਤੀ-ਅਭਿਮਾਨ ਮਨੁੱਖ-ਜਾਤੀ ਵਿਚ ਬਹੁਤ ਹੀ ਪੁਰਾਣਾ ਹੈ, ਪਰ ਸਿਪਾਹੀ-ਗਿਰੀ ਤਾਂ ਖ਼ਾਸ ਤੌਰ ‘ਤੇ ਸਦਾ ਜਨਮ ਤੋਂ ਹੀ ਮੰਨੀ ਜਾ ਰਹੀ ਹੈ। ਸਕਾਚ ਲੋਕ, ਜਰਮਨ, ਮੁਗ਼ਲ, ਪਠਾਣ, ਗੋਰਖੇ ਤੇ ਮਰਹੱਟੇ-ਇਹ ਸਭ ਜਨਮ ਤੋਂ ਹੀ ਬੀਰ-ਜਾਤੀਆਂ ਮੰਨੀਆਂ ਚਲੀਆਂ ਆ ਰਹੀਆਂ ਹਨ।

ਉਂਜ ਇਸ ਦੇ ਨਾਲ ਨਾਲ ਇਹ ਖ਼ਿਆਲ ਭੀ ਪੁਰਾਣਾ ਤੁਰਿਆ ਆ ਰਿਹਾ ਹੈ ਕਿ ਸਿਪਾਹੀ ਸੂਰਮੇ ਦਾ ਜਨਮ ਤਲਵਾਰ ਤੋਂ ਹੈ।
ਕਹਿੰਦੇ ਹਨ ਕਿ ਜਦੋਂ ਨਾਦਰ ਸ਼ਾਹ ਨੇ ਮੁਹੰਮਦ ਸ਼ਾਹ ਰੰਗੀਲੇ ਨੂੰ ਹਾਰ ਦੇ ਕੇ ਦਿੱਲੀ ਨੂੰ ਜਾ ਮੱਲਿਆ, ਤਾਂ ਉਸ ਦੇ ਪੁੱਤਰ ਨਾਸਰ ਸ਼ਾਹ ਦੀ ਸ਼ਾਦੀ ਮੁਹੰਮਦ ਸ਼ਾਹ ਦੀ ਲੜਕੀ ਨਾਲ ਹੋਣ ਦਾ ਫ਼ੈਸਲਾ ਹੋਇਆ। ਨਾਸਰ ਸ਼ਾਹੀ-ਮਹੱਲਾ ਵਿਚ ਗਿਆ। ਰਾਜ-ਕੁਮਾਰੀਆਂ ਨੇ ਮਖ਼ੌਲ ਨਾਲ ਨਾਸਰ ਤੋਂ ਉਸ ਦੀ ਬੰਸਾਵਲੀ ਪੁੱਛੀ। ਉਹ ਦਿਲ ਵਿਚ ਬੜਾ ਸ਼ਰਮਿੰਦਾ ਹੋਇਆ, ਕਿਉਂਕਿ ਉਸ ਦਾ ਪਿਉ ਨਾਦਰ ਤਾਂ ਪਹਿਲਾਂ ਭੇਡਾਂ ਹੀ ਚਾਰਦਾ ਸੀ।

ਵਾਪਸ ਆਪਣੇ ਡੇਰੇ ‘ਤੇ ਆ ਕੇ ਨਾਸਰ ਨੇ ਨਾਦਰ ਸ਼ਾਹ ਨੂੰ ਇਹ ਗੱਲ ਸੁਣਾਈ। ਉਸ ਨੇ ਕਿਹ ਕਿ ਭਲਕੇ ਜਾ ਕੇ ਤੂੰ ਸ਼ਾਹਜ਼ਾਦੀਆਂ ਤੋਂ ਉਹਨਾਂ ਦੀ ਬੰਸਾਵਲੀ ਪੁੱਛੀਂ। ਜਦੋਂ ਉਹ ਤੈਮੂਰ ‘ਤੇ ਪਹੁੰਚਣ, ਤਾਂ ਤੂੰ ਪੁੱਛੀਂ ਕਿ ਤੈਮੂਰ ਨੇ ਬਾਦਸ਼ਾਹੀ ਕਿਥੋਂ ਹਾਸਲ ਕੀਤੀ। ਜੋ ਉਹਨਾਂ ਦਾ ਉਂਤਰ ਹੋਵੇਗਾ ਉਹੀ ਤੇਰਾ ਹੈ। ਸ਼ਾਹਜ਼ਾਦੀਆਂ ਨੇ ਦਸਿਆ ਕਿ ਤੈਮੂਰ ਨੇ ਤਲਵਾਰ ਤੋਂ ਪ੍ਰਾਪਤ ਕੀਤੀ। ਤਾਂ ਨਾਸਰ ਨੇ ਕਿਹਾ, ਮੇਰਾ ਪਿਉ ਨਾਦਰ ਸ਼ਾਹ, ਤੇ ਨਾਦਰ ਸ਼ਾਹ ਨੇ ਰਾਜ-ਭਾਗ ਤਲਵਾਰ ਤੋਂ ਪਾਇਆ।

ਸੋ, ਸ਼ਖ਼ਸੀ ਤੌਰ ‘ਤੇ ਇਹੀ ਮੰਨਿਆ ਜਾਂਦਾ ਹੈ ਕਿ ਛੱਤਰੀ ਤਲਵਾਰ ਦਾ ਪੁੱਤਰ ਹੈ।

ਇਕ ਹੋਰ ਪੁਰਾਣੀ ਕਥਾ ਭੀ ਅਸੀ ਭਾਰਤ ਦੇ ਇਤਿਹਾਸ ਵਿਚ ਸੁਣਦੇ ਆ ਰਹੇ ਹਾਂ ਕਿ ਰਾਖਸ਼ਾਂ ਦਾ ਨਾਸ ਕਰਨ ਲਈ ਆਬੂ ਪਹਾੜ ਉਂਤੇ ਰਿਸ਼ੀਆਂ ਨੇ ਜੱਗ ਕੀਤਾ। ਹਵਨ-ਕੁੰਡ ਵਿਚੋਂ ਚਾਰ ਪ੍ਰਤਾਪੀ ਪੁਰਖ ਜੰਮੇ-ਪਰਮਾਰ, ਚੌਹਾਨ, ਸੋਲੰਕ ਅਤੇ ਪਰਹਾਰ। ਇਹਨਾਂ ਚਹੁੰਆਂ ਤੋਂ ਚਾਰ ਰਾਜਪੂਤੀ ਖ਼ਾਨਦਾਨ ਬਣੇ। ਉਸ ਅਗਨੀ-ਕੁੰਡ ਨੇ ਸਿਰਫ਼ ਚਾਰ ਸੂਰਮੇ ਹੀ ਪੈਦਾ ਕੀਤੇ। ਅਗਾਂਹ ਸੂਰਮਤਾ ਫਿਰ ਜਨਮ ‘ਤੇ ਹੀ ਆ ਟਿੱਕੀ। ਉਹਨਾਂ ਚਾਰ ਰਾਜਪੂਤਾਂ ਤੋਂ ਜੰਮੇ ਸਾਰੇ ਰਾਜਪੂਤ ਸੂਰਮੇ ਮੰਨੇ ਜਾਣ ਲਗ ਪਏ।

ਇਹ ਅਸੂਲ ਕਿ ਹਰੇਕ ਮਨੁੱਖ ਸ਼ਸਤ੍ਰਧਾਰੀ ਹੋ ਕੇ ਸੂਰਮਾ ਬਣ ਸਕਦਾ ਹੈ, ਭੁਲਿਆ ਹੀ ਰਿਹਾ।
ਮਨੁੱਖ ਦਾ ਜੀਵਨ, ਆਦਰਸ਼ਕ ਜੀਵਨ ਬਣਾਉਣ ਲਈ ਸਤਿਗੁਰੂ ਜੀ ਨੇ ਭਗਤੀ ਦਾ ਹੱਕ ਹਰੇਕ ਇਨਸਾਨ ਨੂੰ ਦਿੱਤਾ ਅਤੇ ਫ਼ੁਰਮਾਇਆ:

ਨੀਚ ਜਾਤਿ ਹਰਿ ਜਪਤਿਆ, ਉਤਮ ਪਦਵੀਂ ਪਾਇ॥

ਪੂਛਤੁ ਬਿਦਰ ਦਾਸੀ ਸੁਤੈ, ਕਿਸਨੁ ਉਤਰਿਆ ਘਰਿ ਜਿਸੁ ਜਾਇ॥1॥
ਹਰਿ ਕੀ ਅਕਥ ਕਥਾ, ਸੁਣਹੁ ਜਨ ਭਾਈ,
ਜਿਤੁ ਸਹਸਾ ਦੂਖ ਭੂਖ ਲਹਿ ਜਾਇ॥1॥ਰਹਾਉ॥
ਰਵਿਦਾਸ ਚਮਾਰੁ ਉਸਤਤਿ ਕਰੈ, ਹਰਿ ਕੀਰਤਿ ਨਿਮਖ ਇਕ ਗਾਇ॥
ਪਤਿਤ ਜਾਤਿ ਉਤਮੁ ਭਇਆ, ਚਾਰਿ ਵਰਨ ਪਏ ਪਗ ਆਇ॥2॥
ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ, ਲੋਕੁ ਛੀਪਾ ਕਹੈ ਬੁਲਾਇ॥
ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ, ਹਰਿ ਨਾਮਦੇਉ ਲੀਆ ਮੁਖਿ ਲਾਇ॥3॥
ਜਿਤਨੇ ਭਗਤ ਹਰਿ ਸੇਵਕਾ, ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ॥
ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੈ, ਜੇ ਕ੍ਰਿਪਾ ਕਰੇ ਹਰਿ ਰਾਇ॥4॥1॥8॥
(ਸੂਹੀ ਮ: 4, ਪੰਨਾ 733)

ਸੂਰਮਤਾ ਭੀ ਗੁਰੂ ਪਾਤਿਸ਼ਾਹ ਨੇ ਕਿਸੇ ਇਕ ਕੁਲ ਦਾ ਹੱਕ ਨਹੀਂ ਰਹਿਣ ਦਿੱਤਾ। ਖੰਡੇ ਦੀ ਭੇਟ ਸੀਸ ਮੰਗ ਕੇ, ਖੰਡੇ ਦਾ ਅੰਮ੍ਰਿਤ ਹਰੇਕ ਜਾਤਿ ਦੇ ਪ੍ਰਾਣੀ ਨੂੰ ਦੇ ਕੇ ‘ਖ਼ਾਲਸਾ’ ਪੈਦਾ ਕੀਤਾ, ਤੇ ਹੁਕਮ ਕੀਤਾ ਕਿ:

ਖ਼ਾਲਸਾ ਮੇਰੋ ਰੂਪ ਹੈ ਖਾਸ॥
ਖਾਲਸੇ ਮਹਿ ਹਉ ਕਰਉ ਨਿਵਾਸ॥

ਨਾਈ, ਝੀਊਰ, ਜੱਟ, ਛੀਂਬੇ, ਤ੍ਰਿਖਾਣ ਆਦਿਕ ਪੁਰਾਣੀਆਂ ਮੰਨੀਆਂ ਵੈਸ਼ ਤੇ ਸ਼ੂਦਰ ਜਾਤੀਆਂ ਤੋਂ ਗੁਰੂ ਪਾਤਿਸ਼ਾਹ ਦੀ ਮਿਹਰ ਨਾਲ ਸੂਰਮੇ ਪੈਦਾ ਹੋਏ ਤੇ ਹੋ ਰਹੇ ਹਨ। ਉਹ ਸੋਮਾ ਮੁੱਕ ਨਹੀਂ ਗਿਆ, ਹੁਣ ਭੀ ਵੈਸੇ ਹੀ ਹੈ। ਇਕ ਹਜ਼ੂਰੀ ਕਵੀ ਭਾਈ ਗੁਰਦਾਸ ਜੀ ਨੇ ਇਉਂ ਲਿਖਿਆ ਹੈ:

ਗੁਰੁ ਗੋਬਿੰਦ ਸਿੰਘ ਪ੍ਰਗਟਿਓ, ਦਸਵਾਂ ਅਵਤਾਰਾ॥
ਜਿਨਿ ਅਲੱਖ ਅਪਾਰ ਨਿਰੰਜਨਾ, ਜਪਿਓ ਕਰਤਾਰਾ॥
ਨਿਜ ਪੰਥੁ ਚਲਾਇਓ ਖਾਲਸਾ, ਧਰਿ ਤੇਜ ਕਰਾਰਾ॥
ਸਿਰਿ ਕੇਸ ਧਾਰਿ, ਕਰ ਖੜਗ ਕੋ, ਸਭ ਦੁਸਟ ਪਛਾਰਾ॥
ਸੀਲ ਜਤ ਕੀ ਕੱਛ ਪਹਰਿ, ਪਕੜੋ ਹਥਿਆਰਾ॥
ਸਚ ਫਤਹ ਬੁਲਾਈ ਗੁਰੂ ਕੀ, ਜੀਤਿਓ ਰਣ ਭਾਰਾ॥
ਸਭ ਦੈਂਤ ਅਰਨਿ ਕੋ ਘੇਰਿ ਕਰਿ, ਕੀਜੈ ਪਰਿਹਾਰਾ॥
ਜਬ ਸਹਜੇ ਪ੍ਰਗਟਿਓ ਜਗਤ ਮਹਿ, ਗੁਰ ਜਾਪ ਅਪਾਰਾ॥
ਯੌਂ ਉਪਜੇ ਸਿੰਘ ਭੁਜੰਗੀਏ, ਨੀਲੰਬਰ ਧਾਰਾ॥
ਥੁਰਕ ਦੁਸਟ ਸਭ ਛੈ ਕੀਏ, ਹਰਿ ਨਾਮੁ ਉਚਾਰਾ॥
ਤਿਨ ਆਗੈ ਕੋਇ ਨ ਠਹਰਿਓ, ਭਾਗੇ ਸਿਰਦਾਰਾ॥
ਤਹ ਰਾਜੇ ਸ਼ਾਹ ਅਮੀਰੜੇ, ਹੋਏ ਸਭ ਛਾਰਾ॥
ਫਿਰਿ ਸੁਨਿ ਕਰਿ ਐਸੀ ਧਮਕ ਕੌ, ਕਾਂਪੇ ਗਿਰਿ ਭਾਰਾ॥
ਤਬ ਸਭ ਧਰਤੀ ਹਲਚਲ ਭਈ, ਛਾਡੇ ਘਰ ਬਾਰਾ॥
ਇਉਂ ਐਸੇ ਦੁੰਦ ਕਲੇਸ਼ ਮਹਿ, ਖਪਿਓ ਸੰਸਾਰਾ॥
ਤਹ ਬਿਨੁ ਸਤਿਗੁਰ ਕੋ ਹੈ ਨਹੀਂ, ਭੈ ਕਾਟਨਹਾਰਾ॥
ਗਹਿ ਐਸੇ ਖੜਗ ਦਿਖਾਇਅਨੁ, ਕੋ ਸਕੈ ਨ ਝੇਲਾ॥
ਵਾਹੁ ਵਾਹੁ ਗੋਬਿੰਦ ਸਿੰਘ, ਆਪੇ ਗੁਰੁ ਚੇਲਾ॥15॥

ਖੰਡੇ ਦੀ ਧਾਰ ਤੋਂ ਪੈਦਾ ਹੋਇਆ ਹਰੇਕ ਸਿੱਖ ਇਕ ਪਾਸੇ ਉਂਚੇ ਆਤਮਕ ਜੀਵਨ ਵਾਲੇ ਨੂੰ ਧੰਨ ਧੰਨ ਆਖਦਾ ਹੈ, ਦੂਜੇ ਪਾਸੇ ਪ੍ਰਭੂ-ਦਰ ‘ਤੇ ਅਰਦਾਸ ਕਰਦਾ ਹੈ ਕਿ ਹੇ ਪਤਿਸਾਹ! ਜੇ ਦੁਸ਼ਟਾਂ ਦੇ ਮਜਬੂਰ ਕਰਨ ‘ਤੇ ਮੈਨੂੰ ਖੜਗ ਫੜਨੀ ਪਏ ਤਾਂ ਮੈਂ ਰਣ-ਭੂਮੀ ਵਿਚ ਜਾ ਕੇ ਸਨਮੁਖ ਰਹਿ ਕੇ ਜੂਝ ਮਰਾਂ। ਹਰੇਕ ਸਿਖ ਕਲਗੀਧਰ ਪਾਤਿਸ਼ਾਹ ਜੀ ਦੇ ਇਸ ਆਦਰਸ਼ ਨੂੰ ਉਹਨਾਂ ਦੇ ਆਪਣੇ ਮਹਾਂ ਵਾਕਾਂ ਦੀ ਰਾਹੀਂ ਇਉਂ ਚੇਤੇ ਰਖਦਾ ਹੈ:

ਧੰਨਿ ਜੀਉ ਤਿਹ ਕੋ ਜਗ ਮਹਿ, ਮੁਖਿ ਤੇ ਹਰਿ, ਚਿੱਤ ਮਹਿ ਜੁੱਧ ਬਿਚਾਰੈ॥
ਦੇਹ ਅਨਿੱਤ, ਨ ਨਿੱਤ ਰਹੈ, ਜਸ ਨਾਵ ਚੜੈ, ਭਵ-ਸਾਗਰ ਤਾਰੈ॥
ਧੀਰਜ-ਧਾਮ ਬਨਾਏ ਇਹੈ ਤਨੁ, ਬੁਧਿ ਸੁ ਦੀਪਕ ਜਿਉਂ ਉਜਿਆਰੈ॥
ਗਿਆਨਹਿ ਕੀ ਬਢਨੀ ਮਨੋ-ਹਾਥਿ ਲੈ, ਕਾਤਰਤਾ ਕੁਤਵਾਰ ਬੁਹਾਰੈ॥

ਦੇਹਿ ਸ਼ਿਵਾ ਬਰ ਮੋਹਿ ਇਹੈ, ਸ਼ੁਭ ਕਰਮਨ ਤੇ ਕਬਹੂ ਨ ਟਰੋਂ॥
ਨ ਡਰੌਂ, ਅਰਿ ਸੋ ਜਬ ਜਾਇ ਲਰੌਂ, ਨਿਸਚੈ ਕਰਿ ਆਪਣੀ ਜੀਤਿ ਕਰੌਂ॥
ਅਰੁ ਸਿਖਿ ਹਉ ਆਪਨੋ ਹੀ ਮਨ ਕੋ, ਯਹ ਲਾਲਚ ਹੈ ਗੁਣ ਤਉ ਉਚਰੌਂ॥
ਜਬ ਆਵ ਕੀ ਅਉਧਿ ਨਿਦਾਨ ਬਨੈ, ਅਤਿ ਹੀ ਰਣ ਮਹਿ ਤਬ ਜੂਝਿ ਮਰੌਂ॥

FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀ ਸ਼ਹਾਦਤ ਤੇ ਉਸ ਦਾ ਪ੍ਰ੍ਰਭਾਵ

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ

ਧੁਰ ਕੀ ਬਾਣੀ ਸ੍ਰੀ ਗੁਰੂ ਗੰਥ੍ਰ ਸਾਹਿਬ ਜੀ

Singh : The New Marathon King

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 2)

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 1)

ਭਾਦਉ

ਗੁਰਮਤਿ ਵਿੱਚ ਮੀਰੀ-ਪੀਰੀ ਜਾਂ ਭਗਤੀ ਸ਼ਕਤੀ ਦਾ ਸੰਕਲਪ?

ਆਸਾੜੁ ਭਲਾ ਸੂਰਜੁ ਗਗਨਿ ਤਪੈ॥

ਹਰਿ ਜੇਠਿ ਜੁੜੰਦਾ ਲੋੜੀਐ

॥ਚੇਤਿ ਮਿਲਾਏ ਸੋ ਪ੍ਰਭੂ, ਤਿਸ ਕੈ ਪਾਇ ਲਗਾ ॥

ਸ੍ਰੀ ਹਰਿ ਰਾਇ ਸਾਹਿਬ ਜੀ ਦੇ ਜੀਵਨ ਕਾਰਨਾਮਿਆਂ ਦੀ ਵਰਤਮਾਨ ਪ੍ਰਸੰਗਿਕਤਾ

ਤਿਲਕ ਜੰਞੂ ਰਾਖਾ ਪ੍ਰਭ ਤਾਕਾ

Shaheedi of Guru Teg Bahadur Sahib

My Baba

Guru Nanak Dev Ji's Revolution