Sunday, July 12, 2026

Established 2005 • ISSN Registration : 1930-0107

ਕੌਂਮੀ ਆਗੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ

Panthic Archives Article (Category: Inspirational)

Originally published on: December 5, 2008
Author/Source: Principal Kuldeep Singh Haura

ਕਈ ਇਤਿਹਾਸਕਾਰ ਗੁਰੂ ਗੋਬਿੰਦ ਸਿੰਘ ਜੀ ਦੇ ਬਲਵਾਨ ਕੱਦ-ਕਾਠ ਨੂੰ ਕੇਵਲ ਉਨ੍ਹਾਂ ਦੀਆਂ ਰਾਜਸੀ ਤੇ ਫ਼ੌਜ਼ੀ ਪ੍ਰਾਪਤੀਆਂ ਦੇ ਗਜ਼ਾ ਨਾਲ ਹੀ ਮਾਪਦੇ ਹਨ, ਪਰ ਉਨ੍ਹਾਂ ਦੀਆਂ ਪ੍ਰਾਪਤੀਆਂ ਤਾਂ ਸਰਬ-ਪੱਖੀ ਸਨ। ਉਨ੍ਹਾਂ ਨੂੰ ਕੇਵਲ ਕਿਸੇ ਵਿਸ਼ੇਸ਼ ਖੇਤਰ ਵਿਚ ਪ੍ਰਾਪਤੀਆਂ ਕਰਨ ਵਾਲਾ ਸਾਬਤ ਕਰਨਾ, ਉਨ੍ਹਾਂ ਦੀ ਸ਼ਖ਼ਸੀਅਤ ਨਾਲ ਬੇਇਨਸਾਫੀ ਕਰਨਾ ਹੋਵੇਗਾ। ਗੁਰੂ ਸਾਹਿਬ ਦੀ ਸਰਬ-ਪੱਖੀ ਮਾਹਨਤਾ ‘ਚੋਂ ਆਪ ਦੇ ਪੂਰਵਜਾਂ ਵਾਂਗ ਆਪ ਦੀ ਅਧਿਆਤਮਕ ਵਿਸ਼ੇਸ਼ਤਾ ਉਲੇਖਨੀਯ ਹੈ।

ਕਲਗੀਧਰ ਪਾਤਸ਼ਾਹ ਆਪਣੇ ਅਨੁਆਈਆਂ ਦੀ ਹਰ ਪੱਖੋਂ ਅਗਵਾਈ ਕਰਨ ਦੇ ਸਮਰੱਥ ਸਨ। ਇਸੇ ਲਈ ਸੂਰਬੀਰ, ਸਵੈ-ਕੁਰਬਾਨੀ ਕਰਨ ਵਾਲੇ, ਅਧਿਆਤਮਕ-ਚਾਸ਼ਣੀ ਚੱਖਣ ਵਾਲੇ ਤੇ ਸਾਹਿਤਕ-ਪਿੜ ਦੇ ਸਵਾਰ ਸਭ ਪ੍ਰਕਾਰ ਦੇ ਵਿਅਕਤੀ ਉਨ੍ਹਾਂ ਨਾਲ ਆ ਜੁੜੇ ਸਨ। ਗੁਰੂ ਸਾਹਿਬ ਨੇ ਸਭ ਵਰਗਾਂ ਦੇ ਲੋਕਾਂ ਅੰਦਰ ਅਧਿਆਤਮਕ ਜੋਤਿ ਜਗਾਈ, ਕਿਉਂਕਿ ਉਹ ਮਹਿਸੂਸ ਕਰਦੇ ਸਨ ਕਿ ਸਮੇਂ ਦੇ ਸੰਦਰਭ ਵਿਚ ਅਧਿਆਤਮਕ-ਇਨਕਲਾਬ ਦੀ ਬੜੀ ਵਿਸ਼ੇਸ਼ਤਾ ਹੈ।

ਕੋਈ ਵੀ ਲਹਿਰ ਚੜ੍ਹਦੀ ਕਲਾ, ਕੁਰਬਾਨੀ ਤੇ ਗਤੀਸ਼ੀਲਤਾ ਬਿਨਾਂ ਸਫਲ ਨਹੀਂ ਹੋ ਸਕਦੀ। ਇਹ ਘਟੋ-ਘੱਟ ਖ਼ੂਬੀਆਂ ਹਨ, ਜੋ ਜੀਵਨ ਦੇ ਹਰ ਖੇਤਰ ਵਿਚ ਚਾਹੀਦੀਆਂ ਹਨ। ਇਨ੍ਹਾਂ ਦੇ ਨਾ ਹੋਣ ਤੇ ਹਰ ਮੋਰਚੇ ਤੇ ਅੱਗੇ ਵਧਣਾ ਰੁਕ ਜਾਂਦਾ ਹੈ। ਪਰ ਜਦੋਂ ਚੜ੍ਹਦੀ ਕਲਾ, ਕੁਰਬਾਨੀ ਤੇ ਗਤੀਸ਼ੀਲਤਾ ਅੰਦਰਲੀ ਅਧਿਆਤਮਕ ਸ਼ਕਤੀ ਤੋਂ ਉਪਜਦੀਆਂ ਹਨ ਤਾਂ ਉਹ ਅਵੱਸ਼ ਹੀ ਮਨਚਾਹੇ ਨਤੀਜੇ ਉਤਪੰਨ ਕਰਦੀਆਂ ਹਨ।

ਸ਼ਕਤੀ ਜਾਂ ਬਲ ਹਰ ਪ੍ਰਕਾਰ ਦੀ ਸੇਵਾ ਕਰਨ ਲਈ ਆਵਸ਼ਕ ਹੁੰਦਾ ਹੈ, ਉਸੇ ਦੀ ਸ਼ਕਤੀ ਕੋਈ ਨਤੀਜੇ ਪ੍ਰਗਟ ਕਰਦੀ ਹੈ ਜੋ ਵਿਅਕਤੀ ਕੇਵਲ ਆਪਣੇ ਲਈ ਹੀ ਨਹੀਂ, ਸਗੋਂ ਆਪਣੇ ਸਾਥੀਆਂ ਦੀ ਸਮਾਜਿਕ, ਆਰਥਿਕ, ਨੈਤਿਕ ਤੇ ਰਾਜਸੀ ਦਸ਼ਾ ਸੁਧਾਰਨ ਲਈ ਪ੍ਰਾਪਤ ਕਰਦਾ ਤੇ ਵਰਤਦਾ ਹੈ।

ਗੁਰੂ ਸਾਹਿਬ ਨੇ ਕੇਵਲ ਨਿੱਜੀ ਲਾਭਾਂ ਦੀ ਪ੍ਰਾਪਤੀ ਕਰਨ ਵਾਲੇ ਸੂਰਮਿਆਂ ਬਾਰੇ ਲਿਖਿਆ ਹੈ-

ਜੀਤ ਫਿਰੈ ਸਬ ਦੇਸ ਦਿਸਾਨ ਕੋ ਬਾਜਤ ਢੋਲ ਮ੍ਰਿਦੰਗ ਨਿਗਾਰੇ॥
ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹਯਰਾਜ ਹਜਾਰੇ॥
ਭੂਤ ਭਵਿਖ ਭਵਾਨ ਕੇ ਭੂਪਤਿ ਕਉਨੁ ਗਨੈ ਨਹੀ ਜਾਤਿ ਬਿਚਾਰੇ॥
ਸ੍ਰੀ ਪਤਿ ਸ੍ਰੀ ਭਗਵਾਨ ਭਜੇ ਬਿਨੁ ਕੋ ਅੰਤ ਕੇ ਧਾਮ ਸਿਧਾਰੇ॥੩॥
(ਸੁਧਾ ਸਵਯੇ, ਪਾਤਸ਼ਾਹੀ ੧੦)

ਗੁਰੂ ਗੋਬਿੰਦ ਸਿੰਘ ਸਾਹਿਬ ਸੱਚ, ਪ੍ਰੇਮ, ਚੰਗਿਆਈ, ਨੇਕੀ ਤੇ ਨਿਰ-ਸੁਆਰਥਤਾ ਦੇ ਸਾਕਾਰ ਸਰੂਪ ਸਨ। ਆਪ ਇਨ੍ਹਾਂ ਖ਼ੂਬੀਆਂ ਦਾ ਪ੍ਰਯੋਗ ਲੋਕ-ਭਲੇ ਲਈ ਕਰਦੇ ਸਨ ਤੇ ਇਸ ਸੰਬੰਧ ‘ਚਿ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਸਦਾ ਤਤਪਰ ਰਹਿੰਦੇ ਸਨ। ਆਪ ਦਾ ਵਿਸਵਾਸ ਸੀ ਕਿ ਲੋਕਾਈ ਨੂੰ ਉਤਨਾ ਚਿਰ ਤਬਾਹੀ ਤੋਂ ਨਹੀਂ ਬਚਾਇਆ ਜਾ ਸਕਦਾ, ਜਦ ਤਕ ਉਸ ਦੀ ਆਤਮਾ ਨੂੰ ਨਹੀਂ ਜਗਾਇਆ ਜਾਂਦਾ ਤੇ ਆਚਰਣ ਉੱਚਾ ਨਹੀਂ ਹੁੰਦਾ। ਇਸ ਲਈ ਉਨ੍ਹਾਂ ਦੇ ਸਾਹਮਣੇ ਸਭ ਤੋਂ ਵਿਸ਼ੇਸ਼ ਤੇ ਜ਼ਰੂਰੀ ਕਾਰਜ ਸੀ ਲੋਕਾਂ ਦੀ ਆਤਮਾ ਨੂੰ ਜਗਾਉਣਾ।
‘ਅਕਾਲ ਪੁਰਖ’ ਦੇ ਨਿਵਾਜੇ ਹੋਏ ਆਪ ‘ਖ਼ਾਸ ਪੁਰਖ’ ਸਨ। ਰਾਗ, ਨਾਦ, ਕਾਵਿ ਅਤੇ ਵਿਦਿਆ ਦੀਆਂ ਦੇਵੀਆਂ ਆਪ ਦੀ ਗੋਲੀਆਂ ਬਣਿ, ਕਾਰ ਕਮਾਂਦੀਆਂ ਸਨ। ਜਾਪੁ ਸਾਹਿਬ, ਅਕਾਲ ਉਸਤਤਿ ਅਤੇ ਆਪ ਦੀ ਹੋਰ ਰਚਨਾ ਵਿਚ ਅਧਿਆਤਮਕ ਕਾਵਿ ਦਾ ਅਲੌਕਿਕ ਰੰਗ ਮਨਾਂ ਨੂੰ ਮੁਗਧ ਕਰਨ ਵਾਲਾ ਅਤੇ ਆਤਮਾ ਨੂੰ ਹਲੂਣ ਦੇਣ ਵਾਲਾ ਹੈ। ਇਸੇ ਤਰ੍ਹਾਂ ਬੀਰ-ਰਸੀ ਕਾਵਿ ਵਿਚ ਐਸਾ ਵਿਗਾਸ ਭਰਿਆ ਜੋਸ਼ ਹੈ ਜੁ ਸੂਰਬੀਰਾਂ ਦੇ ਡੋਲੇ ਫ਼ਰਕ ਉਠਦੇ ਹਨ। ਆਪ ਦੀ ਕਾਵਿਕ-ਅਨੁਭੂਤੀ ਦੇਵੀ ਸੀ। ਆਪ ਅੰਦਰ ਕਾਵਿਕ, ਦਾਰਸ਼ਨਿਕ ਤੇ ਅਧਿਆਤਮਕ ਅਤੇ ਦੂਰ-ਦਰਸ਼ੀ ਮਹਾਂਪੁਰਖ ਵਾਲੇ ਸਾਰੇ ਉਹ ਗੁਣ ਮੌਜ਼ੂਦ ਸਨ, ਜਿਨ੍ਹਾਂ ਦੇ ਸੁਮੇਲ ਤੋਂ ਇਕ ਐਸਾ ਧਰਮ-ਮਨੁੱਖ ਬਣਦਾ ਹੈ, ਜੋ ਬਦੀ ਦਾ ਖ਼ਾਤਮਾ ਕਰ ਸਕਦਾ ਹੈ।

ਇਸ ਗੱਲ ਵਿਚ ਕੋਈ ਭੁਲੇਖਾ ਨਹੀਂ ਕਿ ਗੁਰੂ ਨਾਨਕ ਦੇਵ ਜੀ ਹੀ, ਬਦਲੇ ਹੋਏ ਹਾਲਾਤ ਦੀ ਲੋੜ ਪੂਰਤੀ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਸਰੂਪ ਵਿਚ ਪ੍ਰਗਟ ਹੋਏ ਸਨ-

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥੧॥ (ਪੰਨਾ ੯੬੬)

ਇਸੇ ਲਈ ਗੁਰੂ ਗੋਬਿੰਦ ਸਿੰਘ ਜੀ ਨੂੰ ਕੇਵਲ ਇਕ ਸੁਧਾਰਕ ਜਾਂ ਯੋਧੇ ਦੇ ਰੂਪ ਵਿਚ ਹੀ ਨਹੀਂ ਦੇਖਣਾ ਚਾਹੀਦਾ, ਸਗੋਂ ਉਹ ਤਾਂ ਸਰਬ-ਸਮਰੱਥ ਮਹਾਂਪੁਰਖ ਸਨ, ਜਿਨ੍ਹਾਂ ਦੇ ਹਿਰਦੇ ਅੰਦਰ ਸੇਵਾ-ਭਾਵਨਾ ਤੇ ਲੋਕ-ਭਲਾਈ ਵਰਗੇ ਜਜ਼ਬਿਆਂ ਦਾ ਹੜ੍ਹ ਆਇਆ ਹੋਇਆ ਸੀ। ਆਪ ਆਪਣੇ ਆਪ ਨੂੰ ਅਕਾਲ ਪੁਰਖ ਦਾ ਸੇਵਕ ਤੇ ਖ਼ਾਲਿਕ ਦੀ ਖ਼ਲਕਤ ਦਾ ਸੇਵਾਦਾਰ ਸਮਝਦੇ ਸਨ। ਇਸੇ ਲਈ ਆਪ ਜੀ ਦੀ ਰਚਨਾ ਵਿਚ ਸੇਵਾ ਦੀ ਬੜੀ ਮਹੱਤਤਾ ਬਿਆਨ ਕੀਤੀ ਗਈ ਹੈ। ਆਪ ਦਾ ਰੱਬ ਰਾਜ-ਮਹਿਲਾਂ ਦਾ ਵਸਨੀਕ ਨਹੀਂ ਸੀ, ਸਗੋਂ ਗਰੀਬਾਂ, ਕਮਜ਼ੋਰਾਂ ਤੇ ਹੀਣਾਂ, ਲਤਾੜਿਆਂ ਹੋਇਆਂ ਦੀਆਂ ਝੁੱਗੀਆਂ ਵਿਚ ਵਾਸ ਕਰਨ ਵਾਲਾ ਸੀ। ਆਪ ਨੇ “ਬਚਿਤ੍ਰ ਨਾਟਕ” ਵਿਚ ਲਿਖਿਆ ਹੈ ਕਿ ਉਹ ਚਾਹੁੰਦੇ ਸਨ ਕਿ ਅਕਾਲ ਪੁਰਖ ਦੇ ਚਰਨਾਂ ਵਿਚ ਹੀ ਰਹਿਣ, ਪਰ ਜਦੋਂ ਉਹਨਾਂ ਨੂੰ ਕਿਸੇ ਵਿਸ਼ੇਸ਼ ਮਨੋਰਥ ਦੀ ਪੂਰਤੀ ਲਈ ਮਾਤ-ਲੋਕ ਵਿਚ ਆਉਣ ਦਾ ਆਦੇਸ਼ ਮਿਲਿਆ, ਤਾਂ ਉਹ ਹੁਕਮ-ਅਦੂਲੀ ਕਿਵੇਂ ਕਰਦੇ। ਆਪ ਨੇ ਲਿਖਿਆ ਹੈ-

ਚਿਤ ਨ ਭਯੋ ਹਮਰੋ ਆਵਨ ਕਹ॥ ਚੁਭੀ ਰਹੀ ਸ੍ਰਤਿ ਪ੍ਰਭੁ ਚਰਨਨ ਮਹਿ॥੫॥
(ਬਚਿੱਤ੍ਰ ਨਾਟਕ, ਅਧਿ: ੬)

ਜਦੋਂ ਆਪ ਨੇ ਸੰਸਸਾਰ ਵਿਚ ਆ ਕੇ ਸੇਵਾ ਕਰਨ ਤੇ ਬਦੀ ਵਿਰੁਧ ਸੰਘਰਸ਼ ਕਰਨ ਦੀ ਚੋਣ ਕੀਤੀ ਤਾਂ ਇਹ ਕਾਰਜ ਵੀ ਆਪ ਨੇ ਅਕਾਲ ਪੁਰਖ ਦੀ ਆਗਿਆ ਤੇ ਸਹਾਇਤਾ ਨਾਲ ਹੀ ਨੇਪਰੇ ਚਾੜ੍ਹੇ। ਜੇਕਰ ਆਪ ਨੂੰ “ਯੁੱਧ ਭੂਮੀ” ਵਿਚ ਵੀ ਜਾਣਾ ਪਿਆ ਤਾਂ ਮੁਖੋਂ “ਵਾਹਿਗੁਰੂ” ਦਾ ਨਾਮ ਹੀ ਉਚਾਰਿਆ। ਆਪ ਐਸੇ ਰਹੱਸਵਾਦੀ ਸਨ, ਜਿਨ੍ਹਾਂ ਦਾ ਧਰਮ, ਉਨ੍ਹਾਂ ਦੇ ਨਿਤ

ਕਰਮ ਵਿਚੋਂ ਝਲਕਾਂ ਮਾਰਦਾ ਸੀ। ਆਪ ਨੇ ਲਿਖਿਆ ਹੈ-
ਧੰਨ ਜੀਉ ਤਿਹ ਕੋ ਜਗ ਮੈ, ਮੁਖ ਤੇ ਹਰਿ, ਚਿਤ ਮੈ ਜੁਧੁ ਬਿਚਾਰੈ॥
ਦੇਹ ਅਨਿਤ ਨ ਨਿਤ ਰਹੈ, ਜਸੁ ਨਾਵ ਚੜੈ ਭਵ ਸਾਗਰ ਤਾਰੈ॥
ਧੀਰਜ ਧਾਮ ਬਨਾਇ ਇਹੈ ਤਨ, ਬੁਧਿ ਸੁ ਦੀਪਕ ਜਿਉ ਉਜੀਆਰੈ॥
ਗਿਆਨਹਿ ਕੀ ਬਢਨੀ ਮਨਹੁ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ॥੨੪੯੨॥
(ਕ੍ਰਿਸ਼ਨਾ ਅਵਤਾਰ)

ਇਸੇ ਦ੍ਰਿਸ਼ਟੀਕੋਣ ਸਦਕਾ ਗੁਰੂ ਸਾਹਿਬ ਨੇ ਘਮਸਾਨ ਦੀਆਂ ਲੜਾਈਆਂ ਸਮੇਂ ਵੀ ਆਪਣਾ ਨਿਤ-ਨੇਮ ਤੇ ਸਤ-ਸੰਗਤਿ ਦੇ ਜੋੜ-ਮੇਲ ਨੂੰ ਕਦੇ ਨਹੀਂ ਤਿਆਗਿਆ। ਇਸ ਦਾ ਪ੍ਰਮਾਣ ਇਤਿਹਾਸ ‘ਚੋਂ ਮਿਲ ਜਾਂਦਾ ਹੈ। ਆਨੰਦਪੁਰ ਸਾਹਿਬ ਛੱਡਣ ਸਮੇਂ ਜਦੋਂ ਗੁਰੂ ਸਾਹਿਬ ਆਪਣੇ ਸਿੰਘਾਂ ਨਾ ਅੱਗੇ ਵਧ ਰਹੇ ਸਨ ਤੇ ਸ਼ਤਰੂ-ਫੌਜਾਂ ਪਿੱਛਾ ਕਰ ਰਹੀਆਂ ਸਨ ਤਾਂ ਵੀ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਦਾ ਸਤਿਸੰਗ ਨਹੀਂ ਖੁੰਝਾਇਆ, ਸਗੋਂ ਸੰਗਤ ਦੇ ਰੂਪ ਵਿਚ ਜੁੜ ਕੇ ਨਿੱਤ-ਨੇਮ ਤੇ ਅਰਦਾਸ ਕੀਤੀ।

ਹਾਲਾਤ ਭਾਵੇਂ ਕਿੰਨੇ ਵੀ ਅਣ-ਸੁਖਾਵੇ ਹੋਏ, ਪਰ ਗੁਰੂ ਸਾਹਿਬ ਨੇ ਆਤਮਾ ਦੀਆਂ ਅਧਿਆਤਮਕ ਲੋੜਾਂ ਦੀ ਕੁਰਬਾਨੀ ਕਦੇ ਵੀ ਨਹੀਂ ਦਿੱਤੀ, ਕਿਉਂਕਿ ਉਨ੍ਹਾਂ ਦਾ ਉਪਦੇਸ਼ ਸੀ ਕਿ ਔਖੇ ਸਮੇਂ ਉਤੇ ਕੇਵਲ ਅਧਿਆਤਮਕ ਭੋਜਨ ਦੀ ਮਨੁਖ ਦੀ ਤ੍ਰਿਪਤੀ ਕਰ ਸਕਦਾ ਹੈ। ਆਪ ਨੇ ਸਮੁੱਚੀ ਜ਼ਿੰਦਗੀ ਅਕਾਲ ਪੁਰਖ ਨੂੰ ਸਮਰਪਣ ਕੀਤੀ ਹੋਈ ਸੀ। ਉਹ ਤ੍ਰਿਸ਼ਨਾਵਾਂ, ਲਾਲਸਾਵਾਂ, ਹਊਮੈ ਆਦਿ ਤੋਂ ਬਿਲਕੁਲ ਮੁਕਤ ਸਨ। ਇਸੇ ਲਈ ਉਹ ਹੱਦ ਦਰਜੇ ਦੇ ਨਿਰਮਾਣ ਸਨ। ਆਪ ਨੇ ਆਪਣੀ ਰਚਨਾ ਵਿਚ ਆਪਣੇ ਲਈ ‘ਕੀਟੁ’, ‘ਦਾਸੁ’ ਤੇ ‘ਸੇਵਕ’ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਹੈ। ਜਦੋਂ ਕਈ ਬਦੋ-ਬਦੀ ਗੱਲ ਪਈਆਂ ਲੜਾਈਆਂ ਵੀ ਜਿੱਤੀਆਂ ਤਾਂ ਵੀ ਉਨ੍ਹਾਂ ਨੂੰ ਆਪਣੀ ਜਿੱਤ ਨਹੀਂ ਕਿਹਾ, ਸਗੋਂ ਅਕਾਲ ਪੁਰਖ ਦੀ ਕਿਰਪਾ ਮੰਨੀ। ਜਦੋਂ ਅਤਿ-ਖ਼ਤਰਨਾਕ ਹਾਲਾਤ ਵਿਚੋਂ ਸੁਰੱਖਿਅਤ ਨਿਕਲੇ ਤਾਂ ਵੀ ਇਸ ਨੂੰ ਵਾਹਿਗੁਰੂ ਦੀ ਬਖ਼ਸ਼ਸ਼ ਪ੍ਰਵਾਨਿਆ। ਆਪ ਦਾ ਫੁਰਮਾਨ ਹੈ-

ਭਈ ਜੀਤ ਮੇਰੀ॥ ਕ੍ਰਿਪਾ ਕਾਲ ਕੇਰੀ॥੩੪॥
(ਬਚਿੱਤ੍ਰ ਨਾਟਕ, ਅਧਿ: ੯)

ਇਕ ਹੋਰ ਥਾਂ ਆਪਣੀ ‘ਨਿਮ੍ਰਤਾ’ ਦਾ ਪ੍ਰਗਟਾਵਾ ਇਨ੍ਹਾਂ ਸ਼ਬਦਾਂ ਵਿਚ ਕੀਤਾ-
ਮੇਰੁ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋ ਸੋ॥
ਭੂਲ ਛਿਮੋ ਹਮਰੀ ਪ੍ਰਭ ਆਪ, ਨ ਭੂਲਨਹਾਰ ਕਹੂੰ ਕੋਊ ਮੋ ਸੋ॥
ਸੇਵ ਕਰੀ ਤੁਮਰੀ ਤਿਨ ਕੇ ਸਭ ਹੀ, ਗ੍ਰਿਹ ਦੇਖੀਅਤ ਦ੍ਰਬ ਭਰੋਸੇ॥
ਯਾ ਕਲ ਮੈਂ ਸਭ ਕਾਲ ਕ੍ਰਿਪਾਨ ਕੇ, ਭਾਰੀ ਭੁਜਾਨ ਕੋ ਭਾਰੀ ਭਰੋਸੋ॥੯੨॥
(ਬਚਿੱਤ੍ਰ ਨਾਟਕ, ਆਧਿ: ੧)

ਉਨ੍ਹਾਂ ਦੀਆਂ ਨਜ਼ਰਾਂ ਵਿਚ ਹਰ ਸ਼ੁਭ ਕੰਮ ਅਕਾਲ ਪੁਰਖ ਦੇ ਚਰਨਾਂ ਵਿਚ ਨਿਮਾਣੀ ਜਿਹੀ ਭੇਂਟ ਤੁੱਲ ਹੁੰਦਾ ਹੈ। ਇਹ ਗੱਲ ਉਨ੍ਹਾਂ ਦੀ ਇਸ “ਆਦਰਸ਼ਕ ਸਵੱਯੇ” ਤੋਂ ਭਲੀ ਭਾਂਤ ਉਜਾਗਰ ਹੋ ਜਾਂਦੀ ਹੈ-

ਦੇਹ ਸਿਵਾ ਬਰ ਮੋਹਿ ਇਹੈ, ਸੁਭ ਕਰਮਨ ਤੇ ਕਬਹੂੰ ਨ ਟਰੋ॥
ਨ ਡਰੋਂ ਅਰਿ ਸੋ ਜਬ ਜਾਇ ਲਰੋ, ਨਿਸਚੈ ਕਰ ਅਪਨੀ ਜੀਤ ਕਰੋ॥
ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋ॥
ਜਬ ਆਵ ਕੀ ਅਉਧ ਨਿਧਾਨ ਬਨੈ, ਅਤ ਹੀ ਰਨ ਮੈ ਤਬ ਜੂਝ ਮਰੋ॥੨੩੧॥
(ਚੰਡੀ ਚਰਿਤ੍ਰ)

ਗੁਰੂ ਸਾਹਿਬ ਦੇ ਕੀਤੇ ਮਹਾਨ ਕਾਰਜ ਉਨ੍ਹਾਂ ਦੇ ਨਿਜਤਵ ਵਾਸਤੇ ਨਹੀਂ ਸਨ ਹੁੰਦੇ, ਤੇ ਨਾ ਉਹ ਉਨ੍ਹਾਂ ਤੋਂ ਕੋਈ ਜਸ ਜਾਂ ਵਡਿਆਈ ਆਪਣੇ ਨਾਂ ਨਾਲ ਜੋੜਦੇ ਸਨ, ਸਗੋਂ ਆਪ ਦੀਆਂ ਨਜ਼ਰਾਂ ਵਿਚ ਕੀਤੇ ਸਭ ਕਾਰਜ ਲੋਕ-ਭਲਾਈ ਲਈ ਹੀ ਹਨ। ਆਪ ਨੇ ਲੋਕਾਂ ਲਈ ਨੌਂ ਸਾਲਾਂ ਦੀ ਕਿਸ਼ੋਰ ਅਵਸਥਾ ਵਿਚ ਆਪਣੇ ਸਤਿਕਾਰ ਯੋਗ ਪਿਤਾ, ਸ੍ਰੀ ਗੁਰੂ ਤੇਗ ਬਾਹਦਰ ਜੀ ਨੂੰ ਕੁਰਬਾਨੀ ਦੇਣ ਲਈ ਬੇਨਤੀ ਕੀਤੀ। ਆਪਣੇ ਦੋ ਸਾਹਿਬਜ਼ਾਦੇ ਚਮਕੌਰ ਵਿਚ ਆਪਣੀਆਂ ਨਜ਼ਰਾਂ ਸਾਹਮਣੇ ਮੈਦਾਨ ਵਿਚ ਸ਼ਹੀਦ ਹੁੰਦੇ ਵੇਖੇ ਤੇ ਸੱਤ ਅਤੇ ਨੌਂ ਸਾਲਾਂ ਦੇ ਦੋ ਮਾਸੂਮ ਬੱਚੇ ਧਰਮ ਦੀ ਖ਼ਾਤਰ ਨੀਂਹ ਵਿਚ ਚਿਣਵਾ ਕੇ ਕੌਮੀ-ਮਹਿਲ ਦੀਆਂ ਨੀਹਾਂ ਪੱਕੀਆਂ ਕੀਤੀਆਂ। ਸਤਿਕਾਰ ਯੋਗ ਮਾਤਾ ਜੀ, ਜਾਨ ਤੋਂ ਪਿਆਰੇ ਅਨੇਕਾਂ ਸਿੱਖ ਦੇਸ਼ ਤੋਂ ਵਾਰੇ, ਸਭ ਕੁਝ ਲੁਟਾ ਕੇ ਵੀ ਸਦਾ ਦੀ ਤਰ੍ਹਾਂ ਚੜ੍ਹਦੀਆਂ ਕਲਾਂ ‘ਚ ਰਹੇ। ਸਖ਼ਤ ਔਕੜਾਂ ਤੇ ਭਿਆਨਕ ਮੁਸ਼ਕਿਲਾਂ ਸਮੇਂ ਵੀ ਉਨ੍ਹਾਂ ਦੇ ਚਿਹਰੇ ਤੇ ਉਦਾਸੀ ਜਾਂ ਨਿਰਾਸ਼ਾ ਦੀਆਂ ਰੇਖਾਵਾਂ ਨਹੀਂ ਵੇਖੀਆਂ ਗਈਆਂ। ਇਕ ਸੱਚੇ ਕਰਮ-ਯੋਗੀ ਵਾਂਗ ਉਨ੍ਹਾਂ ਦੇ ਸਾਹਮਣੇ ਜਿੱਤ ਜਾਂ ਹਾਰ, ਸਤਿਕਾਰ ਜਾਂ ਤ੍ਰਿਸਕਾਰ, ਖੁਸ਼ੀ ਜਾਂ ਗ਼ਮੀ, ਸੁੱਖ ਜਾ ਦੁੱਖ, ਸ਼ਾਹੀ ਠਾਠ ਤੇ ਨੰਗੇ ਪੈਰੀਂ ਜੰਗਲਾਂ ਵਿਚ ਵਿਚਰਨ ਦਾ ਅੰਤਰ ਨਹੀਂ ਸੀ। ਉਹ ਕੁਰਬਾਨੀ ਦੇ ਮੁਜੱਸਮੇ ਸਨ। ਸਮਰੱਥ ਸਤਿਗੁਰੂ ਨੇ ਆਪਣਾ ਸਭ ਕੁਝ ਦੇਸ਼ ਤੇ ਧਰਮ ਲਈ ਵਾਰ ਦਿੱਤਾ। ਉਹ ਆਪਣਾ ਤਾਂ ਕੁਝ ਵੀ ਨਹੀਂ ਸਨ ਸਮਝਦੇ। ਉਨ੍ਹਾਂ ਦਾ ਨਿਸਚਾ “ਜੋ ਕਿਛੁ ਹੈ ਸੋ ਤੇਰਾ” ਵਿਚ ਪਰਪੱਕ ਸੀ। ਇਕ ਵਾਰੀ ਇਕ ਵਿਅਕਤੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਇਆ। ਉਹ ਆਪਣੀ ਅਖੌਤੀ ਨੀਵੀਂ ਜਾਤ ‘ਕਲਾਲ’ ਸਮਝ ਕੇ ਦੂਰ ਹੀ ਖੜਾ ਰਿਹਾ। ਗੁਰੂ ਸਾਹਿਬ ਨੇ ਉਸ ਨੂੰ ਆਪਣੇ ਪਾਸ ਬੁਲਾ ਕੇ ਗਲਵਕੜੀ ਵਿਚ ਲਿਆ ਤੇ ਕਿਹਾ, ਤੂੰ ‘ਕਲਾਲ’ ਨਹੀਂ, ‘ਗੁਰੂ ਦਾ ਲਾਲ’ ਹੈ। ਜ਼ਾਤ ਦੇ ਅਖੋਤੀ ਭੇਦ-ਭਾਵ ਨੂੰ ਮਿਟਾਉਣ ਦੀ ਇਸ ਤੋਂ ਵਧੀਆਂ ਮਿਸਾਲ ਇਤਿਹਾਸ ‘ਚੋਂ ਮਿਲਣੀ ਮੁਸ਼ਕਿਲ ਹੈ। ਗੁਰੂ ਸਾਹਿਬ ਮਨ, ਬਚਨ ਤੇ ਕਰਮ ਕਰਕੇ ਸੱਚ-ਸਰੂਪ ਸਨ। ਆਪ ਲਈ ਧਨ, ਦੌਲਤ, ਨਾਮਣਾ, ਸੁਹੱਪਣ ਤੇ ਪ੍ਰਤਿਭਾ ਆਦਿ ਵਡਿਆਈਆਂ ਸਭ ਤੁੱਛ ਸਨ, ਕਿਉਂਕਿ ਇਹ ਸਭ ਬਿਨਸਨਹਾਰ ਹਨ। ਸੱਚ ਦਾ ਰਸ ਫੁੱਲਾਂ ਨਾਲ ਸ਼ਿੰਗਾਰਿਆ ਨਹੀਂ ਹੁੰਦਾ, ਸਗੋਂ ਕੰਡਿਆਂ ਨਾਲ ਭਰਪੂਰ ਹੁੰਦਾ ਹੈ। ਇਸ ਰਾਹ ‘ਤੇ ਚੱਲਣ ਵਾਲਿਆਂ ਨੂੰ ਔਕੜਾਂ, ਮੁਸ਼ਕਲਾਂ ਤੇ ਮੁਸੀਬਤਾਂ ਦਾ ਟਾਕਰਾ ਕਰਨਾ ਪੈਂਦਾ ਹੈ। ਪਰ ਮਨੁੱਖੀ-ਜੀਵਨ ਦਾ ਮੁੱਢਲਾ-ਸੱਚ ਇਹੋ ਹੀ ਹੈ। ਜੋ ਇਸ ਮੁੱਢਲੇ-ਸੱਚ ਤੋਂ ਅੱਖਾਂ ਮੀਟ ਲੈਂਦੇ ਹਨ, ਉਹ ਸਫਲਤਾਵਾਂ ਪ੍ਰਾਪਤ ਨਹੀਂ ਕਰ ਸਕਦੇ। ਉਹ ਤਾਂ ਫ਼ਰਜ਼ਾਂ ਨਾਲੋ ਹੱਕਾਂ ਉਤੇ ਬਹੁਤਾ ਨਿਰਭਰ ਕਰਦੇ ਹਨ। ਸਮਾਜਿਕ ਖੇਤਰ ਵਿਚ ਸਫਲ ਸੇਵਾ ਕਰਨ ਵਾਸਤੇ ਨਿਧੜਕ ਆਗੂ ਨੂੰ ਬੇਗਰਜ਼ ਸਾਥੀਆਂ ਦੀ, ਜੋ ਹਰ ਪ੍ਰਕਾਰ ਜਾਗਰੂਕ ਹੋਣ ਤੇ ਆਪਣੇ ਆਗੂ ਦੇ ਕਹੇ ਤੇ ਕੁਰਬਾਨੀ ਦੇਣ ਨੂੰ ਤਿਆਰ ਹੋਣ, ਹਰ ਸਮੇਂ ਲੋੜ ਹੁੰਦੀ ਹੈ। ਭਾਰਤ ਨੂੰ ਉਸ ਸਮੇਂ ਐਸੇ ਆਗੂ ਦੀ ਲੋੜ ਸੀ, ਜੋ ਨਾ-ਕੇਵਲ ਨਿਰਣਾਇਕ ਹੋਵੇ, ਸਗੋਂ ਉਸ ਦੀ ਦੂਰਦਰਸ਼ਤਾ, ਵਿਸ਼ਵਾਸ ਤੇ ਭਾਵਨਾਵਾਂ ਗਤੀਸ਼ੀਲ ਹੋਣ। ਉਹ ਵਾਹਿਗੁਰੂ ਤੇ ਉਸ ਦੀ ਖ਼ਲਕਤ ਨਾਲ ਪ੍ਰੇਮ ਕਰਨ ਵਾਲਾ ਹੋਵੇ ਤਾਂ ਹੀ ਉਹ ਆਪਣੇ ਉਤੇ ਯਕੀਨ ਲਿਆਉਣ ਵਾਲਿਆਂ ਨੂੰ, ਧਰਾਤਲ ਤੋਂ ਡਿਗਿਆਂ ਹੋਇਆਂ ਨੂੰ ਉਠਾ ਕੇ ਸਾਵਧਾਨ ਕਰ ਸਕਦਾ ਹੈ।

ਇਹ ਸਾਰੀਆਂ ਹੀ ਖੂਬੀਆਂ ਗੁਰੂ ਸਾਹਿਬ ਦੀ ਜ਼ਾਤ ਵਿਚ ਸਨ। ਆਪ ਨੇ ਭਾਰਤ ਦੇ ਇਤਿਹਾਸ ਵਿਚ ਬੜੀ ਸੂਝ ਤੇ ਦਲੇਰੀ ਨਾਲ ਪ੍ਰਵੇਸ਼ ਕੀਤਾ ਤੇ ਉਸ ਸਾਮਰਾਜ ਨੂੰ ਚਣੌਤੀ ਦਿੱਤੀ, ਜੋ ਅਜਿੱਤ ਸਮਝਿਆ ਜਾਂਦਾ ਹੈ। ਆਪ ਨੇ ਐਸਾ ਇਤਿਹਾਸ ਸਿਰਜਿਆ, ਜਿਸ ਵਿਚ ਧਰਮ ਤੇ ਦੇਸ਼ ਖ਼ਾਤਰ ਰਿਕਾਰਡ ਕੁਰਬਾਨੀਆਂ ਕੀਤੀਆਂ ਗਈਆਂ। ਨਿਸਚੇ-ਭਰੀ ਜਿੱਤ, ਕੁਰਬਾਨੀ ਤੇ ਸ਼ਰਧਾ ਭਗਤੀ ਦੇ ਮਿਲੇ-ਜੁਲੇ ਪ੍ਰਭਾਵਾਂ ਨੇ ਬਹੁਤ ਸਾਰੇ ਲੋਕਾਂ ਨੂੰ ਦੇਸ਼-ਭਗਤ ਯੋਧੇ ਬਣਾ ਦਿੱਤਾ। ਗੁਰੂ ਪਾਤਸ਼ਾਹ ਆਪ ਸਿੰਘ (ਸ਼ੇਰ) ਸਨ ਤੇ ਉਨ੍ਹਾਂ ਸਿੰਘਾਂ ਦੀ ਕੌਮ ਬਣਾ ਦਿੱਤੀ। ਆਪ ਜਦੋਂ ਗਰਜਦੇ ਸਨ ਤਾਂ ਗੀਧੀਆਂ ਦੇ ਪ੍ਰਾਣ ਖੁਸ਼ਕ ਹੋ ਜਾਂਦੇ ਸਨ। ਆਪ ਨੇ ਸਿੱਖਾਂ ਦੇ ਸਰਬਪੱਖੀ ਵਿਕਾਸ ਲਈ ਮਜ਼ਬੂਤ-ਇਖ਼ਲਾਕ ਤੇ ਅਧਿਆਤਮਕ-ਨੀਹਾਂ ਉਤੇ ਉਸਾਰੀ ਕੀਤੀ ਸੀ, ਤਾਂ ਹੀ ਕਵੀਆਂ ਨੇ ਉਨ੍ਹਾਂ ਦਾ ਅਟੱਲ ਵਿਸ਼ਵਾਸ ਦਰਸਾਂਦਿਆਂ ਕਿਹਾ, “ਚਿੜੀਓ ਸੇ ਮੈਂ ਬਾਜ ਤੁੜਾਊਂ, ਤਬੀ ਗੋਬਿੰਦ ਸਿੰਘ ਨਾਮ ਕਹਾਊਂ”।

ਨਿੱਡਰਤਾ ਗੁਰੂ ਜੀ ਦੇ ਜੀਵਨ ਦੀ ਮੁੱਖ ਸੁਰ ਸੀ। ਉਨ੍ਹਾਂ ਨੇ ਕਮਜ਼ੋਰਾਂ ਦਬੇਲਾਂ ਤੇ ਡਰਪੋਕਾਂ ਨੂੰ ਨਿਡਰ ਤੇ ਯੋਧੇ ਬਣਾ ਦਿੱਤਾ ਸੀ। ਆਪ ਦੀ ਬੇਮਿਸਾਲ ਦੇਸ਼-ਭਗਤੀ, ਔਕੜਾਂ ਨਾਲ ਜੂਝਣ ਦੀ ਸ਼ਕਤੀ, ਬੁਰਾਈ ਨਾਸ਼ ਕਰਨ ਦਾ ਨਿਸਚਾ ਤੇ ਹਰ ਹਾਲਤ ਵਿਚ ਖਿੜੇ ਮੱਥੇ ਰਹਿਣ ਦੀ ਅਭਿਲਾਸ਼ਾ ਨੇ ਉਨ੍ਹਾਂ ਦੇ ਅਨੁਆਈਆਂ ਅੰਦਰ ਉਨ੍ਹਾਂ ਵਾਸਤੇ ਅਲੌਕਿਕ ਪਿਆਰ ਤੇ ਸਤਿਕਾਰ ਪੈਦਾ ਕਰ ਦਿੱਤਾ ਸੀ।

ਇਤਿਹਾਸ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਆਪ ਦੇ ਸਿੱਖ ਆਪ ਜੀ ਦੀ ਮਹਾਨ ਸ਼ਖਸੀਅਤ ਤੋਂ ਕਿਤਨੇ ਪ੍ਰਭਾਵਤ ਸਨ। “ਲੱਖੀ ਜੰਗਲ” ਵਾਲੀ ਝਾਕੀ ਸਿੱਖਾਂ ਦੀ ਗੁਰੂ ਸਾਹਿਬ ਪ੍ਰਤੀ ਅਪਾਰ ਸ਼ਰਧਾ ਦੀ ਲਾਜੁਆਬ ਉਦਾਹਰਣ ਹੈ। ਗੁਰੂ ਸਾਹਿਬ ਦੇ ਆਪਣੇ ਸ਼ਬਦਾਂ ਵਿਚ ਇਹ ਦ੍ਰਿਸ਼ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ-

“ਲੱਖੀ ਜੰਗਲ ਖਾਲਸਾ ਆਇ ਦੀਦਾਰ ਕੀਤੋ ਨੇ॥
ਸੁਣ ਕੇਸਦ ਮਾਹੀ ਦੀ ਮੇਹੀ ਪਾਣੀ ਘਾਹ ਮੁਤੋ ਨੇ॥
ਕਿਸੇ ਨਾਲ ਨਾ ਰਲੀਆਂ ਕਾਈ, ਇਹ ਕੀ ਸ਼ੌਕ ਪਇਉ ਨੇ॥
ਗਿਆ ਫ਼ਿਰਾਕ ਮਿਲਿਆ ਮਿਤ ਮਾਹੀ, ਤਾਹੀਉਂ ਸ਼ੁਕਰ ਕੀਤੋ ਨੇ॥”

ਸਿੱਖਾਂ ਦੇ ਦਿਲ ਵਿਚ ਗੁਰੂ ਸਾਹਿਬ ਲਈ ਕਿਤਨਾ ਸਤਿਕਾਰ ਤੇ ਪਿਆਰ ਸੀ, ਇਸ ਦੀ ਇਕ ਮਿਸਾਲ ਮਿਲਦੀ ਹੈ ਕਿ ਇਕ ਸਿੱਖ ਨੇ ਗੁਰੂ ਸਾਹਿਬ ਨੂੰ ਇਕ ਬੰਦੂਕ ਭੇਟ ਕੀਤੀ। ਚੋਜੀ-ਪ੍ਰੀਤਮ ਕਹਿਣ ਲੱਗੇ, “ਮੈਂ ਇਸ ਬੰਦੂਕ ਦੀ ਪਰਖ ਕਰਨਾ ਚਾਹੁੰਦਾ ਹਾਂ, ਕੋਈ ਸਿੱਖ ਸਾਹਮਣੇ ਆਵੇ। ਇਕ ਨਹੀਂ, ਅਨੇਕਾਂ ਸਿੱਖ ਆਪਣੇ ਮਾਹੀ ਦੇ ਹਥੋਂ ਬੰਦੂਕ ਦਾ ਨਿਸ਼ਾਨਾਂ ਬਣਨ ਵਾਸਤੇ ਇਕ ਦੂਜੇ ਦੇ ਅੱਗੇ ਖੜੇ ਹੋਣ ਦੀ ਨਾ-ਕੇਵਲ ਕੋਸ਼ਿਸ਼ ਕਰਨ ਲੱਗੇ, ਸਗੋਂ ਆਪਸ ‘ਚਿ ਲੜਨ ਲੱਗੇ। ਹਰ ਇਕ ਇਹੋ ਚਾਹੁੰਦਾ ਸੀ ਕਿ ਮੈਂ ਪਿਆਰੇ ਪ੍ਰੀਤਮ ਕਲਗੀ ਵਾਲੇ ਦੇ ਹਥੋਂ ਨਿਸ਼ਾਨਾ ਬਣਾ। ਹੈ ਕੋਈ ਹੋਰ ਐਸੀ ਮਿਸਾਲ ਸੰਸਾਰ-ਇਤਿਹਾਸ ਵਿਚ?

ਅਤਿਆਚਾਰਾਂ ਤੇ ਤੀਬਰ ਵੇਦਨਾ ਸਮੇਂ ਸਿੱਖਾਂ ਅੰਦਰ ਆਪਣੇ ਧਰਮ ਤੇ ਅਕਾਲ ਪੁਰਖ ਦੀ ਮਹਿਮਾ ਖਾਤਰ ਅਤਿਆਚਾਰ ਸਹਿਣ ਤੇ ਮਰ-ਮਿਟਾਣ ਦੀ ਅਪਾਰ ਸਮਰੱਥਾ ਸੀ। ਨਾ-ਕੇਵਲ ਮਰਦ ਸਗੋਂ ਇਸਤ੍ਰੀਆਂ ਤੇ ਬੱਚੇ ਵੀ ਧਰਮ-ਯੁੱਧ ਵਿਚ ਜੂਝੇ। ਕਲਗੀਧਰ ਪਾਤਸ਼ਾਹ ਦੀ ਇਹ ਅੰਮ੍ਰਿਤ ਦੀ ਬਰਕਤ ਸੀ ਕਿ ਉਹ ਕੁਰਬਾਨੀਆਂ ਦੇਣ ਤੋਂ ਝਿਜਕਦੇ, ਥਿੜਕਦੇ ਤੇ ਡਰਦੇ ਹੀ ਨਹੀਂ ਸਨ, ਸਗੋਂ ਗਾਉਂਦੇ ਜਾਂਦੇ ਹਨ:

ਸਿਰ ਜਾਇ ਤੇ ਜਾਇ, ਮੇਰਾ ਸਿੱਖੀ ਸਿਦਕ ਨਾ ਜਾਇ॥

ਕਈ ਮੋਕੇ ਐਸੇ ਆਏ ਜਦੋਂ ਗੁਰੂ ਸਾਹਿਬ ਇਕੱਲੇ ਹੀ ਮੁਸ਼ਕਲਾਂ ਨਾਲ ਜੂਝਣ ਲਈ ਨਿਕਲ ਪੈਂਦੇ। ਉਨ੍ਹਾਂ ਦੇ ਹਿਰਦੇ ਵਿਚ ਅਕਾਲ ਪੁਰਖ ਲਈ ਅਥਾਹ ਪਿਆਰ, ਸਤਿਕਾਰ ਤੇ ਜਜ਼ਬਾ ਸੀ। ਇਕ ਵਾਰੀ ਗੁਰੂ ਸਾਹਿਬ ਨੂੰ ਬਿਲਕੁਲ ਇਕੱਲਾ ਫਿਰਦਿਆਂ ਵੇਖ ਕੇ ਇਕ ਫਕੀਰ ਨੇ ਆਖਿਆ, ‘ਨਾ ਡੱਲਾ ਨਾ ਮੱਲਾ ਤੇ ਗੁਰੂ ਫਿਰੇ ਕੱਲਾ’। ਗੁਰੂ ਸਾਹਿਬ ਮੁਸਕਰਾਏ ਤੇ ਕਹਿਣ ਲੱਗੇ, “ਗੁਰੂ ਨਾਲ ਅੱਲ੍ਹਾ, ਗੁਰੂ ਕਦੇ ਵੀ ਨਾ ਕੱਲਾ”।

ਐਸਾ ਫੌਲਾਦੀ ਵਿਅਕਤਿਤਵ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ, ਜਿਸਦੇ ਭਰੋਸੇ ਉਨ੍ਹਾਂ ਮੁਗਲ ਸਾਮਰਾਜ ਨਾਲ ਲੋਹਾ ਲਿਆ ਤੇ ਉਸਦਾ ਮਾਣ ਤੋੜਿਆ। ਔਕੜਾਂ ਸਗੋਂ ਉਨ੍ਹਾਂ ਦੇ ਇਰਾਦੇ ਨੂੰ ਹੋਰ ਪੱਕਿਆ ਕਰਦੀਆਂ ਸਨ। ਉਸ ਮਹਾਨ ਗੁਰੂ ਦੇ ਸਾਹਿਬਜ਼ਾਦੇ ਸਨ ਉਹ, ਜਿਨ੍ਹਾਂ ਨੇ ਆਪਣਾ ਸਿਰ ਤਾਂ ਦੇ ਦਿੱਤਾ ਪਰ ਇਰਾਦਾ ਨਹੀਂ ਸੀ ਛੱਡਿਆ, ‘ਸੀਸ ਦੀਆ ਪਰ ਸਿਰਰ ਨ ਦੀਆ’।

ਗੁਰੂ ਸਾਹਿਬ ਨੇ ਲੋਕਾਂ ਦੇ ਦਿਲਾਂ ਅੰਦਰ ਦੇਸ਼ ਲਈ ਪਿਆਰ ਦੀ ਭਾਵਨਾ ਉਜਾਗਰ ਕੀਤੀ। ਲੋਕਾਂ ਦੀ ਢਹਿੰਦੀ ਕਲਾ ਵਾਲੀ ਸੋਚਣੀ ਬਦਲੀ। ਉਨ੍ਹਾਂ ਨੇ ਦੇਸ਼-ਵਾਸੀਆਂ ਅੰਦਰ ਕੌਮਾਂਤਰੀ ਤੇ ਦੇਸ਼-ਭਗਤੀ ਦਾ ਜਜਬਾ ਜਗਾਇਆ ਤੇ ਜਨਤਾ ਦੀਆਂ ਕਮਜ਼ੋਰ ਹੱਡੀਆਂ ਵਿਚ ਮਰਦਊ ਸ਼ਕਤੀ ਭਰੀ।

ਗੁਰੂ ਸਾਹਿਬ ਦਾ ਅਨੁਭਵ ਸੀ ਕਿ ਦੇਸ਼ ਵਿਚ ਵੱਸਦੇ ਲੋਕਾਂ ਦੀ ਰੁਚੀ ਧਾਰਮਿਕ ਤਾਂ ਹੈ, ਪਰ ਉਹ ਭੈ-ਗ੍ਰਸਤ ਹੋਣ ਕਰਕੇ ਨਿਘਰੇ ਹੋਏ ਹਨ। ਉਹ ਧਾਰਮਕ ਤਾਂ ਹਨ, ਪਰ ਕੋਮੀ ਨਹੀਂ। ਗੁਰੂ ਸਾਹਿਬ ਨੇ ਕੌਮੀਅਤ ਨੂੰ ਹੀ ਧਰਮ ਬਣਾ ਦਿੱਤਾ ਤੇ ਜੋ ਕੁਝ ਕੌਮੀਅਤ ਲਈ ਜ਼ਰੂਰੀ ਸੀ, ਉਹ ਸਭ ਕੁਝ ਨਵੀਂ ਕੌਮ ਦੇ ਧਰਮ ਵਿਚ ਸ਼ਾਮਲ ਕਰ ਦਿੱਤਾ।
ਕਾਸ਼ ! ਗੁਰੂ ਸਾਹਿਬ ਨੂੰ “ਭੁੱਲੜ ਦੇਸ਼ ਭਗਤ” ਕਹਿਣ ਵਾਲਾ ਆਗੂ ਗੁਰੂ ਸਾਹਿਬ ਦੇ ‘ਦਰਸ਼ਨ ਤੇ ਸਿਧਾਂਤ’ ਨੂੰ ਸਮਝ ਸਕਦਾ!!

ਪ੍ਰਿੰਸੀਪਲ ਕੁਲਦੀਪ ਸਿੰਘ ਹਉਰਾ, ੧੬੨ ਹਾਊਸਿੰਗ ਬੋਰਡ ਕਲੋਨੀ, ਅੰਮ੍ਰਿਤਸਰ
(“ਸੂਰਾ” ਅੰਮ੍ਰਿਤਸਰ, ਜਨਵਰੀ ੧੯੯੪)

FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀ ਸ਼ਹਾਦਤ ਤੇ ਉਸ ਦਾ ਪ੍ਰ੍ਰਭਾਵ

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ

ਧੁਰ ਕੀ ਬਾਣੀ ਸ੍ਰੀ ਗੁਰੂ ਗੰਥ੍ਰ ਸਾਹਿਬ ਜੀ

Singh : The New Marathon King

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 2)

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 1)

ਭਾਦਉ

ਗੁਰਮਤਿ ਵਿੱਚ ਮੀਰੀ-ਪੀਰੀ ਜਾਂ ਭਗਤੀ ਸ਼ਕਤੀ ਦਾ ਸੰਕਲਪ?

ਆਸਾੜੁ ਭਲਾ ਸੂਰਜੁ ਗਗਨਿ ਤਪੈ॥

ਹਰਿ ਜੇਠਿ ਜੁੜੰਦਾ ਲੋੜੀਐ

॥ਚੇਤਿ ਮਿਲਾਏ ਸੋ ਪ੍ਰਭੂ, ਤਿਸ ਕੈ ਪਾਇ ਲਗਾ ॥

ਸ੍ਰੀ ਹਰਿ ਰਾਇ ਸਾਹਿਬ ਜੀ ਦੇ ਜੀਵਨ ਕਾਰਨਾਮਿਆਂ ਦੀ ਵਰਤਮਾਨ ਪ੍ਰਸੰਗਿਕਤਾ

ਤਿਲਕ ਜੰਞੂ ਰਾਖਾ ਪ੍ਰਭ ਤਾਕਾ

Shaheedi of Guru Teg Bahadur Sahib

My Baba

Guru Nanak Dev Ji's Revolution

ਪੂਰੀ ਹੋਈ ਕਰਾਮਾਤਿ, ਆਪਿ ਸਿਰਜਣਹਾਰੈ ਧਾਰਿਆ।।

ਸ਼ਹੀਦ ਬਾਬਾ ਦੀਪ ਸਿੰਘ ਜੀ - ਮਿਸਲ ਸ਼ਹੀਦਾਂ

ਕੌਮੀਅਤ ਦਾ ਜਜ਼ਬਾ ਤੇ ਗਿ. ਦਿੱਤ ਸਿੰਘ

ਸਿੱਖ ਪੰਥ ਵਿਚ ਨਿਹੰਗ ਸਿੰਘਾਂ ਦਾ ਯੋਗਦਾਨ

ਸੰਖੇਪ ਜੀਵਨ: ਭਾਈ ਸੁਖਦੇਵ ਸਿੰਘ ਬੱਬਰ

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ ॥

Sikh General : Jathedar Nawab Kapoor Singh Ji

ਸ੍ਰੀ ਗੁਰੂ ਅਰਜਨ ਦਵੇ ਜੀ ਦੀ ਸ਼ਹਾਦਤ ਦੇ ਵਿਚਾਰਧਾਰਕ ਕਾਰਨ

ਸ੍ਰ੍ਰ੍ਰੀ ਪਾਉਂਟਾ ਸਾਹਿਬ ਜੀ ਦਾ ਸ਼ਹੀਦੀ ਸਾਕਾ

ਪਹਿਲਾ ਸਿੱਖ ਹੁਕਮਰਾਨ - ਬਾਬਾ ਬੰਦਾ ਸਿੰਘ ਬਹਾਦਰ