Wednesday, July 15, 2026

Established 2005 • ISSN Registration : 1930-0107

ਗੁਰੂ ਗੋਬਿੰਦ ਸਿੰਘ ਜੀ ਦਾ ਇਸ਼ਟ

Panthic Archives Article (Category: Inspirational)

Originally published on: December 19, 2008
Author/Source: Bhai Kumbher Singh

ਗੁਰੂ ਗੋਬਿੰਦ ਸਿੰਘ ਜੀ ਦਾ ਇਸ਼ਟ
(ਭਾਈ ਕੁੰਭੇਰ ਸਿੰਘ ਜੀ, ਬਸਤੀ ਟੈਂਕਾਂ, ਫਿਰੋਜ਼ਪੁਰ)

ਗੁਰੂ ਨਾਨਕ ਆਗਮਨ ਤੋਂ ਪਹਿਲੇ ਕਈ ਰਹਿਬਰ, ਪੈਗੰਬਰ ਅਤੇ ਅਵਤਾਰ ਹੋ ਚੁੱਕੇ ਸਨ। ਇਨ੍ਹਾਂ ਦੇ ਕਈ ਮਤ ਵੀ ਹੋਂਦ ਵਿਚ ਆ ਚੁਕੇ ਸਨ। ਇਨ੍ਹਾਂ ਮਤਾਂ ਦੇ ਇਸ਼ਟ ਵੀ ਭਿੰਨ ਭਿੰਨ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ ਬਚਿੱਤ੍ਰ ਨਾਟਕ ਵਿਚ ਇਨ੍ਹਾਂ ਬਾਰੇ ਇਹ ਵਿਚਾਰ ਲਿਖੇ ਗਏ ਹਨ:-

ਜਿਨਿ ਜਿਨਿ ਤਨਿਕ ਸਿਧ ਕੋ ਪਾਯੋ॥ ਤਿਨ ਤਿਨ ਅਪਨਾ ਰਾਹੁ ਚਲਾਯੋ॥੧੬॥
ਜੇ ਪ੍ਰਭੁ ਪਰਮ ਪੁਰਖ ਉਪਜਾਏ॥ ਤਿਨ ਤਿਨ ਅਪਨੇ ਰਾਹ ਚਲਾਏ॥੨੬॥
ਜੇ ਜੇ ਭਏ ਪਹਿਲ ਅਵਤਾਰਾ॥ ਆਪੁ ਆਪੁ ਤਿਨ ਜਾਪੁ ਉਚਾਰਾ॥੪੪॥
ਜੇ ਜੇ ਗਉਸ ਅੰਬੀਆ ਭਏ॥ ਮੈ ਮੈ ਕਰਤ ਜਗਤ ਤੇ ਗਏ॥
ਮਹਾਂ ਪੁਰਖ ਕਾਹੂ ਨ ਪਛਾਨਾ॥ ਕਰਮ ਧਰਮ ਕੇ ਕਛੁ ਨ ਜਾਨਾ॥੪੫॥
(ਬਚਿੱਤ੍ਰ ਨਾਟਕ, ਧਿਆਇ ੬ )


ਇਸ ਤਰ੍ਹਾਂ ਗੁਰੂ ਨਾਨਕ ਆਗਮਨ ਤੋਂ ਪਹਿਲੇ ਸਭ ਮਤ ਅਤੇ ਉਨ੍ਹਾਂ ਦੇ ਸੰਚਾਲਕ ਹਉਮੈ-ਹੰਕਾਰ ਦੇ ਗ੍ਰਸੇ ਦਸੇ।
ਦਸਮੇਸ਼ ਜੀ ਪਰਮੇਸ਼ਰ ਨੂੰ ਹੀ ਗੁਰੂ ਮੰਨਦੇ ਹਨ, ਜਿਵੇ ਕਿ ਆਪ ਦੀ ਬਾਣੀ ਵਿਚੋਂ ਪਰਮਾਣ ਮਿਲਦੇ ਹਨ:-

ਆਦਿ ਅੰਤ ਏਕੈ ਅਵਤਾਰਾ॥ ਸੋਈ ਗੁਰੂ ਸਮਝੀਅਹੁ ਹਮਾਰਾ॥ (ਚੌਪਈ ਪਾ: ੧੦)

ਕੋਟਿਕ ਇੰਦ੍ਰ ਕਰੇ ਜਿੰਹ ਕੇ, ਕਈ ਕੋਟਿ ਉਪਿੰਦ੍ਰ ਬਨਾਯ ਖਪਾਯੋ॥
ਦਾਨਵ ਦੇਵ ਫਨਿੰਦ੍ਰ ਧਰਾਧਰ, ਪੱਛ ਪਸੂ ਨਹਿ ਜਾਤ ਗਨਾਯੋ॥
ਆਜ ਲਗੇ ਤਪ ਸਾਧਤ ਹੈ, ਸ਼ਿਵਊ ਬ੍ਰਹਮਾ ਕਛੁ ਪਾਰ ਨਾ ਪਾਯੋ॥
ਬੇਦ ਕਤੇਬ ਨ ਭੇਦ ਲਖਯੋ ਜਿਹ, ਸੋਊ ਗੁਰੂ ਗੁਰੂ ਮੋਹਿ ਬਤਾਯੋ॥੧੭॥
(ਤੇਤੀ ਸਵੈਯੇ)

ਇਸ ਸਵੱਈਏ ਵਿਚ ਵੀ ਵਾਹਿਗੁਰੂ ਦੀ ਉਪਮਾ ਕਰਦਿਆ ਦਸਿਆ ਹੈ ਕਿ ਮੈਨੂੰ ਨੌਵੇਂ ਗੁਰੂ ਨਾਨਕ ਨੇ ਦਸ ਦਿੱਤਾ ਹੈ ਕਿ ਉਹੀ ਪ੍ਰਭੂ ਗੁਰੂਆਂ ਦਾ ਗੁਰੂ ਹੈ ਜਿਸ ਨੇ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ, ਜਿਸ ਦਾ ਅੰਤ ਬ੍ਰਹਮਾ ਤੇ ਸ਼ਿਵ ਜੀ ਵੀ ਨਹੀਂ ਪਾ ਸਕੇ ਅਤੇ ਨਾ ਹੀ ਬੇਦ ਅਤੇ ਕਤਾਬਾਂ ਭੇਦ ਜਾਣ ਸਕੀਆਂ ਹਨ।

ਇਸੇ ਵਾਸਤੇ ਆਪ ਜ਼ਫਰਨਾਮੇ ਵਿਚ ਲਿਖਦੇ ਹਨ ਕਿ ਉਹ ਵਾਹਿਗੁਰੂ ਰੰਗਾਂ ਅਤੇ ਚਿਹਨਾਂ ਤੋਂ ਰਹਿਤ ਹੈ, ਰਸਤੇ ਪਾਉਣ ਵਾਲਾ ਆਗੂ ਹੈ-
ਕਿ ਓ ਬੋਨਗੂੰ ਅਸਤ ਓ ਬੋਚਗੂੰ॥ ਕਿ ਓ ਰਹਿਨੁਮਾ ਅਸਤ ਓ ਰਹਿਨਾਮੂੰ॥

ਇਸ ਤਰ੍ਹਾਂ ਦਸਮੇਸ਼ ਜੀ ਇਕੋ ਅਕਾਲ ਪੁਰਖ ਨੂੰ ਹੀ ਆਪਣਾ ਇਸ਼ਟ ਮੰਨਦੇ ਹਨ ਅਤੇ ਆਪਣੇ ਤੋਂ ਪਹਿਲੇ ਨੌਂ ਸਤਿਗੁਰਾਂ ਵਿਚ ਵਾਹਿਗੁਰੂ ਹੀ ਗੁਰ ਜੋਤਿ ਰੂਪ ਹੋ ਕੇ ਦੁਨੀਆਂ ਨੂੰ ਸਿਧੇ ਰਸਤੇ ਪਾਉਣ ਵਾਲਾ ਦਸਦੇ ਹਨ।

ਫਿਰ ਦਸਮੇਸ਼ ਜੀ ਨੇ ਇਸ ਸੰਸਾਰ ਵਿਚ ਆਪਣਾ ਆਉਣ ਦਾ ਉਦੇਸ਼ ਸੱਚੇ ਧਰਮ ਨੂੰ ਪ੍ਰਗਟਾਉਣ ਦਾ ਹੀ ਦਸਿਆ ਹੈ। ਆਪ ਬਿਆਨ ਕਰਦੇ ਹਨ:-

ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥੪੩॥
(ਬਚਿਤ੍ਰ ਨਾਟਕ, ਧਿਆਇ ੬)

ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਸੱਚੇ ਧਰਮ ਦੇ ਚਲਾਵਣ ਦਾ ਸੰਕੇਤ ਦਿਤਾ। ਜਿਸ ਦੇ ਪ੍ਰਚਾਰ ਦਾ ਮੁੱਢ ਗੁਰੂ ਨਾਨਕ ਦੇਵ ਜੀ ਬੰਨ੍ਹ ਚੁਕੇ ਸੀ। ਹੋਰ ਫੋਕਟ ਧਰਮਾਂ ਦਾ ਖੰਡਨ ਕਰ ਕੇ ਕੇਵਲ ਇਕ ਅਕਾਲ ਪੁਰਖ ਜੋ ਅੰਤ ਸਮੇਂ ਸਹਾਈ ਹੁੰਦਾ ਹੈ, ਉਸ ਨੂੰ ਹੀ ਜਪਣ ਲਈ ਹੁਕਮ ਕੀਤਾ:-

ਕਿਉਂ ਨ ਜਪੋ ਤਾਂ ਕੋ ਤੁਮ ਭਾਈ॥ ਅੰਤਿ ਕਾਲ ਜੋ ਹੋਇ ਸਹਾਈ॥
ਫੋਕਟ ਧਰਮ ਲਖੋ ਕਰ ਭਰਮਾ॥ ਇਨ ਤੇ ਸਰਤ ਨ ਕੋਈ ਕਰਮਾ॥੪੯॥
(ਬਚਿਤ੍ਰ ਨਾਟਕ, ਧਿਆਇ ੬)

ਗੁਰੂ ਗੋਬਿੰਦ ਸਿੰਘ ਜੀ ਪਹਿਲੇ ਨੌਂ ਗੁਰੂ ਵਿਆਕਤੀਆਂ ਵਾਂਗ ਆਪਣੇ ਆਪ ਨੰੂ ਅਕਾਲ ਪੁਰਖ ਦਾ ਦਾਸ ਹੀ ਜਾਣਿਆ, ਜਿਵੇਂ ਕਿ ਉਹ ਆਪ ਹੀ ਲਿਖਦੇ ਹਨ ਕਿ:-

ਮੋ ਕੌ ਦਾਸ ਤਵਨ ਕਾ ਜਾਨੌ॥ ਯਾ ਮੈਂ ਭੇਦ ਨ ਰੰਚ ਪਛਾਨਹੁ॥੩੨॥
ਮੈ ਹੋਂ ਪਰਮ ਪੁਰਖ ਕੋ ਦਾਸਾ॥ ਦੇਖਨ ਆਯੋ ਜਗਤ ਤਮਾਸਾ॥੩੩॥
(ਬਚਿਤ੍ਰ ਨਾਟਕ, ਧਿਆਇ ੬)

ਉਨ੍ਹਾਂ ਉਸੇ ‘ਪੰਥ’ ਦਾ ਪ੍ਰਚਾਰ ਕੀਤਾ, ਜਿਸ ਲਈ ਕਿ ਉਨ੍ਹਾਂ ਨੂੰ ਅਕਾਲ ਪੁਰਖ ਵਲੋਂ ਆਗਿਆ ਕੀਤੀ ਗਈ। ਜਿਵੇਂ ਕਿ ਆਪ ਲਿਖਦੇ ਹਨ :-

ਮੈਂ ਅਪਨਾ ਸੁਤ ਤੋਹਿ ਨਿਵਾਜਾ॥ ਪੰਥ ਪ੍ਰਚੁਰ ਕਰਬੇ ਕਹੁ ਸਾਜਾ॥
ਜਾਹਿ ਤਹਾਂ ਤੈਂ ਧਰਮੁ ਚਲਾਇ॥ ਕਬੁਧਿ ਕਰਨ ਤੇ ਲੋਕ ਹਟਾਇ॥੨੯॥
(ਅਕਾਲ ਪੁਰਖ ਵਾਚ, ਬਚਿਤ੍ਰ ਨਾਟਕ ਧਿ: ੬)

ਤਾਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦੇ ਹੁਕਮ ਅਤੇ ਆਪਣੇ ਪਹਿਲੇ ਨੌਂ ਸਤਿਗੁਰਾਂ ਦੇ ਮਿਸਨ ਅਨੁਸਾਰ “ਖਾਲਸਾ ਪੰਥ ਨੂੰ ਇਸ ਸੰਸਾਰ ਵਿਚ ਜੀਵਾਂ ਦੇ ਕਲਿਆਣ ਨਮਿਤ ਉਜਾਗਰ ਕਰ ਦਿੱਤਾ। ਗੁਰੂ ਸਾਹਿਬ ਨੇ ਪਹਿਲੇ ਮਤਾਂ ਦੇ ਆਗੂਆਂ ਵਾਂਗ ਆਪਣਾ ਪੱਥ ਨਹੀਂ ਚਲਾਇਆ, ਸਗੋਂ ਵਾਹਿਗੁਰੂ ਦਾ ਆਪਣਾ ਹੀ ਪੰਥ ਪਰਗਟ ਕੀਤਾ ਹੈ। ਇਸੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੇ ਅਨੁਯਾਈਆਂ ਨੂੰ ਇਕ ਦੂਜੇ ਨੂੰ ਮਿਲਣ ਸਮੇਂ

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹ॥

ਗਜਾਉਣ ਲਈ ਹੁਕਮ ਕੀਤਾ ਹੋਇਆ ਹੈ, ਤਾਂਕਿ ਉਹ ਕਦੇ ਵੀ ਹਊਮੈ ਹੰਕਾਰ ਦੇ ਸ਼ਿਕਾਰ ਨ ਹੋਣ। ਜਿਥੇ ਗੁਰੂ ਸਾਹਿਬ ਆਪ ਹਊਮੈ ਹੰਕਾਰ ਤੋਂ ਰਹਿਤ ਰਹੇ ਉਥੇ “ਖਾਲਸਾ ਪੰਥ” ਨੂੰ ਵੀ ਹਊਮੈ-ਹੰਕਾਰ ਤੋਂ ਰਹਿਤ ਕਰ ਦਿੱਤਾ ਅਤੇ ਇਉਂ ਖਾਲਸਾ ਪੰਥ ਨੂੰ ਕੇਵਲ ਅਕਾਲ ਪੁਰਖ ਦੇ ਆਸਰੇ ਕਰ ਕੇ ਸਦੀਵੀ ਸੁੱਖ ਅਤੇ ਚੜ੍ਹਦੀ ਕਲਾ ਦੀ ਬਖਸ਼ਿਸ਼ ਕਰ ਦਿਤੀ। ਇਉਂ ਗੁਰੂ ਸਾਹਿਬ ਅਤੇ “ਖਾਲਸਾ ਪੰਥ” ਦਾ ਇਸ਼ਟ ਅਕਾਲ ਪੁਰਖ-ਵਾਹਿਗੁਰੂ ਹੈ, ਜੋ ਸਰਬ ਸੰਸਾਰ ਦਾ ਰਚਣਾਹਾਰ, ਬਣਾਉਣ ਵਾਲਾ ਅਤੇ ਭੰਨਣ ਵਾਲਾ ਹੈ :-

ਪਰਮ ਰੂਪ ਪੁਨੀਤ ਮੂਰਤਿ ਪੂਰਨ ਪੁਰਖ ਅਪਾਰ॥
ਸਰਬ ਬਿਸਵ ਰਚਿਓ ਸੁਯੰਭਵ ਗੜ੍ਹਨ ਭੰਜਨਹਾਰ॥੮੩॥
(ਜਾਪੁ ਸਾਹਿਬ)

ਅਤੇ ਫਿਰ ਦਸਦੇ ਹਨ ਕਿ ਉਹ ਅਕਾਲ ਪੁਰਖ-

ਅਲੇਖੰ ਅਭੇਖੰ ਅਭੂਤੰ ਅਵਦੈਖੰ॥
ਨਾ ਰਾਗ ਨਾ ਰੰਗੰ ਨ ਰੂਪੰ ਨ ਰੇਖੰ॥੧੦॥
(ਬਚਿਤ੍ਰ ਨਾਟਕ, ਧਿਆਇ ੧ )

ਉਸ ਨੂੰ ਭਾਵੇਂ ਰੂਪ-ਰੰਗ ਰਹਿਤ ਦਸਿਆ ਹੈ, ਪਰ ਇਸ ਦਾ ਇਹ ਭਾਵ ਨਹੀਂ ਕਿ ਉਹ ਹੋਂਦ ਰਹਿਤ ਹੈ। ਉਸ ਨੂੰ ਹੋਂਦ ਸਹਿਤ ਦਸਣ ਲਈ ਹੀ ਇਹ ਦਸਿਆ ਹੈ ਕਿ ਉਹ ਪੁਨੀਤ ਮੂਰਤਿ ਅਰਥਾਤ ਪਵਿੱਤਰ ਹੋਂਦ ਵਾਲਾ ਹੈ। ਪਰ ਇਹ ਹੋਂਦ ਤਾਂ ਆਦਿ ਰਹਿਤ ਅਤੇ ਸਦੀਵੀ ਹੋਂਦ ਹੈ –

ਸਦੈਵੰ ਸਰੂਪ ਹੈ॥ ਅਭੇਦੀ ਅਨੂਪ ਹੈ॥੧੨੬॥
ਨਿਤੁਕਤ ਪ੍ਰਭਾ ਹੈ॥ ਸੇਦੈਵੰ ਸਦਾ ਹੈ॥੧੩੧॥
(ਜਾਪੁ ਸਾਹਿਬ)

ਆਦਿ ਰੂਪ ਅਨਾਦਿ ਮੂਰਤਿ ਅਜੋਨਿ ਪੁਰਖ ਅਪਾਰ॥੭੯॥
(ਜਾਪੁ ਸਾਹਿਬ)

ਜਿਵੇਂ ਅਨੰਦ ਸਾਹਿਬ ਵਿਚ ਗੁਰੂ ਅਮਰਦਾਸ ਜੀ ਸਾਰੇ ਵਿਸ਼ਵ ਸੰਸਾਰ ਨੂੰ ਵਾਹਿਗੁਰੂ ਦਾ ਰੂਪ ਹੀ ਵੇਖਦੇ ਹੋਏ ਬਚਨ ਕਰਦੇ ਹਨ :-
ਇਹੁ ਵਿਸੁ ਸੰਸਾਰ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ॥

ਗੁਰੂ ਗੋਬਿੰਦ ਸਿੰਘ ਜੀ ਦੀ ਇਸ ਸੰਸਾਰ ਦੀ ਅਦਿਭੁਤ ਰਚਨਾ ਵਿਚ ਉਸ ਵਾਹਿਗੁਰੂ ਦਾ ਹੀ ਜ਼ਹੂਰ ਅਤੇ ਚਮਤਕਾਰ ਦੇਖਦੇ, ਕੁਦਰਤ ਦੀ ਹਰੇਕ ਚੀਜ਼ ਨੂੰ ਉਸ ਦਾ ਹੀ ਰੂਪ ਬਿਆਨਦੇ ਹਨ। ਆਪ ਬਿਆਨ ਕਰਦੇ ਹਨ-

ਕਹੂੰ ਗੀਤ ਕੇ ਗਵਯਾ, ਕਹੂੰ ਬੇਨ ਕੇ ਬਜਯਾ, ਕਹੂੰ ਨ੍ਰਿਤ ਕੇ ਨਚਯਾ, ਕਹੂੰ ਨਰ ਕੇ ਅਕਾਰ ਹੋ॥
ਕਹੂੰ ਬੇਦ ਬਾਨੀ, ਕਹੂੰ ਕੋਕ ਕੀ ਕਹਾਨੀ, ਕਹੂੰ ਰਾਜਾ ਕਹੂੰ ਰਾਨੀ, ਕਹੂੰ ਨਾਰ ਕੇ ਪ੍ਰਕਾਰ ਹੋ॥੮॥੧੮॥
(ਅਕਾਲ ਉਸਤਤਿ)

ਕਹੂੰ ਫੂਲ ਹੈਵ ਕੈ ਭਲੇ ਰਾਜ ਫੂਲੇ॥ ਕਹੂੰ ਭਵਰ ਹੈ ਕੈ ਭਲੀ ਭਾਂਤਿ ਭੈਲੇ॥
ਕਹੂੰ ਪਵਨ ਹੇਵ ਕੈ ਬਹੇ ਬੇਗਿ ਐਸੇ॥ ਕਹੇ ਮੋ ਨ ਆਵੈ ਕਥੋਂ ਤਾਹਿ ਕੈਸੇ॥੧੨॥(੧)

ਇਸੇ ਤਰ੍ਹਾਂ ਆਪ ਧਰਮੀ ਯੋਧੇ ਹੋਣ ਦੇ ਨਾਤੇ ਸ਼ਸਤਰਾਂ ਨੂੰ ਕੇਵਲ ਪਿਆਰ ਹੀ ਨਹੀਂ ਸਨ ਕਰਦੇ, ਸਗੋਂ ਸ਼ਸਤਰਾਂ ਵਿਚ ਵੀ ਪ੍ਰਭੂ-ਸੱਤਾ ਅਤੇ ਕਲਾ ਦੀ ਝਲਕ ਹੀ ਦੇਖਦੇ ਸਨ। ਏਸੇ ਲਈ ਉਨ੍ਹਾਂ ਦੇ ਮੁਖਾਰਬਿੰਦ ਵਿਚੋਂ ਬੀਰ-ਰਸੀ ਝਰਨੇ ਝਰਦੇ ਸਨ ਅਤੇ ਇਉਂ ਪ੍ਰਭੂ ਨੂੰ ਸ਼ਸਤਰਾਂ ਦੇ ਨਾਵਾਂ ਨਾਲ ਸੰਬੋਧਨ ਕਰ ਕੇ ਧਿਆਉਂਦੇ ਅਤੇ ਨਮਸਕਾਰ ਕਰਦੇ ਸਨ। ਜਿਵੇਂ ਕਿ-

ਨਮੋ ਖੱਗ ਖੰਡੰ ਕ੍ਰਿਪਾਣੰ ਕਟਾਰੰ॥ ਸਦਾ ਏਕ ਰੂਪੰ ਸਦਾ ਨਿਰਬਿਕਾਰੰ॥੮੭॥
ਸੁਖ ਸੰਤਾਂ ਕਰਣੰ, ਦੁਰਮਤਿ ਦਰਣੰ, ਕਿਲਬਿਖ ਹਰਣੰ, ਅਸਿ ਸਰਣੰ॥
ਜੈ ਜੈ ਜਗ ਕਾਰਣ, ਸ੍ਰਿਸਟਿ ਉਬਾਰਣ, ਮਮ ਪ੍ਰਤਿਪਾਰਣ, ਜੈ ਤੇਗੰ॥੨॥
(ਬਚਿਤ੍ਰ ਨਾਟਕ, ਧਿਆਇ ੧)

ਜ਼ਾਹਰ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸ਼ਸਤਰਾਂ ਦਾ ਨਾਂ ਦੇ ਕੇ ਜਾਂ ਕਿਸੇ ਹੋਰ ਰੂਪ-ਧਾਰੀ ਦਾ ਨਾਂ ਦੇ ਕੇ ਕੇਵਲ ਪ੍ਰਭੂ ਨੂੰ ਹੀ ਧਿਆਉਂਦੇ ਸਨ, ਕਿਉਂਕਿ ਪ੍ਰਭੂ ਸ਼ਕਤੀ ਕਰਕੇ ਹੀ ਇਨ੍ਹਾਂ ਸ਼ਸਤ੍ਰਾਂ ਜਾਂ ਹੋਰ ਸੰਸਾਰੀ ਦ੍ਰਿਸ਼ਟਮਾਨ ਰੂਪਾਂ ਦੀ ਹੋਂਦ ਵਜੂਦ ਵਿਚ ਆ ਕੇ ਕਾਇਮ ਹੈ। ਗੁਰੂ ਜੀ ਨੇ ਤਾਂ ਕਈ ਵੇਰ ਖੰਡਾ, ਭਗਉਤੀ (ਤਲਵਾਰ) ਆਦਿਕ ਸ਼ਸਤਰਾਂ ਦੇ ਨਾਮ ਵਾਹਿਗੁਰੂ ਦੀ ਕਾਲ-ਸ਼ਕਤੀ ਦੇ ਸੂਚਕਾਂ ਦੇ ਤੌਰ ਤੇ ਲਿਖੇ ਹਨ। ਜਿਵੇਂ ਕਿ ਆਪ ਲਿਖਦੇ ਹਨ :-

ਤੀਰ ਤੁਹੀ, ਸੈਥੀ ਤੁਹੀ, ਤੁਹੀ ਤਬਰ ਤਰਵਾਰ॥
ਨਾਮ ਤਿਹਾਰੋ ਜੋ ਜਪੈ ਭਏ ਸਿੰਧ-ਭਵ ਪਾਰ॥੪॥
(ਸ਼ਸਤ੍ਰ-ਨਾਮ ਮਾਲਾ)

ਹੋਰ ਦੇਖੋ ਚੰਡੀ ਦੀ ਵਾਰ ਵਿਚ ਆਪ ਲਿਖਦੇ ਹਨ:-
ਖੰਡਾ ਪ੍ਰਿਥਮੈ ਸਾਜਿ ਕੈ ਜਿਨ ਸਭ ਸੰਸਾਰੁ ਉਪਾਇਆ॥
ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤੀ ਦਾ ਖੇਲੁ ਰਚਾਇ ਬਣਾਇਆ॥
ਸਿੰਧ ਪਰਬਤ ਮੇਦਨੀ ਬਿਨੁ ਥੰਮ੍ਹਾ ਗਗਨਿ ਰਹਾਇਆ॥
ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ॥
ਤੈ ਹੀ ਦੁਰਗਾ ਸਾਜਿ ਕੈ ਦੈਂਤਾਂ ਦਾ ਨਾਸ ਕਰਾਇਆ॥
ਤੈਥੋਂ ਹੀ ਬਲੁ ਰਾਮ ਲੈ ਨਾਲ ਬਾਣਾਂ ਦਹਸਿਰੁ ਘਾਇਆ॥
ਤੈਥੋਂ ਹੀ ਬਲੁ ਕ੍ਰਿਸਨ ਲੈ ਕੰਸੁ ਕੇਸੀ ਪਕੜਿ ਗਿਰਾਇਆ॥
ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨੁ ਤਾਇਆ॥
ਕਿਨੀ ਤੇਰਾ ਅੰਤੁ ਨ ਪਾਇਆ॥੨॥

ਸੋ ਇਸ ਪਉੜੀ ਤੋਂ ਸਪੱਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਇਸ਼ਟ ਕੋਈ ਦੇਵੀ, ਦੇਵਤਾ ਅਥਵਾ ਅਵਤਾਰ ਨਹੀਂ ਸੀ, ਸਗੋਂ ਉਨ੍ਹਾਂ ਦਾ ਇਸ਼ਟ ਉਹੀ ਅਕਾਲ ਪੁਰਖ ਸੀ ਜਿਸ ਨੇ ਆਪਣੀ ਮਹਾਂ ਸ਼ਕਤੀ ਦੁਆਰਾ ਇਨ੍ਹਾਂ ਦੇਵੀ ਦੇਵਤਿਆਂ ਅਤੇ ਅਵਤਾਰਾਂ ਨੂੰ ਸਾਜਿਆ ਅਤੇ ਇਨ੍ਹਾਂ ਨੂੰ ਵਡੇ ਵਡੇ ਕਾਰਨਾਮੇ ਕਰਨ ਲਈ ਆਪਣਾ ਬੱਲ ਦਿੱਤਾ ਸੀ।

ਕਿਉਂਕਿ ਉਹ ਕਾਲ(ਮੌਤ) ਰਹਿਤ ਹੈ, ਇਸ ਲਈ ਉਸ ਨੂੰ ਅਕਾਲ ਪੁਰਖ ਕਿਹਾ ਹੈ। ਕਿਉਂਕਿ ਉਹ ਸਭ ਦਾ ਕਾਲ ਕਰਨ ਵਾਲਾ ਹੈ, ਇਸ ਲਈ ਉਸਨੂੰ ਸਰਬ-ਕਾਲ ਜਾਂ ਕਾਲ-ਪੁਰਖ ਵੀ ਕਿਹਾ ਹੈ। ਕਿਉਂਕਿ ਲੋਹੇ ਤੋਂ ਹੀ ਸਭ ਸ਼ਸਤ੍ਰ ਬਣਦੇ ਹਨ, ਇਸ ਸਰਬ-ਲੋਹ ਨੂੰ ਉਸ ਦੀ ਕਾਲ ਜਾਂ ਸਿੰਘਾਰ-ਸ਼ਕਤੀ ਦਾ ਪ੍ਰਤੀਕ ਦਸਿਆ ਹੈ। ਇਸੇ ਲਈ ਆਪ ਅਕਾਲ ਉਸਤਤਿ ਦੇ ਅਰੰਭ ਵਿਚ ਲਿਖਦੇ ਹਨ :-

ਅਕਾਲ ਪੁਰਖ ਕੀ ਰਛਾ ਹਮ ਨੈ॥ ਸਰਬ ਲੋਹ ਦੀ ਰਛਿਆ ਹਮ ਨੈ॥
ਸਰਬ ਕਾਲ ਜੀ ਦੀ ਰਛਿਆ ਹਮ ਨੈ॥ ਸਰਬ ਲੋਹ ਜੀ ਦੀ ਸਦਾ ਰਛਿਆ ਹਮ ਨੈ॥

ਗੁਰੂ ਜੀ ਦ੍ਰਿਸ਼ਟਮਾਨ ਸੰਸਾਰ ਨੂੰ, ਉਸ ਅਕਾਲ ਪੁਰਖ ਦਾ ਹੀ ਪਸਾਰਾ ਹੋਣ ਕਰਕੇ ਉਸ ਦਾ ਰੂਪ ਵੀ ਮੰਨਦੇ ਹਨ, ਪਰ ਇਸ ਦ੍ਰਿਸ਼ਟਮਾਨ ਸੰਸਾਰ ਨੂੰ ਨਾਸ਼ਮਾਨ ਵੀ ਮੰਨਦੇ ਹਨ। ਇਸ ਲਈ ਵਾਹਿਗੁਰੂ ਅਨੇਕ-ਦਰਸੀ ਹੋ ਕੇ ਫਿਰ ਵੀ ਉਹ ਏਕ-ਦਰਸੀ ਸਦੈਵੀ ਅਬਿਨਾਸ਼ੀ ਰੂਪ ਵਾਲਾ ਰਹਿੰਦਾ ਹੈ-

ਏਕ ਮੂਰਤਿ ਅਨੇਕ ਦਰਸ਼ਨ ਕੀਨ ਰੂਪ ਅਨੇਕ॥
ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰਿ ਏਕ॥੮੧॥
(ਜਾਪੁ ਸਾਹਿਬ)

ਇਹ ਉਸ ਦਾ ਜੋਤੀ ਸਰੂਪ ਸਦਾ ਹੀ ਕਾਇਮ ਦਾਇਮ ਹੈ :-
ਸਦਾ ਏਕ ਜੋਤਯੰ ਅਜੂਨੀ ਸਰੂਪੰ॥ ਮਹਾ ਦੇਵ ਦੇਵੰ ਮਹਾਂ ਭੂਪ ਭੂਪੰ॥੩॥
(ਬਚਿਤ੍ਰ ਨਾਟਕ, ਧਿਆਦਿ ੧ )

ਸਦੈਵੰ ਸਦਾ ਸਰਬ ਸਾਥੰ ਅਨਾਥੇ॥ ਨਮੋ ਏਕ ਰੂਪੰ ਅਨੇਕੰ ਸਰੂਪੇ॥੨॥
(ਗਿਆਨ ਪ੍ਰਬੋਧ)

ਉਸੇ ਦੀ ਮਹਾਨ ਸ਼ਕਤੀ ਨੂੰ ਸ਼ਿਵਾ ਅਤੇ ਕਾਲੀ (ਕਾਲਕਾ) ਵੀ ਕਿਹਾ ਗਿਆ ਹੈ। ਇਸ ਤਰ੍ਹਾਂ ਵਾਹਿਗੁਰੂ ਹੀ ਸ਼ਿਵਾ ਅਤੇ ਕਾਲਕਾ ਹੈ। ਇਸ ਵਾਸਤੇ ਆਪ ਲਿਖਦੇ ਹਨ :-

ਸਰਬਕਾਲ ਹੈ ਪਿਤਾ ਹਮਾਰਾ॥ ਦੇਬਿ ਕਾਲਕਾ ਮਾਤ ਹਮਾਰਾ॥੫॥
(ਬਚਿਤ੍ਰ ਨਾਟਕ, ਧਿਆਇ ੧੪)

ਦੇਹ ਸ਼ਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥
ਨ ਡਰੋਂ ਅਰਿ ਸੋ ਜਬ ਜਾਇ ਲਰੋ ਨਿਸਚੈ ਕਰ ਅਪਨੀ ਜੀਤ ਕਰੋਂ॥੨੩੧॥
(ਚੰਡੀ ਚਰਿੱਤ੍ਰ)

ਨਮੋ ਪਰਮ ਗਿਆਤਾ ॥ ਨਮੋ ਲੋਕ ਮਾਤਾ ॥੫੨॥
(ਜਾਪੁ ਸਾਹਿਬ)

ਇਸ ਲਈ ਗੁਰੂ ਗੋਬਿੰਦ ਸਿੰਘ ਦਾ ਇਸ਼ਟ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ, ਜਿਸ ਦਾ ਨਾਮ ਧਿਆ ਕੇ ਪਰਮ ਜੋਤਿ (ਵਾਹਿਗੁਰੂ) ਦੀ ਪ੍ਰਾਪਤੀ ਹੁੰਦੀ ਹੈ। ਇਸ ਤੋਂ ਬਿਨਾ ਨਾ ਹੀ ਕਿਸੇ ਹੋਰ ਦਾ ਧਿਆਨ ਧਾਰਿਆ ਨਾ ਹੀ ਕਿਸੇ ਹੋਰ ਦਾ ਨਾਂ ਜਪਿਆ ਹੈ :-

ਬਿਅੰਤ ਨਾਮ ਧਿਆਇ ਹੈ॥ ਪਰਮ ਜੋਤਿ ਪਾਇ ਹੈ॥
ਨਾ ਧਿਆਨ ਆਨ ਕੋ ਧਰੋਂ॥ ਨਾ ਨਾਮ ਆਨ ਉਚਰੋਂ॥੩੮॥੬॥
(ਬਚਿਤ੍ਰ ਨਾਟਕ)

(‘ਸੂਰਾ’ ਅੰਮ੍ਰਿਤਸਰ, ਅਪ੍ਰੈਲ ੧੯੮੧ )

FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀ ਸ਼ਹਾਦਤ ਤੇ ਉਸ ਦਾ ਪ੍ਰ੍ਰਭਾਵ

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ

ਧੁਰ ਕੀ ਬਾਣੀ ਸ੍ਰੀ ਗੁਰੂ ਗੰਥ੍ਰ ਸਾਹਿਬ ਜੀ

Singh : The New Marathon King

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 2)

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 1)

ਭਾਦਉ

ਗੁਰਮਤਿ ਵਿੱਚ ਮੀਰੀ-ਪੀਰੀ ਜਾਂ ਭਗਤੀ ਸ਼ਕਤੀ ਦਾ ਸੰਕਲਪ?

ਆਸਾੜੁ ਭਲਾ ਸੂਰਜੁ ਗਗਨਿ ਤਪੈ॥

ਹਰਿ ਜੇਠਿ ਜੁੜੰਦਾ ਲੋੜੀਐ

॥ਚੇਤਿ ਮਿਲਾਏ ਸੋ ਪ੍ਰਭੂ, ਤਿਸ ਕੈ ਪਾਇ ਲਗਾ ॥

ਸ੍ਰੀ ਹਰਿ ਰਾਇ ਸਾਹਿਬ ਜੀ ਦੇ ਜੀਵਨ ਕਾਰਨਾਮਿਆਂ ਦੀ ਵਰਤਮਾਨ ਪ੍ਰਸੰਗਿਕਤਾ

ਤਿਲਕ ਜੰਞੂ ਰਾਖਾ ਪ੍ਰਭ ਤਾਕਾ